ਕੌਣ ਰੋਕੇਗਾ ਇਨ੍ਹਾਂ ਨੂੰ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਨਾਜਾਇਜ਼ ਸ਼ਰਾਬ, ਨਾਜਾਇਜ਼ ਮਾਈਨਿੰਗ, ਚਿੱਟਾ ਆਦਿ ਸੱਭ ਨਾਲ ਰਾਜਸੀ, ਧਾਰਮਕ ਤੇ ਅਮੀਰ ਲੋਕਾਂ ਦੇ ਨਾਂ ਜੁੜੇ ਹੋਏ ਹਨ

Alcohol

ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 107 ਤਕ ਪਹੁੰਚ ਗਈ ਹੈ ਅਤੇ ਇਹ ਅੰਕੜਾ ਵਧਦਾ ਹੀ ਜਾ ਰਿਹਾ ਹੈ। ਜਦ ਵਿਰੋਧੀ ਧਿਰ 'ਚੋਂ ਅਵਾਜ਼ ਉਠੀ ਕਿ ਕਦੇ ਸੋਚਿਆ ਹੀ ਨਹੀਂ ਸੀ ਕਿ ਪੰਜਾਬ ਵਿਚੋਂ ਇਸ ਤਰ੍ਹਾਂ ਦੀ ਖ਼ਬਰ ਵੀ ਆਵੇਗੀ ਤਾਂ ਸ਼ਰਮਿੰਦਗ਼ੀ ਦਾ ਅਹਾਸ ਸਮਝ ਵਿਚ ਆਇਆ। ਅੱਜ ਤੋਂ ਪਹਿਲਾਂ ਜ਼ਿਆਦਾਤਰ ਨਕਲੀ ਅਤੇ ਸਸਤੀ ਸ਼ਰਾਬ ਨਾਲ ਮਰਨ ਵਾਲਿਆਂ ਦੀਆਂ ਖ਼ਬਰਾਂ ਯੂ.ਪੀ. ਅਤੇ ਬਿਹਾਰ ਤੋਂ ਆਉਂਦੀਆਂ ਸਨ ਪਰ ਪੰਜਾਬ ਵਿਚ ਇਸ ਤਰ੍ਹਾਂ ਹੁੰਦਾ ਕਦੇ ਨਹੀਂ ਸੀ ਸੁਣਿਆ। ਕਦੇ ਸੋਚਿਆ ਵੀ ਨਹੀਂ ਸੀ ਕਿ ਪੰਜਾਬ ਵਿਚ ਗੁੰਡਾਗਰਦੀ, ਸਿਰ ਚੜ੍ਹ ਕੇ ਸਭਿਆਚਾਰ ਅਤੇ ਗੀਤਾਂ ਵਿਚ ਝਲਕੇਗੀ।

ਕਦੇ ਸੋਚਿਆ ਨਹੀਂ ਸੀ ਕਿ ਵਿਆਹ-ਸ਼ਾਦੀਆਂ ਮੌਕੇ ਨੱਚਣ ਲਈ ਕੁੜੀਆਂ ਬੁਲਾਈਆਂ ਜਾਣਗੀਆਂ ਅਤੇ ਫਿਰ ਸ਼ਰਾਬੀ ਹਾਲਤ ਵਿਚ ਲੋਕ ਉਨ੍ਹਾਂ ਕੁੜੀਆਂ ਨੂੰ ਅਪਣੀਆਂ ਬੰਦੂਕਾਂ ਨਾਲ ਹਲਾਲ ਕਰਨਗੇ। ਕਦੇ ਸੋਚਿਆ ਨਹੀਂ ਸੀ ਕਿ ਕਦੇ ਪੰਜਾਬ ਦੇ ਉੱਚ ਘਰਾਣਿਆਂ ਦੇ ਨਾਮ ਚਿੱਟੇ ਦੇ ਵਪਾਰ ਨਾਲ ਦਾਗ਼ੀ ਹੋਣਗੇ। ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਵਿਚ ਪਾਣੀ ਦੇ ਨਾਲ ਨਾਲ ਚਿੱਟਾ, ਸ਼ਰਾਬ ਅਤੇ ਨਸ਼ਿਆਂ ਦਾ ਦਰਿਆ ਵੀ ਵੱਗਣ ਲੱਗ ਜਾਏਗਾ। ਅੱਜ ਸੱਭ ਤੋਂ ਜ਼ਿਆਦਾ ਅਫ਼ਸੋਸ ਇਸ ਗੱਲ ਦਾ ਹੈ ਕਿ ਸਾਡੇ ਸਿਆਸੀ, ਧਾਰਮਕ ਅਤੇ ਅਮੀਰ ਘਰਾਣਿਆਂ ਦੇ ਨਾਂ ਨਾਲ ਰੇਤਾ, ਨਸ਼ਾ ਅਤੇ ਸ਼ਰਾਬ ਮਾਫ਼ੀਆ ਦੇ ਨਾਮ ਜੁੜ ਚੁੱਕੇ ਹਨ।

ਸਿਆਸਤਦਾਨਾਂ ਅਤੇ ਪੁਲਿਸ ਦੀ ਸਾਂਝ ਦਾ ਐਸਾ ਜਾਲ ਵਿਛ ਗਿਆ ਹੈ ਕਿ ਇਸ ਨੂੰ ਰੋਕਣ ਲਈ ਪੱਕੇ ਇਰਾਦੇ ਅਤੇ ਠੋਸ ਕਦਮ ਚੁੱਕਣ ਦੀ ਲੋੜ ਹੈ। ਪੰਜਾਬ ਸਰਕਾਰ, ਦਿੱਲੀ ਸਰਕਾਰ ਤੋਂ ਨਸੀਹਤ ਨਹੀਂ ਲੈਣ ਵਾਲੀ ਅਤੇ ਲਵੇ ਵੀ ਕਿਉਂ, ਜਦ ਦਿੱਲੀ ਦੇ ਮੁਕਾਬਲੇ ਪੰਜਾਬ ਵਿਚ ਕੋਰੋਨਾ 'ਤੇ ਕੰਟਰੋਲ ਕਰ ਕੇ ਉਸ ਨੇ ਸਿੱਧ ਕਰ ਦਿਤਾ ਹੈ ਕਿ ਕਿਸ ਵਿਚ ਕਿੰਨੀ ਕਾਬਲੀਅਤ ਹੈ? ਪੰਜਾਬ ਨੂੰ ਅੱਜ ਇਕ ਦਿਨ ਵਿਚ 600 ਕੋਰੋਨਾ ਪਾਜ਼ੇਟਿਵ ਕੇਸ ਕਹਿਰ ਜਾਪ ਰਹੇ ਹਨ ਪਰ ਦਿੱਲੀ ਵਿਚ ਰੋਜ਼ਾਨਾ ਹਜ਼ਾਰਾਂ ਕੇਸ ਆ ਰਹੇ ਹਨ। ਇਸ ਕਰ ਕੇ ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਦੀ ਨਸੀਹਤ ਕਿਉਂ ਸੁਣਨ?

ਵਿਰੋਧੀ ਧਿਰ ਨੂੰ ਯਾਦ ਹੋਵੇਗਾ 2015 ਵਿਚ ਅਬੋਹਰ ਵਿਚ ਸ਼ਿਵ ਲਾਲ ਡੋਡਾ ਵਲੋਂ ਇਕ ਦਲਿਤ ਨੌਜਵਾਨ ਦੇ ਟੁਕੜੇ ਟੁਕੜੇ ਕਰਨ ਦਾ ਸਾਕਾ ਜਦ ਉਸ ਨੇ ਉਥੇ ਨਕਲੀ ਸ਼ਰਾਬ ਦੇ ਜਾਲ ਦਾ ਪਰਦਾਫ਼ਾਸ਼ ਕਰਨ ਦਾ ਯਤਨ ਕੀਤਾ ਸੀ। ਕੁੱਝ ਐਮ.ਐਲ.ਏ. ਤੇ ਹੋਰ ਲੀਡਰ ਵੀ ਸੱਚੇ ਹੋਣ ਲਈ ਤੇ ਆਪਸੀ ਨਰਾਜ਼ਗੀਆਂ ਨੂੰ ਲੈ ਕੇ, ਆਉਦੀਆਂ ਚੋਣਾਂ ਕਾਰਨ ਅੱਜ ਬੋਲ ਰਹੇ ਹਨ ਨਹੀਂ ਤਾਂ ਇਹ ਸਿਸਟਮ ਕਈ ਸਾਲਾਂ ਤੋਂ ਸੱਭ ਦੇ ਸਾਹਮਣੇ ਫਲਦਾ-ਫੁਲਦਾ ਆ ਰਿਹਾ ਹੈ, ਕਿਸੇ ਨੇ ਕਦੇ ਕੁੱਝ ਨਹੀਂ ਸੀ ਆਖਿਆ। ਪਰ ਸਰਕਾਰ ਲਈ ਇਨ੍ਹਾਂ 107 ਪਰਵਾਰਾਂ ਦੇ ਰੋਣ-ਕੁਰਲਾਣ ਦੀ ਆਵਾਜ਼ ਸੁਣ ਕੇ ਹੁਣ ਜਾਗਣ ਦੀ ਜ਼ਰੂਰਤ ਹੈ।

ਹਰ ਗ਼ੈਰ ਕਾਨੂੰਨੀ ਵਪਾਰ ਅੱਜ ਪੰਜਾਬ ਵਿਚ ਫੈਲ ਰਿਹਾ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਲਾਕਡਾਊਨ/ਕਰਫ਼ਿਊ ਦੌਰਾਨ ਵੀ ਪੰਜਾਬ ਵਿਚ ਨਾਜਾਇਜ਼ ਸ਼ਰਾਬ ਵਿਕਦੀ ਰਹੀ। ਸਰਕਾਰ ਦੇ ਐਕਸਾਈਜ਼ ਵਿਭਾਗ ਨੂੰ ਇਸ ਦਾ ਭਾਰੀ ਨੁਕਸਾਨ ਵੀ ਸਹਿਣਾ ਪਿਆ। ਮੰਤਰੀਆਂ ਨੇ ਤਾਂ ਅਫਸਰਸ਼ਾਹੀ 'ਤੇ ਸਿੱਧਾ ਦੋਸ਼ ਲਗਾ ਦਿਤਾ ਸੀ ਪਰ ਠੋਸ ਕਦਮ ਕੋਈ ਨਾ ਚੁੱਕੇ ਗਏ। ਰਾਜਪੁਰਾ ਵਿਚ ਲੰਗਰ ਵੰਡਣ ਦੀ ਆੜ ਵਿਚ ਜੂਆ ਖੇਡਿਆ ਗਿਆ। ਉਸ ਸਮੇਂ ਵੀ ਤਸਕਰੀ ਬਾਰੇ ਅਫ਼ਵਾਹਾਂ ਉਠੀਆਂ ਸਨ ਪਰ ਜਾਂਚ ਨਹੀਂ ਸੀ ਹੋਈ। ਅੱਜ ਸ਼ਾਇਦ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ।

ਜਿਹੜੀ ਸਰਕਾਰ ਕੋਰੋਨਾ ਦੌਰ ਵਿਚ ਅਪਣੇ ਪਰਵਾਸੀ ਮਜ਼ਦੂਰਾਂ ਦਾ ਖ਼ਿਆਲ ਰਖ ਸਕਦੀ ਹੈ ਅਤੇ ਹਰ ਇਕ ਦੀ ਭੁੱਖ ਦਾ ਖ਼ਿਆਲ ਕਰ ਸਕਦੀ ਹੈ, ਦੇਸ਼ ਵਿਚ ਸੱਭ ਤੋਂ ਚੰਗੀ ਤਾਲਾਬੰਦੀ ਲਾਗੂ ਕਰ ਸਕਦੀ ਹੈ, ਉਹ ਇਸ ਗ਼ੈਰ-ਕਾਨੂੰਨੀ ਵਪਾਰ 'ਤੇ ਭਾਰੂ ਕਿਉਂ ਨਹੀਂ ਹੋ ਸਕਦੀ? ਅੱਜ ਸਰਕਾਰ ਅਤੇ ਉਨ੍ਹਾਂ ਦੇ ਮੰਤਰੀਆਂ ਨੂੰ ਅਪਣੇ ਕਰੀਬੀਆਂ ਦੀ ਬਜਾਏ ਅਪਣੇ ਵੋਟਰਾਂ ਦੀ ਗੱਲ ਸੁਣਨ ਦੀ ਜ਼ਰੂਰਤ ਹੈ। ਸਰਕਾਰ ਨੂੰ ਸੱਤਾ ਵਿਚ ਬਿਠਾਉਣ ਵਾਲੇ ਅਤੇ ਹਟਾਉਣ ਵਾਲੇ ਅੱਜ ਬਹੁਤ ਦੁਖੀ ਹਨ। ਸਰਕਾਰ ਨੂੰ ਸਿੱਧਾ ਉਨ੍ਹਾਂ ਦੇ ਦਰਦ ਨੂੰ ਸੁਣਨ ਦੀ ਜ਼ਰੂਰਤ ਹੈ।
- ਨਿਮਰਤ ਕੌਰ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।