ਕਾਂਗਰਸੀ ਆਪ ਹੀ ਬੀਜੇਪੀ ਦਾ 'ਕਾਂਗਰਸ-ਮੁਕਤ ਭਾਰਤ' ਕਾਇਮ ਕਰਨ ਵਿਚ ਲੱਗ ਗਏ ਹਨ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਕ ਪਾਸੇ ਦੇਸ਼ ਵਿਚ ਕਾਂਗਰਸੀ ਅਪਣੇ ਆਪ ਵਿਚ ਲੜ ਰਹੇ ਹਨ ਤੇ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਵੀ ਦਰਾੜਾਂ ਡੂੰਘੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ

Rahul Gandhi

ਇਕ ਪਾਸੇ ਦੇਸ਼ ਵਿਚ ਕਾਂਗਰਸੀ ਅਪਣੇ ਆਪ ਵਿਚ ਲੜ ਰਹੇ ਹਨ ਤੇ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਵਿਚ ਵੀ ਦਰਾੜਾਂ ਡੂੰਘੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਕਿਹਾ ਜਾ ਰਿਹਾ ਹੈ ਕਿ 'ਟੀਮ ਰਾਹੁਲ' ਯਾਨੀ ਕਿ ਰਾਹੁਲ ਨੂੰ ਅਪਣਾ ਆਗੂ ਮੰਨਣ ਵਾਲੇ ਹੁਣ ਡਾ. ਮਨਮੋਹਨ ਸਿੰਘ ਨੂੰ ਕੁਰਬਾਨ ਕਰਨ ਦੀ ਤਿਆਰੀ ਵਿਚ ਹਨ। ਕਾਂਗਰਸ ਵਰਕਿੰਗ ਕਮੇਟੀ ਵਿਚ ਜਿਸ ਤਰ੍ਹਾਂ ਦੀਆਂ ਗੱਲਾਂ ਉਛਲੀਆਂ, ਉਨ੍ਹਾਂ ਨੂੰ ਸੁਣ ਕੇ ਇਹ ਗੱਲ ਸਮਝ ਵਿਚ ਆ ਗਈ ਕਿ ਨੋਟਬੰਦੀ, ਅਰਥ ਵਿਵਸਥਾ ਦੇ ਬੁਰੇ ਹਾਲ ਤੇ ਨਫ਼ਰਤ ਦੀ ਸਿਆਸਤ ਦੇ ਬਾਵਜੂਦ ਭਾਜਪਾ ਅੱਗੇ ਹੀ ਅੱਗੇ ਕਉਂ ਵਧਦੀ ਜਾ ਰਹੀ ਹੈ।

ਹੁਣ ਇਹ ਸਮਝ ਆਇਆ ਕਿ ਇਹ ਏ.ਵੀ.ਐਮ ਦਾ ਘਪਲਾ ਨਹੀਂ ਸੀ ਬਲਕਿ ਕਾਂਗਰਸੀਆਂ ਦੀ ਆਪਸੀ ਰੰਜਸ਼ ਸੀ ਜਿਸ ਕਾਰਨ ਕਾਂਗਰਸ ਪਾਰਟੀ ਡਿਗਦੀ ਜਾ ਰਹੀ ਹੈ। ਇਨ੍ਹਾਂ ਗੱਲਾਂ ਤੋਂ ਇਹੀ ਸਾਬਤ ਹੁੰਦਾ ਹੈ ਕਿ ਜੇ ਇਹ ਲੋਕ ਆਪ ਹੀ ਅਪਣੇ ਕੀਤੇ ਕੰਮਾਂ 'ਤੇ ਵਿਸ਼ਵਾਸ ਨਹੀਂ ਕਰਦੇ ਸਨ ਤਾਂ ਫਿਰ ਇਹ ਲੋਕਾਂ ਨੂੰ ਕਿਸ ਤਰ੍ਹਾਂ ਅਪਣੀ ਪਾਰਟੀ ਨਾਲ ਜੋੜ ਸਕਦੇ ਸਨ? ਟੀਮ ਰਾਹੁਲ ਇਕ ਪਾਸੇ ਹੈ ਤੇ ਮੁਕਾਬਲੇ ਵਚ ਯੂ.ਪੀ.ਏੇ. ਤੇ ਡਾ. ਮਨਮੋਹਨ ਸਿੰਘ ਤੇ ਉਨ੍ਹਾਂ ਦੀ ਟੀਮ ਦੂਜੇ ਪਾਸੇ। ਟੀਮ ਰਾਹੁਲ ਲਗਾਤਾਰ ਦੋ ਚੋਣਾਂ ਹਾਰਨ ਤੋਂ ਬਾਅਦ ਅੱਜ ਇਸ ਨਤੀਜੇ 'ਤੇ ਪਹੁੰਚੀ ਹੈ ਕਿ ਉਨ੍ਹਾਂ ਦੀ ਹਾਰ ਦਾ ਕਾਰਨ ਡਾ. ਮਨਮੋਹਨ ਸਿੰਘ ਹਨ।

ਟੀਮ ਰਾਹੁਲ ਨੇ ਭਾਜਪਾ ਤੋਂ ਅਪਣੀਆਂ ਗ਼ਲਤੀਆਂ ਦੀ ਜ਼ਿੰਮੇਵਾਰੀ ਕਿਸੇ ਹੋਰ ਉਤੇ ਪਾ ਦੇਣ ਦੀ ਜਾਚ ਸਿਖ ਲਈ ਹੈ ਤੇ ਜੇ ਨਹਿਰੂ ਦੇ ਨਾਮ ਦੇ ਪਿਛੇ ਗਾਂਧੀ ਨਾ ਹੁੰਦਾ ਤਾਂ ਟੀਮ ਰਾਹੁਲ ਜ਼ਰੂਰ ਹੀ ਭਾਜਪਾ ਨਾਲ ਮਿਲ ਕੇ ਨਹਿਰੂ ਦੇ ਗਲੇ ਵਿਚ ਅਪਣੀ ਹਾਰ ਦੀ ਜ਼ਿੰਮੇਵਾਰੀ ਦਾ ਫੱਟਾ ਲਟਕਾ ਚੁਕੀ ਹੁੰਦੀ। ਟੀਮ ਰਾਹੁਲ, ਕਾਂਗਰਸ ਦੀ ਸੱਭ ਤੋਂ ਕਮਜ਼ੋਰ ਬਾਂਹ ਸਾਬਤ ਹੋ ਰਹੀ ਹੈ। ਇਹ ਉਹ ਪੀੜ੍ਹੀ ਹੈ ਜਿਸ ਨੂੰ ਸੱਭ ਕੁੱਝ ਮਿਲਿਆ ਪਰ ਇਨ੍ਹਾਂ ਨੇ ਉਸ ਦੀ ਕਦਰ ਨਹੀਂ ਪਾਈ। ਜਿਸ ਰਾਹ ਤੇ ਅੱਜ ਦੀ ਯੁਵਾ ਕਾਂਗਰਸ ਚਲ ਪਈ ਹੈ, ਉਹ ਕਾਂਗਰਸ ਦੀ ਤਬਾਹੀ ਵਲ ਹੀ ਲੈ ਜਾਵੇਗਾ। ਕਾਂਗਰਸ ਗੋਆ, ਕਰਨਾਟਕਾ, ਮੱਧ ਪ੍ਰਦੇਸ਼ ਗਵਾ ਚੁਕੀ ਹੈ। ਮੱਧ ਪ੍ਰਦੇਸ਼ ਦਾ ਸਾਕਾ ਰਾਜਸਥਾਨ ਵਿਚ ਵੀ ਅਪਣੇ ਆਪ ਨੂੰ ਦੁਹਰਾ ਸਕਦਾ ਹੈ ਕਿਉਂਕਿ ਕਾਂਗਰਸੀ ਇਕ ਦੂਜੇ ਦੇ ਗਲੇ ਦਬੋਚੀ ਬੈਠੇ ਹਨ।  

ਦਿੱਲੀ ਵਿਚ ਕਾਂਗਰਸੀਆਂ ਦੀਆਂ ਗੱਲਾਂ ਸੁਣ ਕੇ ਭਾਜਪਾ ਦੇ ਕਾਂਗਰਸ-ਵਿਰੋਧੀ ਜੁਮਲੇ ਯਾਦ ਆ ਜਾਂਦੇ ਹਨ। ਜਿਹੜੇ ਸਵਾਲ ਭਾਜਪਾ ਪੁਛਿਆ ਕਰਦੀ ਸੀ, ਉਹੀ ਅੱਜ ਯੁਵਾ ਕਾਂਗਰਸੀ ਅਪਣੇ ਵੱਡਿਆਂ ਤੋਂ ਪੁਛ ਰਹੇ ਹਨ ਕਿ ਆਖ਼ਰ 70 ਸਾਲਾਂ ਵਿਚ ਤੁਸੀਂ ਕੀਤਾ ਹੀ ਕੀ ਹੈ? ਭਾਜਪਾ ਦੀ ਸੋਚ ਕਾਂਗਰਸੀ ਨੌਜਵਾਨਾਂ ਵਿਚ ਵੀ ਵਸ ਗਈ ਲਗਦੀ ਹੈ, ਜੋ ਕਾਂਗਰਸ ਮੁਕਤ ਭਾਰਤ ਬਣਾਉਣ ਲਈ ਆਖ਼ਰੀ ਸੱਟ ਹੀ ਸਾਬਤ ਹੋਵੇਗੀ, ਇਹੀ ਲਗਦਾ ਹੈ।

ਪੰਜਾਬ ਜੋ ਕਿ ਕਾਂਗਰਸ ਕੋਲ ਆਖ਼ਰੀ ਸੁਰੱਖਿਅਤ ਰਾਜ ਰਹਿ ਗਿਆ ਹੈ, ਉਥੇ ਕਾਂਗਰਸੀ ਆਗੂਆਂ ਵਲੋਂ ਪੰਜਾਬ ਦੇ ਗਵਰਨਰ ਕੋਲੋਂ ਸੀ.ਬੀ.ਆਈ ਜਾਂਚ ਮੰਗਣੀ ਮੱਧ ਪ੍ਰਦੇਸ਼ ਤੇ ਰਾਜਸਥਾਨ ਵਰਗੀ ਸਥਿਤੀ ਪੈਦਾ ਕਰਨ ਵਾਲਾ ਕਦਮ ਹੀ ਹੈ। ਅਜਿਹੇ ਕਈ ਮੁੱਦੇ ਹਨ ਜਿਨ੍ਹਾਂ ਨੂੰ ਲੈ ਕੇ, ਕਾਂਗਰਸੀ ਵਿਧਾਇਕਾਂ ਵਲੋਂ ਅਪਣੀ ਸਰਕਾਰ ਸਾਹਮਣੇ ਲੋਕਾਂ ਦੀਆਂ ਮੁਸ਼ਕਲਾਂ ਰਖਣਾ, ਉਨ੍ਹਾਂ ਦਾ ਫ਼ਰਜ਼ ਬਣਦਾ ਹੈ ਪਰ ਵਿਰੋਧੀ ਧਿਰ ਵਾਂਗ ਅਪਣੀ ਹੀ ਪਾਰਟੀ ਵਿਰੁਧ ਸੀ.ਬੀ.ਆਈ ਜਾਂਚ ਮੰਗਣ ਦੀ ਗੱਲ ਸਮਝ ਤੋਂ ਪਰੇ ਹੈ।

ਇਹ ਗੱਲ ਤਾਂ ਸਾਫ਼ ਹੈ ਕਿ ਪਾਰਟੀ ਨੂੰ ਸੰਭਾਲਣ ਤੇ ਅਨੁਸ਼ਾਸਨ ਕਾਇਮ ਕਰਨ ਵਿਚ ਸੋਨੀਆ ਗਾਂਧੀ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋ ਰਹੀ ਹੈ। ਰਾਹੁਲ ਅਪਣੇ ਹੱਥ ਖੜੇ ਕਰ ਚੁਕੇ ਹਨ ਤੇ ਕੀ ਹੁਣ ਇਹ ਪਾਰਟੀ ਅਪਣੇ ਆਪ ਨੂੰ ਸੰਭਾਲੇਗੀ ਜਾਂ ਭਾਜਪਾ ਦੀ ਕਾਂਗਰਸ ਮੁਕਤ ਭਾਰਤ ਮੁਹਿੰਮ ਨੂੰ ਕਾਮਯਾਬ ਬਣਾਉਣ ਵਿਚ ਅਪਣੀ ਜੀਅ ਜਾਨ ਲਗਾ ਦੇਵੇਗੀ?
- ਨਿਮਰਤ ਕੌਰ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।