ਕੋਲਿਨ ਬਲੂਮ ਦੀ ਰੀਪੋਰਟ, ਇੰਗਲੈਂਡ ਦੇ ਸਾਰੇ ਧਰਮਾਂ ਤੇ ਫ਼ਿਰਕਿਆਂ ਨੂੰ ਬਰਾਬਰ ਰਖਦੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਵਲੋਂ ਇਕ ਰੀਪੋਰਟ ਤਿਆਰ ਕਰਨ ਦੇ ਆਰਡਰ ਦਿਤੇ ਗਏ ਸਨ ਜੋ ਇਕ ‘ਆਜ਼ਾਦ ਵਿਸ਼ਵਾਸ-ਯੋਗ ਮਾਹਰ’ ਕੋਲਿਨ ਬਲੂਮ ਵਲੋਂ ਚਾਰ ਸਾਲਾਂ ਚ ਪੂਰੀ ਕੀਤੀ

photo

 

ਇੰਗਲੈਂਡ ਦੇ ਸਾਬਕਾ ਪ੍ਰਧਾਨ ਮੰਤਰੀ ਵਲੋਂ ਇਕ ਰੀਪੋਰਟ ਤਿਆਰ ਕਰਨ ਦੇ ਆਰਡਰ ਦਿਤੇ ਗਏ ਸਨ ਜੋ ਇਕ ‘ਆਜ਼ਾਦ ਵਿਸ਼ਵਾਸ-ਯੋਗ ਮਾਹਰ’ ਕੋਲਿਨ ਬਲੂਮ ਵਲੋਂ ਚਾਰ ਸਾਲਾਂ ਵਿਚ ਪੂਰੀ ਕੀਤੀ ਗਈ। ਇਸ ਰੀਪੋਰਟ ਦੀ ਸ਼ੁਰੂਆਤ ਵਿਚ ਲੇਖਕ ਸਾਬਕਾ ਪ੍ਰਧਾਨ ਮੰਤਰੀ ਤੋਂ ਲੈ ਕੇ ਤਤਕਾਲੀ ਪ੍ਰਧਾਨ ਮੰਤਰੀ ਸੁਨਾਕ ਤੇ ਦੂਜੇ ਆਗੂਆਂ ਦਾ ਧਨਵਾਦ ਕਰਦਾ ਹੈ ਕਿਉਂਕਿ ਜੇ ਬੋਰਿਸ ਨੇ ਇਹ ਰੀਪੋਰਟ ਤਿਆਰ ਕਰਵਾਉਣ ਬਾਰੇ ਸੋਚਿਆ ਤਾਂ ਉਸ ਦੇ ਜਾਣ ਤੋਂ ਬਾਅਦ, ਬਾਕੀਆਂ ਨੇ ਉਸ ਦੇ ਫ਼ੈਸਲੇ ਨੂੰ ਰੱਦ ਨਹੀਂ ਕੀਤਾ ਬਲਕਿ ਅਪਣੇ ਦੇਸ਼ ਵਾਸਤੇ ਤਿਆਰ ਕੀਤੀ ਜਾ ਰਹੀ ਰੀਪੋਰਟ ਦਾ ਸਮਰਥਨ ਹੀ ਕੀਤਾ। ਇਹ ਸਿਆਸੀ ਨਫ਼ਾਸਤ ਸਾਡੇ ਦੇਸ਼ ਵਿਚ ਨਜ਼ਰ ਨਹੀਂ ਆਉਂਦੀ ਜਿਥੇ ਅਸੀ ਅਪਣੇ ਆਜ਼ਾਦੀ ਘੁਲਾਟੀਆਂ ਬਾਰੇ ਤੇ ਅਪਣੇ ਸਾਬਕਾ ਆਗੂਆਂ ਦੀ ਵਖਰੀ ਸਿਆਸੀ ਸੋਚ ਕਾਰਨ, ਉਨ੍ਹਾਂ ਨੂੰ ਅਪਣੇ ਤੋਂ ਘੱਟ ਸਮਝਦਾਰ ਕਹਿ ਕੇ, ਉਨ੍ਹਾਂ ਦੀ ਮਿੱਟੀ ਖ਼ਰਾਬ ਕਰ ਰਹੇ ਹਾਂ। ਪਰ ਇਸ ਰੀਪੋਰਟ ਦੀ ਸਾਡੇ ਦੇਸ਼ ਵਾਸਤੇ ਵੱਡੀ ਮਹੱਤਤਾ ਹੈ, ਇਸ ਕਰ ਕੇ ਨਹੀਂ ਕਿ ਉਨ੍ਹਾਂ ਤੋਂ ਅਸੀ ਸਬਕ ਸਿਖ ਸਕਦੇ ਹਾਂ ਸਗੋਂ ਇਸ ਕਰ ਕੇ ਕਿ ਉਹ ਜਿਸ ਗੱਲ ਬਾਰੇ ਸੋਚ ਰਹੇ ਹਨ, ਅਸੀ ਪਹਿਲਾਂ ਹੀ ਉਹ ਕੰਮ ਕਰਨ ਬਾਰੇ ਅਪਣੇ ਸੰਵਿਧਾਨ ਵਿਚ ਦਰਜ ਕੀਤਾ ਹੋਇਆ ਹੈ।

ਇਸ ਵਿਸ਼ਵਾਸ-ਯੋਗ ਰੀਪੋਰਟ ਦਾ ਸਿਰਲੇਖ ਸਰਕਾਰ ਤੇ ਧਰਮ ਦੇ ਰਿਸ਼ਤੇ ਬਾਰੇ ਹੈ। ਉਹ ਅੱਜ ਜੋ ਵੀ ਮਹਿਸੂਸ ਕਰ ਰਹੇ ਹਨ, ਉਹ ਸ਼ਾਇਦ ਸਾਡੇ ਦੇਸ਼ ਦਾ ਇਕ ਸੁਚੇਤ ਵਰਗ ਵੀ ਮਹਿਸੂਸ ਕਰਦਾ ਸੀ। ਇਸ ਰਿਪੋਰਟ ਦੇ ਲੇਖਕ ਨੇ 160 ਪੰਨਿਆਂ ਵਿਚ ਇਹ ਦਰਸਾਉਣ ਦਾ ਯਤਨ ਕੀਤਾ ਹੈ ਕਿ ਸਰਕਾਰਾਂ ਕਿਸ ਤਰ੍ਹਾਂ ਵੱਖ-ਵੱਖ ਧਰਮਾਂ ਵਿਚਕਾਰ   ਵਿਸ਼ਵਾਸ ਨੂੰ ਬਰਕਰਾਰ ਰੱਖ ਸਕਦੀਆਂ ਹਨ ਤੇ ਵੱਖ-ਵੱਖ ਧਰਮਾਂ ਨੂੰ ਇਕ ਬਰਾਬਰ ਰਖਦੇੇ ਹੋਏ, ਨਾਗਰਿਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਸਤੇ ਠੀਕ ਜਾਣਕਾਰੀ ਦੀ ਵਰਤੋਂ ਵੀ ਕਰ ਸਕਦੀਆਂ ਹਨ। 

ਇਹ ਰੀਪੋਰਟ ਵੱਖ-ਵੱਖ ਧਰਮਾਂ ਨਾਲ ਜੁੜੇ ਕੱਟੜ ਫ਼ਿਰਕੂ ਸੰਗਠਨਾਂ ਬਾਰੇ ਵੀ ਗੱਲ ਕਰਦੀ ਹੈ ਜਿਨ੍ਹਾਂ ਵਿਚ ਅੱਜ ਤਕ ਆਮ ਤੌਰ ’ਤੇ ਮੁਸਲਮਾਨ ਸੰਗਠਨਾਂ ਨੂੰ ਹੀ ਲਿਆ ਜਾਂਦਾ ਸੀ ਪਰ ਇਸ ਵਾਰ ਕੱਟੜਪੰਥੀ ਸੰਗਠਨਾਂ ਵਿਚ ਹਿੰਦੂ, ਸਿੱਖ, ਅਫ਼ਰੀਕੀ ਤੇ ਗੋਰੇ ਵੀ ਸ਼ਾਮਲ ਕੀਤੇ ਗਏ ਹਨ।

ਕੋਲਿਨ ਬਲੂਮ ਦੀ ਰੀਪੋਰਟ ਵਿਚ ਫ਼ਿਰਕੂ ਸੰਗਠਨਾਂ ਵਲੋਂ ਆਜ਼ਾਦੀ ਲਈ ਖ਼ਤਰੇ ਦੀ ਗੱਲ ਆਖੀ ਗਈ ਹੈ। ਇਨ੍ਹਾਂ ਵਿਚ ਨਾ ਸਿਰਫ਼ ਬਦਨਾਮ ਇਸਲਾਮੀ ਸੰਗਠਨਾਂ ਬਲਕਿ ਗੋਰੇ ਫ਼ਿਰਕੂਆਂ ਦੇ ਨਾਲ-ਨਾਲ, ਹਿੰਦੂ ਤੇ ਸਿੱਖ ਕੱਟੜਪੰਥੀ ਸੰਗਠਨ ਵੀ ਸ਼ਾਮਲ ਕੀਤੇ ਗਏ ਹਨ। 

ਰੀਪੋਰਟ ਅਪਣੇ ਸੁਝਾਅ ਦੇਂਦੀ ਸਪੱਸ਼ਟ ਕਰਦੀ ਹੈ ਕਿ ਆਮ ਮੁਸਲਮਾਨਾਂ, ਹਿੰਦੂਆਂ, ਸਿੱਖਾਂ ਤੇ ਕੱਟੜ ਫ਼ਿਰਕੂ ਸੰਗਠਨਾਂ ਵਿਚ ਅੰਤਰ ਕਰਨ ਦੀ ਸਖ਼ਤ ਜ਼ਰੂਰਤ ਹੈ ਜਿਸ ਦਾ ਹੱਲ ਇਹੀ ਹੈ ਕਿ ਨਾ ਸਿਰਫ਼ ਬੱਚਿਆਂ ਨੂੰ ਬਲਕਿ ਸਰਕਾਰ ਦੇ ਹਰ ਕਰਮਚਾਰੀ ਨੂੰ ਸਾਰੇ ਧਰਮਾਂ ਬਾਰੇ ਜਾਣਕਾਰੀ ਨਾਲ ਲੈਸ ਕੀਤਾ ਜਾਵੇ। ਇੰਗਲੈਂਡ ਦੀ ਫ਼ੌਜ ਵਲੋਂ ‘9 belong’ ਯਾਨੀ ਇਕ ਮੁਹਿੰਮ ਚਲਾ ਕੇ ਹਰ ਧਰਮ ਦੇ ਨਾਗਰਿਕ ਨੂੰ ਦੇਸ਼ ਦੀ ਸੁਰੱਖਿਆ ਦਾ ਹਿੱਸਾ ਮਹਿਸੂਸ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਪਰ ਦਿਲਚਸਪ ਗੱਲ ਇਹ ਹੈ ਕਿ  ਆਪਸੀ ਭਾਈਚਾਰਕ ਸਾਂਝ ਤੇ ਸਹਿਣਸ਼ੀਲਤਾ ਬਾਰੇ ਉਹ ਅੱਜ ਜਿਹੜੇ ਟੀਚੇ ਮਿਥ ਰਹੇ ਹਨ, ਕਦੇ ਸਾਡੀ ਸੋਚ ਦਾ ਵੀ ਪੂਰਾ ਹਿੱਸਾ ਹੁੰਦੇ ਸਨ। ਪਰ ਜਿਹੜੀਆਂ ਮੁਸ਼ਕਲਾਂ ਨੇ ਸਾਡੇ ਦੇਸ਼ ਵਿਚ ਧਾਰਮਕ ਦਰਾੜਾਂ ਪਾ ਦਿਤੀਆਂ ਹਨ, ਉਨ੍ਹਾਂ ਮੁਸ਼ਕਲਾਂ ਨਾਲ ਜੂਝਦਾ ਇੰਗਲੈਂਡ ਸਹਿਣਸ਼ੀਲਤਾ ਵਲ ਵਧਣ ਦੀ ਨੀਤੀ ਬਣਾਉਣੀ ਚਾਹ ਰਿਹਾ ਹੈ। ਕੋਲਿਨ ਬਲੂਮ ਰੀਪੋਰਟ ਨੇ ਉਜਾਗਰ ਕੀਤਾ ਹੈ ਕਿ ਕੱਟੜਪੰਥੀ ਸੰਸਥਾਵਾਂ ਦੀ ਹਮਾਇਤ ਵਿਚ ਖੜੀ ਜਨਤਾ ਬੜੀ ਥੋੜੀ ਹੈ, ਖ਼ਾਸ ਕਰ ਕੇ ਜੇ ਸਿੱਖ ਤੇ ਹਿੰਦੂ ਕੱਟੜਪੰਥੀ ਸੰਗਠਨਾਂ ਦੀ ਗੱਲ ਕਰੀਏ। ਪਰ ਉਨ੍ਹਾਂ ਸਾਰੇ ਕੱਟੜਪੰਥੀ ਸੰਗਠਨਾਂ ਦਾ ਕੰਮ ਕਰਨ ਦਾ ਤਰੀਕਾ ਉਹੀ ਹੈ ਜੋ ਅਸੀ ਇਥੇ ਵੇਖ ਰਹੇ ਹਾਂ।

ਕੱਟੜਪੰਥੀ ਗੋਰੇ ਹੋਣ ਜਾਂ ਦੂਜੇ, ਇਹ ਆਰਥਕ ਲੁੱਟ ਦਾ ਜ਼ਰੀਆ ਬਣ ਜਾਂਦੇ ਹਨ ਤੇ ਦਾਨ ਨੂੰ ਧਾਰਮਕ ਰੂਪ ਦੇ ਕੇ ਪੈਸਾ ਹੜੱਪ ਜਾਂਦੇ ਹਨ। ਇਹ ਵੀ ਉਸੇ ਤਰ੍ਹਾਂ ਕੰਮ ਕਰਦੇ ਹਨ ਜਿਸ ਤਰ੍ਹਾਂ ਸਾਡੇ ਇਥੇ ਬਹਿਰੂਪੀਏ ਬਾਬੇ ‘ਚਮਤਕਾਰਾਂ’ ਦਾ ਨਾਂ ਲੈ ਕੇ ਲੋਕਾਂ ਨੂੰ ਲੁਟਦੇ ਹਨ। ਇਨ੍ਹਾਂ ਵਿਚ ਧਾਰਮਕ ਵਿਆਹਾਂ ਦਾ ਰਿਵਾਜ ਜ਼ਿਆਦਾ ਹੈ। ਕਈ ਵਾਰ ਜ਼ਬਰਦਸਤੀ ਕਰਵਾਏ ਵਿਆਹ,  ਔਰਤਾਂ ਨੂੰ ਕਾਬੂ ਰੱਖਣ ਵਾਸਤੇ ਇਸਤੇਮਾਲ ਹੁੰਦੇ ਹਨ। ਸਿੱਖ ਕੱਟੜਵਾਦੀ ਜੋ ਖ਼ਾਲਿਸਤਾਨ ਦਾ ਨਾਹਰਾ ਦੇਂਦੇ ਹਨ, ਉਹ ਬਹੁਤ ਘੱਟ ਗਿਣਤੀ ਵਿਚ ਹਨ ਪਰ ਉਹ ਖ਼ਬਰਾਂ ਵਿਚ ਜ਼ਿਆਦਾ ਰਹਿੰਦੇ ਹਨ। 

ਇਹੀ ਉਹ ਗੱਲਾਂ ਹਨ ਜੋ ਅਸੀ ਅੱਜ ਅਪਣੇ ਦੇਸ਼ ਵਿਚ ਵੇਖ ਰਹੇ ਹਾਂ ਤੇ ਇੰਗਲੈਂਡ ਵਿਚ ਵੀ ਸੋਸ਼ਲ ਮੀਡੀਆ ਨਫ਼ਰਤ ਤੇ ਡਰ ਫੈਲਾਉਣ ਦਾ ਸਾਧਨ ਬਣ ਰਿਹਾ ਹੈ, ਖ਼ਾਸ ਕਰ ਕੇ ਮੁਸਲਮਾਨਾਂ, ਸਿੱਖਾਂ ਤੇ ਹਿੰਦੂਆਂ ਵਿਰੁਧ। ਪਰ ਫ਼ਰਕ ਇਹ ਆ ਜਾਂਦਾ ਹੈ ਕਿ ਉਹ ਦੇਸ਼ ਜੋ ਕਦੇ ਸਿਰਫ਼ ਈਸਾਈ ਧਰਮ ਨੂੰ ਮੰਨਦਾ ਸੀ, ਅੱਜ ਈਸਾਈ ਕੱਟੜਵਾਦ ਨੂੰ ਇਸਲਾਮੀ, ਹਿੰਦੂ ਤੇ ਸਿੱਖ ਕੱਟੜਵਾਦੀਆਂ ਦੇ ਬਰਾਬਰ ਖੜਾ ਕਰ ਰਿਹਾ ਹੈ। ਸਾਡੇ ਭਾਰਤ ਵਿਚ ਸਿਰਫ਼ ਘੱਟ-ਗਿਣਤੀਆਂ ਦੀਆਂ ਕਮਜ਼ੋਰੀਆਂ ਵਲ ਧਿਆਨ ਦਿਤਾ ਜਾਂਦਾ ਹੈ ਤੇ ਇਹ ਨਹੀਂ ਸਿਖਾਇਆ ਜਾਂਦਾ ਕਿ ਸਾਰੇ ਸਿੱਖ ਖ਼ਾਲਿਸਤਾਨੀ ਨਹੀਂ ਤੇ ਸਾਰੇ ਮੁਸਲਮਾਨ ਅਹਿਮਦ ਸ਼ਾਹ ਅਬਦਾਲੀ ਦੇ ਵਾਰਸ ਨਹੀਂ।

ਸਾਡੇ ਦੇਸ਼ ਨੂੰ ਧਰਮ ਨਿਰਪੱਖਤਾ ਤੋਂ ਦੂਰ ਕਰ ਕੇ ਕੱਟੜ ਹਿੰਦੂਤਵਾ ਵਲ ਲਿਜਾਣ ਦਾ ਯਤਨ ਕੀਤਾ ਜਾ ਰਿਹਾ ਹੈ। ਅਸੀ ਭਾਵੇਂ ਤਕਨੀਕੀ ਕਾਢਾਂ ਕਾਰਨ ਪਛਮੀ ਲੋਕਾਂ ਨਾਲੋਂ ਬਹੁਤ ਪਿੱਛੇ ਸੀ ਪਰ ਅਧਿਆਤਮਕ ਤੇ ਸਭਿਆਚਾਰਕ ਤੌਰ ’ਤੇ ਅਸੀ ਜ਼ਿਆਦਾ ਤਰੱਕੀ ਕਰ ਚੁੱਕੇ ਸੀ ਭਾਵੇਂ ਡਰ ਤੇ ਨਫ਼ਰਤ ਸਾਨੂੰ ਅਪਣੇ ਪੂਰਵਜਾਂ ਦੇ ਗਿਆਨ ਤੋਂ ਹੀ ਵਾਂਝਾ ਕਰ ਰਹੇ ਹਨ। ਇਕ ਨਵੀਂ ਫ਼ਿਲਮ ਆਉਣ ਵਾਲੀ ਹੈ ਜੋ ਫਿਰ ਤੋਂ ਹਿੰਦੂ ਸਮਾਜ ਅੰਦਰ ਡਰ ਫੈਲਾਏੇੇਗੀ ਪਰ ਵੇਖਣਾ ਇਹ ਹੋਵੇਗਾ ਕਿ ਆਮ ਹਿੰਦੂ ਕੀ ਅਪਣੇ ਰਾਮ ਜਾਂ ਕ੍ਰਿਸ਼ਨ ਦੇ ਸਬਕ ’ਤੇ ਚੱਲੇੇਗਾ ਜਾਂ ਕਲਯੁਗ ਦੇ ਸਿਆਸਤਦਾਨਾਂ ’ਤੇ? 
- ਨਿਮਰਤ ਕੌਰ