ਸੰਪਾਦਕੀ: 37 ਸਾਲ ਮਗਰੋਂ ਫ਼ੌਜੀ ਹਮਲੇ ਦੀ ਇਕ ਨਿਸ਼ਾਨੀ ਦਰਬਾਰ ਸਾਹਿਬ ਵਿਚ ਵਿਖਾਈ ਜਾ ਰਹੀ ਹੈ ਪਰ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਦ ਤਕ ਸਰਕਾਰਾਂ ਤੇ ਸਿਆਸਤਦਾਨਾਂ ਦੇ ਹੱਥੋਂ ਗੁਰਦਵਾਰੇ ਤੇ ਸਿੱਖ ਸੰਸਥਾਵਾਂ ਆਜ਼ਾਦ ਨਹੀਂ ਕਰਵਾ ਲਏ ਜਾਂਦੇ, ਸਮਝੋ ਹਮਲੇ ਜਾਰੀ ਰਹਿਣਗੇ।

Sri Guru Granth Sahib Ji

37 ਸਾਲ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਭਾਰਤੀ ਫ਼ੌਜ ਵਲੋਂ ਸਾਕਾ ਨੀਲਾ ਤਾਰਾ( Operation Blue Star)  ਸਮੇਂ ਸਿੱਖ ਕੌਮ ਤੇ ਢਾਹੇ ਗਏ ਤਸ਼ੱਦਦ ਦੀ ਇਕ ਯਾਦਗਾਰ ਸਾਰੇ ਜਗਤ ਨਾਲ ਸਾਂਝੀ ਕੀਤੀ ਗਈ। ਗੁਰੂ ਗ੍ਰੰਥ ਸਾਹਿਬ ਉਤੇ ਫ਼ੌਜ ਦੀ ਗੋਲੀਬਾਰੀ ਵਿਚ ਲਗਾਏ ਜ਼ਖਮ ਉਸ ਕਾਲੇ ਸਮੇਂ ਦੀ ਦਰਦਨਾਕ ਯਾਦਗਾਰ ਹਨ। ਵੈਸੇ ਤਾਂ ਉਸ ਸਮੇਂ ਦੀ ਹਰ ਯਾਦਗਾਰ ਸੰਭਾਲ ਕੇ ਰੱਖਣ ਦੀ ਲੋੜ ਸੀ ਤਾਕਿ ਸਿੱਖ ਕੌਮ ਅਪਣੇ ਇਤਿਹਾਸ ਦੀਆਂ ਨਿਸ਼ਾਨੀਆਂ ਵੇਖ ਵੇਖ ਨਵਾਂ ਉਤਸ਼ਾਹ ਪ੍ਰਾਪਤ ਕਰਦੀ ਤੇ ਅਪਣੇ ਸ਼ਹੀਦਾਂ ਦੀ ਯਾਦ ਦਿਲੋਂ ਕਦੇ ਨਾ ਨਿਕਲਣ ਦੇਂਦੀ।

ਪਰ ਥੋੜੇ ਜਹੇ ਪੰਥਕ ਸੋਚ ਵਾਲਿਆਂ ਦੇ ਭਾਰੀ ਦਬਾਅ ਕਾਰਨ ਕੁੱਝ ਗਿਣੀਆਂ ਚੁਣੀਆਂ ਯਾਦਾਂ ਹੀ ਬਚੀਆਂ ਰਹਿ ਸਕੀਆਂ। ਜੂਨ 1984 ਦੇ ਕੁੱਝ ਮਹੀਨਿਆਂ ਬਾਅਦ ਜਦ ਅਸੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗਏ ਸੀ ਤਾਂ ਯਾਦ ਆਉਂਦਾ ਹੈ ਕਿ ਅਸੀ ਤਾਂ ਬਹੁਤ ਛੋਟੇ ਬੱਚੇ ਸੀ ਪਰ ਮਾਤਾ ਪਿਤਾ ਮਲਬੇ ਦੇ ਢੇਰ ਵਿਚੋਂ ਅਜਿਹੀਆਂ ਨਿਸ਼ਾਨੀਆਂ ਲੱਭਣ ਦੇ ਯਤਨ ਕਰ ਰਹੇ ਸਨ ਜਿਨ੍ਹਾਂ ਉਤੇ ਫ਼ੌਜ ਦੇ ਤਸ਼ੱਦਦ ਜਾਂ ਸ਼ਹੀਦਾਂ ਦੀ ਕੁਰਾਬਾਨੀ ਦੀ ਕੋਈ ਮੋਹਰ ਲੱਗੀ ਨਜ਼ਰ ਆਵੇ। ਪਰ ਮਲਬੇ ਵਿਚੋਂ ਕੁੱਝ ਲਭਣਾ ਮੁਸ਼ਕਲ ਹੀ ਸੀ ਤੇ ਨਵੀਂ ਚਮਕਦੀ ਇਮਾਰਤ ਨੂੰ ਵੇਖ ਕੇ ਮੇਰੇ ਮਨ ਵਿਚ ਇਕ ਖ਼ਿਆਲ ਜ਼ਰੂਰ ਆਇਆ ਸੀ ਕਿ ‘ਨਵੀਂ ਇਮਾਰਤ ਹੈ ਤਾਂ ਬੜੀ ਸੋਹਣੀ’ ਫਿਰ ਟੁੱਟੀ ਹੋਈ ਨੂੰ ਯਾਦ ਕਰ ਕੇ ਕਿਉਂ ਰੋ ਰਹੇ ਸਨ

ਉਸ ਤੋਂ ਬਾਅਦ ਹੌਲੀ ਹੌਲੀ ਸਾਕਾ ਨੀਲਾ ਤਾਰਾ ਦੀ ਹਰ ਨਿਸ਼ਾਨੀ ਮਿਟਾ ਦਿਤੀ ਗਈ। ਗੋਲੀਆਂ ਦੇ ਨਿਸ਼ਾਨ ਛੁਪਾਉਣ ਵਾਸਤੇ ਨਵਾਂ ਸੋਨਾ ਚੜ੍ਹਾਅ ਦਿਤਾ ਗਿਆ। ਪੁਰਾਣੀ ਇਤਿਹਾਸਕ ਮੀਨਾਕਾਰੀ ਉਤੇ ਨਵੀਂ ਕਾਰੀਗਰੀ ਪੋਚ ਦਿਤੀ ਗਈ। ਉਹ ਤਾਂ ਹੌਲੀ ਹੌਲੀ ਸਮਝ ਆਇਆ ਕਿ ਜੋ ਸਾਕਾ ਨੀਲਾ ਤਾਰਾ ਦੇ ਬਾਅਦ ਸਿੱਖਾਂ ਹੱਥੋਂ ਹੋਇਆ, ਉਹ ਫ਼ੌਜੀ ਹਮਲੇ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਸੀ। ਉਸ ਵਕਤ ਦੇ ਹੁਕਮਰਾਨਾਂ ਨੇ ਅਜਿਹੀ ਮੁਸਤੈਦੀ ਨਾਲ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਕਿ ਅੱਜ 37 ਸਾਲ ਬਾਅਦ ਵੀ ਇਹ ਕੌਮ ਉਸ ਦੇ ਅਸਰ ਹੇਠੋਂ ਬਾਹਰ ਨਹੀਂ ਨਿਕਲ ਸਕੀ। ਹਰ ਸਾਲ ਜੂਨ ਦੇ ਪਹਿਲੇ ਹਫ਼ਤੇ, ਸਾਰਾ ਸਿੱਖ ਜਗਤ ਇਸ ਦਹਾਕੇ ਨੂੰ ਅਪਣੇ ਜ਼ਖ਼ਮਾਂ ਨੂੰ ਯਾਦ ਕਰਦਾ ਹੋਇਆ ਇਹ ਸੋਚਦਾ ਹੈ ਕਿ ਹੌਲੀ ਹੌਲੀ ਜ਼ਖ਼ਮ ਭਰ ਜਾਣਗੇ। ਪਰ ਉਹ ਭਰੇ ਨਹੀਂ ਜਾ ਸਕਦੇ ਜਦ ਤਕ ਜ਼ਖ਼ਮ ਨੂੰ ਮੱਲ੍ਹਮ ਨਾ ਲੱਗੇ। 

ਇੰਦਰਾ ਗਾਂਧੀ( Indira Gandhi)  ਤਾਂ ਚਲੀ ਗਈ ਜਿਸ ਵਲੋਂ ਮੰਗੀ ਮਾਫ਼ੀ ਨਾਲ ਸਿੱਖਾਂ ਨੂੰ ਸਕੂਨ ਮਿਲ ਸਕਦਾ ਸੀ ਪਰ ਹੁਣ ਤਾਂ ਉਹ ਵੀ ਮੁਮਕਿਨ ਨਹੀਂ ਰਿਹਾ। ਪਰ ਕਦੇ ਜੰਗ ਵਿਚ ਵੀ ਦੁਸ਼ਮਣ ਤੋਂ ਮੱਲ੍ਹਮ ਦੀ ਉਮੀਦ ਰੱਖੀਦੀ ਹੁੰਦੀ ਹੈ? ਮੱਲ੍ਹਮ ਨਾਲ ਇਲਾਜ ਤਾਂ ਅਪਣੇ ਹੀ ਕਰਦੇ ਹਨ ਤੇ ਇਥੇ ਸੱਭ ਤੋਂ ਵੱਡੀ ਕਮਜ਼ੋਰੀ ਇਹ ਰਹੀ ਹੈ ਕਿ ਸਿੱਖ ਕੌਮ ਨੂੰ ਮੱਲ੍ਹਮ ਤੇ ਇਲਾਜ ਦੋਵੇਂ ਨਹੀਂ ਮਿਲੇ। ਜੇ ਉਸ ਹਮਲੇ ਦੀ ਇਕ ਇਕ ਯਾਦਗਾਰ ਸੰਭਾਲੀ ਗਈ ਹੁੰਦੀ ਤਾਂ ਉਹ ਸਿੱਖਾਂ ਦੀ ਤਾਕਤ ਬਣੀ ਹੁੰਦੀ ਜੋ ਸਰਕਾਰ ਨੂੰ ਗ਼ਲਤੀ ਮੰਨਣ ਤੇ ਮਜਬੂਰ ਕਰਦੀ।

ਹਮਲੇ ਦੀਆਂ ਨਿਸ਼ਾਨੀਆਂ ਹੀ ਨਾ ਮਿਟਾਈਆਂ ਗਈਆਂ ਸਗੋਂ ਉਸ ਸਮੇਂ ਭਾਰਤੀ ਫ਼ੌਜ ਵਲੋਂ ਸ੍ਰੀ ਦਰਬਾਰ ਸਾਹਿਬ ਲਾਇਬ੍ਰੇਰੀ ’ਚੋਂ ਹੱਥ ਲਿਖਤ ਗ੍ਰੰਥ ਤੇ ਇਤਿਹਾਸਕ ਪੁਸਤਕਾਂ ਵੀ ਚੁਕੀਆਂ ਗਈਆਂ। ਹੁਣ ਅੱਜ ਵੀ ਸੇਕ ਇਸ ਕਰ ਕੇ ਲੱਗ ਰਿਹਾ ਹੈ ਕਿਉਂਕਿ 35 ਸਾਲਾਂ ਬਾਅਦ ਪਤਾ ਲੱਗਾ ਹੈ ਕਿ ਫ਼ੌਜ ਨੇ ਤਾਂ ਛੇ ਮਹੀਨੇ ਬਾਅਦ (ਇਕ ਕਿਤਾਬ ਨੂੰ ਛੱਡ) ਸੱਭ ਕੁੱਝ ਵਾਪਸ ਕਰ ਦਿਤਾ ਸੀ ਪਰ ਹਰ ਸਾਲ ਜੂਨ ਵਿਚ ਜ਼ੋਰ ਸ਼ੋਰ ਨਾਲ ਆਖਿਆ ਇਹ ਜਾਂਦਾ ਰਿਹਾ ਹੈ ਕਿ ਫ਼ੌਜ ਸਮਾਨ ਵਾਪਸ ਨਹੀਂ ਕਰ ਰਹੀ। ਇਹ ਪਤਾ ਚਲਿਆਂ ਵੀ ਦੋ ਸਾਲ ਹੋ ਗਏ ਨੇ ਕਿ ਸਮਾਨ ਵਾਪਸ ਆ ਗਿਆ ਹੈ, ਪਰ ਐਸ.ਜੀ.ਪੀ.ਸੀ. ਦੀ ਐਸ.ਆਈ.ਟੀ. ਨੇ ਅਪਣੀ ਜਾਂਚ ਪੜਤਾਲ ਪੂਰੀ ਨਹੀਂ ਕੀਤੀ।

 

ਕਾਂਗਰਸੀਆਂ ਦੀ ‘ਚੁੱਪ ਬਗ਼ਾਵਤ’ ਅਪਣੇ ਦੁਖੜੇ ਹਾਈ ਕਮਾਨ ਅੱਗੇ ਰੱਖ ਕੇ ਵਾਪਸ ਪਰਤੀ

 

 

ਜੋ ਵਾਰ ਸਰਕਾਰ ਨੇ ਕਰਨੇ ਸ਼ੁਰੂੁ ਕੀਤੇ, ਉਹ ਅੱਜ ਤਕ ਸਿੱਖਾਂ ਨੂੰ ਅੰਦਰੋਂ ਹੀ ਜ਼ਖ਼ਮੀ ਕਰਦੇ ਆ ਰਹੇ ਹਨ। ਅਸਲ ਇਤਿਹਾਸ, ਅਸਲ ਫ਼ਲਸਫ਼ੇ ਤੋਂ ਵਾਂਝਿਆਂ ਕਰਨ ਦਾ ਸਿਲਸਿਲਾ 84 ਤੋਂ ਸ਼ੁਰੂ ਹੋਇਆ ਸੀ ਤੇ ਅੱਜ ਵੀ ਚਲ ਰਿਹਾ ਹੈ। ਉਹ ਅਜਿਹਾ ਸਮਾਂ ਸੀ ਜਦੋਂ ਇੰਦਰਾ ਗਾਂਧੀ ਵਰਗੀ ਤਾਕਤਵਰ ਔਰਤ ਭਾਰਤੀ ਫ਼ੌਜ ਦੇ ਪਿਛੇ ਛੁਪ ਕੇ ਹਮਲਾ ਕਰਨ ਆਈ ਤੇ ਅੱਜ ਡੇਰਾ ਪ੍ਰੇਮੀ ਗੁਰੂ ਗ੍ਰੰਥ ਸਾਹਿਬ ਤੇ ਹਮਲਾ ਕਰਨ ਤੋਂ ਪਹਿਲਾਂ ਪੋਸਟਰ ਲਗਾ ਕੇ ਚੇਤਾਵਨੀ ਦੇਂਦੇ ਹਨ ਕਿ ਅਸੀ ਤੁਹਾਡੇ ਗੁਰੂ ਉਤੇ ਹਮਲਾ ਕਰਾਂਗੇ, ਤੁਸੀਂ ਬਚਾ ਸਕੋ ਤਾਂ ਬਚਾ ਲਉ। ਸਿੱਖ ਕੌਮ, ਪੰਥਕ ਸਰਕਾਰ, ਸਿੱਖ ਸੰਸਥਾਵਾਂ ਅੱਜ ਤਕ ਬੁਰੀ ਤਰ੍ਹਾਂ ਹਾਰਦੀਆਂ ਹੀ ਆ ਰਹੀਆਂ ਹਨ। ਜਦ ਤਕ ਸਰਕਾਰਾਂ ਤੇ ਸਿਆਸਤਦਾਨਾਂ ਦੇ ਹੱਥੋਂ ਗੁਰਦਵਾਰੇ ਤੇ ਸਿੱਖ ਸੰਸਥਾਵਾਂ ਆਜ਼ਾਦ ਨਹੀਂ ਕਰਵਾ ਲਏ ਜਾਂਦੇ, ਸਮਝੋ ਹਮਲੇ ਜਾਰੀ ਰਹਿਣਗੇ। ਬੱਸ ਫ਼ਰਕ ਸਿਰਫ਼ ਇਹ ਹੈ ਕਿ ਉਸ ਸਮੇਂ ਹਮਲਾ ਸਿੱਖੀ ਦੇ ਸ੍ਰੀਰ ਤੇ ਹੋ ਰਿਹਾ ਸੀ ਤੇ ਅੱਜ ਰੂਹ ਉਤੇ ਹੋ ਰਿਹਾ ਹੈ।           -ਨਿਮਰਤ ਕੌਰ