Editorial: ਇੰਗਲੈਂਡ ਦੇ PM ਦੇ ਸਹੁਰਾ ਸਾਹਿਬ ਨਾਰਾਇਣ ਮੂਰਤੀ ਦਾ ‘ਅੰਗਰੇਜ਼ੀ’ ਸੁਝਾਅ ਕਿ ਇਥੇ ਨੌਜੁਆਨਾਂ ਨੂੰ ਹਫ਼ਤੇ ’ਚ 70 ਕੰਮ ਕਰਨਾ ਚਾਹੁੰਦੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

Editorial: ਕੀ ਸਾਡੇ ਨੌਜੁਆਨਾਂ ਵਿਚ ਜੋਸ਼ ਦੀ ਕਮੀ ਹੈ ਤੇ ਨਾਰਾਇਣ ਮੂਰਤੀ ਦੀ ਗੱਲ ਸਹੀ ਹੈ?

photo

Editorial:  ਇਨਫ਼ੋਸਿਸ ਦੇ ਫ਼ਾਊਂਡਰ ਨਾਰਾਇਣ ਮੂਰਤੀ ਨੇ ਭਾਰਤ ਦੇ ਨੌਜੁਆਨਾਂ ਨੂੰ ਨਸੀਹਤ ਦਿਤੀ ਹੈ ਕਿ ਉਹ ਹੁਣ ਹਫ਼ਤੇ ਵਿਚ 70 ਘੰਟੇ ਕੰਮ ਕਰਿਆ ਕਰਨ ਅਤੇ ਦੇਸ਼ ਦੀ ਤਰੱਕੀ ’ਚ ਅਪਣਾ ਯੋਗਦਾਨ ਪਾਉਣ। ਨਾਰਾਇਣ ਮੂਰਤੀ ਦੁਨੀਆਂ ਦੇ ਕੁੱਝ ਗਿਣੇ ਚੁਣੇ ਅਮੀਰਾਂ ਵਿਚੋਂ ਹਨ ਤੇ ਹੁਣ ਉਨ੍ਹਾਂ ਦੇ ਜਵਾਈ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਹਨ। ਸੋ ਉਨ੍ਹਾਂ ਦੀ ਨਸੀਹਤ ਵਜ਼ਨ ਰਖਦੀ ਹੈ। ਪਰ ਇਹ ਗੱਲ ਦਿਲ ਨੂੰ ਜਚਦੀ ਨਹੀਂ ਕਿ ਸਾਡੇ ਨੌਜੁਆਨ ਹਫ਼ਤੇ ਵਿਚ 70 ਘੰਟੇ ਕੰਮ ਕਰਨ ਤਾਕਿ ਦੇਸ਼ ਤਰੱਕੀ ਕਰੇ। ਭਾਰਤ ਤਰੱਕੀ ਕਰ ਰਿਹਾ ਹੈ ਤੇ ਅਪਣੇ 5 ਟਰਿਲੀਅਨ ਦੇ ਟੀਚੇ ’ਤੇ ਵੀ ਪਹੁੰਚਣ ਵਾਲਾ ਹੈ।  

ਪਰ ਕੀ ਸਾਡੇ ਨੌਜੁਆਨਾਂ ਵਿਚ ਜੋਸ਼ ਦੀ ਕਮੀ ਹੈ ਤੇ ਨਾਰਾਇਣ ਮੂਰਤੀ ਦੀ ਗੱਲ ਸਹੀ ਹੈ? ਜੇ ਦੇਸ਼ ਵਿਚ ਜੋਸ਼ ਤੇ ਮਿਹਨਤ ਦੀ ਕਮੀ ਹੁੰਦੀ ਤਾਂ ਫਿਰ ਦੇਸ਼ ਇਸ ਥਾਂ ’ਤੇ ਨਾ ਪਹੁੰਚ ਸਕਦਾ। ਦੇਸ਼ ਕੀ, ਨਾਰਾਇਣ ਮੂਰਤੀ ਵੀ ਦੁਨੀਆਂ ਦੇ ਵੱਡੇ ਅਮੀਰਾਂ ਦੀ ਗਿਣਤੀ ਵਿਚ ਨਾ ਆਉਂਦੇ। ਪਰ ਜੇ ਨੌਜੁਆਨਾਂ ਤੋਂ ਹਫ਼ਤੇ ਵਿਚ  70 ਘੰਟੇ ਕੰਮ ਕਰਵਾਉਣਾ ਹੈ ਤਾਂ ਉਨ੍ਹਾਂ ਨੂੰ ਬਦਲੇ ਵਿਚ ਕੀ ਦਿਉਗੇ?  ਜਦ ਮਿਹਨਤ ਕਰਵਾਉਣੀ ਹੈ ਤਾਂ ਦੇਸ਼ ਦੀ ਤਰੱਕੀ ਬਾਰੇ ਭਾਵੁਕ ਗੱਲਾਂ ਕਰਨ ਦੀ ਬਜਾਏ, ਨਾਰਾਇਣ ਮੂਰਤੀ ਕਹਿਣ ਕਿ ਅੱਜ ਭਾਰਤ ਦੀ 1% ਆਬਾਦੀ ਦੇਸ਼ ਦੀ 70% ਦੌਲਤ ’ਤੇ ਜਿਹੜਾ ਕਬਜ਼ਾ ਕਰੀ ਬੈਠੀ ਹੈ, ਕਿਉਂ ਨਾ ਇਹ 1% ਅਪਣੇ ਦੇਸ਼ ਵਾਸਤੇ ਅਪਣੇ ਟੈਕਸ ਮਾਫ਼ੀ ਦੀ ਮੰਗ ਖ਼ਤਮ ਕਰ ਕੇ ਆਖੇ ਕਿ ਸਾਨੂੰ ਮਾਫ਼ ਕੀਤਾ ਲੱਖਾਂ, ਕਰੋੜਾਂ ਦਾ ਟੈਕਸ ਦੇਸ਼ ਦੇ ਨੌਜੁਆਨਾਂ ਵਾਸਤੇ ਛੋਟੇ ਕਾਰੋਬਾਰ ਦੇ ਵਿਕਾਸ ਵਾਸਤੇ ਲਗਾ ਦਿਉ?

ਅੱਜ ਦੇਸ਼ ਦੇ ਮਜ਼ਦੂਰ ਵਾਸਤੇ ਇਕ ਦਿਨ ਨੂੰ 12 ਘੰਟੇ ਦਾ ਕਰ ਦਿਤਾ ਗਿਆ ਹੈ। ਪਰ ਕੀ ਉਸ ਦੀ ਤਨਖ਼ਾਹ ਨੂੰ ਬਰਾਬਰ ਕੀਤਾ ਗਿਆ ਹੈ? ਹਾਲ ਹੀ ਵਿਚ ਕੁੱਝ ਮਜ਼ਦੂਰਾਂ ਨਾਲ ਮਿਲਣਾ ਹੋਇਆ ਤਾਂ ਅਪਣੇ ਸਿਸਟਮ ਦੀ ਕਠੋਰਤਾ ’ਤੇ ਸ਼ਰਮ ਆਈ। 300 ਪ੍ਰਤੀ ਦਿਨ ਤੇ ਮਨਰੇਗਾ ਵਿਚ ਕੰਮ ਕਰਨ ਵਾਲੇ ਨੂੰ ਮਹੀਨੇ ਦੇ ਕੁੱਝ ਦਿਨ ਹੀ ਕੰਮ ਮਿਲਦਾ ਹੈ ਪਰ ਤਿੰਨ-ਤਿੰਨ ਮਹੀਨਿਆਂ ਤਕ ਉਸ ਦੇ ਖਾਤੇ ਵਿਚ ਪੈਸੇ ਨਹੀਂ ਆਉਂਦੇ। ਉਨ੍ਹਾਂ ਦੀਆਂ ਜੁੱਤੀਆਂ ਫਟੀਆਂ ਹੋਈਆਂ ਤੇ ਹੱਥ ਦੀ ਚਮੜੀ ਜੁੱਤੀਆਂ ਦੇ ਤਲਿਆਂ ਵਰਗੀ ਬਣ ਚੁਕੀ ਸੀ ਪਰ ਅੱਖਾਂ ਅਥਰੂਆਂ ਤੇ ਦਰਦ ਨਾਲ ਨਮ ਸਨ। ਉਹ ਸਿਰਫ਼ ਇਹ ਮੰਗ ਕਰਦੇ ਹਨ ਕਿ ਸਾਨੂੰ 12 ਘੰਟੇ ਕੰਮ ਕਰਵਾਉਣ ਤੋਂ ਬਾਅਦ, ਸਾਡੀ ਮਹੀਨੇ ਦੀ ਕਮਾਈ ਤਾਂ ਸਮੇਂ ਸਿਰ ਦੇ ਦਿਉ। ਕਦੇ ਵੇਖਿਆ ਹੈ ਕਿ ਕਿਸੇ ਸਰਕਾਰੀ ਮੁਲਾਜ਼ਮ ਦੀ ਤਨਖ਼ਾਹ ਸਮੇਂ ਸਿਰ ਨਾ ਆਈ ਹੋਵੇ? ਦੇਰੀ ਹੋ ਵੀ ਜਾਵੇ ਤਾਂ ਕਿਸ ਤਰ੍ਹਾਂ ਹੜਤਾਲਾਂ ਸ਼ੁਰੂ ਹੋ ਜਾਂਦੀਆਂ ਹਨ? ਪਰ ਗ਼ਰੀਬ ਦੀ ਸੁਣਵਾਈ ਹੀ ਕੋਈ ਨਹੀਂ।

ਨਾਰਾਇਣ ਮੂਰਤੀ ਕੁੱਝ ਦੇਣ ਬਾਰੇ ਵੀ ਸੋਚਣ ਕਿ ਕਿਸ ਤਰ੍ਹਾਂ ਅਸੀ ਦੇਸ਼ ਦੀ ਤਰੱਕੀ ਵਿਚ 70 ਘੰਟੇ ਕੰਮ ਕਰਨ ਵਾਲੇ ਨੂੰ ਵੀ ਦੇਸ਼ ਦੀ ਤਰੱਕੀ ਦਾ ਹਿੱਸਾ ਬਣਾਈਏ? ਸਾਡੇ ਦੇਸ਼ ਦੀ ਤਰੱਕੀ ਦੀ ਸੱਭ ਤੋਂ ਵੱਡੀ ਕਮੀ ਇਹ ਹੈ ਕਿ ਇਹ ਤਰੱਕੀ ਕੁੱਝ ਗਿਣੇ ਚੁਣੇ ਲੋਕਾਂ ਦੀ ਹੈ। ਇਹ ਸੱਭ ਦੀ ਤਰੱਕੀ ਨਹੀਂ ਤੇ ਇਹ ਵੀ ਉਨ੍ਹਾਂ ਨੂੰ 1% ਆਬਾਦੀ ਦੇ ਮੁਨਾਫ਼ੇ ਬਾਰੇ ਸੋਚ ਕੇ ਹੀ ਵਿਚਾਰ ਫੁਰਿਆ ਲਗਦਾ ਹੈ ਬੱਸ!     - ਨਿਮਰਤ ਕੌਰ