ਜਸਵੰਤ ਸਿੰਘ ਕੰਵਲ ਦੀ ਸਲਾਹ ਬਾਦਲ ਮੰਨ ਲੈਂਦੇ ਤਾਂ ਅੱਜ ਅਕਾਲੀ ਦਲ ਰਾਸ਼ਟਰੀ ਪਾਰਟੀ ਬਣ ਚੁੱਕਾ ਹੁੰਦਾ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਆਮ ਬੰਦਾ ਰੋਜ਼ਾਨਾ ਅਖ਼ਬਾਰ ਪੜ੍ਹਦਾ ਹੈ, ਟੀ.ਵੀ. ਤੇ ਖ਼ਬਰਾਂ ਵੇਖਦਾ ਹੈ ਤੇ ਅਜਕਲ ਬਹੁਗਿਣਤੀ ......

file photo

ਆਮ ਬੰਦਾ ਰੋਜ਼ਾਨਾ ਅਖ਼ਬਾਰ ਪੜ੍ਹਦਾ ਹੈ, ਟੀ.ਵੀ. ਤੇ ਖ਼ਬਰਾਂ ਵੇਖਦਾ ਹੈ ਤੇ ਅਜਕਲ ਬਹੁਗਿਣਤੀ ਦੇ ਹੱਥ ਵਿਚ ਮੋਬਾਈਲ ਹੈ ਜਿਸ ਨੂੰ ਲੈ ਕੇ ਅਕਸਰ ਅਸੀ ਆਖਦੇ ਹਾਂ ਕਿ ਹੁਣ ਦੁਨੀਆਂ ਮੇਰੀ ਮੁੱਠੀ ਵਿਚ ਹੈ। ਪਿਆਰਿਉ ਕੁੱਝ ਕੁ ਦਿਮਾਗ਼ ਤੇ ਜ਼ੋਰ ਦੇ ਕੇ ਸੋਚੀਏ ਕਿ ਭਾਰਤ ਤੇ ਰਾਜ ਜ਼ਿਆਦਾ ਸਮਾਂ ਕਾਂਗਰਸ ਨੇ ਕੀਤਾ ਅਤੇ ਸ੍ਰੀ ਆਨੰਦਪੁਰ ਸਾਹਿਬ ਦਾ ਮਤਾ ਮੁੱਖ ਰੂਪ ਵਿਚ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਸੀ ਪਰ ਉਸ ਸਮੇਂ ਕਾਂਗਰਸ ਨੂੰ ਰੜਕਦੀ ਸੀ ਤੇ ਅੱਜ ਇਹੀ ਮੰਗ ਅਕਾਲੀ ਦਲ ਤਾਂ ਵਿਸਾਰ ਚੁਕਿਆ ਹੈ ਪਰ ਭਾਈਵਾਲ ਪਾਰਟੀ ਭਾਜਪਾ ਵੀ ਇਸ ਮੰਗ ਨੂੰ ਪ੍ਰਵਾਨ ਨਹੀਂ ਕਰਦੀ।

ਹੁਣ ਸੋਨੀਆ ਗਾਂਧੀ ਨੇ ਸੱਤ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ ਹੈ ਅਤੇ ਸੂਬਿਆਂ ਦੇ ਹੱਕਾਂ ਲਈ ਕੇਂਦਰ ਵਿਰੁਧ ਇਕਜੁੱਟ ਹੋਣ ਦਾ ਸੱਦਾ ਦਿਤਾ ਹੈ। ਇਹੀ ਸਰਮਾਏਦਾਰ ਸਿਆਸੀ ਘਰਾਣੇ ਦੇਸ਼ ਪੱਧਰ ਦੀ ਰਾਜਨੀਤੀ ਡਿਕਟੇਟਰ ਵਾਂਗ ਹੀ ਚਲਾਉਂਦੇ ਰਹੇ ਹਨ। ਇਸ ਬੈਠਕ ਵਿਚ ਮੁੱਖ ਮੰਤਰੀ ਪੰਜਾਬ ਵੀ ਬੈਠੇ ਸਨ। ਜਦ ਅਕਾਲੀ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰਦੇ ਸਨ, ਉਸ ਸਮੇਂ ਕੈਪਟਨ ਜੀ ਨੂੰ ਇਹ ਫਿੱਟ ਨਹੀਂ ਸੀ ਬੈਠਦੀ ਪਰ ਅੱਜ ਬੈਠਣ ਲੱਗ ਪਈ ਹੈ।

ਸ. ਜਸਵੰਤ ਸਿੰਘ ਕੰਵਲ ਜੋ ਹੁਣ ਦੁਨੀਆਂ ਤੋਂ ਜਾ ਚੁੱਕੇ ਹਨ, ਉਨ੍ਹਾਂ ਨਾਲ ਗੱਲਬਾਤ ਕਰਨ ਦਾ ਸਮਾਂ ਮਿਲਿਆ ਤਾਂ ਉਨ੍ਹਾਂ ਨੇ ਇਸੇ ਸੰਦਰਭ ਵਿਚ ਦਸਿਆ ਕਿ ਇਕ ਵਾਰ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਦੀ ਸਲਾਹ ਲੈਂਦਿਆਂ ਪੁਛਿਆ ਕਿ ਹੁਣ ਮੈਂ ਕੀ ਕਰਾਂ ਪੰਜਾਬ ਦੀ ਬੇਹਤਰੀ ਲਈ? ਤਾਂ ਕੰਵਲ ਜੀ ਨੇ ਕਿਹਾ ਕਿ ਬਾਦਲ ਜੀ ਤੁਹਾਡਾ ਨਾਂਅ ਸਾਰੇ ਭਾਰਤ ਵਿਚ ਹੈ।

ਹੁਣ ਤੁਸੀ ਪੰਜਾਬ ਦੀ ਰਾਜਨੀਤੀ ਕਿਸੇ ਹੋਰ ਨੂੰ ਸੰਭਾਲੋ ਤੇ ਤੁਸੀ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਮੰਗ ਦੇ ਆਧਾਰ ਤੇ ਹਮਖਿਆਲ ਪਾਰਟੀਆਂ ਨੂੰ ਨਾਲ ਲੈ ਕੇ ਦੇਸ਼ ਪੱਧਰ ਤੇ ਇਕਜੁਟਤਾ ਕਰਵਾਉ। ਆਪ ਭਾਵੇਂ ਅੱਗੇ ਲੱਗ ਜਾਉ, ਪ੍ਰਾਪਤੀ ਹੋਵੇਗੀ। ਬਾਦਲ ਦੀ ਖ਼ਾਸੀਅਤ ਹੈ ਕਿ ਉਹ ਸਲਾਹ ਦੇਣ ਵਾਲੇ ਨੂੰ ਭਰੋਸਾ ਦਿਵਾ ਦਿੰਦੇ ਹਨ ਕਿ ਇਸੇ ਤਰ੍ਹਾਂ ਹੀ ਹੋਵੇਗਾ ਪਰ 'ਜੱਟ ਮਚਲਾ ਖ਼ੁਦਾ ਨੂੰ ਲੈ ਗਏ ਚੋਰ' ਵਾਲੇ ਬਾਦਲ ਨੇ ਕੀਹਦੀ ਮੰਨੀ ਹੈ? ਕੰਵਲ ਜੀ ਦੀ ਸਲਾਹ ਵੀ ਰੋਲ ਦਿਤੀ।

ਉਸ ਸਮੇਂ ਅਗਰ ਇਸ ਤਰ੍ਹਾਂ ਹੋ ਜਾਂਦਾ ਤਾਂ ਅਕਾਲੀ ਦਲ ਅਸਲ ਅਰਥਾਂ ਵਿਚ ਰਾਸ਼ਟਰ ਪੱਧਰ ਤੇ ਜਾ ਪਹੁੰਚਦਾ ਪਰ ਬਾਦਲ ਦੇ ਅੰਦਰ ਬੈਠਾ ਪ੍ਰਵਾਰਵਾਦ, ਮਾਇਆਵਾਦ ਤੇ ਕੁਰਸੀਵਾਦ ਕਦੇ ਪੰਜਾਬ ਤੇ ਪੰਥ ਬਾਰੇ ਵੀ ਸੋਚਣ ਦਿੰਦਾ ਸੀ?

ਜਿਹੜਾ ਇਨਸਾਨ ਸਿੱਖ ਰਾਜਨੀਤੀ ਤੇ 50 ਸਾਲ ਕਾਬਜ਼ ਰਹਿ ਕੇ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੋਲਦਿਆਂ ਆਖ ਰਿਹਾ ਹੈ ਕਿ ਮੈਨੂੰ ਗੁਰਬਾਣੀ ਦਾ ਕੋਈ ਗਿਆਨ ਨਹੀਂ, ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜਿਸ ਸਿੱਖ ਨੂੰ ਗੁਰਬਾਣੀ ਤੇ ਗੁਰਮਤਿ ਗਿਆਨ ਦੀ ਪ੍ਰਾਪਤੀ ਨਹੀਂ, ਉਸ ਦੇ ਅੰਦਰੋਂ ਹਉਮੈ ਹੰਕਾਰ ਨਹੀਂ ਖ਼ਤਮ ਹੋ ਸਕਦਾ। ਬਾਦਲ ਦੇ ਸਾਥੀਆਂ ਦਾ ਵੀ ਇਹੀ ਹਾਲ ਰਿਹਾ ਹੈ ਪਰ ਬਦਕਿਸਮਤੀ ਆਮ ਸਿੱਖਾਂ ਦੀ ਹੀ ਰਹੀ ਹੈ ਕਿ ਆਪਾਂ ਵੀ ਗੁਰਮਤਿ ਗਿਆਨ ਤੋਂ ਊਣੇ ਹੋਣ ਕਰ ਕੇ ਇਨ੍ਹਾਂ ਲੀਡਰਾਂ ਤੋਂ ਖਹਿੜਾ ਨਹੀਂ ਛੁਡਵਾ ਸਕੇ। -ਤੇਜਵੰਤ ਸਿੰਘ ਭੰਡਾਲ, ਸੰਪਰਕ : 98152-67963