ਰਾਹੁਲ ਗਾਂਧੀ ਦੀ ਅਮਰੀਕੀ ਯਾਤਰਾ ਬਨਾਮ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਭਾਰਤ ਅਸਲੀ ਤਾਕਤ ਉਦੋਂ ਬਣੇਗਾ ਜਦ ਉਸ ਦਾ ਹਰ ਨਾਗਰਿਕ ਤਾਕਤਵਰ ਬਣ ਜਾਵੇਗਾ

Rahul Gandhi's US visit vs Narendra Modi's US visit (File Photo)

 

ਰਾਹੁਲ ਗਾਂਧੀ ਦਾ ਅਮਰੀਕੀ ਦੌਰਾ, ਸੜਕਾਂ ’ਤੇ ‘ਰਾਹੁਲ-ਰਾਹੁਲ’ ਨਹੀਂ ਕਰਵਾ ਰਿਹਾ ਜਿਵੇਂ ਨਰਿੰਦਰ ਮੋਦੀ ਦੇ ਦੌਰੇ ਸਮੇਂ ‘ਮੋਦੀ ਮੋਦੀ’ ਹੋਣ ਲਗਦੀ ਹੈ ਪਰ ਫਿਰ ਵੀ ਉਸ ਦੀ ਚਿੰਤਾ ਵਿਚ ਪ੍ਰਧਾਨ ਮੰਤਰੀ ਨੂੰ ਅਮਰੀਕੀ ਦੌਰੇ ਵਿਚ ਉਲਝਾਉਣ ਦੀ ਕਾਹਲ ਕੀਤੀ ਗਈ ਹੈ। ਇਹ ਦਰਸਾਉਂਦਾ ਹੈ ਕਿ ਰਾਹੁਲ ਗਾਂਧੀ ਦੇ ਵੱਡੇ ਬੁਧੀਜੀਵੀਆਂ ਨਾਲ ਵਿਚਾਰ ਵਟਾਂਦਰੇ ਤੋਂ ਘਬਰਾਹਟ ਨਾ ਸਿਰਫ਼ ਭਾਜਪਾ ਨੂੰ ਹੋ ਰਹੀ ਹੈ ਬਲਕਿ ਅਮਰੀਕੀ ਸਰਕਾਰ ਵੀ ਘਬਰਾ ਗਈ ਜਾਪਦੀ ਹੈ।

ਪਿਛਲੇ ਹਫ਼ਤੇ ਅਮਰੀਕੀ ਕੰਪਨੀ ਸਟੇਨਲੇਅ ਮੋਰਗਨ ਨੇ ਭਾਰਤ ਦੀ ਅਰਥ ਵਿਵਸਥਾ ਬਾਰੇ ਰੀਪੋਰਟ ਕਢੀ ਜੋ ਇਹ ਆਖਦੀ ਹੈ ਕਿ ਭਾਰਤ ਵਿਚ ਆਰਥਕ ਤਬਦੀਲੀ ਆਈ ਹੈ। ਅਮਰੀਕੀ ਵਿੱਤ ਸੰਸਥਾ, ਅੰਤਰ-ਰਾਸ਼ਟਰੀ ਪੱਧਰ ਤੋਂ ਏਨੀ ਸਫ਼ਲ ਹੈ ਕਿ ਇਸ ਦੀ ਅਪਣੀ ਸਾਲਾਨਾ ਆਮਦਨ ਕਈ ਦੇਸ਼ਾਂ ਦੀ ਆਮਦਨ ਨਾਲੋਂ ਜ਼ਿਆਦਾ ਹੈ। ਜਦ ਉਸ ਵਲੋਂ ਕਿਸੇ ਦੇਸ਼ ਦੀ ਸਰਕਾਰ ਪ੍ਰਤੀ ਅਜਿਹਾ ਪੱਖਪਾਤ ਵਿਖਾਇਆ ਜਾਂਦਾ ਹੈ ਤਾਂ ਵੋਟਰ ਨੂੰ ਸੋਚਣਾ ਪੈਂਦਾ ਹੈ ਕਿ ਇਕ ਆਰਥਕ ਮੁਨਾਫ਼ੇ ਤੇ ਚੱਲਣ ਵਾਲੀ ਕੰਪਨੀ ਇਸ ਤਰ੍ਹਾਂ ਕਿਸੇ ਦੇਸ਼ ਦੀ ਸਰਕਾਰ ਵਾਸਤੇ ਪ੍ਰਚਾਰ ਕਿਉਂ ਕਰ ਰਹੀ ਹੈ?

 

ਸਟੇਨਲੇਅ ਮੋਰਗਨ ਦੇ ਮਾਹਰਾਂ ਦੀ ਗੱਲਬਾਤ ਸੁਣੋ ਤਾਂ ਇਕ ਗੱਲ ਵਾਰ ਵਾਰ ਤੁਹਾਡੇ ਕੰਨਾਂ ਵਿਚ ਪਵੇਗੀ ਕਿ ਭਾਰਤ ਨੇ ਪਹਿਲਾਂ ਅਜਿਹੀ ਤਬਦੀਲੀ ਨਹੀਂ ਵੇਖੀ ਜਿੰਨੀ ਕਿ ਪਿਛਲੇ ਨੌਂ ਸਾਲਾਂ ਵਿਚ ਵੇਖੀ ਹੈ ਤੇ ਜੇ ਇਹ ਸਰਕਾਰ ਬਦਲ ਗਈ ਜਾਂ ਕਮਜ਼ੋਰ ਹੋ ਗਈ ਤਾਂ ਭਾਰਤ ਦੀ ਅਰਥ ਵਿਵਸਥਾ ਦੀ ਚੜ੍ਹਤ ਵੀ ਰੁਕ ਜਾਵੇਗੀ।
ਅਮਰੀਕੀ ਸਰਕਾਰ, ਅੱਜ ਨਹੀਂ ਬਲਕਿ ਹਮੇਸ਼ਾ ਹੀ ਦੂਜੇ ਦੇਸ਼ਾਂ ਵਿਚ ਦਖ਼ਲ ਦੇਂਦੀ ਆ ਰਹੀ ਹੈ। ਅਫ਼ਗ਼ਾਨਿਸਤਾਨ ਨਾਲ ਲੜਾਈ ਛੇੜ ਕੇ ਉਸ ਦੇ ਕੁਦਰਤੀ ਖ਼ਜ਼ਾਨੇ, ਪੀਲਾ ਸੋਨਾ, ਤੇਲ ਦੇ ਲਾਲਚ ਵਿਚ ਅਮਰੀਕਾ ਨੇ ਪੂਰਾ ਦੇਸ਼ ਹੀ ਤਬਾਹ ਕਰ ਦਿਤਾ।

ਵਿਅਤਨਾਮ ਵਿਚ ਜੰਗ ਸ਼ੁਰੂ ਕੀਤੀ ਗਈ ਕਿਉਂਕਿ ਅਮਰੀਕੀ ਲੋਕਾਂ ਦਾ ਧਿਆਨ ਘਰੇਲੂ ਹਾਲਾਤ ਵਲੋਂ ਹਟਾਉਣਾ ਸੀ। ਅਮਰੀਕਾ ਅਪਣੇ ਨਾਗਰਿਕਾਂ ਲਈ ਵਖਰਾ ਹੈ, ਉਨ੍ਹਾਂ ਦੇ ਹੱਕ ਵਖਰੇ ਹਨ ਪਰ ਜਦ ਦੁਨੀਆਂ ਵਿਚ ਅਪਣੀ ਤਾਕਤ ਸਥਾਪਤ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਸਰਕਾਰਾਂ ਬਣਾਉਣ ਤੇ ਢਾਹੁਣ ਵਿਚ ਅਪਣੀਆਂ ਚਾਲਾਂ ਚਲਣ ਵਿਚ ਕੋਈ ਕਸਰ ਨਹੀਂ ਛਡਦਾ। ਅਮਰੀਕਾ ਨੇ ਭਾਰਤ ਵਿਰੁਧ ਜਾ ਕੇ ਪਾਕਿਸਤਾਨ ਨੂੰ ਹਥਿਆਰਾਂ ਨਾਲ ਲੈਸ ਕੀਤਾ ਤੇ ਜਦ ਹੁਣ ਪਾਕਿਸਤਾਨ ਪੂਰੀ ਤਰ੍ਹਾਂ ਤਬਾਹੀ ਦੇ ਕੰਢੇ ਪਹੁੰਚ ਗਿਆ ਹੈ, ਹੁਣ ਰਿਸ਼ਤੇ ਭਾਰਤ ਨਾਲ ਬਣਾਏ ਜਾ ਰਹੇ ਹਨ।

ਭਾਰਤ ਅਸਲੀ ਤਾਕਤ ਉਦੋਂ ਬਣੇਗਾ ਜਦ ਉਸ ਦਾ ਹਰ ਨਾਗਰਿਕ ਤਾਕਤਵਰ ਬਣ ਜਾਵੇਗਾ ਤੇ ਫਿਰ ਕਿਸੇ ਸਟੇਨਲੇਅ ਮੋਰਗਨ ਨੂੰ ਦਸਣਾ ਨਹੀਂ ਪਵੇਗਾ ਕਿ ਸਾਡੇ ਦੇਸ਼ ਦੀ ਅਰਥ ਵਿਵਸਥਾ ਕਿਸ ਰਾਹ ਚਲ ਰਹੀ ਹੈ। ਸਾਨੂੰ ਪਤਾ ਹੋਵੇਗਾ ਕਿਉਂਕਿ ਸਾਡੀਆਂ ਜੇਬਾਂ ਵਿਚ ਪੈਸਾ ਬੋਲੇਗਾ। ਸਟੇਨਲੇਅ ਮੋਰਗਨ ਦੇ ਮਾਹਰ ਵੀ ਮੰਨਦੇ ਹਨ ਕਿ ਅਜੇ ਭਾਰਤ ਵਿਚ ਗ਼ਰੀਬੀ ਹੈ ਪਰ ਉਹ ਵੀ ਸਰਕਾਰ ਵਾਂਗ ਆਖਦੇ ਹਨ ਕਿ ਅਜੇ ਪਹਿਲਾਂ ਕੁੱਝ ਕੁ ਨੂੰ ਅਮੀਰ ਹੋਣ ਦੇਵੋ, 10-15 ਸਾਲ ਵਿਚ ਹੇਠਲਿਆਂ ਕੋਲ ਪੈਸਾ ਵੀ ਆ ਜਾਵੇਗਾ।

ਅੱਜ ਭਾਰਤ ਦੀ ਹਕੀਕਤ ਦਾ ਅਸਲ ਮਾਪਦੰਡ ਤੁਸੀ ਆਪ ਹੋ। ਤੁਹਾਨੂੰ ਪਤਾ ਹੈ ਕਿ ਕਾਰਪੋਰੇਟ ਦਾ ਟੈਕਸ ਘੱਟ ਕਰ ਕੇ, ਆਮ ਜਨਤਾ ਤੋਂ ਵਾਧੂ ਟੈਕਸ ਲਿਆ ਜਾ ਰਿਹਾ ਹੈ। ਕੀ ਤੁਸੀ ਇਸ ਵਿਵਸਥਾ ਨਾਲ ਸਹਿਮਤ ਹੋ ਕਿ ਪਹਿਲੇ ਤਿੰਨ ਚਾਰ ਮਿੱਤਰ ਅਮੀਰ ਬਣ ਜਾਣ ਤੇ ਫਿਰ ਸਾਡੀ ਵਾਰੀ ਵੀ ਆ ਜਾਵੇਗੀ? ਕੀ ਤੁਸੀ ਆਪ ਫ਼ੈਸਲੇ ਲਵੋਗੇ ਜਾਂ ਸਟੇਨਲੇਅ ਮੋਰਗਨ ਦੱਸੇਗਾ?
- ਨਿਮਰਤ ਕੌਰ