ਭਾਰਤ ਦੀ ਆਤਮਾ ਨੂੰ ਬਚਾਉਣ ਲਈ ਦਿੱਲੀ ਦਾ ਧੰਨਵਾਦ : ਪ੍ਰਸ਼ਾਂਤ ਕਿਸ਼ੋਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਚੋਣਾਂ: ਕਿਸ ਨੇ ਕੀ ਕਿਹਾ

File Photo

ਭਾਰਤ ਦੀ ਆਤਮਾ ਨੂੰ ਬਚਾਉਣ ਲਈ ਦਿੱਲੀ ਦਾ ਧਨਵਾਦ : ਪ੍ਰਸ਼ਾਂਤ ਕਿਸ਼ੋਰ
ਜੇਡੀਯੂ ਦੇ ਸਾਬਕਾ ਮੀਤ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਭਾਰਤ ਦੀ ਆਤਮਾ ਨੂੰ ਬਚਾਉਣ ਲਈ ਉਠ ਖੜੀ ਹੋਈ ਹੈ। ਉਨ੍ਹਾਂ ਟਵਿਟਰ 'ਤੇ ਕਿਹਾ, 'ਭਾਰਤ ਦੀ ਆਤਮਾ ਨੂੰ ਬਚਾਉਣ ਲਈ ਦਿੱਲੀ ਦਾ ਧਨਵਾਦ।' ਕਿਸ਼ੋਰ ਦੀ ਸੰਸਥਾ ਆਈ ਪੈਕ ਨੇ ਆਮ ਆਦਮੀ ਪਾਰਟੀ ਦੀ ਪ੍ਰਚਾਰ ਮੁਹਿੰਮ ਸੰਭਾਲੀ ਸੀ। ਉਹ ਨਵੇਂ ਨਾਗਰਿਕਤਾ ਕਾਨੂੰਨ ਦੇ ਮਾਮਲੇ ਵਿਚ ਮੋਦੀ ਸਰਕਾਰ ਦੇ ਕੱਟੜ ਆਲੋਚਕ ਹਨ ਜਿਸ ਕਾਰਨ ਜੇਡੀਯੂ ਨੇ ਉਨ੍ਹਾਂ ਨੂੰ ਹਾਲ ਹੀ ਵਿਚ ਪਾਰਟੀ ਵਿਚੋਂ ਕੱਢ ਦਿਤਾ ਸੀ।  

ਕੇਜਰੀਵਾਲ ਅਤਿਵਾਦੀ ਨਹੀਂ, ਦੇਸ਼ ਬਚ ਗਿਆ : ਸੰਜੇ ਸਿੰਘ
ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਦੁਆਰਾ ਭਾਜਪਾ ਨੂੰ ਮੂੰਹਤੋੜ ਜਵਾਬ ਦਿਤੇ ਜਾਣ ਨਾਲ ਦੇਸ਼ ਬਚ ਗਿਆ ਹੈ ਜਿਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਤਿਵਾਦੀ ਕਿਹਾ ਸੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਸੀ ਕਿ ਇਹ ਚੋਣਾਂ ਸਾਡੇ ਕੀਤੇ ਕੰਮ ਦੇ ਆਧਾਰ 'ਤੇ ਲੜੀਆਂ ਜਾਣਗੀਆਂ। ਸੱਭ ਤੋਂ ਪਹਿਲਾਂ, ਮੈਂ ਭਾਜਪਾ ਨੂੰ ਮੂੰਹਤੋੜ ਜਵਾਬ ਦੇਣ ਲਈ ਦਿੱਲੀ ਦੇ ਲੋਕਾਂ ਦਾ ਧਨਵਾਦ ਕਰਦਾ ਹਾਂ।' ਉਨ੍ਹਾਂ ਕਿਹਾ ਕਿ ਹਿੰਦੁਸਤਾਨ ਬਚ ਗਿਆ। ਭਾਜਪਾ ਆਗੂਆਂ ਨੇ ਚੋਣ ਪ੍ਰਚਾਰ ਵਿਚ ਪੂਰੀ ਤਾਕਤ ਲਾ ਦਿਤੀ ਸੀ ਪਰ ਫਿਰ ਵੀ ਦਿੱਲੀ ਦਾ ਬੇਟਾ ਚੋਣ ਜਿੱਤ ਗਿਆ।  

'ਆਪ' ਤੇ ਅਰਵਿੰਦ ਕੇਜਰੀਵਾਲ ਨੂੰ ਵਧਾਈਆਂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਮ ਆਦਮੀ ਪਾਰਟੀ ਦੀ ਜਿੱਤ 'ਤੇ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿਤੀ। ਪ੍ਰਧਾਨ ਮੰਤਰੀ ਨੇ ਦਿੱਲੀ ਦੀ ਜਨਤਾ ਦੀਆਂ ਖ਼ਾਹਸ਼ਾਂ ਨੂੰ ਪੂਰਾ ਕਰਨ ਲਈ ਕੇਜਰੀਵਾਲ ਨੂੰ ਸ਼ੁਭਕਾਮਨਾਵਾਂ ਦਿਤੀਆਂ। ਉਨ੍ਹਾਂ ਟਵਿਟਰ 'ਤੇ ਲਿਖਿਆ, 'ਦਿੱਲੀ ਵਿਧਾਨ ਸਭਾ ਚੋਣਾਂ ਵਿਚ ਜਿੱਤ ਲਈ ਆਮ ਆਦਮੀ ਪਾਰਟਂ ਅਤੇ ਅਰਵਿੰਦ ਕੇਜਰੀਵਾਲ ਜੀ ਨੂੰ ਵਧਾਈ। ਮੈਂ ਦਿੱਲੀ ਦੇ ਲੋਕਾਂ ਦੀਆਂ ਉਮੀਦਾਂ ਪੂਰੀਆਂ ਕਰਨ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ।'

ਰਾਹੁਲ ਨੇ ਕੇਜਰੀਵਾਲ ਨੂੰ ਦਿਤੀ ਵਧਾਈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿਤੀ। ਉਨ੍ਹਾਂ ਟਵਿਟਰ 'ਤੇ ਕਿਹਾ, 'ਸ੍ਰੀ ਕੇਜਰੀਵਾਲ ਅਤੇ ਆਪ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਲਈ ਵਧਾਈ ਅਤੇ ਮੇਰੀਆਂ ਸ਼ੁਭਕਾਮਨਾਵਾਂ।'

ਦਿੱਲੀ ਨੇ ਸਾਨੂੰ ਰੱਦ ਨਹੀਂ ਕੀਤਾ, ਭਾਜਪਾ ਦਾ ਵੋਟ ਫ਼ੀ ਸਦ ਵਧਿਆ : ਮਨੋਜ ਤਿਵਾੜੀ
ਦਿੱਲੀ ਭਾਜਪਾ ਦੇ ਮੁਖੀ ਮਨੋਜ ਤਿਵਾੜੀ ਨੇ ਕਿਹਾ ਕਿ ਪਾਰਟੀ ਇਸ ਗੱਲ ਦੀ ਸਮੀਖਿਆ ਕਰੇਗੀ ਕਿ ਉਹ ਅਪਣੀਆਂ ਉਮੀਦਾਂ ਹਾਸਲ ਕਰਨ ਵਿਚ ਨਾਕਾਮ ਕਿਉਂ ਰਹੀ ਹਾਲਾਂਕਿ ਉਨ੍ਹਾਂ ਨੂੰ ਇਸ ਗੱਲ ਵਿਚ ਨੈਤਿਕ ਜਿੱਤ ਨਜ਼ਰ ਆਈ ਕਿ ਪਾਰਟੀ ਦਾ ਵੋਟ ਫ਼ੀ ਸਦ 2015 ਦੀ ਤੁਲਨਾ ਵਿਚ ਵਧ ਗਿਆ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, 'ਦਿੱਲੀ ਨੇ ਸੋਚ ਸਮਝ ਕੇ ਫ਼ਤਵਾ ਦਿਤਾ ਹੋਵੇਗਾ। ਸਾਡਾ ਵੋਟ ਫ਼ੀ ਸਦੀ 32 ਫ਼ੀ ਸਦੀ ਤੋਂ ਵੱਧ ਕੇ 38 ਫ਼ੀ ਸਦੀ ਹੋ ਗਿਆ। ਦਿੱਲੀ ਨੇ ਸਾਨੂੰ ਰੱਦ ਨਹੀਂ ਕੀਤਾ। ਸਾਡੇ ਵੋਟ ਫ਼ੀ ਸਦ ਵਿਚ ਵਾਧਾ ਸਾਡੇ ਲਈ ਚੰਗਾ ਸੰਕੇਤ ਹੈ।' ਤਿਵਾੜੀ ਨੇ ਕਿਹਾ ਕਿ ਭਾਜਪਾ ਨੂੰ ਉਮੀਦ ਹੈ ਕਿ ਕੌਮੀ ਰਾਜਧਾਨੀ ਵਿਚ ਦੂਸ਼ਣਬਾਜ਼ੀ ਦੀ ਖੇਡ ਘੱਟ ਅਤੇ ਕੰਮ ਜ਼ਿਆਦਾ ਹੋਵੇਗਾ।  

ਲੋਕਾਂ ਨੇ ਭਾਜਪਾ ਦੇ ਵੰਡਪਾਊ ਏਜੰਡੇ ਨੂੰ ਹਰਾਇਆ : ਕਾਂਗਰਸ
ਕਾਂਗਰਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਲੋਕਾਂ ਦਾ ਫ਼ਤਵਾ ਪ੍ਰਵਾਨ ਕਰਦੀ ਹੈ ਅਤੇ ਕੌਮੀ ਰਾਜਧਾਨੀ ਵਿਚ ਪਾਰਟੀ ਦੇ ਨਵਨਿਰਮਾਣ ਦਾ ਸੰਕਲਪ ਲੈਂਦੀ ਹੈ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਸੁਭਾਸ਼ ਚੋਪੜਾ ਨੇ ਹਾਰ ਦੀ ਨੈਤਿਕ ਜ਼ਿੰਮੇਵਾਰੀ ਪ੍ਰਵਾਨ ਕੀਤੀ ਅਤੇ ਭਾਜਪਾ ਵਿਰੁਧ ਲੋਕਾਂ ਨੂੰ ਵੰਡਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਭਾਜਪਾ ਦੇ ਵੰਡਪਾਊ ਤੇ ਖ਼ਤਰਨਾਕ ਏਜੰਡੇ ਨੂੰ ਹਰਾਇਆ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲ ਨੇ ਕਿਹਾ, 'ਜਨਤਾ ਨੇ ਅਪਣਾ ਫ਼ਤਵਾ ਦੇ ਦਿਤਾ। ਫ਼ਤਵਾ ਕਾਂਗਰਸ ਵਿਰੁਧ ਵੀ ਦਿਤਾ ਹੈ। ਅਸੀਂ ਕਾਂਗਰਸ ਅਤੇ ਡੀਪੀਸੀਸੀ ਵਲੋਂ ਇਸ ਫ਼ਤਵੇ ਨੂੰ ਨਿਮਰਤਾ ਨਾਲ ਪ੍ਰਵਾਨ ਕਰਦੇ ਹਾਂ।

ਫ਼ਿਰਕਾਪ੍ਰਸਤੀ ਦੀ ਰਾਜਨੀਤੀ ਦੀ ਹਾਰ : ਖੱਬੇਪੱਖੀ
ਨਵੀਂ ਦਿੱਲੀ : ਖੱਬੇਪੱਖੀ ਪਾਰਟੀਆਂ ਸੀਪੀਆਈ ਅਤੇ ਸੀਪੀਐਮ ਨੇ ਦਿੱਲੀ ਚੋਣਾਂ ਵਿਚ ਜਿੱਤ ਲਈ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਿੱਲੀ ਵਾਲਿਆਂ ਨੇ ਭਾਜਪਾ ਦੀ ਨਫ਼ਰਤ ਅਤੇ ਹਿੰਸਾ ਦੀ ਰਾਜਨੀਤੀ ਨੂੰ ਮੂੰਹਤੋੜ ਜਵਾਬ ਦੇ ਕੇ ਸੌੜੀ ਰਾਜਨੀਤੀ ਨੂੰ ਨਕਾਰ ਦਿਤਾ ਹੈ। ਸੀਪੀਐਮ ਆਗੂ ਸੀਤਾਰਾਮ ਯੇਚੁਰੀ ਨੇ ਕਿਹਾ, 'ਗਾਲਾਂ ਅਤੇ ਗੋਲੀ ਦੀ ਭਾਸ਼ਾ ਬੋਲ ਰਹੇ ਕੇਂਦਰੀ ਮੰਤਰੀਆਂ ਨੂੰ ਜਨਤਾ ਨੇ ਸਹੀ ਜਵਾਬ ਦਿਤਾ ਹੈ।' ਸੀਪੀਆਈ ਦੇ ਅਤੁਲ ਕੁਮਾਰ ਅਨਜਾਨ ਨੇ ਕਿਹਾ ਕਿ ਨਫ਼ਰਤ ਦੀ ਰਾਜਨੀਤੀ ਤੋਂ ਹਟ ਕੇ ਦਿੱਲੀ ਵਾਲਿਆਂ ਨੇ ਭਾਰਤ ਦੇ ਸੰਵਿਧਾਨ ਨੂੰ ਮਜ਼ਬੂਤ ਕਰਨ ਲਈ ਫ਼ਤਵਾ ਦਿਤਾ ਹੈ।  

ਦਿੱਲੀ ਵਿਚ 'ਜਨ ਕੀ ਬਾਤ' ਜਿੱਤ ਗਈ : ਠਾਕਰੇ
ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਪਾਰਟੀ ਮੁਖੀ ਊਧਵ ਠਾਕਰੇ ਨੇ ਕਿਹਾ, 'ਦਿੱਲੀ ਮੇਂ ਮਨ ਕੀ ਬਾਤ ਪਰ ਜਨ ਕੀ ਬਾਤ' ਨੂੰ ਜਿੱਤ ਮਿਲੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਅਤਿਵਾਦੀ ਕਿਹਾ ਗਿਆ। ਸਥਾਨਕ ਮੁੱਦਿਆਂ 'ਤੇ ਧਿਆਨ ਦੇਣ ਦੀ ਬਜਾਏ ਭਾਜਪਾ ਨੇ ਅੰਤਰਰਾਸ਼ਟਰੀ ਮੁੱਦੇ ਚੁੱਕਣ ਅਤੇ ਲੋਕਾਂ ਦਾ ਦਿਮਾਗ਼ ਬਦਲਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ।

ਦਿੱਲੀ ਵਿਚ ਵਿਦਿਆਰਥਣਾਂ 'ਤੇ ਅਤਿਆਚਾਰ ਲਈ ਭਾਜਪਾ ਨੂੰ ਕਰਾਰਾ ਜਵਾਬ ਮਿਲਿਆ : ਮਮਤਾ
ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਹਾਰ ਲਈ ਉਸ ਦਾ ਮਜ਼ਾਕ ਉਡਾਇਆ ਅਤੇ ਕਿਹਾ ਕਿ ਭਗਵਾਂ ਪਾਰਟੀ ਨੂੰ ਰਾਸ਼ਟਰੀ ਰਾਜਧਾਨੀ ਵਿਚ ਵਿਦਿਆਰਥਣਾਂ ਅਤੇ ਔਰਤਾਂ 'ਤੇ ਅਤਿਆਚਾਰ ਕਰਨ ਲਈ 'ਕਰਾਰਾ ਜਵਾਬ' ਮਿਲਿਆ ਹੈ। ਬੈਨਰਜੀ ਨੇ ਕੋਲਕਾਤਾ ਲਾਗੇ ਰੈਲੀ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਇਕ ਤੋਂ ਬਾਅਦ ਇਕ ਰਾਜ ਭਾਜਪਾ ਦੇ ਹੱਥੋਂ ਨਿਕਲ ਰਿਹਾ ਹੈ। ਪਾਰਟੀ ਛੇਤੀ ਹੀ ਅਪਣੇ ਕੰਟਰੋਲ ਵਾਲੇ ਰਾਜਾਂ ਨੂੰ ਗਵਾ ਲਵੇਗੀ। ਉਨ੍ਹਾਂ ਕਿਹਾ, 'ਭਾਜਪਾ ਨੇ ਦਿੱਲੀ ਵਿਚ ਵਿਦਿਆਰਥੀਆਂ ਅਤੇ ਔਰਤਾਂ ਦਾ ਸ਼ੋਸ਼ਣ ਕੀਤਾ।  

ਭਾਜਪਾ ਨੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਾ ਮਿਲੀ : ਸ਼ਿਵ ਸੈਨਾ
ਸ਼ਿਵ ਸੈਨਾ ਨੇ ਕਿਹਾ ਕਿ ਭਾਜਪਾ ਨੂੰ ਸ਼ਾਹੀਨ ਬਾਗ਼ ਪ੍ਰਦਰਸ਼ਨ ਵਿਰੁਧ ਵੰਡੀਆਂ ਪਾਉਣ ਦੀ ਕੋਸ਼ਿਸ਼ ਦੇ ਬਾਵਜੂਦ ਸੀਮਤ ਸਫ਼ਲਤਾ ਮਿਲੀ। ਸ਼ਿਵ ਸੈਲਾ ਨੇ ਕਿਹਾ ਕਿ ਭਾਜਪਾ ਦੀ ਰਾਜਨੀਤੀ ਦੀ ਸ਼ੈਲੀ ਨੂੰ ਦਿੱਲੀ ਦੇ ਲੋਕਾਂ ਨੇ ਰੱਦ ਕਰ ਦਿਤਾ। ਸ਼ਿਵ ਸੈਨਾ ਆਗੂ ਅਨਿਲ ਪਰਬ ਨੇ ਕਿਹਾ, 'ਭਾਜਪਾ ਲੰਮੇ ਸਮੇਂ ਤੋਂ ਦਿੱਲੀ ਵਿਚ ਸੱਤਾ ਵਿਚ ਹੈ ਜਿਸ ਦੇ ਬਾਵਜੂਦ ਆਮ ਆਦਮੀ ਪਾਰਟੀ ਅਪਣੇ ਕੰਮ ਸਦਕਾ ਚੋਣਾਂ ਜਿੱਤ ਗਈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸ਼ਾਹੀਨ ਬਾਗ਼ ਪ੍ਰਦਰਸ਼ਨ ਮਾਮਲੇ ਵਿਚ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਪਰ ਸਫ਼ਲਤਾ ਨਹੀਂ ਮਿਲੀ।  

'ਆਪ' ਨੂੰ ਮੁਫ਼ਤਖ਼ੋਰੀ ਦੀ ਜਿੱਤ' ਮਿਲੀ : ਅਨਿਲ ਵਿੱਜ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਦਿੱਲੀ ਵਿਚ ਮਿਲੀ ਜਿੱਤ 'ਮੁਫ਼ਤਖ਼ੋਰੀ ਦੀ ਜਿੱਤ' ਹੈ। ਉਨ੍ਹਾਂ ਟਵਿਟਰ 'ਤੇ ਕਿਹਾ, 'ਦਿੱਲੀ ਦੀਆਂ ਚੋਣਾਂ ਵਿਚ ਮੁੱਦੇ ਹਾਰ ਗਏ, ਮੁਫ਼ਤਖ਼ੋਰੀ ਜਿੱਤ ਗਈ।' ਵਿੱਜ ਦਾ ਇਸ਼ਾਰਾ ਸਸਤੀ ਬਿਜਲੀਅ ਤੇ ਪਾਣੀ ਤੋਂ ਇਲਾਵਾ ਦਿੱਲੀ ਵਿਚ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਵਲ ਸੀ।