ਪ੍ਰਣਬ ਮੁਖਰਜੀ ਨੂੰ ਆਰ.ਐਸ.ਐਸ. ਦੇ ਵਿਹੜੇ ਵਿਚ ਬੁਲਾ ਕੇ 'ਹਿੰਦੂਤਵੀ' ਸੰਸਥਾ ਕੀ ਸਾਬਤ ਕਰਨਾ ਸੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਜੋ ਤਸਵੀਰ ਦਿਸ ਰਹੀ ਹੈ, ਉਸ ਦੇ ਮੁਕਾਬਲੇ ਅਸਲ ਤਸਵੀਰ ਕੁੱਝ ਹੋਰ ਹੀ ਜਾਪਦੀ ਹੈ। ਆਰ.ਐਸ.ਐਸ. ਧੁਰ ਅੰਦਰ ਤੋਂ ਘਬਰਾਈ ਹੋਈ ਹੈ ਜੋ ਅਪਣੀ ਪਛਾਣ ਵਾਸਤੇ...

Parnab Mukherjee

ਜੋ ਤਸਵੀਰ ਦਿਸ ਰਹੀ ਹੈ, ਉਸ ਦੇ ਮੁਕਾਬਲੇ ਅਸਲ ਤਸਵੀਰ ਕੁੱਝ ਹੋਰ ਹੀ ਜਾਪਦੀ ਹੈ। ਆਰ.ਐਸ.ਐਸ. ਧੁਰ ਅੰਦਰ ਤੋਂ ਘਬਰਾਈ ਹੋਈ ਹੈ ਜੋ ਅਪਣੀ ਪਛਾਣ ਵਾਸਤੇ ਵਿਰੋਧੀ ਵਿਚਾਰਧਾਰਾ ਵਾਲੇ ਕੁੱਝ ਪਤਵੰਤਿਆਂ ਨੂੰ ਸਨਮਾਨਤ ਕਰ ਕੇ, ਉਨ੍ਹਾਂ ਕੋਲੋਂ ਪ੍ਰਵਾਨਗੀ ਦੀ ਮੋਹਰ ਲਵਾਉਣਾ ਚਾਹੁੰਦੀ ਹੈ। ਜਦੋਂ ਕੋਈ ਅਪਣੇ ਆਪ ਤੋਂ ਸੰਤੁਸ਼ਟ ਹੁੰਦਾ ਹੈ ਤਾਂ ਉਹ ਕਿਸੇ ਗ਼ੈਰ ਦੀ ਪ੍ਰਵਾਨਗੀ ਦੀ ਮੋਹਰ ਲਈ ਹੱਥ ਪੈਰ ਨਹੀਂ ਮਾਰਦਾ।

ਪ੍ਰਣਬ ਮੁਖਰਜੀ ਭਾਰਤ ਦੇ ਪਹਿਲੇ ਰਾਸ਼ਟਰਪਤੀ ਨਹੀਂ ਹਨ ਜੋ ਆਰ.ਐਸ.ਐਸ. ਦੇ ਵਿਹੜੇ ਵਿਚ ਗਏ। ਸਾਬਕਾ ਰਾਸ਼ਟਰਪਤੀ ਡਾ. ਅਬਦੁਲ ਕਲਾਮ 2006 ਵਿਚ ਅਤੇ ਮੁੜ 2014 ਵਿਚ ਨਾਗਪੁਰ ਗਏ ਸਨ। ਮਹਾਤਮਾ ਗਾਂਧੀ ਅਤੇ ਇੰਦਰਾ ਗਾਂਧੀ ਵੀ ਸੰਘ ਦੇ ਪ੍ਰੋਗਰਾਮਾਂ 'ਚ ਸ਼ਾਮਲ ਹੋਣ ਲਈ ਗਏ ਸਨ। 1963 ਦੀ ਗਣਤੰਤਰ ਦਿਵਸ ਪਰੇਡ ਵਿਚ 3 ਹਜ਼ਾਰ ਸਵੈਮਸੇਵਕਾਂ ਨੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਸੱਦੇ ਤੇ ਹਿੱਸਾ ਲਿਆ ਸੀ। ਪਰ ਪ੍ਰਣਬ ਮੁਖਰਜੀ ਦੇ ਜਾਣ ਨਾਲ ਏਨੀ ਚਰਚਾ ਕਿਉਂ ਛਿੜ ਪਈ ਹੈ? ਕਾਂਗਰਸ ਵਿਚ ਤਾਂ ਘਬਰਾਹਟ ਹੀ ਫੈਲ ਗਈ ਸੀ।

ਪ੍ਰਣਬ ਮੁਖਰਜੀ ਦੀ ਬੇਟੀ ਨੇ ਉਨ੍ਹਾਂ ਨੂੰ ਰੋਕਣ ਲਈ ਸੋਸ਼ਲ ਮੀਡੀਆ ਉਤੇ ਸੁਨੇਹਾ ਪਾਇਆ। ਉਨ੍ਹਾਂ ਨੂੰ ਡਰ ਸੀ ਕਿ ਕੋਈ ਲਫ਼ਜ਼ਾਂ ਨੂੰ ਯਾਦ ਨਹੀਂ ਰਖੇਗਾ ਪਰ ਪ੍ਰਣਬ ਮੁਖਰਜੀ ਵਲੋਂ ਆਰ.ਐਸ.ਐਸ. ਦੇ ਪ੍ਰੋਗਰਾਮ ਵਿਚ ਸ਼ਮੂਲੀਅਤ ਦੀਆਂ ਤਸਵੀਰਾਂ ਨੂੰ ਜ਼ਿੰਦਗੀ ਭਰ ਉਛਾਲਿਆ ਜਾਂਦਾ ਰਹੇਗਾ। ਅਗਲੇ ਦਿਨ ਹੀ ਜਦੋਂ ਪ੍ਰਣਬ ਮੁਖਰਜੀ ਦੀਆਂ ਤਸਵੀਰਾਂ ਨਾਲ ਛੇੜਛਾੜ ਸ਼ੁਰੂ ਹੋ ਗਈ ਅਤੇ ਉਨ੍ਹਾਂ ਨੂੰ ਆਰ.ਐਸ.ਐਸ. ਦੀ ਟੋਪੀ ਪਾਈ, ਆਰ.ਐਸ.ਐਸ. ਦਾ ਸਲੂਟ ਕਰਦਿਆਂ ਵਿਖਾਇਆ ਗਿਆ ਤਾਂ ਬੇਟੀ ਦਾ ਡਰ ਸਹੀ ਸਾਬਤ ਹੋਇਆ।

ਅੱਜ ਭਾਜਪਾ ਦੇ ਖ਼ੇਮੇ ਵਿਚ ਖ਼ੁਸ਼ੀ ਹੈ ਅਤੇ ਆਰ.ਐਸ.ਐਸ. ਦੇ ਆਗੂਆਂ ਅੰਦਰ ਸੰਤੁਸ਼ਟੀ ਹੈ ਜਦਕਿ ਕਾਂਗਰਸ ਦੇ ਖ਼ੇਮੇ ਵਿਚ ਘਬਰਾਹਟ ਹੈ। ਕੀ ਇਹ ਸੱਭ ਸਹੀ ਅਹਿਸਾਸ ਹਨ? ਕੀ ਆਰ.ਐਸ.ਐਸ. ਵਿਚ ਜਾ ਕੇ ਪ੍ਰਣਬ ਮੁਖਰਜੀ ਵਲੋਂ ਕੀਤੇ ਭਾਸ਼ਣ ਨਾਲ ਹਿੰਦੂਤਵ ਵਾਲੀ ਸੋਚ ਨੂੰ ਹਮਾਇਤ ਮਿਲ ਗਈ ਹੈ? ਕੀ ਕਾਂਗਰਸ ਦੀ ਹਾਰ-ਜਿੱਤ ਆਰ.ਐਸ.ਐਸ. ਦੀ ਸੋਚ ਉਤੇ ਹੀ ਨਿਰਭਰ ਹੈ? ਕੀ ਲਫ਼ਜ਼ਾਂ ਅਤੇ ਕਰਮਾਂ ਵਿਚ ਕੋਈ ਫ਼ਰਕ ਨਹੀਂ? ਕੀ ਨਫ਼ਰਤ ਦੇ ਫ਼ਲਸਫ਼ੇ ਉਤੇ ਖੜੀ ਇਕ ਸੰਸਥਾ, ਭਾਰਤ ਦੀ ਧਰਮ-ਨਿਰਪੱਖ ਵਿਚਾਰਧਾਰਾ ਉਤੇ ਹਾਵੀ ਹੋਣ ਦੀ ਤਾਕਤ ਰਖਦੀ ਹੈ?

ਆਰ.ਐਸ.ਐਸ. ਵਾਲੇ ਭਾਵੇਂ ਕੁੱਝ ਵੀ ਕਹੀ ਜਾਣ, ਉਨ੍ਹਾਂ ਦੀ ਸੋਚ ਵਿਚਲੀ ਮੁਗ਼ਲ ਸ਼ਾਸਕਾਂ ਪ੍ਰਤੀ ਨਫ਼ਰਤ, ਉਨ੍ਹਾਂ ਦੀ ਹੋਂਦ ਦਾ ਇਕ ਬਹਾਨਾ ਬਣ ਗਈ ਹੈ। ਇਸ ਨਫ਼ਰਤ ਨੇ ਉਨ੍ਹਾਂ ਨੂੰ ਇਤਿਹਾਸ ਪ੍ਰਤੀ ਸੌੜਾ ਦ੍ਰਿਸ਼ਟੀਕੋਣ ਅਪਣਾਉਣ ਲਈ ਮਜਬੂਰ ਕਰ ਦਿਤਾ ਹੈ ਤੇ ਇਸ ਦੇ ਨਤੀਜੇ ਵਜੋਂ, ਉਹ ਇਕ ਕੱਟੜ ਸੰਸਥਾ ਬਣ ਗਈ ਹੈ। ਇਸੇ ਦ੍ਰਿਸ਼ਟੀਕੋਣ ਕਰ ਕੇ, ਅੱਜ ਉਹ ਚਾਹੁੰਦੇ ਹੋਏ ਵੀ ਅਪਣੇ ਹੀ ਸ਼ਬਦਾਂ ਉਤੇ ਅਮਲ ਨਹੀਂ ਕਰ ਸਕਦੇ। ਉਹ ਗੱਲ ਤਾਂ ਸਾਰੇ ਦੇਸ਼ ਦੀ ਚੜ੍ਹਤ ਦੀ ਕਰਦੇ ਹਨ ਪਰ ਉਨ੍ਹਾਂ ਦੇ ਕਦਮ ਉਨ੍ਹਾਂ ਦੇ ਅਪਣੇ ਸ਼ਬਦਾਂ ਤੋਂ ਉਲਟ ਚਲਦੇ ਹਨ।

ਆਰ.ਐਸ.ਐਸ. ਅਤੇ ਭਾਜਪਾ ਨੇ ਭਾਰਤ ਦੇ ਸਭਿਆਚਾਰ ਨੂੰ ਦੁਨੀਆਂ ਵਿਚ ਚਮਕਾਉਣ ਦਾ ਸੁਪਨਾ ਵੇਖਿਆ ਪਰ ਉਨ੍ਹਾਂ ਦੇ ਤੰਗ ਦ੍ਰਿਸ਼ਟੀਕੋਣ ਕਰ ਕੇ ਉਨ੍ਹਾਂ ਨੇ ਦੁਨੀਆਂ ਭਰ ਵਿਚ ਭਾਰਤ ਦੀ ਖਿੱਲੀ ਉਡਵਾ ਦਿਤੀ। ਚਾਹੇ ਉਹ ਬਾਹਰੋਂ ਕੁੱਝ ਵੀ ਆਖ ਲੈਣ, ਅਪਣੇ ਆਪ ਵਿਚ ਤਾਂ ਉਹ ਅਪਣੀ ਇਸ ਹਾਰ ਤੋਂ ਵਾਕਫ਼ ਹੀ ਹੋਣਗੇ। ਅੱਜ ਉਨ੍ਹਾਂ ਕੋਲ ਸੱਤਾ ਹੈ, ਤਾਕਤ ਹੈ, ਪਰ ਫਿਰ ਵੀ ਉਹ ਕਾਂਗਰਸ ਦੇ ਇਕ ਨੇਤਾ ਦੀ ਮੋਹਰ ਛਾਪ ਲਗਵਾਉਣ ਲਈ ਏਨੇ ਉਤਾਵਲੇ ਕਿਉਂ ਹਨ? ਉਨ੍ਹਾਂ ਵਾਸਤੇ ਕਿਉਂ ਜ਼ਰੂਰੀ ਸੀ ਕਿ ਪ੍ਰਣਬ ਮੁਖਰਜੀ ਉਨ੍ਹਾਂ ਦੇ ਪ੍ਰੋਗਰਾਮ 'ਚ ਆਉਣ ਅਤੇ ਉਨ੍ਹਾਂ ਦੀ ਹੋਂਦ ਨੂੰ ਅਪਣੀ ਪ੍ਰਵਾਨਗੀ ਦੇਣ?

ਉਨ੍ਹਾਂ ਵਾਸਤੇ ਕਿਉਂ ਜ਼ਰੂਰੀ ਹੋ ਗਿਆ ਸੀ ਕਿ ਇਕ ਸਿੱਖ ਚਿਹਰੇ ਨੂੰ ਸੱਭ ਤੋਂ ਅੱਗੇ ਰੱਖਣ? ਉਨ੍ਹਾਂ ਨੂੰ ਅੱਜ ਜਾਪਦਾ ਹੈ ਕਿ ਉਨ੍ਹਾਂ ਦਾ ਲੋੜ ਤੋਂ ਵੱਧ ਨਜ਼ਰ ਆਉਂਦਾ ਹਿੰਦੂ ਚਿਹਰਾ, ਦੂਜਿਆਂ ਨੂੰ ਡਰਾਉਣ ਲੱਗ ਪਿਆ ਹੈ ਅਤੇ ਵਿਖਾਵੇ ਵਜੋਂ ਉਨ੍ਹਾਂ ਦੀ ਸਟੇਜ ਤੋਂ ਕੁੱਝ ਅਜਿਹਾ ਵੀ ਨਜ਼ਰ ਆਉਣਾ ਚਾਹੀਦਾ ਹੈ ਜਿਸ ਨੂੰ ਵਿਖਾ ਕੇ, ਅਪਣੇ ਅੰਦਰ ਕੋਈ ਤਬਦੀਲੀ ਲਿਆਏ ਬਿਨਾਂ, ਉਹ ਲੋਕਾਂ ਦਾ ਡਰ ਕੁੱਝ ਘੱਟ ਕਰ ਸਕਣ।

ਜੋ ਤਸਵੀਰ ਦਿਸ ਰਹੀ ਹੈ, ਉਸ ਦੇ ਮੁਕਾਬਲੇ ਅਸਲ ਤਸਵੀਰ ਕੁੱਝ ਹੋਰ ਹੀ ਜਾਪਦੀ ਹੈ। ਆਰ.ਐਸ.ਐਸ. ਧੁਰ ਅੰਦਰ ਤੋਂ ਘਬਰਾਈ ਹੋਈ ਹੈ ਜੋ ਅਪਣੀ ਪਛਾਣ ਵਾਸਤੇ ਵਿਰੋਧੀ ਵਿਚਾਰਧਾਰਾ ਵਾਲੇ ਕੁੱਝ ਪਤਵੰਤਿਆਂ ਨੂੰ ਸਨਮਾਨਤ ਕਰ ਕੇ, ਉਨ੍ਹਾਂ ਕੋਲੋਂ ਪ੍ਰਵਾਨਗੀ ਦੀ ਮੋਹਰ ਲਵਾਉਣਾ ਚਾਹੁੰਦੀ ਹੈ। ਜਦੋਂ ਕੋਈ ਅਪਣੇ ਆਪ ਤੋਂ ਸੰਤੁਸ਼ਟ ਹੁੰਦਾ ਹੈ ਤਾਂ ਉਹ ਕਿਸੇ ਗ਼ੈਰ ਦੀ ਪ੍ਰਵਾਨਗੀ ਦੀ ਮੋਹਰ ਲਵਾਉਣ ਲਈ ਹੱਥ ਪੈਰ ਨਹੀਂ ਮਾਰਦਾ।

ਅੱਜ ਦੇਸ਼ ਵਿਚ ਜੋ ਸਥਿਤੀ ਬਣ ਚੁੱਕੀ ਹੈ, ਸੱਭ ਨੂੰ ਅਪਣੀ ਅਪਣੀ ਸੋਚ ਨੂੰ ਟਟੋਲਣ ਦੀ ਜ਼ਰੂਰਤ ਹੈ। ਕੀ ਨਫ਼ਰਤ ਦੀ ਉੱਚੀ ਦੀਵਾਰ ਤੇ ਖੜੀ ਸੋਚ, ਅਖ਼ੀਰ ਉਸ ਨਫ਼ਰਤ ਦਾ ਅਸਰ ਅਪਣੇ ਆਪ ਉਤੇ ਹੀ ਹੁੰਦਾ ਮਹਿਸੂਸ ਨਹੀਂ ਕਰ ਰਹੀ? ਅੱਜ ਭਾਰਤ ਦੀ ਆਰਥਕ, ਸਭਿਆਚਾਰਕ ਆਜ਼ਾਦੀ ਵਿਚ ਗਿਰਾਵਟ ਉਨ੍ਹਾਂ ਨੂੰ ਵੀ ਮਹਿਸੂਸ ਹੋ ਰਹੀ ਹੋਵੇਗੀ ਜਿਨ੍ਹਾਂ ਦੀ ਵਿਚਾਰਧਾਰਾ ਖ਼ੁਦ ਇਸ ਗਿਰਾਵਟ ਲਈ ਜ਼ਿੰਮੇਵਾਰ ਹੈ।

ਪ੍ਰਣਬ ਮੁਖਰਜੀ ਨੇ ਨਾਗਪੁਰ ਵਿਚ ਜਾ ਕੇ ਕੋਈ ਵੱਡੇ ਸ਼ਬਦ ਨਹੀਂ ਬੋਲੇ ਪਰ ਉਨ੍ਹਾਂ ਨੇ ਬਰਦਾਸ਼ਤ ਦਾ ਵੱਡਾ ਨਮੂਨਾ ਪੇਸ਼ ਕੀਤਾ। ਸਮਾਜਕ ਨਫ਼ਰਤ ਦਾ ਅੰਤ ਸਿਰਫ਼ ਸਿਆਸੀ ਹਾਰ-ਜਿੱਤ ਨਹੀਂ ਹੁੰਦਾ ਬਲਕਿ ਪਿਆਰ ਅਤੇ ਸਹਿਣਸ਼ੀਲਤਾ ਹੁੰਦਾ ਹੈ। ਆਰ.ਐਸ.ਐਸ. ਦੇ ਸੰਚਾਲਕ ਵੀ ਓਨੇ ਹੀ ਭਾਰਤੀ ਹਨ ਜਿੰਨੇ ਉਨ੍ਹਾਂ ਨੂੰ ਨਾ ਮੰਨਣ ਵਾਲੇ।

ਜਦੋਂ ਦੋ ਪਾਸਿਆਂ ਨੂੰ ਵੰਡਣ ਵਾਲੀਆਂ ਲਕੀਰਾਂ ਘਟਣਗੀਆਂ ਤਾਂ ਹੀ ਨਫ਼ਰਤ ਘਟੇਗੀ। ਸ਼ਾਇਦ ਇਸ ਦਾ ਥੋੜੇ ਸਮੇਂ ਵਿਚ ਕੁੱਝ ਦੁਰਉਪਯੋਗ ਹੋ ਜਾਵੇ ਪਰ ਭਾਰਤ ਨੂੰ ਅਪਣੀ ਸਚਾਈ ਤੇ ਗਹਿਰਾਈ ਬਾਰੇ ਗੱਲਬਾਤ ਕਰਨੀ ਪਵੇਗੀ ਤਾਕਿ ਆਉਣ ਵਾਲੇ ਸਮੇਂ ਵਿਚ ਇਕ ਅਜਿਹਾ ਦੇਸ਼ ਬਣ ਸਕੇ ਜਿਸ ਵਿਚ ਹਰ ਇਨਸਾਨ ਸਚਮੁਚ ਦਾ ਆਜ਼ਾਦ ਹੋਵੇ। -ਨਿਮਰਤ ਕੌਰ