ਕੋਰੋਨਾ ਵੈਕਸੀਨ ਬਾਰੇ ਕਾਹਲੀ ਨਾਲ ਦਾਅਵੇ ਕਰਨ ਨਾਲ ਭਾਰਤ ਦੀ ਛਵੀ ਖ਼ਰਾਬ ਹੀ ਹੋਵੇਗੀ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਭਾਰਤ ਤੇਜ਼ੀ ਨਾਲ ਕੋਰੋਨਾ ਮਹਾਂਮਾਰੀ ਦਾ ਗੜ੍ਹ ਬਣਨ ਦੀ ਦੌੜ ਵਿਚ ਫਿਸਲ ਰਿਹਾ ਹੈ।

Covid-19

ਭਾਰਤ ਤੇਜ਼ੀ ਨਾਲ ਕੋਰੋਨਾ ਮਹਾਂਮਾਰੀ ਦਾ ਗੜ੍ਹ ਬਣਨ ਦੀ ਦੌੜ ਵਿਚ ਫਿਸਲ ਰਿਹਾ ਹੈ। ਅੱਜ ਭਾਰਤ ਵੱਡੇ ਬੀਮਾਰ ਦੇਸ਼ ਵਜੋਂ ਤੀਜੇ ਨੰਬਰ 'ਤੇ ਆ ਗਿਆ ਹੈ ਤੇ 7 ਲੱਖ ਲੋਕ ਕੋਰੋਨਾ ਪੀੜਤ ਹੋ ਚੁੱਕੇ ਹਨ। ਭਾਰਤ ਵਿਚ ਕੋਰੋਨਾ ਟੈਸਟਾਂ ਦੀ ਰਫ਼ਤਾਰ ਅਮਰੀਕਾ ਵਰਗੀ ਨਹੀਂ। ਜੇਕਰ ਅੱਜ ਭਾਰਤ ਵਿਚ ਅਮਰੀਕਾ ਵਾਂਗ ਜਾਂਚ ਕਰਨ ਦੀ ਸਮਰੱਥਾ ਅਤੇ ਜਿਗਰਾ ਹੁੰਦੇ ਤਾਂ ਅਸੀ ਦੁਨੀਆਂ ਦਾ ਸੱਭ ਤੋਂ ਵੱਡਾ ਬੀਮਾਰ ਦੇਸ਼ ਬਣ ਚੁੱਕੇ ਨਜ਼ਰ ਆ ਰਹੇ ਹੁੰਦੇ।

ਇਹ ਗੱਲ ਅਮਰੀਕੀ ਰਾਸ਼ਟਰਪਤੀ ਟਰੰਪ ਵੀ ਕਹਿ ਰਿਹਾ ਹੈ। ਨੰਬਰ ਇਕ 'ਤੇ ਪਹੁੰਚਣਾ ਸਾਡੀ ਕਾਬਲੀਅਤ ਦਾ ਸਬੂਤ ਨਹੀਂ। ਸਾਡੀਆਂ ਸਰਕਾਰਾਂ ਨੇ ਕਦੇ ਥਾਲੀਆਂ ਵਜਾ-ਵਜਾ ਕੇ ਤੇ ਕਦੇ ਫੁੱਲਾਂ ਦੀ ਵਰਖਾ ਕਰ ਕੇ ਜਿੱਤ ਤੋਂ ਪਹਿਲਾਂ ਹੀ ਅਪਣੀ ਤੇ ਅਪਣੇ ਪ੍ਰਧਾਨ ਮੰਤਰੀ ਦੀ ਤਾਰੀਫ਼ ਕਰਨੀ ਆਪ ਹੀ ਸ਼ੁਰੂ ਕਰ ਦਿਤੀ ਤੇ ਹੁਣ ਦੁਨੀਆਂ ਵਿਚ ਭਾਰਤ ਮੁੜ ਤੋਂ ਅਪਣੀ ਛਵੀ ਖ਼ਰਾਬ ਕਰ ਰਿਹਾ ਹੈ।

ਭਾਰਤੀ ਮੈਡੀਕਲ ਕੌਂਸਲ ਨੇ ਕੋਰੋਨਾ ਦੇ ਇਲਾਜ ਦੀ ਵੈਕਸੀਨ ਤਿਆਰ ਕਰ ਦੇਣ ਦੀ ਮਿਤੀ 15 ਅਗੱਸਤ ਤੈਅ ਕਰ ਕੇ, ਭਾਰਤ ਵਿਚ ਵਿਗਿਆਨ ਦੀ ਖਿੱਲੀ ਉਡਵਾ ਦਿਤੀ। ਪਹਿਲਾਂ ਆਯੁਰਵੈਦ ਦੀ ਛਵੀ ਚੰਗੀ ਬਣਾਉਣ ਦੀ ਬਜਾਏ ਸਵਾਮੀ ਰਾਮਦੇਵ ਨੇ ਪੈਸੇ ਬਣਾਉਣ ਦੀ ਕਾਹਲ ਵਿਚ ਠੇਸ ਪਹੁੰਚਾ ਦਿਤੀ ਤੇ ਹੁਣ ਮੈਡੀਕਲ ਕੌਂਸਲ ਨੇ ਵੀ ਉਸੇ ਤਰੀਕੇ ਦਾ ਕੰਮ ਕਰ ਦਿਤਾ ਹੈ।

ਇੰਡੀਅਨ ਮੈਡੀਕਲ ਕੌਂਸਲ ਵਲੋਂ ਇਕ ਖ਼ਤਰਨਾਕ ਜਾਨਲੇਵਾ ਬੀਮਾਰੀ ਨੂੰ ਲੈ ਕੇ ਇਸੇ ਤਰ੍ਹਾਂ ਦੀ ਗ਼ੈਰ ਵਿਗਿਆਨਕ ਪਹੁੰਚ ਅਪਣਾ ਕੇ ਭਾਰਤ ਦੇ ਵਿਗਿਆਨਕਾਂ ਦੀ ਮਿਹਨਤ 'ਤੇ ਸਵਾਲ ਖੜਾ ਕਰ ਦਿਤਾ ਹੈ। ਇੰਡੀਅਨ ਮੈਡੀਕਲ ਕੌਂਸਲ ਨੇ ਕੀ ਗ਼ਲਤ ਕਰ ਦਿਤਾ ਹੈ? ਅੱਜ ਬੱਚਾ-ਬੱਚਾ ਜਾਣਦਾ ਹੈ ਕਿ ਕੋਰੋਨਾ ਨਾਲ ਦੁਨੀਆਂ ਜੂਝ ਰਹੀ ਹੈ ਤੇ ਇਸ ਫੈਲਦੀ ਬੀਮਾਰੀ ਨੇ ਦੁਨੀਆਂ ਦੀ ਚਾਲ ਬਦਲ ਦਿਤੀ ਹੈ।

ਇਨ੍ਹਾਂ ਹਾਲਾਤ ਵਿਚ ਹਰ ਦੇਸ਼ ਦੇ ਸੱਭ ਤੋਂ ਵੱਡੇ ਵਿਗਿਆਨਕ ਇਸ ਬੀਮਾਰੀ ਦਾ ਇਲਾਜ ਲੱਭਣ ਵਿਚ ਜੁਟੇ ਹੋਏ ਹਨ। ਭਾਰਤ ਦੇ ਆਗੂ ਇਸ ਮਹਾਂਮਾਰੀ ਦਾ ਇਲਾਜ ਲੱਭਣ ਵਿਚ ਪਹਿਲ ਕਰ ਵਿਖਾਉਣ ਦਾ ਇਕ ਮੌਕਾ ਲੱਭ ਰਹੇ ਹਨ ਤਾਕਿ ਉਹ ਚੀਨ ਨੂੰ ਵੀ ਪਿਛੇ ਛੱਡ ਜਾਣ ਪਰ ਜੇਕਰ ਭਾਰਤ ਦੁਨੀਆਂ ਵਿਚ ਬਰਾਬਰੀ ਤੇ ਮੁਕਾਬਲਾ ਕਰਨਾ ਚਾਹੁੰਦਾ ਹੈ ਤਾਂ ਉਹ ਵਿਗਿਆਨ ਦੇ ਨਿਯਮਾਂ ਦੀ, ਇੰਡੀਅਨ ਮੈਡੀਕਲ ਕੌਂਸਲ ਦੀ ਕੁਰਸੀ ਤੇ ਬੈਠ ਕੇ ਧੱਜੀਆਂ ਨਹੀਂ ਉਡਾ ਸਕਦਾ।

ਵੈਕਸੀਨ ਦੀ ਖੋਜ ਕੋਈ ਤਰੀਕ ਮਿਥ ਕੇ ਨਹੀਂ ਹੋ ਸਕਦੀ ਸਗੋਂ ਇਹ ਖੋਜ ਅੰਤਰਰਾਸ਼ਟਰੀ ਨਿਯਮਾਂ ਮੁਤਾਬਕ ਹਰ ਦਵਾਈ ਦੀ ਜਾਂਚ ਕਰਨ ਨਾਲ ਹੀ ਹੋ ਸਕਦੀ ਹੈ ਤੇ ਹਰ ਜਾਂਚ ਲਈ ਚੋਖਾ ਸਮਾਂ ਨਿਰਧਾਰਤ  ਹੁੰਦਾ ਹੈ ਤਾਕਿ ਕਾਹਲੀ ਵਿਚ ਗ਼ਲਤ ਖੋਜ ਨਾ ਹੋ ਜਾਵੇ। ਦਵਾਈ ਦੀ ਖੋਜ ਅਪਣੇ ਆਪ ਵਿਚ ਸੰਪੂਰਨ ਨਹੀਂ ਹੁੰਦੀ, ਉਸ ਨੂੰ ਇਨਸਾਨਾਂ 'ਤੇ ਜਾਂਚ ਕਰਨ ਦੇ ਵੀ ਤਿੰਨ ਪੜਾਅ ਹੁੰਦੇ ਹਨ।

ਪਹਿਲੀ ਜਾਂਚ ਬਹੁਤ ਹੀ ਬੀਮਾਰ ਮਰੀਜ਼ਾਂ 'ਤੇ ਹੁੰਦੀ ਹੈ ਜਿਨ੍ਹਾਂ ਕੋਲ ਹੋਰ ਕੋਈ ਚਾਰਾ ਹੀ ਨਾ ਹੋਵੇ। ਇਸ ਪਰਖ ਲਈ ਥੋੜੇ ਜਹੇ ਬੰਦੇ ਹੀ ਚੁਣੇ ਜਾਂਦੇ ਹਨ ਅਤੇ ਜੇਕਰ ਪਹਿਲੀ ਪਰਖ ਵਿਚ ਸਫ਼ਲਤਾ ਨਜ਼ਰ ਆਵੇ ਤਾਂ ਵਧੇਰੇ ਲੋਕਾਂ ਉਤੇ ਪਰਖ ਕਰਨ ਦੀ ਇਜਾਜ਼ਤ ਮਿਲਦੀ ਹੈ ਜਿਸ ਵਿਚ 500 ਲੋਕਾਂ 'ਤੇ ਪਰਖ ਹੁੰਦੀ ਹੈ। ਫਿਰ ਤੀਜੀ ਪਰਖ ਸ਼ੁਰੂ ਹੁੰਦੀ ਹੈ ਜਿਸ ਵਿਚ 3000 ਤਕ ਮਰੀਜ਼ਾਂ 'ਤੇ ਦਵਾਈ ਪਰਖੀ ਜਾਂਦੀ ਹੈ।

ਫਿਰ ਪਰਖ ਦਾ ਚੌਥਾ ਪੜਾਅ ਸ਼ੁਰੂ ਹੁੰਦਾ ਹੈ ਜਿਥੇ ਦਵਾਈ ਦੇ ਲੈਣ ਨਾਲ ਕਿਸੇ 'ਸਾਈਡ ਈਫ਼ੈਕਟ' ਅਥਵਾ ਦਵਾਈ ਦੇ ਕਿਸੇ ਨਵੇਂ ਮਾੜੇ ਅਸਰ ਨੂੰ ਲੱਭਣ ਦੀ ਖੋਜ ਹੁੰਦੀ ਹੈ। ਇਸ ਸੱਭ ਕੁੱਝ ਉਤੇ ਡੇਢ ਦੋ ਸਾਲ ਲਗਣੇ ਜ਼ਰੂਰੂ ਹੁੰਦੇ ਹਨ। ਅੱਜ ਤਕ ਸੱਭ ਤੋਂ ਅੱਗੇ ਚਲ ਰਹੀ ਦਵਾਈ ਆਕਸਫ਼ੋਰਡ ਇੰਗਲੈਂਡ ਦੀ ਹੈ ਜੋ ਕਿ ਨਵੰਬਰ 2019 ਤੋਂ ਜਾਂਚ ਹੇਠ ਚਲ ਰਹੀ ਹੈ ਕਿਉਂਕਿ ਉਹ ਸਾਰਸ ਬੀਮਾਰੀ ਵਾਸਤੇ ਖੋਜ ਕਰ ਰਹੇ ਸਨ।

ਪਰ ਉਨ੍ਹਾਂ ਨੂੰ ਲਗਿਆ ਕਿ ਉਹ ਵੈਕਸੀਨ ਕੋਰੋਨਾ ਵਾਸਤੇ ਵੀ ਵਰਤੀ ਜਾ ਸਕਦੀ ਹੈ, ਕਿਉਂਕਿ ਕੋਰੋਨਾ ਨਾਲ ਦੁਨੀਆਂ ਵਿਚ ਖ਼ਤਰਾ ਬਣਿਆ ਹੋਇਆ ਹੈ। ਆਕਸਫ਼ੋਰਡ ਵਲੋਂ ਐਲਾਨਿਆ ਗਿਆ ਕਿ ਚੌਥੇ ਪੜਾਅ ਦੇ ਨਤੀਜਿਆਂ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਵੈਕਸੀਨ ਕੱਢ ਦਿਤੀ ਜਾਵੇਗੀ ਤਾਕਿ ਜਾਨਾਂ ਬਚਾਈਆਂ ਜਾਣ ਪਰ ਅਜੇ ਇਹ ਦੌੜ ਸੱਭ ਵਾਸਤੇ ਖੁਲ੍ਹੀ ਹੈ। ਸਿਰਫ਼ ਆਕਸਫ਼ੋਰਡ ਨਹੀਂ ਬਲਕਿ ਅਮਰੀਕਾ ਦੀ ਮਡੋਨਾ ਪੈਟੀਗੀ ਤੇ ਦੋ ਚੀਨੀ ਕੰਪਨੀਆਂ ਇਸ ਖੋਜ ਵਿਚ ਜੁਟੀਆਂ ਹੋਈਆਂ ਹਨ।

ਪਰ ਜਦ ਅੰਤਰਰਾਸ਼ਟਰੀ ਦੌੜ ''ਮੈਂ ਪਹਿਲਾਂ ਖੋਜ ਕੀਤੀ'' ਦੀ ਦੌੜ ਬਣ ਗਈ ਹੋਵੇ ਤਾਂ ਕੋਈ ਭਾਰਤ ਦੀ ਗੱਲ ਨਹੀਂ ਕਰਦਾ। ਇਸ ਪਿੱਛੇ ਕਾਰਨ ਭਾਰਤ ਦੀ ਸਮੱਰਥਾ ਨਹੀਂ ਬਲਕਿ ਇਸ ਵਲੋਂ ਅੰਤਰ-ਰਾਸ਼ਟਰੀ ਨਿਯਮਾਂ ਦੀ ਪਾਲਣਾ ਕੀਤੇ ਬਗ਼ੈਰ, ਦਾਅਵੇ ਪੇਸ਼ ਕਰ ਦੇਣਾ ਹੈ। ਭਾਰਤ ਅੱਜ ਚੀਨ ਦੀ ਥਾਂ ਲੈਣਾ ਚਾਹੁੰਦਾ ਹੈ ਪਰ ਉਸ ਵਾਸਤੇ ਉਸ ਨੂੰ ਅਪਣੀ ਸੋਚ ਨੂੰ ਅੰਤਰਰਾਸ਼ਟਰੀ ਪੱਧਰ ਅਨੁਸਾਰ ਢਾਲਣਾ ਪਵੇਗਾ।

ਇਹ ਭਾਰਤ ਦੀ ਜਨਤਾ ਨੂੰ ਫੁਸਲਾਉਣ ਵਾਲੇ ਵਿਕਾਸ ਦਰ ਅੰਕੜੇ ਨਹੀਂ ਹਨ ਜੋ ਮਰਜ਼ੀ ਅਨੁਸਾਰ ਬਦਲੇ ਜਾ ਸਕਦੇ ਹਨ। ਇਹ ਵਿਗਿਆਨਕ ਖੋਜ ਹੈ ਅਤੇ ਇਸ ਵਿਚ ਕੋਈ ਢਿੱਲ ਜਾਨਲੇਵਾ ਸਾਬਤ ਹੋ ਸਕਦੀ ਹੈ। ਮੌਕਾ ਅਪਣੀ ਕਾਬਲੀਅਤ ਸਾਬਤ ਕਰਨ ਦਾ ਹੈ ਨਾਕਿ ਜੁਮਲੇਬਾਜ਼ੀ ਦੀਆਂ ਹੱਦਾਂ ਪਾਰ ਕਰਨ ਦਾ। - ਨਿਮਰਤ ਕੌਰ