ਭਾਰਤ ਭ੍ਰਿਸ਼ਟਾਚਾਰ-ਮੁਕਤ ਤਾਂ ਨਹੀਂ ਪਰ ਉਮੀਦ-ਮੁਕਤ ਦੇਸ਼ ਜ਼ਰੂਰ ਬਣ ਰਿਹਾ ਹੈ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

180 ਦੇਸ਼ਾਂ ’ਚੋਂ ਭਾਰਤ ਪਿਛਲੇਰੇ ਸਾਲ 2021 ਵਾਂਗ 2022 ਵਿਚ ਵੀ 80ਵੇਂ ਸਥਾਨ ’ਤੇ ਹੈ।

photo

 

ਪ੍ਰਧਾਨ ਮੰਤਰੀ ਨੇ ਸੀ.ਬੀ.ਆਈ. ਨੂੰ ਸ਼ਾਬਾਸ਼ੀ ਦਿੰਦੇ ਹੋਏ ਫ਼ਰਮਾਇਆ ਕਿ ਉਹ ਅਪਣੇ ਰਸਤੇ ’ਤੇ ਚਲਦੀ ਰਹੇ ਤੇ ਉਸ ਨੂੰ ਹੋਰ ਤਾਕਤਵਰ ਬਣਾਉਣ ਲਈ ਕਦਮ ਚੁੱਕੇ ਜਾਣਗੇ। ਕਹਿਣ ਨੂੰ, ਸੀ.ਬੀ.ਆਈ, ਈਡੀ ਨੂੰ ਆਦੇਸ਼ ਦਿਤੇ ਜਾ ਰਹੇ ਹਨ ਕਿ ਉਹ ਭ੍ਰਿਸ਼ਟਾਚਾਰ ਵਿਰੁਧ ਕੰਮ ਕਰਨ ਪਰ ਜੇ ਸਾਲਾਨਾ ਅੰਤਰਰਾਸ਼ਟਰੀ ਸਰਵੇਖਣਾਂ ਵਲ ਝਾਤ ਮਾਰੀਏ ਤਾਂ ਭਾਰਤ ਦਾ ਸਥਾਨ ਭ੍ਰਿਸ਼ਟਾਚਾਰ ਦੇ ਨਕਸ਼ੇ ਉਤੇ ਜ਼ਰਾ ਵੀ ਨਹੀਂ ਸੁਧਰਿਆ। 180 ਦੇਸ਼ਾਂ ’ਚੋਂ ਭਾਰਤ ਪਿਛਲੇਰੇ ਸਾਲ 2021 ਵਾਂਗ 2022 ਵਿਚ ਵੀ 80ਵੇਂ ਸਥਾਨ ’ਤੇ ਹੈ। ਅੱਜ ਕਿਸੇ ਆਮ ਨਾਗਰਿਕ ਨੂੰ ਪੁਛਿਆ ਜਾਵੇ ਤਾਂ ਉਹ ਦੱਸੇਗਾ ਕਿ ਪੈਸੇ ਬਿਨਾਂ ਤਾਂ ਭਾਰਤ ਵਿਚ ਕੰਮ ਕਰਨਾ ਮੁਮਕਿਨ ਹੀ ਨਹੀਂ ਰਿਹਾ। ਸਾਡੇ ਭਾਰਤ ਵਿਚ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਵੱਧ ਰਿਹਾ ਹੈ, ਉਸ ਨੂੰ ਵੇਖ ਕੇ ਆਮ ਇਨਸਾਨ ਮਾਯੂਸ ਹੁੰਦਾ ਜਾ ਰਿਹਾ ਹੈ। ਜੇ ਅੱਜ ਇਕ ਨਿਰਪੱਖ ਏਜੰਸੀ ਜਾਂਚ ਕਰਨ ਲੱਗ ਜਾਵੇ ਤਾਂ ਕੋਈ ਵਿਰਲਾ ਹੀ ਇਮਾਨਦਾਰ ਨਿਕਲੇਗਾ। 

ਫ਼ਰਕ ਸਿਰਫ਼ ਇਹ ਹੈ ਕਿ ਜੋ ਸੱਤਾ ਵਿਚ ਹੈ, ਉਹ ਅਪਣੇ ਆਪ ਨੂੰ ਬਚਾ ਸਕਦਾ ਹੈ ਤੇ ਵਿਰੋਧੀ ਘਿਰ ਜਾਣ ਤਾਂ ਮਾਰੇ ਜਾਂਦੇ ਹਨ। ਇਸੇ ਕਾਰਨ ਅੱਜ ਵਿਰੋਧੀ ਧਿਰ ਉਤੇ ਇਕ ਤੋਂ ਬਾਅਦ ਦੂਜਾ ਵਾਰ ਹੋ ਰਿਹਾ ਹੈ ਅਤੇ ਜਨਤਾ ਬਾਹਰ ਨਹੀਂ ਆ ਰਹੀ ਕਿਉਂਕਿ ਗੱਦੀ ਉਤੇ ਆਸੀਨ ਅੱਜ ਦੇ ਹਾਕਮਾਂ ਅਤੇ ਇੰਦਰਾ ਗਾਂਧੀ ਦੇ ਸਮਿਆਂ ਵਿਚ ਬਹੁਤ ਅੰਤਰ ਹੈ। ਤਕਰੀਬਨ ਤਸਵੀਰ ਕਾਲੀ ਤੇ ਸਫ਼ੇਦ ਹੈ ਕਿਉਂਕਿ ਹਰ ਪਾਸੇ ਜਨਤਾ ਦੇ ਚੋਰ ਹੀ ਪ੍ਰਧਾਨ ਹਨ। ਕੋਈ ਅਡਾਨੀ ਨੂੰ ਤਰਜੀਹ ਦਿੰਦਾ ਸੀ ਤੇ ਕੋਈ ਬਿਰਲਾ ਨੂੰ। ਸੜਕ ’ਤੇ ਵਿਰੋਧ ਕਰਨ ਵਾਲਾ ਸੱਤਾ ਵਿਚ ਆਉਂਦੇ ਹੀ ਹਵਾਈ ਜਹਾਜ਼ ਵਿਚ ਉਡਣ ਲਗਦਾ ਹੈ। ਅੱਜ ਨੇਤਾਵਾਂ ਵਾਸਤੇ ਕੋਈ ਸੜਕਾਂ ’ਤੇ ਨਹੀਂ ਆਉਣ ਵਾਲਾ ਪਰ ਸਾਡੇ ਪ੍ਰਸ਼ਾਸਨਿਕ ਤੌਰ ਤਰੀਕਿਆਂ ਵਿਚ ਭ੍ਰਿਸ਼ਟਾਚਾਰ ਨੇ ਜਿਹੜਾ ਘਰ ਬਣਾ ਲਿਆ ਹੈ, ਉਸ ਨੂੰ ਵੇਖ ਕੇ ਮਾਯੂਸੀ ਬਹੁਤ ਵਧ ਰਹੀ ਹੈ।

ਲੋਕਤੰਤਰ ਵਿਚ ਚੋਣ ਬਾਂਡ ਜਾਰੀ ਕਰ ਕੇ ਹਕੂਮਤੀ ਪਾਰਟੀ ਵਾਸਤੇ ਬੇਪਨਾਹ ਦੌਲਤ ਇਕੱਠੀ ਕਰਨਾ ਤੇ ਉਹ ਵੀ ਸੱਭ ਕੁੱਝ ਗੁਪਤੋ ਗੁਪਤੀ ਰੱਖ ਕੇ ਪੈਸਾ ਇਕੱਤਰ ਕਰਨਾ, ਲੋਕਤੰਤਰ ਦੀ ਸਿਹਤ ਖ਼ਰਾਬ ਕਰਨ ਵਾਲੀ ਗੱਲ ਹੈ। ਤੇ ਇਹ ਇਕ ਵੱਡਾ ਕਾਰਨ ਹੈ ਜਿਸ ਸਦਕਾ ਭ੍ਰਿਸ਼ਟਾਚਾਰ ਤੇ ਅਮੀਰ-ਗ਼ਰੀਬ ਦਾ ਅੰਤਰ ਵੱਧ ਰਿਹਾ ਹੈ। ਕੌਣ ਸੁਣੇਗਾ ਗ਼ਰੀਬ ਦੀ ਜਦ ਇਕ ਅਮੀਰ ਚੁਪ ਚੁਪੀਤੇ ਅਤੇ ਬਿਨਾ ਕਿਸੇ ਨੂੰ ਪਤਾ ਲੱਗੇ, ਜਿੰਨਾ ਚਾਹੇ, ਸਰਕਾਰੀ ਪਾਰਟੀ ਨੂੰ ਪੈਸਾ ਦੇ ਸਕਦਾ ਹੈ ਤੇ ਬਦਲੇ ਵਿਚ, ਅਪਣੇ ਲਈ ਕਈ ਗੁਣਾਂ ਲਾਭ ਲੈ ਸਕਦਾ ਹੈ? ਇਸ ਭ੍ਰਿਸ਼ਟਾਚਾਰ ਉਤੇ ਕਾਨੂੰਨੀ ਮੋਹਰ ਲਗਾਉਣੀ ਚਿੰਤਾ ਦਾ ਹੋਰ ਵੀ ਵੱਡਾ ਵਿਸ਼ਾ ਹੈ। ਨਿਰਾਸ਼ਾ ਇਸ ਕਾਰਨ ਨਹੀਂ ਕਿ ਰਾਹੁਲ ਗਾਂਧੀ ਨੂੰ ਸੰਸਦ ’ਚੋਂ ਕੱਢ ਦਿਤਾ ਗਿਆ ਹੈ ਬਲਕਿ ਇਸ ਗੱਲ ਤੋਂ ਹੈ ਕਿ ਬਾਕੀ ਬੈਠਿਆਂ ਅੰਦਰ ਅਡਾਨੀ ਦੇ ਮੁੱਦੇ ’ਤੇ ਆਵਾਜ਼ ਚੁੱਕਣ ਦਾ ਸਾਹਸ ਕਿਉਂ ਨਹੀਂ ਪੈਦਾ ਹੋ ਰਿਹਾ?

ਮਨੀਸ਼ ਸਿਸੋਦੀਆ ਕੋਲੋਂ ਇਕ ਨਵਾਂ ਰੁਪਿਆ ਨਹੀਂ ਮਿਲਿਆ ਤੇ ਉਹ ਜੇਲ ਵਿਚ ਹੈ। ਪਰ ਸੀ.ਬੀ.ਆਈ. ਜਾਂ ਈਡੀ ਨੂੰ ਅਡਾਨੀ ਦੇ ਖਾਤੇ ਵਿਚ ਆਏ 20 ਹਜ਼ਾਰ ਕਰੋੜ ਦੇ ਪੈਸਿਆਂ ਦੀ ਚਿੰਤਾ ਕਿਉਂ ਨਹੀਂ? ਮਾਯੂਸੀ ਇਸ ਕਰ ਕੇ ਹੈ ਕਿ ਵਿਦੇਸ਼ਾਂ ਵਿਚ ਦੇਸ਼ ਦਾ ਨਾਮ ਕਮਜ਼ੋਰ ਕਰਨ ਵਾਲੇ ਅਡਾਨੀ ਨੇ ਐਨਡੀਟੀਵੀ ਤੋਂ ਬਾਅਦ ਕੁਇੰਟ (“he Quint) ਨੂੰ ਵੀ ਖ਼ਰੀਦ ਲਿਆ ਹੈ। ਅੱਜ ਦੇ ਆਮ ਜਾਗਰੂਕ ਨਾਗਰਿਕ ਸੱਚ ਨੂੰ ਸਮਝਦੇ ਹਨ ਤੇ ਮਾਯੂਸੀ ਵੱਧ ਰਹੀ ਹੈ ਤੇ ਇਹ ਚਿੰਤਾ ਦਾ ਵਿਸ਼ਾ ਹੈ। ਜਦ ਲੋਕ ਕ੍ਰੋਧ ਵਿਚ ਆਉਂਦੇ ਸਨ, ਜਦ ਲੋਕ ਸੜਕਾਂ ਤੇੇ ਉਤਰ ਆਉਂਦੇ ਸਨ, ਜੇਲਾਂ ਭਰਦੇ ਸਨ ਤਾਂ ਇੰਦਰਾ ਵਰਗੇ ਵੀ ਬਦਲ ਦਿਤੇ ਜਾ ਸਕਦੇ ਸਨ ਪਰ ਅੱਜ ਜਿਹੜੀ ਮਾਯੂਸੀ ਛਾ ਰਹੀ ਹੈ, ਉਸ ਬਾਰੇ ਚਿੰਤਾ ਕਰਨ ਵਾਲੀ ਆਵਾਜ਼ ਦੀ ਲੋੜ ਹੈ। 75 ਸਾਲਾਂ ਵਿਚ ਹੀ ਸਾਡੇ ਸਿਆਸਤਦਾਨਾਂ ਨੇ ਭਾਰਤ ਦੀ ਕ੍ਰਾਂਤੀ ਨੂੰ ਮਾਯੂਸੀ ਵਿਚ ਬਦਲ ਦਿਤਾ ਹੈ ਤੇ ਆਮ ਲੋਕ ਜਾਂ ਤਾਂ ਸਿਰ ਝੁਕਾ ਕੇ ਕੰਮ ਕਰ ਰਹੇ ਹਨ ਜਾਂ ਵਿਦੇਸ਼ਾਂ ਵਲ ਮੂੰਹ ਕਰ ਰਹੇ ਹਨ। ਸਾਡਾ ਦੇਸ਼ ਭ੍ਰਿਸ਼ਟਾਚਾਰ ਮੁਕਤ ਨਹੀਂ ਬਲਕਿ ਉਮੀਦ ਮੁਕਤ ਦੇਸ਼ ਜ਼ਰੂਰ ਬਣ ਰਿਹਾ ਹੈ।
- ਨਿਮਰਤ ਕੌਰ