ਇਟਲੀ ਵਿਚ ਅੰਗਰੇਜ਼ੀ 'ਤੇ ਪਾਬੰਦੀ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਭਾਰਤ ਵਿਚ ਵੀ ਉਹੀ ਹਾਲਤ ਬਣਦੀ ਜਾ ਰਹੀ ਹੈ ਤੇ ਇਲਾਕਾਈ ਭਾਸ਼ਾਵਾਂ ਨੂੰ ਅਪਣੇ ਪੈਰ ਪੱਕੇ ਕਰਨੇ ਪੈਣਗੇ

Giorgia Meloni

 

ਇਟਲੀ ਵਿਚ ਸਰਕਾਰ ਨੇ ਅੰਗਰੇਜ਼ੀ ਵਿਚ ਸਰਕਾਰੀ ਕੰਮਾਂ ’ਚ ਪ੍ਰਯੋਗ ਉਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਨਾਲ-ਨਾਲ ਅੰਗਰੇਜ਼ੀ ਦੀ ਵਰਤੋਂ ਤੇ ਇਕ ਭਾਰੀ ਜੁਰਮਾਨਾ (100,000 ਯੂਰੋ) ਵੀ ਲਗਾ ਦਿਤਾ ਹੈ। ਇਟਲੀ ਦੀ ਸਰਕਾਰ ਜਦ ਮੌਜੂਦਾ ਪਾਰਟੀ, ਬ੍ਰਦਰਜ਼ ਇਨ ਚੇਅਰ ਦੀ ਆਈ ਸੀ ਤਾਂ ਅੰਦਾਜ਼ੇ ਸਨ ਕਿ ਇਸ ਤਰ੍ਹਾਂ ਦੇ ਕਦਮ ਚੁੱਕੇ ਹੀ ਜਾਣਗੇ ਜੋ ਖ਼ਾਸ ਕਰ ਕੇ ਯੂਰਪੀ ਯੂਨੀਅਨ ਵਿਚੋਂ ਇੰਗਲੈਂਡ ਦੇ ਬਾਹਰ ਨਿਕਲਣ ਤੋਂ ਬਾਅਦ ਦਾ ਅਸਰ ਜ਼ਰੂਰ ਵਿਖਾਣਗੇ। ਇਟਲੀ ਦੇ ਪੀ.ਐਮ. ਉਸੇ ਸੋਚ ਦੇ ਧਾਰਨੀ ਹਨ ਜਿਸ ਦੇ ਮਸੋਲਿਨੀ, ਹਿਟਲਰ ਤੇ ਉਨ੍ਹਾਂ ਦੇ ਕਰੀਬੀ ਸਨ। ਇਹ ਇਕ ਸੱਜੇ ਪੱਖੀ ਸੋਚ ਹੈ ਜਿਸ ਦਾ ਇਹ ਮਤਲਬ ਨਹੀਂ ਕਿ ਇਹ ਨਫ਼ਰਤ ਤੇੇੇ ਆਧਾਰਤ ਹੈ ਪਰ ਹਾਂ ਉਹ ਡਰੇ ਹੋਏ ਜ਼ਰੂਰ ਲਗਦੇ ਹਨ। ਇਸ ਤਰ੍ਹਾਂ ਦੇ ਕਦਮ ਇਸ ਡਰ ਚੋਂ ਨਿਕਲਦੇ ਹਨ ਕਿ ਦੂਜਾ ਪਾਸਾ ਮੇਰੀ ਤਬਾਹੀ ਦੀ ਤਿਆਰੀ ਕਰ ਕੇ ਆ ਰਿਹਾ ਹੈ।

 

ਖ਼ੈਰ! ਜਿਥੇ ਭਾਸ਼ਾ ਦੀ ਗੱਲ ਹੈ, ਇਸ ਕਦਮ ਨਾਲ ਸਾਰੀ ਦੁਨੀਆਂ ਵਿਚ ਅਪਣੀਆਂ ਭਾਸ਼ਾਵਾਂ ਨੂੰ ਵੱਧ ਤੋਂ ਵੱਧ ਮਹੱਤਵ ਦੇਣ ਦੀ ਚਰਚਾ ਵਧਣ ਵਾਲੀ ਹੈ ਕਿਉਂਕਿ ਜਦ ਇਟਲੀ ਨੇ ਇਹ ਕਦਮ ਚੁਕਿਆ ਹੈ ਤਾਂ ਲਾਜ਼ਮੀ ਹੈ ਕਿ ਬਾਕੀ ਯੂਰਪੀ ਦੇਸ਼ ਵੀ ਇਸ ਪਾਸੇ ਹੀ ਕਦਮ ਵਧਾਉਣ ਦੀ ਗੱਲ ਸੋਚਣਗੇ। ਇਟਲੀ ਦੇ ਕਦਮ ਕੱਟੜਵਾਦੀ ਲਗਦੇ ਹਨ ਪਰ ਉਨ੍ਹਾਂ ਦੇ ਤਰਕ ਵਿਚ ਬਹੁਤ ਕੁੱਝ ਸਹੀ ਵੀ ਹੈ। ਇਸ ਕਦਮ ਵਿਚ  ਉਨ੍ਹਾਂ ਦੀ ਇਕ ਵਜ੍ਹਾ ਇਹ ਸੀ ਕਿ ਅੰਗਰੇਜ਼ੀ ਦੀ ਵਰਤੋਂ ਇਕ ਫ਼ੈਸ਼ਨ ਬਣਦਾ ਜਾ ਰਿਹਾ ਹੈ ਪਰ ਜੇ ਨਾ ਰੋਕਿਆ ਗਿਆ ਤਾਂ ਉਹ ਇਟਲੀ ਦੀ ਭਾਸ਼ਾ ਦਾ ਹੁਲੀਆ ਵਿਗਾੜ ਸਕਦਾ ਹੈ।

 

ਹੁਣ ਸਾਡੇ ਦੇਸ਼ ਵਿਚ ਵੀ ਇਸੇ ਤਰ੍ਹਾਂ ਦੀ ਸਮੱਸਿਆ ਚਲ ਰਹੀ ਹੈ। ਇਕ ਪਾਸੇ ਅੰਗਰੇਜ਼ੀ ਤੇ ਦੂਜੇ ਪਾਸੇ ਹਿੰਦੀ ਦੇ ਸੂਬਿਆਂ ਦੀਆਂ ਭਾਸ਼ਾਵਾਂ ਤੇ ਭਾਰੀ ਪੈਣ ਦਾ ਡਰ ਵੱਧ ਰਿਹਾ ਹੈ। ਜਿਸ ਅੰਗਰੇਜ਼ੀ  ਦੇ ਅਸਰ ਤੋਂ ਡਰਦੇ ਇਟਲੀ ਨੇ ਅੰਗਰੇਜ਼ੀ ’ਤੇ ਪਾਬੰਦੀ ਲਗਾਈ ਹੈ, ਉਹ ਤਾਂ ਸਾਡੇ ਦੇਸ਼ ਦੀ ਭਾਸ਼ਾਈ ਹਕੀਕਤ ਵੀ ਬਣ ਚੁੱਕੀ ਹੈ।
ਅੱਜ ਜੇ ਕੋਈ ਸ਼ੁੱਧ ਹਿੰਦੀ ਜਾਂ ਪੰਜਾਬੀ ਬੋਲਦਾ ਹੈ ਤਾਂ ਉਸ ਦੀ ਭਾਸ਼ਾ ਸਮਝਣ ਵਿਚ ਸਮਾਂ ਲੱਗ ਜਾਂਦਾ ਹੈ ਕਿਉਂਕਿ ‘ਹਿੰਗਲਿਸ਼’ ਤੇ ‘ਪਿੰਗਲਿਸ਼’ ਨੇ ਪੂਰੀ ਤਰ੍ਹਾਂ ਭਾਸ਼ਾਵਾਂ ਵਿਚ ਥਾਂ ਬਣਾ ਲਈ ਹੈ। ਪੰਜਾਬੀ ਦੇ ਖ਼ਾਤਮੇ ਤੋਂ ਡਰਨ ਦੀ ਥਾਂ ਅੱਜ ਲੋੜ ਹੈ ਕਿ ਚੰਗੀ ਮਿੱਠੀ ਪੰਜਾਬੀ ਨੂੰ ਪ੍ਰਫੁੱਲਤ ਕੀਤਾ ਜਾਵੇ। ਇਟਲੀ ਦੇ ਕਦਮ ਪਿੱਛੇ ਇਹ ਜਾਣਕਾਰੀ ਵੀ ਹੈ ਕਿ ਅੱਜ ਦੀ ਤਰੀਕ ਵਿਚ ਇਟਲੀ ਦੀ ਅਪਣੀ ਭਾਸ਼ਾ ਵਿਚ ਅੰਗਰੇਜ਼ੀ ਦਾ ਅਸਰ ਜਾਂ ਮਿਲਾਵਟ ਸ਼ਾਇਦ 1-2 ਫ਼ੀ ਸਦੀ ਹੀ ਹੈ। ਉਨ੍ਹਾਂ ਦੇ ਗੀਤਾਂ ਵਿਚ ਅੰਗਰੇਜ਼ੀ ਦੀ ਵਰਤੋਂ ਨਹੀਂ ਮਿਲੇਗੀ। ਪਰ ਪੰਜਾਬ ਵਿਚ ਗੁਰਬਾਣੀ ਪ੍ਰਸਾਰਣ ਵਕਤ ਵੀ ‘ਵੱਡੇ ਪੰਜਾਬੀ-ਪ੍ਰੇਮੀ’ ਮੰਨੇ ਜਾਣ ਵਾਲੇ ਮਾਹਰ ਵੀ ਅੰਗਰੇਜ਼ੀ ਦੀ ਵਰਤੋਂ ਕਰਦੇ ਹਨ।

 

ਅੱਜ ਸਿਰਫ਼ ਬਿਲਬੋਰਡ ’ਤੇ ਪੰਜਾਬੀ ਵਿਚ ਨਾਂ ਲਿਖਣ ਨਾਲ ਪੰਜਾਬੀ ਵਿਚ ਸੁਧਾਰ ਨਹੀਂ ਹੋਣ ਵਾਲਾ। ਅੱਜ ਪੰਜਾਬੀ ਨੂੰ ਸਕੂਲਾਂ ਵਿਚ ਸਾਰੇ ਵਿਦਿਆਰਥੀਆਂ ਦੀ ਮਾਂ-ਰਾਣੀ ਬਣਾਉਣ ਦਾ ਵਕਤ ਹੈ ਤੇ ਪੰਜਾਬ ਤੇ ਚੰਡੀਗੜ੍ਹ ਵਿਚ ਕੋਈ ਐਸਾ ਸਕੂਲ ਨਹੀਂ ਰਹਿ ਜਾਣਾ ਚਾਹੀਦਾ ਜਿਸ ਵਿਚ ਪੰਜਾਬੀ ਪਹਿਲੀ ਜਮਾਤ ਤੋਂ ਸ਼ੁਰੂ ਨਾ ਹੋਵੇ। ਚੰਡੀਗੜ੍ਹ ਦੇ ਕਈ ਸਕੂਲਾਂ ਵਿਚ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਤੇ ਹੁਣ ਇਹ ਰੀਤ ਪੰਜਾਬ ਵਿਚ ਵੀ ਸ਼ੁਰੂ ਹੋ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਗੱਲਾਂ ਕਰਨ ਵਾਲਿਆਂ ਦਾ ਪਹਿਲਾ ਫ਼ਰਜ਼ ਬਣਦਾ ਹੈ ਕਿ ਉਹ ਕਾਇਦਾ ਤਿਆਰ ਕਰਵਾਉਣ ਜੋ ਬੱਚਿਆਂ ਨੂੰ ਛੋਟੀ ਉਮਰ ਤੋਂ ਗੁਰਬਾਣੀ ਪੜ੍ਹਨ ਵਾਸਤੇ ਤਿਆਰ ਕਰਦਾ ਸੀ। ਪਹਿਲਾ ਹਥਿਆਰ ਉਸ ਵਕਤ ਵੀ ਨਹੀਂ ਸੀ ਤੇ ਅੱਜ ਵੀ ਨਹੀਂ ਹੈ। ਜੇ ਅੱਜ ਅਪਣੀ ਭਾਸ਼ਾ ’ਤੇ ਕੰਮ ਨਾ ਕੀਤਾ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਪੰਜਾਬੀ ਕੇਵਲ ‘ਗ਼ਰੀਬ’ ਦੀ ਭਾਸ਼ਾ ਬਣ ਕੇ ਰਹਿ ਜਾਵੇਗੀ ਜਿਵੇਂ ਪਾਕਿਸਤਾਨ ਵਿਚ ਕੱਟੜ ਉਰਦੂ-ਪ੍ਰਸਤਾਂ ਨੇ ਪੰਜਾਬੀ ਨੂੰ ਉਸ ਦੇਸ਼ ਵਿਚ ਕੇਵਲ ਗ਼ਰੀਬਾਂ ਦੀ ਭਾਸ਼ਾ ਬਣਾ ਹੀ ਦਿਤਾ ਹੈ। ਦੁਨੀਆਂ ਵਿਚ ਤਬਦੀਲੀਆਂ ਚਾਣਕੀਆ ਨੀਤੀਕਾਰਾਂ ਵਲੋਂ ਹੋ ਰਹੀਆਂ ਹਨ, ਪੰਜਾਬੀਆਂ ਨੂੰ ਵੀ ਸ਼ਾਤਰ ਬਣਨ ਦੀ ਲੋੜ ਹੈ।                - -ਨਿਮਰਤ ਕੌਰ