ਕੋਰੋਨਾ ਦਾ ਮੁਕਾਬਲਾ ਨਵੇਂ ਯੁਗ ਦੇ ਅੰਧ-ਵਿਸ਼ਵਾਸ ਅਤੇ ਜੋਤਸ਼-ਟੋਟਕਿਆਂ ਨਾਲ?
ਐਤਵਾਰ ਰਾਤ ਨੂੰ 9 ਵਜੇ 9 ਮਿੰਟਾਂ ਦੇ ਅੰਦਰ ਅੰਦਰ ਭਾਰਤ ਦੀ ਇਕ ਵੱਡੀ ਸਚਾਈ ਸਾਹਮਣੇ ਆ ਗਈ। ਸੋਚ ਤਾਂ ਵਾਰ-ਵਾਰ ਆਉਂਦੀ ਹੈ, ਪਰ ਜ਼ਰਾ ਐਮਰਜੈਂਸੀ (ਆਪਾਤਕਾਲੀਨ) ਵਾਲਾ...
ਐਤਵਾਰ ਰਾਤ ਨੂੰ 9 ਵਜੇ 9 ਮਿੰਟਾਂ ਦੇ ਅੰਦਰ ਅੰਦਰ ਭਾਰਤ ਦੀ ਇਕ ਵੱਡੀ ਸਚਾਈ ਸਾਹਮਣੇ ਆ ਗਈ। ਸੋਚ ਤਾਂ ਵਾਰ-ਵਾਰ ਆਉਂਦੀ ਹੈ, ਪਰ ਜ਼ਰਾ ਐਮਰਜੈਂਸੀ (ਆਪਾਤਕਾਲੀਨ) ਵਾਲਾ ਮਾਹੌਲ ਸਿਰਜਣ ਦੀ ਦੇਰ ਹੈ, ਫਿਰ ਭਾਰਤੀ ਜਨਤਾ, ਹਾਕਮ ਦੇ ਹੁਕਮ ਨੂੰ ਮੰਨਣਾ ਜ਼ਿਆਦਾ ਜ਼ਰੂਰੀ ਜਾਂ ਪਰਮੋ ਧਰਮਾ ਸਮਝਦਿਆਂ ਦੇਰ ਨਹੀਂ ਲਾਉਂਦੀ ਤੇ ਅਪਣੇ ਅਧਿਕਾਰਾਂ, ਜ਼ਮੀਨੀ ਸੱਚ ਨੂੰ ਪਿੱਛੇ ਸੁਟ ਦੇਂਦੀ ਹੈ। ਦੇਸ਼ ਭਰ ਦੇ ਏਕਾਂਤਵਾਸ ਦੇ 12ਵੇਂ ਦਿਨ ਭਾਰਤੀ ਰਾਜ-ਪ੍ਰਬੰਧ ਦੀ ਕਠੋਰਤਾ ਸਾਹਮਣੇ ਆ ਗਈ ਹੈ।
ਜਿਸ ਤਰ੍ਹਾਂ ਗ਼ਰੀਬ ਦਿਹਾੜੀਦਾਰਾਂ ਨੂੰ ਸੜਕਾਂ ਉਤੇ ਭੁੱਖਿਆਂ ਮਰਨ ਲਈ ਛੱਡ ਦੇਣ ਲਈ ਕੇਂਦਰ ਅਤੇ ਕੁੱਝ ਸੂਬਾ ਸਰਕਾਰਾਂ ਵੀ ਤਿਆਰ ਸਨ, ਉਸ ਤੋਂ ਪਤਾ ਲਗਦਾ ਹੈ ਕਿ ਉਨ੍ਹਾਂ ਦੇ ਦਿਲਾਂ ਅੰਦਰ, ਅਪਣੇ ਹੀ ਮਿਹਨਤ ਦੀ ਰੋਟੀ ਖਾਣ ਵਾਲੇ ਗ਼ਰੀਬਾਂ ਪ੍ਰਤੀ ਕਿੰਨੀ ਕੁ ਹਮਦਰਦੀ ਹੈ। ਸਰਕਾਰ ਵਲੋਂ ਗ਼ਰੀਬਾਂ ਵਾਸਤੇ ਰਾਸ਼ਨ ਦੇਣ ਵਿਚ ਕੰਜੂਸੀ ਤਾਂ ਸਾਫ਼ ਹੀ ਹੈ ਪਰ ਨਾਲ-ਨਾਲ ਦੇਰੀ ਵੀ ਚਲ ਰਹੀ ਹੈ। ਪੰਜਾਬ ਵਿਚ ਖ਼ਾਸ ਕਰ ਕੇ ਗੋਦਾਮ ਭਰੇ ਪਏ ਹਨ, ਅਨਾਜ ਹਰ ਸਾਲ ਬਰਬਾਦ ਹੋ ਰਿਹਾ ਹੈ।
ਸਰਕਾਰ ਨੂੰ ਅਨਾਜ ਦੀ ਬਰਬਾਦੀ ਮਨਜ਼ੂਰ ਹੈ ਪਰ ਉਹ ਗ਼ਰੀਬਾਂ ਨੂੰ ਦੇਣ ਤੋਂ ਕਤਰਾਉਂਦੀ ਹੈ। ਗੁਰੂ ਘਰਾਂ ਵਿਚ ਵਲੰਟੀਅਰਾਂ ਅਤੇ ਵੱਡੇ ਦਿਲਾਂ ਵਾਲਿਆਂ ਕਾਰਨ ਕਿਸੇ ਚੀਜ਼ ਦੀ ਕਮੀ ਨਹੀਂ ਮਹਿਸੂਸ ਕੀਤੀ ਜਾ ਰਹੀ ਪਰ ਕਈ ਸੂਬਿਆਂ ਵਿਚ ਹਾਲ ਬਿਲਕੁਲ ਵਖਰਾ ਹੈ। ਸਾਡਾ ਪੰਜਾਬ ਪੈਰਿਸ ਵਰਗਾ ਤਾਂ ਨਹੀਂ ਪਰ ਬਾਕੀ ਦੇਸ਼ ਨਾਲੋਂ ਦਰਿਆਦਿਲੀ ਅਤੇ ਗ਼ਰੀਬ ਦੀ ਸਹਾਇਤਾ ਦੇ ਮਾਮਲੇ ਵਿਚ ਬਿਲਕੁਲ ਵਖਰਾ ਹੈ।
12 ਦਿਨਾਂ ਵਿਚ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਭਾਰਤ ਸਰਕਾਰ ਇਸ ਸਥਿਤੀ ਨੂੰ ਕਾਬੂ ਹੇਠ ਕਰਨ ਵਿਚ ਕਾਫ਼ੀ ਢਿੱਲੀ ਚਲ ਰਹੀ ਹੈ। ਲਾਕਡਾਊਨ ਕਰਨ ਦਾ ਜ਼ਰੂਰੀ ਕਦਮ ਸਹੀ ਸਮੇਂ ਲਿਆ ਗਿਆ ਪਰ ਉਸ ਤੋਂ ਬਾਅਦ ਡਾਕਟਰਾਂ ਦੀ ਸੁਰੱਖਿਆ ਅਤੇ ਧਰਮ-ਅਧਾਰਤ ਸਿਆਸਤ ਦੇ ਮੁੱਦੇ ਗੂੰਜ ਰਹੇ ਹਨ। ਜਦੋਂ ਪਹਿਲਾਂ ਜਨਤਾ ਕਰਫ਼ੀਊ ਵਿਚ 16 ਘੰਟਿਆਂ ਬਾਅਦ ਲੋਕ ਸੜਕਾਂ ਉਤੇ ਜਲੂਸ ਕੱਢ ਕੇ ਨਿਕਲ ਆਏ ਸਨ ਤਾਂ ਸੋਚਿਆ ਇਹ ਗਿਆ ਸੀ ਕਿ ਸਰਕਾਰ ਅਤੇ ਖ਼ਾਸਕਰ ਪ੍ਰਧਾਨ ਮੰਤਰੀ ਇਸ ਸਮੇਂ ਏਕਾਂਤਵਾਸ ਦੀ ਜ਼ਰੂਰਤ ਨੂੰ ਸਮਝਾਉਣ ਉਤੇ ਸਾਰਾ ਜ਼ੋਰ ਲਾ ਦੇਣਗੇ।
ਪਰ ਫਿਰ ਤੋਂ ਉਨ੍ਹਾਂ ਅਪਣੇ ਦੇਸ਼ਵਾਸੀਆਂ ਨੂੰ ਇਕ ਨਵੀਂ ਗ਼ੈਰ-ਵਿਗਿਆਨਕ ਅਤੇ ਜੋਤਸ਼ੀਆਂ ਦੇ ਗ਼ਲਤ ਸਾਬਤ ਹੋ ਚੁੱਕੇ ਟੋਟਕਿਆਂ ਤੇ ਚਲਣ ਦੇ ਰਾਹ ਪਾ ਦਿਤਾ। ਇਸ ਵਾਰ ਨਾ ਸਿਰਫ਼ ਮੋਮਬੱਤੀਆਂ ਦਾ ਫ਼ਾਲਤੂ ਖ਼ਰਚਾ ਪਾ ਦਿਤਾ ਗਿਆ ਸਗੋਂ ਬਿਜਲੀ ਵਿਭਾਗ ਉਤੇ ਵੀ ਫ਼ਾਲਤੂ ਦਾ ਬੋਝ ਪਾ ਦਿਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 9-ਮਿੰਟੀ ਹਨੇਰੇ ਨੂੰ ਸਾਰੇ ਦੇਸ਼ ਵਾਸਤੇ ਸੰਕਟ ਖੜਾ ਕਰਨੋਂ ਰੋਕਣ ਲਈ ਸਾਰੇ ਸੂਬਿਆਂ ਦੇ ਬਿਜਲੀ ਵਿਭਾਗਾਂ ਨੇ ਪਹਿਲਾਂ ਤਿਆਰੀਆਂ ਕੀਤੀਆਂ ਅਤੇ ਫਿਰ ਲੋਕਾਂ ਨੂੰ ਟੀ.ਵੀ., ਲੈਪਟਾਪ, ਆਦਿ ਚਲਦੇ ਰਹਿਣ ਦੀਆਂ ਹਦਾਇਤਾਂ ਵਾਰ ਵਾਰ ਦਿਤੀਆਂ।
ਸੁਨੇਹੇ ਭੇਜੇ ਗਏ ਤਾਕਿ ਇਕਦਮ ਸਾਰਾ ਕੁੱਝ ਬੰਦ ਹੋ ਕੇ ਦੇਸ਼ ਨੂੰ ਨਵੇਂ ਸੰਕਟ ਵਿਚ ਨਾ ਪਾ ਦੇਵੇ। ਨਾਲ ਹੀ ਜਿਹੜਾ ਪ੍ਰਦੂਸ਼ਣ ਦੀਵਾਲੀ ਸਮੇਂ ਹੁੰਦਾ ਹੈ, ਉਹ ਇਸ ਰਾਤ ਨੂੰ ਵੀ ਹੋਇਆ। ਜਿਹੜਾ ਵਾਤਾਵਰਣ ਨੂੰ ਸਾਹ ਮਿਲ ਰਿਹਾ ਸੀ, ਉਸ ਉਤੇ ਫਿਰ ਤੋਂ ਭਾਰ ਪਾ ਦਿਤਾ ਗਿਆ। ਪਰ ਪ੍ਰਧਾਨ ਸੇਵਕ ਨੇ ਅਪਣਾ ਮਕਸਦ ਪੂਰਾ ਕਰ ਲਿਆ। ਉਨ੍ਹਾਂ ਨੇ ਦੁਨੀਆਂ ਨੂੰ ਵਿਖਾ ਦਿਤਾ ਕਿ ਭਾਰਤ ਕੋਰੋਨਾ ਨਾਲ ਲੜਨ ਲਈ ਇਕੱਠਾ ਹੈ। ਪਰ ਕੀ ਅਸੀ ਇਕੱਠੇ ਹੋ ਕੇ ਅਪਣੀ ਦ੍ਰਿੜਤਾ ਦਾ ਪ੍ਰਦਰਸ਼ਨ ਕਿਸੇ ਹੋਰ ਤਰ੍ਹਾਂ ਨਹੀਂ ਕਰ ਸਕਦੇ?
ਇਕ ਵਾਰੀ ਫਿਰ ਜਲੂਸ ਕੱਢ ਕੇ, ਵੱਡੇ ਇਕੱਠਾਂ ਵਿਚ ਘੁੰਮ ਫਿਰ ਕੇ, ਆਤਿਸ਼ਬਾਜ਼ੀ ਚਲਾ ਕੇ ਹਵਾ ਵਿਚ ਗੋਲੀਆਂ ਚਲਾ ਕੇ ਅਸੀਂ ਸਾਬਤ ਕਰ ਦਿਤਾ ਕਿ ਅਸੀਂ ਹਕੀਕਤ ਤੋਂ ਕਿੱਨੀ ਦੂਰੀ ਤੇ ਬੈਠੇ ਹਾਂ। ਭਾਰਤ ਦੇ ਲਾਈਲੱਗ ਤੇ ਅੰਧ-ਵਿਸ਼ਵਾਸੀ ਅਵਾਮ ਫਿਰ ਤੋਂ ਸੋਚਣ ਲੱਗ ਪਏ ਹਨ ਕਿ ਭਾਰਤ ਤੋਂ ਇਹ ਆਫ਼ਤ ਸ਼ਾਇਦ ਤਾੜੀਆਂ ਅਤੇ ਮੋਮਬੱਤੀਆਂ ਨਾਲ ਚਲੀ ਜਾਵੇਗੀ।
ਚਮਤਕਾਰ ਦੀ ਉਮੀਦ ਵਿਚ ਬੈਠਾ ਭਾਰਤ, ਕਲ ਦੇ 24 ਘੰਟਿਆਂ ਦੇ ਅੰਕੜੇ ਵੇਖ ਲਵੇ। ਸੱਭ ਤੋਂ ਵੱਧ ਮੌਤਾਂ (30) ਅਤੇ ਸੱਭ ਤੋ ਵੱਧ ਨਵੇਂ ਕੇਸਾਂ ਦਾ ਵਾਧਾ ਸਾਬਤ ਕਰਦਾ ਹੈ ਕਿ ਇਸ ਸਾਰੀ ਰੌਸ਼ਨੀ ਦਾ ਕੋਈ ਅਰਥ ਨਹੀਂ ਸੀ। ਅਸਲ ਵਿਚ ਜਿਹੜਾ ਦੀਵਾ ਜਗਾਉਣਾ ਸੀ, ਉਹ ਦਿਮਾਗ਼ ਦੀ ਸੂਝ ਬੂਝ ਦਾ ਦੀਵਾ ਜਗਾਉਣ ਦੀ ਲੋੜ ਹੈ। ਭਾਰਤ ਤੋਂ ਇਹ ਕੋਰੋਨਾ ਕਮਲਿਆਂ ਵਾਂਗ 'ਗੋ ਕੋਰੋਨਾ ਗੋ' ਦੇ ਨਾਹਰਿਆਂ ਨਾਲ ਨਹੀਂ ਜਾਣ ਵਾਲਾ।
ਸਰਕਾਰਾਂ ਅਤੇ ਖ਼ਾਸ ਕਰ ਕੇ ਕੇਂਦਰ ਉਤੇ ਦਬਾਅ ਪਾਉਣ ਦੀ ਲੋੜ ਹੈ ਕਿ ਉਨ੍ਹਾਂ ਨੂੰ ਕੁੱਝ ਸਮਝਦਾਰੀ ਅਤੇ ਹਮਦਰਦੀ ਵਿਖਾਉਣੀ ਪਵੇਗੀ ਭਾਵੇਂ ਭਾਰਤ ਦੇ ਲੋਕਾਂ ਨੂੰ ਇਹੀ ਟੋਟਕੇ ਚੰਗੇ ਲਗਦੇ ਹਨ। ਇਹ ਸਮਾਂ ਬਤੀਤ ਕਰਨ 'ਚ ਮਦਦ ਕਰਦੇ ਹਨ। ਠੋਸ ਕਦਮਾਂ ਅਤੇ ਤਿਆਰੀ ਤੋਂ ਬਗ਼ੈਰ ਇਹ ਨੌਟੰਕੀਆਂ ਭਾਰਤ ਦੇ ਕਰੋੜਾਂ ਲੋਕਾਂ ਨੂੰ ਖ਼ਤਮ ਕਰ ਦੇਣਗੀਆਂ। -ਨਿਮਰਤ ਕੌਰ
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।