ਪੰਜਾਬ ਦੀ ਪੱਗ ਕਹਾਉਣ ਵਾਲੇ ਜਸਵੰਤ ਸਿੰਘ ਕੰਵਲ ਨੇ ਮਾਰੀ ਅੰਤਿਮ ਉਡਾਰੀ

ਏਜੰਸੀ

ਖ਼ਬਰਾਂ, ਪੰਜਾਬ

ਉੱਘੇ ਪੰਜਾਬੀ ਨਾਵਲਕਾਰ, ਕਹਾਣੀਕਾਰ, ਨਿਬੰਧਕਾਰ ਤੇ ਚਿੰਤਕ ਜਸਵੰਤ ਸਿੰਘ ਕੰਵਲ ਦਾ 101 ਸਾਲ ਦੀ ਉਮਰ ਵਿਚ ਅੱਜ ਦੇਹਾਂਤ ਹੋ ਗਿਆ

File Photo

ਚੰਡੀਗੜ੍ਹ: ਉੱਘੇ ਪੰਜਾਬੀ ਨਾਵਲਕਾਰ, ਕਹਾਣੀਕਾਰ, ਨਿਬੰਧਕਾਰ ਤੇ ਚਿੰਤਕ ਜਸਵੰਤ ਸਿੰਘ ਕੰਵਲ ਦਾ 101 ਸਾਲ ਦੀ ਉਮਰ ਵਿਚ ਅੱਜ ਦੇਹਾਂਤ ਹੋ ਗਿਆ। । ਉਨ੍ਹਾਂ ਨੇ ਆਪਣੇ ਜੱਦੀ ਪਿੰਡ ਢੁੱਡੀਕੇ ’ਚ ਆਖ਼ਰੀ ਸਾਹ ਲਿਆ। ਕੱਲ੍ਹ ਸ਼ੁੱਕਰਵਾਰ ਨੂੰ ਮੋਹਾਲੀ ਦੇ ਮੈਕਸ ਹਸਪਤਾਲ ’ਚ ਉੱਘੇ ਸਾਹਿਤਕਾਰ ਦਲੀਪ ਕੌਰ ਟਿਵਾਣਾ ਅਕਾਲ–ਚਲਾਣਾ ਕਰ ਗਏ ਸਨ।

ਉਨ੍ਹਾਂ ਦੀਆਂ ਉਂਝ ਤਾਂ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਪਰ ‘ਲਹੂ ਦੀ ਲੋਅ’ ਨਾਵਲ ਨੇ ਉਨ੍ਹਾਂ ਦੀ ਖ਼ੂਬ ਚੜ੍ਹਤ ਕੀਤੀ। ‘ਲਹੂ ਦੀ ਲੋਅ’ ਨਾਵਲ ਪੰਜਾਬ ਦੀ ਨਕਸਲਬਾੜੀ ਲਹਿਰ ਉੱਤੇ ਆਧਾਰਤ ਹੈ। 1970 ਦੌਰਾਨ ਜਦੋਂ ਸਮੁੱਚੇ ਦੇਸ਼ ਵਿੱਚ ਐਮਰਜੈਂਸੀ ਲਾਗੂ ਸੀ, ਤਦ ਕੋਈ ਵੀ ਪ੍ਰਕਾਸ਼ਕ ਜਸਵੰਤ ਸਿੰਘ ਕੰਵਲ ਹੁਰਾਂ ਦਾ ਇਹ ਨਾਵਲ ਛਾਪਣ ਨੂੰ ਤਿਆਰ ਨਹੀਂ ਸੀ। ਇਸੇ ਲਈ ਜਸਵੰਤ ਸਿੰਘ ਕੰਵਲ ਨੂੰ ਇਹ ਨਾਵਲ ਸਿੰਗਾਪੁਰ ਤੋਂ ਛਪਵਾਉਣਾ ਪਿਆ ਸੀ ਤੇ ਉੱਥੋਂ ਸਮੱਗਲ ਕਰ ਕੇ ਭਾਰਤ ਲਿਆਂਦਾ ਗਿਆ ਸੀ

ਪੰਜਾਬ ’ਚ ਇਹ ਨਾਵਲ ਐਮਰਜੈਂਸੀ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਸੀ। ਇਸ ਦਾ ਅਨੁਵਾਦ ਅੰਗਰੇਜ਼ੀ ਭਾਸ਼ਾ ’ਚ ਵੀ ਹੋ ਚੁੱਕਾ ਹੈ। ਜਸਵੰਤ ਸਿੰਘ ਕੰਵਲ ਦੇ ਨਾਵਲਾਂ ਵਿੱਚ ਪੰਜਾਬ ਦੇ ਦਿਹਾਂਤੀ ਜੀਵਨ ਨੂੰ ਬਾਖ਼ੂਬੀ ਚਿਤਰਿਆ ਗਿਆ ਹੈ। ਉਨ੍ਹਾਂ ਦੀਆਂ ਲਿਖਤਾਂ ’ਚ ਅਕਸਰ ਬੇਲੋੜੇ ਸਮਾਜਕ ਰੀਤੀ–ਰਿਵਾਜਾਂ ਤੇ ਵਹਿਮਾਂ–ਭਰਮਾਂ ਵਿਰੁੱਧ ਆਵਾਜ਼ ਉਠਾਈ ਮਿਲਦੀ ਹੈ। ਪਹਿਲਾਂ ਉਹ ਖੱਬੇ–ਪੱਖੀ ਵਿਚਾਰਧਾਰਾ ਨਾਲ ਸਬੰਧਤ ਰਹੇ ਸਨ ਪਰ ਬਾਅਦ ’ਚ ਉਹ ਖ਼ਾਲਿਸਤਾਨੀ ਲਹਿਰ ਦੇ ਸਮਰਥਕ ਬਣ ਗਏ ਸਨ।

ਜਸਵੰਤ ਸਿੰਘ ਕੰਵਲ ਨੂੰ 1996 ’ਚ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਪੱਖੀ’ ਲਈ ਸਾਹਿਤ ਅਕਾਦਮੀ ਫ਼ੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ। 1998 ’ਚ ਨਾਵਲ ‘ਤੋਸ਼ਾਲੀ ਦੀ ਹੰਸੋ’ ਲਈ ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਸਾਲ 2008 ’ਚ ਜਸਵੰਤ ਸਿੰਘ ਕੰਵਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਪੀ–ਐੱਚ.ਡੀ. ਦੀ ਆੱਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਸੀ।