ਧਾਰਮਕ ਕੱਟੜਪੁਣਾ, ਨਫ਼ਰਤ ਤੇ ਡੈਮੋਕਰੇਸੀ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅੱਜ ਦੇ ਸਿਆਸਤਦਾਨ ਕਿਸੇ ਨੂੰ  ਪੱਥਰ ਚੁਕਣ ਤੋਂ ਨਹੀਂ ਰੋਕਦੇ ਸਗੋਂ ਉਸੇ ਹੱਥ ਵਿਚ ਬੰਬ ਫੜਾ ਕੇ ਸਥਿਤੀ ਨੂੰ  ਹੋਰ ਵਿਗਾੜਨ ਦਾ ਫ਼ਰਜ਼ ਨਿਭਾਉਂਦੇ ਹਨ

photo

 ਪਹਿਲਾਂ ਪੰਜਾਬ, ਫਿਰ ਬਿਹਾਰ ਤੇ ਹੁਣ ਬੰਗਾਲ ਦੀਆਂ ਅਖ਼ਬਾਰੀ ਸੁਰਖ਼ੀਆਂ ਨੇ ਦਸ ਦਿਤਾ ਹੈ ਕਿ ਚੋਣਾਂ ਦਾ ਮੌਸਮ ਆ ਰਿਹਾ ਹੈ ਤੇ ਇਸ ਵਾਰ ਦੀ ਚੋਣ ਮੁਹਿੰਮ ਵਿਚ ਧਰਮ ਤੇ ਨਫ਼ਰਤ ਦੋਵੇਂ ਵੱਡਾ ਰੋਲ ਅਦਾ ਕਰਨਗੇ | ਜਦ ਵੀ ਚੋਣਾਂ ਵਿਚ ਹਾਰ ਜਾਣ ਦਾ ਡਰ ਲਗਦਾ ਹੈ ਤਾਂ ਭਾਰਤ ਦੇ ਸਿਆਸਤਦਾਨ ਦੇਸ਼ ਵਿਚ ਧਰਮ ਤੇ ਹਿੰਸਾ ਦਾ ਸਹਾਰਾ ਲੈਣ ਲੱਗ ਜਾਂਦੇ ਹਨ |  1984 ਵਿਚ ਇੰਦਰਾ ਗਾਂਧੀ ਹਾਰ ਰਹੀ ਸੀ ਤਾਂ ਉਸ ਨੇ ਸਿੱਖ ਪੱਤਾ ਖੇਡ ਕੇ ਸਿੱਖਾਂ ਵਿਰੁਧ ਦੇਸ਼ ਭਰ ਵਿਚ ਏਨੀ ਨਫ਼ਰਤ ਪੈਦਾ ਕਰ ਦਿਤੀ ਕਿ ਬਲੂ-ਸਟਾਰ ਆਪ੍ਰੇਸ਼ਨ ਤੇ ਸਿੱਖ ਕਤਲੇਆਮ ਮਗਰੋਂ ਉਸ ਦੀ ਪਾਰਟੀ ਤਿੰਨ ਚੌਥਾਈ ਸੀਟਾਂ ਜਿੱਤ ਕੇ ਲੈ ਗਈ | 2014 ਵਿਚ ਪੁਲਵਾਮਾ ਨੇ ਹਰ ਦੇਸ਼ ਵਾਸੀ ਨੂੰ  ਇਹ ਗੱਲ ਭੁਲਾ ਦਿਤੀ ਕਿ ਉਨ੍ਹਾਂ ਦੀ ਜੇਬ ਵਿਚ 20-20 ਹਜ਼ਾਰ ਤਾਂ ਨਹੀਂ ਆਏ ਪਰ ਗੱਲ ਚਲਾ ਦਿਤੀ ਗਈ ਸੀ ਰਾਸ਼ਟਰੀ ਸੁਰੱਖਿਆ ਦੀ |

ਇਸ ਵਾਰ ਜੰਮੂ-ਕਸ਼ਮੀਰ ਵਿਚ ਕਿਸੇ ਵੀ ਵਾਰਦਾਤ ਨੂੰ  ਇਹ ਕਹਿ ਕੇ ਵਿਰੋਧੀਆਂ ਨੂੰ  ਬਦਨਾਮ ਕਰਨਾ ਸ਼ੁਰੂ ਕਰ ਦਿਤਾ ਜਾਂਦਾ ਹੈ ਕਿ ਅਜਿਹੀਆਂ ਵਾਰਦਾਤਾਂ ਕਰ ਕੇ ਇਹ ਲੋਕ ਧਾਰਾ 370 ਦੀ ਸੋਧ ਕਰਨ ਦਾ ਫ਼ੈਸਲਾ ਗ਼ਲਤ ਸਾਬਤ ਕਰਨਾ ਚਾਹੁੰਦੇ ਹਨ | ਸੋ ਬਾਕੀ ਬਚੇ ਸਰਹੱਦੀ ਸੂਬੇ ਪੰਜਾਬ ਤੇ ਬੰਗਾਲ | ਦੋਹਾਂ ਰਾਜਾਂ ਪੰਜਾਬ ਤੇ ਬੰਗਾਲ ਵਿਚ ਦੇਸ਼ ਵਿਰੋਧੀ ਗਤੀਵਿਧੀਆਂ ਤੇ ਹਿੰਦੂ ਨਾਗਰਿਕਾਂ ਨੂੰ  ਖ਼ਤਰੇ ਦਾ ਅਹਿਸਾਸ ਕਰਵਾਉਣ ਦਾ ਮਤਲਬ ਇਹ ਦਰਸਾਉਂਦਾ ਹੈ ਕਿ ਵੋਟਾਂ ਦੀ ਤਿਆਰੀ ਸ਼ੁਰੂ ਹੋ ਗਈ ਹੈ | ਇਸ 'ਤੇ ਸੁਪ੍ਰੀਮ ਕੋਰਟ ਨੇ ਵੀ ਬੜੀ ਸਖ਼ਤ ਟਿਪਣੀ ਕੀਤੀ ਹੈ ਕਿ ਉਹ ਆਖ਼ਰਕਾਰ ਅਜਿਹੇ ਕੇਸਾਂ ਬਾਰੇ ਫ਼ੈਸਲੇ ਕਿਵੇਂ ਲੈ ਸਕਣਗੇ ਕਿਉਂਕਿ ਅੱਜ ਦੀ ਸਿਆਸਤ ਸਿਰਫ਼ ਧਰਮ ਅਤੇ ਨਫ਼ਰਤ 'ਤੇ ਹੀ ਆਧਾਰਤ ਹੈ |

ਇਕ ਜ਼ਮਾਨਾ ਸੀ ਜਦੋਂ ਸਾਡੇ ਲੋਕ ਜਵਾਹਰ ਲਾਲ ਨਹਿਰੂ ਤੇ ਵਾਜਪਾਈ ਵਰਗੇ ਆਗੂਆਂ ਦੇ ਕਥਨਾਂ ਦੀ ਉਦਾਹਰਣ ਦਿੰਦੇ ਹੋਏ ਪੁਛਿਆ ਕਰਦੇ ਸਨ ਕਿ ਸਾਡਾ ਦੇਸ਼ ਕਿਸ ਦਿਸ਼ਾ ਵਲ ਜਾ ਰਿਹਾ ਹੈ | ਇਕ ਜ਼ਮਾਨਾ ਸੀ ਜਦ ਦੇਸ਼ ਦੇ ਕੋਨੇ ਕੋਨੇ ਤੋਂ ਲੋਕ ਇਨ੍ਹਾਂ ਦੇ ਭਾਸ਼ਨ ਸੁਣਨ ਆਉਂਦੇ ਸਨ ਤੇ ਹੁਣ ਸਾਰੇ ਪਾਸਿਆਂ ਤੋਂ ਨਫ਼ਰਤ ਦੇ ਬਿਆਨ ਹੀ ਆਉਂਦੇ ਹਨ ਤੇ ਅਦਾਲਤਾਂ ਵਿਚ ਕੇਸ ਪੈ ਜਾਂਦੇ ਹਨ | ਅਦਾਲਤ ਨੇ ਇਸ ਦਾ ਕਾਰਨ 'ਬੌਧਿਕ ਅਗਿਆਨਤਾ' ਦਸਿਆ ਜੋ ਸਿਖਿਆ ਦੀ ਘਾਟ ਕਾਰਨ ਫੈਲ ਰਹੀ ਹੈ | ਪਰ ਸ਼ਾਇਦ ਕਾਰਨ ਸਮਝਣਾ ਏਨਾ ਸੌਖਾ ਵੀ ਨਹੀਂ ਹੈ | ਸਿਖਿਆ ਇਨਸਾਨ ਵਿਚ ਪਿਆਰ ਅਤੇ ਸਹਿਜ ਤਾਂ ਨਹੀਂ ਪਾ ਸਕਦੀ, ਖ਼ਾਸ ਕਰ ਕੇ ਜੇ ਸਾਰਾ ਸਿਸਟਮ ਹੀ ਨਫ਼ਰਤ ਦੇ ਸਿਰ 'ਤੇ ਚਲਦਾ ਹੋਵੇ | ਅੱਜ ਸਾਡੇ ਸਮਾਜ ਵਿਚ ਇਸ਼ਤਿਹਾਰਾਂ ਨੂੰ  ਲੈ ਕੇ ਵੀ ਨੁਕਤਾਚੀਨੀ ਹੁੰਦੀ ਹੈ ਜਿਥੇ ਅਭਿਨੇਤਾ ਦਾ ਧਰਮ ਵੀ ਕਿੰਨੀ ਵਾਰ ਜੋਖਮ ਭਰਿਆ ਸਵਾਲ ਬਣ ਜਾਂਦਾ ਹੈ | ਜੇ ਕੋਈ ਇਸ਼ਤਿਹਾਰ ਕਿਸੇ ਤਿਉਹਾਰ ਦੌਰਾਨ ਧਰਮਾਂ ਵਿਚਕਾਰ ਮੇਲ-ਮਿਲਾਪ ਦਿਖਾਵੇ ਤਾਂ ਵੀ ਸਿਆਸੀ ਟਿਪਣੀ ਹੋਣੀ ਸ਼ੁਰੂ ਹੋ ਜਾਂਦੀ ਹੈ |

ਅੱਜ ਦੇ ਸਿਆਸਤਦਾਨ ਕਿਸੇ ਨੂੰ  ਪੱਥਰ ਚੁਕਣ ਤੋਂ ਨਹੀਂ ਰੋਕਦੇ ਸਗੋਂ ਉਸੇ ਹੱਥ ਵਿਚ ਬੰਬ ਫੜਾ ਕੇ ਸਥਿਤੀ ਨੂੰ  ਹੋਰ ਵਿਗਾੜਨ ਦਾ ਫ਼ਰਜ਼ ਨਿਭਾਉਂਦੇ ਹਨ | ਜੋ ਹਾਲਾਤ ਬੰਗਾਲ ਤੇ ਬਿਹਾਰ ਵਿਚ ਰਾਮਨੌਮੀ ਮੌਕੇ ਬਣੇ ਹਨ, ਉਸ ਦੇ ਜ਼ਿੰਮੇਵਾਰ ਸਾਡੇ ਸਿਆਸਤਦਾਨ ਹਨ ਤੇ ਉਨ੍ਹਾਂ ਦੀ ਸਿਆਸਤ ਹੈ | ਇਸ ਦਾ ਇਲਾਜ ਜਿਵੇਂ ਕਿ ਅਦਾਲਤ ਨੇ ਵੀ ਕਿਹਾ ਹੈ , ਨਾਗਰਿਕਾਂ ਕੋਲ ਹੈ | ਜਸਟਿਸ ਨਾਗਾਰਥਨਾ ਨੇ ਨਾਗਰਿਕਾਂ ਉਤੇ ਸੁਧਾਰ ਦੀ ਜ਼ਿੰਮੇਵਾਰੀ ਪਾਈ ਹੈ ਤੇ ਅਸਲ ਵਿਚ ਜ਼ਿੰਮੇਵਾਰੀ ਹੈ ਵੀ ਵੋਟਰ ਦੀ ਹੀ ਕਿਉਂਕਿ ਉਹ ਨਫ਼ਰਤ ਤੇ ਧਾਰਮਕ ਕੱਟੜਪੁਣੇ ਦੇ ਅਸਰ ਹੇਠ ਵੋਟ ਪਾਉਂਦੇ ਹਨ | ਧਰਮ ਸਿਆਸਤਦਾਨਾਂ ਦਾ ਮਨਭਾਉਂਦਾ ਹਥਿਆਰ ਬਣ ਗਿਆ ਹੈ | ਪਹਿਲਾਂ ਜਾਤ ਸੀ ਤੇ ਹੁਣ ਧਰਮ | ਪਰ ਜੇ ਕੇਵਲ ਉਹਨਾਂ ਦੇ ਕੰਮ ਵਲ ਹੀ ਧਿਆਨ ਦਿਤਾ ਜਾਵੇ ਤਾਂ ਸਥਿਤੀ ਬਦਲ ਸਕਦੀ ਹੈ |

ਅਸਲ ਤਾਕਤ ਵੋਟਰ ਦੇ ਹੱਥ ਵਿਚ ਹੈ ਤੇ ਜਿਸ ਦਿਨ ਸਾਡਾ ਨਾਗਰਿਕ ਇਹ ਗੱਲ ਸਮਝ ਗਿਆ, ਇਸ ਦੇਸ਼ ਵਿਚ ਧਰਮ ਦੇ ਆਧਾਰ 'ਤੇ ਹਿੰਸਕ ਝੜਪਾਂ ਹੋਣ ਦੀਆਂ ਗੱਲਾਂ ਖ਼ਤਮ ਹੋ ਜਾਣਗੀਆਂ | ਕੋਈ ਸਿੱਖਾਂ ਤੇ ਮੁਸਲਮਾਨਾਂ ਨੂੰ  ਦੇਸ਼ ਵਿਰੋਧੀ ਨਹੀਂ ਆਖੇਗਾ ਤੇ ਹਿੰਦੂ ਵੋਟਰ, ਸਿਆਸਤਦਾਨਾਂ ਦੇ ਆਖੇ ਤੇ ਧਾਰਮਕ ਕੱਟੜਪੁਣੇ ਦੇ ਅਸਰ ਹੇਠ, ਉਹ ਸਰਕਾਰਾਂ ਨਹੀਂ ਬਣਾਏਗਾ ਜੋ ਲੋਕਾਂ ਨੂੰ  ਸਬਜ਼ ਬਾਗ਼ ਹੀ ਵਿਖਾ ਸਕਦੀਆਂ ਹਨ ਅਤੇ  ਲੱਛੇਦਾਰ ਭਾਸ਼ਣ ਹੀ ਸੁਣਾ ਸਕਦੀਆਂ ਹਨ ਪਰ ਲੋਕਾਂ ਦਾ ਭਲਾ ਬਿਲਕੁਲ ਨਹੀਂ ਕਰ ਸਕਦੀਆਂ |
- ਨਿਮਰਤ ਕੌਰ