ਪ੍ਰਸ਼ਾਂਤ ਕਿਸ਼ੋਰ ਦੂਜੀ ਵਾਰ ਪੰਜਾਬ ਦੇ ਚੋਣ ਅਖਾੜੇ ਵਿਚ
ਪੰਜਾਬ ਚੋਣਾਂ ਵਲ ਵੱਧ ਰਿਹਾ ਹੈ ਅਤੇ ਇਸ ਮਹਾਂਮਾਰੀ ਦੌਰਾਨ ਵੀ ਸਿਆਸਤਦਾਨਾਂ ਦਾ ਹਰ ਕਦਮ ਚੋਣਾਂ ਨੂੰ ਧਿਆਨ 'ਚ ਰੱਖ ਕੇ ਹੀ ਚੁਕਿਆ ਜਾ ਰਿਹਾ ਹੈ।
ਪੰਜਾਬ ਚੋਣਾਂ ਵਲ ਵੱਧ ਰਿਹਾ ਹੈ ਅਤੇ ਇਸ ਮਹਾਂਮਾਰੀ ਦੌਰਾਨ ਵੀ ਸਿਆਸਤਦਾਨਾਂ ਦਾ ਹਰ ਕਦਮ ਚੋਣਾਂ ਨੂੰ ਧਿਆਨ 'ਚ ਰੱਖ ਕੇ ਹੀ ਚੁਕਿਆ ਜਾ ਰਿਹਾ ਹੈ। ਜਦ ਬਿਹਾਰ ਵਿਚ ਭਾਜਪਾ ਨੇ ਇਸ ਮਹਾਂਮਾਰੀ ਦੇ ਸੰਕਟ ਵਿਚ ਵੀ ਚੋਣਾਂ ਲੜਨ ਦਾ ਤਰੀਕਾ ਲੱਭ ਲਿਆ ਹੈ ਤਾਂ ਫਿਰ ਪੰਜਾਬ ਦੇ ਸਿਆਸਤਦਾਨ ਉਨ੍ਹਾਂ ਤੋਂ ਕਿਹੜੀ ਗੱਲੋਂ ਊਣੇ ਨੇ? ਇਸ ਸਮੇਂ ਕਾਂਗਰਸ ਅੰਦਰ ਕਈ ਤਰ੍ਹਾਂ ਦੀ ਖਿੱਚੋਤਾਣ ਚਲ ਰਹੀ ਹੈ।
ਇਕ ਪਾਸੇ ਕਾਂਗਰਸ ਦੇ ਸਾਹਮਣੇ ਦੋ ਵਿਰੋਧੀ ਵੀ ਮੌਕੇ ਦੀ ਉਡੀਕ ਕਰ ਰਹੇ ਹਨ ਅਤੇ ਦੂਜੇ ਪਾਸੇ ਕਾਂਗਰਸ ਦੇ ਅੰਦਰ ਵੀ ਕੁਰਸੀ ਦੀ ਲੜਾਈ ਚਲ ਰਹੀ ਹੈ। 2017 ਵਿਚ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਨੂੰ ਅਪਣੀ ਆਖ਼ਰੀ ਸਿਆਸੀ ਚੋਣ ਕਿਹਾ ਗਿਆ ਸੀ ਅਤੇ ਇਸ ਬਿਆਨ ਮਗਰੋਂ ਕਾਂਗਰਸ ਵਿਚ ਕਈ ਲੋਕ ਅਪਣੇ ਆਪ ਨੂੰ ਮੁੱਖ ਮੰਤਰੀ ਪਦ ਦੇ ਦਾਅਵੇਦਾਰ ਮੰਨ ਬੈਠੇ ਹਨ।
ਪਿਛਲੀ ਵਾਰੀ ਕਾਂਗਰਸ ਨੇ ਸਮਝਿਆ ਜਾਂ ਉਸ ਨੂੰ ਸ਼ਾਇਦ ਸਮਝਾਇਆ ਗਿਆ ਸੀ ਕਿ ਉਸ ਕੋਲ ਜਿੱਤਣ ਵਾਸਤੇ ਕੈਪਟਨ ਦੀ ਅਗਵਾਈ ਤੋਂ ਬਿਨਾਂ ਹੋਰ ਚਾਰਾ ਹੀ ਨਹੀਂ ਰਿਹਾ। ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਕੋਲ 2005-09 ਦੇ ਦੌਰ ਦੇ ਵਧੀਆ ਕਾਰਜ-ਕਾਲ ਦੀ ਯਾਦ ਕਰਵਾਉਣ ਦਾ ਵਧੀਆ ਮੌਕਾ ਸੀ ਅਤੇ ਉਸ ਨੂੰ ਵੇਖ ਕੇ ਹੀ ਪ੍ਰਸ਼ਾਂਤ ਕਿਸ਼ੋਰ ਨੇ ਵੀ ਪੰਜਾਬ ਵਿਚ ਕਾਂਗਰਸ ਦਾ ਹੱਥ ਫੜਿਆ ਅਤੇ ਅੰਦਰੋਂ ਟੁੱਟੀ ਭੱਜੀ ਪੰਜਾਬ ਕਾਂਗਰਸ ਨੂੰ ਇਕਮੁਠ ਕਰਨ ਦਾ ਵੀ ਬੜਾ ਵਧੀਆ ਕੰਮ ਕੀਤਾ।
ਅੱਜ ਪ੍ਰਸ਼ਾਂਤ ਨੂੰ ਮੁੜ ਚੋਣਾਂ ਦੀ ਤਿਆਰੀ ਕਰਨ ਲਈ ਬੁਲਾਉਣ ਦੀ ਚਰਚਾ ਹੋ ਰਹੀ ਹੈ। ਵੈਸੇ ਤਾਂ ਪ੍ਰਸ਼ਾਂਤ ਕਿਸ਼ੋਰ ਨੇ ਹੀ ਘਰ ਘਰ ਨੌਕਰੀ ਅਤੇ ਸਮਾਰਟ ਫ਼ੋਨ ਆਦਿ ਦੇ ਵਾਅਦੇ ਕਰਵਾਏ ਗਏ ਸਨ ਅਤੇ ਚੋਣਾਂ ਤੋਂ ਪੌਣੇ ਦੋ ਸਾਲ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੂੰ ਸੱਦਣ ਪਿੱਛੇ ਸੋਚ ਵੀ ਇਹੀ ਕੰਮ ਕਰਦੀ ਹੈ ਕਿ ਉਹ ਆ ਕੇ ਅਪਣੇ ਵਾਅਦੇ ਪੂਰੇ ਕਰਵਾਏਗਾ ਅਤੇ ਫਿਰ ਉਸ ਦਾ ਪ੍ਰਚਾਰ ਵੀ ਕਰਵਾਏਗਾ।
ਇਥੇ ਦੋ ਮਸਲੇ ਪੈਦਾ ਹੁੰਦੇ ਹਨ। ਇਕ ਤਾਂ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਵਿਚ ਜੁਮਲਾਬਾਜ਼ੀ ਜ਼ਿਆਦਾ ਸੀ। ਘਰ-ਘਰ ਨੌਕਰੀ ਨੂੰ ਘਰ-ਘਰ ਸਰਕਾਰੀ ਨੌਕਰੀ ਵਜੋਂ ਪੇਸ਼ ਕੀਤਾ ਗਿਆ ਸੀ ਅਤੇ ਭਾਵੇਂ ਨੌਕਰੀਆਂ ਦਿਤੀਆਂ ਗਈਆਂ ਹਨ, ਪਰ ਉਹ ਨਿਜੀ ਕੰਪਨੀਆਂ ਦੀਆਂ ਨੌਕਰੀਆਂ ਹਨ ਜਿਨ੍ਹਾਂ ਵਾਸਤੇ ਹੁਨਰ ਚਾਹੀਦਾ ਹੈ। ਪੰਜਾਬੀਆਂ ਨੂੰ ਇਹ ਧੋਖਾ ਲਗਦਾ ਹੈ। ਸਮਾਰਟ ਫ਼ੋਨ ਮਿਲੇ ਜਾਂ ਨਾ ਮਿਲੇ, ਫ਼ਰਕ ਨਹੀਂ ਪੈਂਦਾ।
ਕੁੱਝ ਨੌਜੁਆਨ ਖ਼ੁਸ਼ ਹੋ ਜਾਣਗੇ ਪਰ ਅਸਲ ਫ਼ਰਕ ਬਰਗਾੜੀ ਗੋਲੀ ਕਾਂਡ ਦਾ ਸੱਚ ਸਾਹਮਣੇ ਆਉਣ ਨਾਲ ਪੈਣਾ ਹੈ। ਉਹ ਸੱਚ ਜਿਸ ਨੂੰ ਵਿਧਾਨ ਸਭਾ ਵਿਚ ਐਲਾਨਿਆ ਗਿਆ ਸੀ, ਉਸ ਸੱਚ ਨੂੰ ਪ੍ਰਗਟ ਕਰਨ ਲਈ ਤੱਥਾਂ ਤੇ ਕਾਨੂੰਨ ਅਨੁਸਾਰ ਕਦਮ ਤੇਜ਼ੀ ਨਾਲ ਚੁਕ ਕੇ ਚੋਣਾਂ ਤੋਂ ਪਹਿਲਾਂ ਨਤੀਜੇ ਕੱਢ ਵਿਖਾਣੇ ਪੈਣਗੇ। ਦੂਜੀ ਸੋਚ ਸੀ ਕਿ ਪੰਜਾਬ ਵਿਚ ਸ਼ਰਾਬ, ਰੇਤ ਤੇ ਨਸ਼ਾ ਮਾਫ਼ੀਆ ਪਿਛਲੇ 10 ਸਾਲਾਂ ਵਿਚ ਹੀ ਆਇਆ ਅਤੇ ਨਵੀਂ ਸਰਕਾਰ ਇਸ ਭ੍ਰਿਸ਼ਟ ਸਿਸਟਮ ਨੂੰ ਬਦਲ ਦੇਵੇਗੀ।
ਪਰ ਅੱਜ ਪੰਜਾਬ ਵਿਚ ਇਨ੍ਹਾਂ ਦੋਹਾਂ ਭਾਵੁਕ ਮੁੱਦਿਆਂ ਨੂੰ ਲੈ ਕੇ ਵਿਆਪਕ ਅਸੰਤੁਸ਼ਟੀ ਹੈ। ਨਵਜੋਤ ਸਿੰਘ ਸਿੱਧੂ ਨੇ ਵੀ ਅੱਜ ਕੈਪਟਨ ਸਰਕਾਰ ਵਾਸਤੇ ਇਕ ਵੱਡੀ ਚੁਨੌਤੀ ਖੜੀ ਕਰ ਦਿਤੀ ਜਦੋਂ ਉਨ੍ਹਾਂ ਅਪਣੇ ਚੈਨਲ ਰਾਹੀਂ ਐਲਾਨ ਕਰ ਦਿਤਾ ਕਿ ਉਨ੍ਹਾਂ ਦੇ ਅਸਤੀਫ਼ੇ ਪਿੱਛੇ ਦਾ ਕਾਰਨ ਉਨ੍ਹਾਂ ਦਾ ਮੰਤਰਾਲਾ ਬਦਲ ਦੇਣਾ ਨਹੀਂ ਸੀ ਬਲਕਿ ਬਰਗਾੜੀ ਵਿਚ ਨਿਆਂ ਨਾ ਦੇਣਾ ਸੀ। ਇਹ ਬਿਆਨ ਲੋਕਾਂ ਨੂੰ ਭਾਵੁਕ ਵੀ ਕਰੇਗਾ, ਖ਼ਾਸ ਕਰ ਕੇ ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ ਅਤੇ ਪੰਜਾਬ ਸਰਕਾਰ ਨੂੰ ਫਿਰ ਤੋਂ ਸਿੱਖਾਂ ਦੀਆਂ ਨਜ਼ਰਾਂ ਵਿਚ ਸ਼ੱਕੀ ਬਣਾਏਗਾ।
ਕਾਂਗਰਸ ਭਾਵੇਂ ਪ੍ਰਸ਼ਾਂਤ ਕਿਸ਼ੋਰ ਨੂੰ ਬੁਲਾ ਲਵੇ, ਜਦੋਂ ਤਕ ਉਹ ਅਪਣੀਆਂ ਹੀ ਕਥਨੀਆਂ ਤੇ ਅਮਲ ਨਹੀਂ ਕਰਦੀ, ਪੰਜਾਬ, ਪ੍ਰਸ਼ਾਂਤ ਕਿਸ਼ੋਰ ਦੇ ਚੋਣ ਜੁਮਲਿਆਂ ਵਿਚ ਨਹੀਂ ਆਉਣ ਵਾਲਾ। ਪ੍ਰਸ਼ਾਂਤ ਕਿਸ਼ੋਰ ਦੀ ਬੇਸ਼ੱਕ ਹਰ ਥਾਂ ਜਿੱਤ ਹੋਈ ਹੋਵੇ ਪਰ ਪੰਜਾਬ ਵੀ ਸਦਾ ਅਪਣੀ ਚਾਲ ਹੀ ਚਲਦਾ ਹੈ, ਅਤੇ ਪ੍ਰਸ਼ਾਂਤ ਕਿਸ਼ੋਰ ਦਾ 100% ਜਿੱਤ ਦਾ ਰੀਕਾਰਡ ਵੀ ਤੋੜ ਸਕਦਾ ਹੈ ਜੇਕਰ ਉਹ ਬਰਗਾੜੀ ਦੇ ਮਾਮਲੇ ਤੇ ਕੁੱਝ ਨਾ ਕਰ ਸਕਿਆ। -ਨਿਮਰਤ ਕੌਰ