Punjab Stubble Burning: ਪੰਜਾਬ ਵਿਚ ਸਾੜੀ ਪਰਾਲੀ ਪੰਜਾਬ ਦੇ ਸ਼ਹਿਰਾਂ ਤੇ ਅਸਰ ਕਿਉਂ ਨਹੀਂ ਕਰਦੀ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਹਰਿਆਣਾ ਨੂੰ ਕੁੱਝ ਕਿਉਂ ਨਹੀਂ ਕਹਿੰਦੀ, ਸਿੱਧੀ ਦਿੱਲੀ ਕਿਵੇਂ ਜਾ ਵੜਦੀ ਹੈ?

Stubble Burning

Punjab Stubble Burning:ਦਿੱਲੀ ਇਕ ਵਾਰ ਮੁੜ ਤੋਂ ਜ਼ਹਿਰੀਲਾ ਗੈਸ ਚੈਂਬਰ ਬਣ ਗਈ ਹੈ। ਇਸ ਵਾਰ ਹੱਦਾਂ ਪਿਛਲੇਰੀ ਵਾਰ ਤੋਂ ਅੱਗੇ ਵੱਧ ਚੁਕੀਆਂ ਹਨ ਤੇ ਦਿੱਲੀ ਦੁਨੀਆਂ ਦਾ ਸੱਭ ਤੋਂ ਵੱਧ ਪ੍ਰਦੂਸ਼ਤ ਸ਼ਹਿਰ ਬਣ ਗਿਆ ਹੈ। ਆਉਣ ਵਾਲੇ ਦਿਨ ਹੋਰ ਜ਼ਿਆਦਾ ਮੁਸ਼ਕਲਾਂ ਵਧਾਉਣਗੇ ਕਿਉਂਕਿ ਦੀਵਾਲੀ ਵਿਚ ਕਿਤੇ ਨਾ ਕਿਤੇ ਪਟਾਕੇ ਤਾਂ ਦਿੱਲੀ ਦੇ ਲੋਕ ਆਪ ਵੀ ਚਲਾਉਣਗੇ। ਦਿੱਲੀ ਦੇ ਲੋਕ ਅਪਣੀਆਂ ਗੱਡੀਆਂ ਵਿਚ ਸਵਾਰ ਹੋ ਕੇ ਪੰਜਾਬ ਦੇ ਕਿਸਾਨਾਂ ਤੇ ਇਲਜ਼ਾਮ ਲਗਾਉਂਦੇ ਰਹਿਣਗੇ ਤੇ ਅੱਜ ਸਾਡੇ ਸਿਆਸਤਦਾਨਾਂ ਸਦਕਾ ਸਾਡੇ ਚੈਨਲਾਂ ਰਾਹੀਂ, ਦਿੱਲੀ-ਪੰਜਾਬ ਦੀ ਇਹ ਜੰਗ ਚਲਦੀ ਰਹੇਗੀ।

ਦਿੱਲੀ ਦੇ ਸਿਆਸੀ ਲੋਕ ਵੀ ਹੁਣ ਦਿੱਲੀ ਬਾਰੇ ਨਹੀਂ ਸੋਚ ਰਹੇ ਸਗੋਂ ਇਹੀ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਦਿੱਲੀ ਵਿਚ ਜਨਮੀ ‘ਆਪ’ ਸਰਕਾਰ ਹੁਣ ਪੰਜਾਬ ਵਿਚ ਆਪ ਹੀ ਪਰਾਲੀ ਨੂੰ ਸਾੜ ਰਹੀ ਹੈ। ਅਸੀ ਚੰਡੀਗੜ੍ਹ ਵਿਚ ਬੈਠੇ ਸੋਚਦੇ ਹਾਂ ਕਿ ਹਵਾ ਕਿਹੜਾ ਰਾਹ ਕਢਦੀ ਹੈ ਕਿ ਪੰਜਾਬ ਦਾ ਪ੍ਰਦੂਸ਼ਣ ਸਾਡੇ ਸ਼ਹਿਰਾਂ ਤੋਂ ਉੱਚਾ ਉਡ ਕੇ ਰਾਜਧਾਨੀ ਦਿੱਲੀ ਵਿਚ ਸਿੱਧਾ ਹੀ ਪਹੁੰਚ ਜਾਂਦਾ ਹੈ ਤੇ ਰਸਤੇ ਵਿਚ, ਨਾ ਪੰਜਾਬ ਨੂੰ ਕੁੱਝ ਕਹਿੰਦਾ ਹੈ, ਨਾ ਹਰਿਆਣਾ ਨੂੰ। ਕੁੱਝ ਤਾਂ ਹਵਾਵਾਂ ਦੇ ਰੁਖ਼ ਦਾ ਅਸਰ ਹੁੰਦਾ ਹੈ ਤੇ ਕੁੱਝ ਮੌਸਮ ਦੀਆਂ ਤਕਨੀਕੀ ਬਰੀਕੀਆਂ ਹੁੰਦੀਆਂ ਹਨ ਪਰ ਫਿਰ ਵੀ ਪੰਜਾਬ ਦੇ ਸ਼ਹਿਰਾਂ ਦੀ ਹਵਾ ਕਦੇ ਏਨੀ ਖ਼ਰਾਬ ਨਹੀਂ ਹੋਈ ਜਿੰਨੀ ਕਿ ਦਿੱਲੀ ਦੀ ਹੁੰਦੀ ਹੈ। ਇਹ ਕਿਸ ਤਰ੍ਹਾਂ ਮੰਨਿਆ ਜਾਵੇ ਕਿ ਹਰਿਆਣਾ, ਯੂਪੀ ਦੇ ਖੇਤਾਂ ਤੋਂ ਪਰਾਲੀ ਸਾੜਨ ਵਾਲੀ ਹਵਾ ਦਿੱਲੀ ਨਹੀਂ ਜਾਂਦੀ ਤੇ ਸਾਰੀ ਹਵਾ ਪੰਜਾਬ ਤੋਂ ਹੀ ਜਾਂਦੀ ਹੈ?

ਜਿਸ ਤਰ੍ਹਾਂ ਦੀ ਛੋਟੀ ਸੋਚ ਵਾਲੀ ਬਿਆਨਬਾਜ਼ੀ ਸਿਆਸੀ ਲੋਕ ਕਰ ਰਹੇ ਹਨ, ਉਸ ਦਾ ਵੀ ਮਾੜਾ ਅਸਰ ਇਸ ਮਸਲੇ ਨੂੰ ਹੋਰ ਜਟਿਲ ਬਣਾ ਦੇਂਦਾ ਹੈ ਕਿਉਂਕਿ ਜਿਨ੍ਹਾਂ ਹੱਥਾਂ ਵਿਚ ਤਾਕਤ ਹੈ ਤੇ ਜਿਨ੍ਹਾਂ ਹੱਥਾਂ ਨੇ ਦੁਬਿਧਾ ਦੂਰ ਕਰਨੀ ਹੈ, ਉਹ ਇਨ੍ਹਾਂ ਟਿਪਣੀਆਂ ਰਾਹੀਂ ਮਸਲੇ ਨੂੰ ਹੋਰ ਖਰਾਬ ਕਰ ਰਹੇ ਹਨ ਤਾਕਿ ਚੋਣਾਂ ਵਿਚ ਫ਼ਾਇਦਾ ਲੈ ਸਕਣ। ਸੱਭ ਤੋਂ ਪਹਿਲਾਂ ਤਾਂ ਇਸ ਮਸਲੇ ਨੂੰ ਟੀਵੀ ਚੈਨਲਾਂ ਦੇ ਵਿਚਾਰ ਵਟਾਂਦਰੇ ਤੋਂ ਹਟਾ ਕੇ ਸਿਆਣਿਆਂ ਨੂੰ ਹੱਲ ਕੱਢਣ ਦੇਣਾ ਚਾਹੀਦਾ ਹੈ। ਜੇ ਸਾਡੇ ਵਿਗਿਆਨੀ ਚੰਨ ’ਤੇ ਪਹੁੰਚ ਸਕਦੇ ਹਨ ਤਾਂ ਉਹ ਇਹ ਵੀ ਤਾਂ ਪਤਾ ਲਗਾ ਹੀ ਸਕਦੇ ਹਨ ਕਿ ਇਹ ਪ੍ਰਦੂਸ਼ਣ ਕਿਥੋਂ ਆ ਰਿਹਾ ਹੈ?

ਜੇ ਇਸ ਦਾ ਮੁੱਖ ਕਾਰਨ ਦਿੱਲੀ ਵਿਚ ਗੱਡੀਆਂ ਦੀ ਗਿਣਤੀ ਵਿਚ ਭਾਰੀ ਵਾਧਾ ਹੈ ਤਾਂ ਫਿਰ ਇਕ ਘਰ ਵਿਚ ਦੋ ਤੋਂ ਵੱਧ ਗੱਡੀਆਂ ਰੱਖਣ ’ਤੇ ਪਾਬੰਦੀ ਲਗਾ ਦਿਉੁ। ਫਿਰ ਉਸ ਪੈਸੇ ਨੂੰ ਉਥੇ ਇਸਤੇਮਾਲ ਕਰੋ ਜਿਥੋਂ ਪ੍ਰਦੂਸ਼ਣ ਆ ਰਿਹਾ ਹੈ। ਜੇ ਕਿਸਾਨ ਹਰਿਆਣਾ, ਯੂਪੀ ਜਾਂ ਪੰਜਾਬ ਵਿਚ ਫ਼ਸਲ ਦੀ ਕਟਾਈ ਕਰ ਰਿਹਾ ਹੈ ਤਾਂ ਫਿਰ ਉਨ੍ਹਾਂ ਵਾਸਤੇ ਪਰਾਲੀ ਦੀ ਸੰਭਾਲ ਕਰਨ ਵਾਲੀਆਂ ਮਸ਼ੀਨਾਂ ਖ਼ਰੀਦੋ।

ਦਿੱਲੀ ਦੀਆਂ ਅਣਗਣਿਤ ਕਾਰਾਂ, ਜੀਪਾਂ ਆਦਿ ਦਾ ਬਲਦਾ ਡੀਜ਼ਲ, ਪਟਰੌਲ ਉਸ ਨੂੰ ਉਡਦੀ ਹਵਾ ਵਿਚ ਪ੍ਰਦੂਸ਼ਣ ਦਾਖ਼ਲ ਕਰਨ ਦਾ ਸੱਭ ਤੋਂ ਵੱਡਾ ਕਾਰਨ ਬਣ ਰਹੇ ਹਨ ਤਾਂ ਦਿੱਲੀ ਦੇ ਚੱਪੇ-ਚੱਪੇ ਵਿਚ ਉਹ ਮਸ਼ੀਨਾਂ ਲਗਾਉ ਜਿਹੜੀਆਂ ਚੀਨ ਨੇ ਲਗਾ ਕੇ ਅਪਣੇ ਸ਼ਹਿਰ ਸਾਫ਼ ਕੀਤੇ ਹਨ ਪਰ ਧਿਆਨ ਕੇਵਲ ਹੱਲ ਕੱਢਣ ਉਤੇ ਹੀ ਕੇਂਦਰਿਤ ਕਰ ਦਿਉ। ਕਿਸਾਨ ਨੇ ਜਿਸ ਦਿਨ ਖੇਤੀ ਕਰਨੀ ਬੰਦ ਕਰ ਦਿਤੀ, ਭੁੱਖ ਨਾਲ ਤੜਪ ਤੜਪ ਕੇ ਮਰ ਜਾਵਾਂਗੇ। ਉਸ ਨੂੰ ਕਟਹਿਰੇ ਵਿਚ ਖੜਾ ਕਰ ਕੇ ਉਸ ਦਾ ਮਨੋਬਲ ਨਾ ਡੇਗੋ। ਕੁੱਝ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣੋਂ ਰੋਕਣ ਲਈ ਗਏ ਅਫ਼ਸਰ ਨਾਲ ਜੋ ਕੀਤਾ, ਉਸ ਪਿੱਛੇ ਕੰਮ ਕਰਦੀ ਉਨ੍ਹਾਂ ਦੀ ਬੇਬਸੀ ਨੂੰ ਵੀ ਵੇਖੋ। ਉਹ ਸਿਸਟਮ ਦਾ ਸਤਾਇਆ ਹੋਇਆ ਅਪਣੀ ਲਾਗਤ ਵੀ ਵਸੂਲ ਨਹੀਂ ਕਰ ਪਾ ਰਿਹਾ। ਵਾਤਾਵਰਣ ਵਾਸਤੇ ਅਮੀਰ ਮਰਸੀਡੀਜ਼ ਲੈਣ ਤੋਂ ਅਪਣੇ ਆਪ ਨੂੰ ਰੋਕ ਨਹੀਂ ਸਕਦਾ ਤਾਂ ਘਾਟੇ ਵਾਲੀ ਖੇਤੀ ਕਰਨ ਵਾਲਾ ਕਿਸਾਨ ਕਿਉਂ ਵਾਧੂ ਖ਼ਰਚਾ ਅਪਣੇ ਸਿਰ ਲਵੇ?         - ਨਿਮਰਤ ਕੌਰ