ਨੌਜੁਆਨ ਕਿਉਂ ਖ਼ੁਦਕੁਸ਼ੀਆਂ ਕਰਨ ਲੱਗ ਪਏ ਹਨ? ਸਮਾਜ ਲਈ ਗੰਭੀਰ ਹੋ ਕੇ ਸੋਚਣ ਦਾ ਸਮਾਂ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਐਨ.ਸੀ.ਆਰ.ਬੀ ਵਲੋਂ ਪੇਸ਼ ਕੀਤਾ ਖ਼ੁਦਕੁਸ਼ੀ ਦੇ ਅੰਕੜਿਆਂ ਦਾ ਵੇਰਵਾ ਕਈ ਗੱਲਾਂ ਦਾ ਸੰਕੇਤ ਦਿੰਦਾ ਹੈ

FILE PHOTO

ਐਨ.ਸੀ.ਆਰ.ਬੀ ਵਲੋਂ ਪੇਸ਼ ਕੀਤਾ ਖ਼ੁਦਕੁਸ਼ੀ ਦੇ ਅੰਕੜਿਆਂ ਦਾ ਵੇਰਵਾ ਕਈ ਗੱਲਾਂ ਦਾ ਸੰਕੇਤ ਦਿੰਦਾ ਹੈ। ਪਰ ਇਨ੍ਹਾਂ ਸਾਰਿਆਂ ਤੋਂ ਇਕ ਗੱਲ ਸਾਫ਼ ਹੋ ਜਾਂਦੀ ਹੈ ਕਿ ਸਾਡਾ ਦੇਸ਼ ਇਕ ਬਹੁਤ ਹੀ ਉਦਾਸ ਦੇਸ਼ ਹੈ। ਜਿਸ ਦੇਸ਼ ਵਿਚ ਕਈ ਧਾਰਮਕ ਵਿਚਾਰਧਰਾਵਾਂ ਨੇ ਜਨਮ ਲਿਆ ਹੋਵੇ, ਉਸ ਦੇਸ਼ ਦੇ ਲੋਕ ਏਨੇ ਨਾ-ਉਮੀਦੇ ਕਿਉਂ ਹੋ ਰਹੇ ਹਨ? ਕਿਉਂ ਉਹ ਅਪਣੀ ਜਾਨ ਲੈਣ ਨੂੰ ਮਨਮਰਜ਼ੀ ਦੀ ਗੱਲ ਸਮਝਣ ਲੱਗ ਪਏ ਹਨ? ਦੁਨੀਆਂ ਨੂੰ ਧਰਮ ਦਾ ਗਿਆਨ ਸਿਖਾਉਣ ਵਾਲੇ ਦੇਸ਼ ਅਪਣੇ ਵਸਨੀਕਾਂ ਦੇ ਮਨੋਬਲ ਨੂੰ ਮਜ਼ਬੂਤ ਕਿਉਂ ਨਹੀਂ ਬਣਾ ਸਕੇ?

ਅੰਕੜੇ ਇਕ ਬੜੀ ਸਾਫ਼ ਤਸਵੀਰ ਵਿਖਾਉਂਦੇ ਹਨ ਕਿ ਅਸੀ ਇਕ ਦੂਜੇ ਦਾ ਧਿਆਨ ਰੱਖਣ ਵਾਲੇ ਸਮਾਜ ਵਾਂਗ ਰਹਿਣਾ ਹੀ ਨਹੀਂ ਚਾਹੁੰਦੇ। ਖ਼ੁਦਕੁਸ਼ੀ ਕਰਨ ਵਾਲਿਆਂ ਵਿਚ 23.4 ਫ਼ੀ ਸਦੀ ਦਿਹਾੜੀਦਾਰ ਹਨ, ਜਿਨ੍ਹਾਂ ਦੀ ਗਿਣਤੀ 2013 ਤੋਂ 2019 ਵਿਚਕਾਰ ਦੁਗਣੀ ਹੋ ਚੁੱਕੀ ਹੈ। ਇਸ ਵਿਚ ਹਾਲੇ ਖੇਤ ਮਜ਼ਦੂਰ ਸ਼ਾਮਲ ਨਹੀਂ ਹਨ। 1.39 ਲੱਖ ਖ਼ੁਦਕੁਸ਼ੀਆਂ ਕਰਨ ਵਾਲਿਆਂ ਵਿਚ 90 ਹਜ਼ਾਰ ਨੌਜੁਆਨ ਸਨ, ਜੋ ਸੱਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਹੈ।

2018 ਦੇ ਮੁਕਾਬਲੇ ਖ਼ੁਦਕੁਸ਼ੀ ਕਰਨ ਵਾਲਿਆਂ ਦੀ ਗਿਣਤੀ 3.4 ਫ਼ੀ ਸਦੀ ਵਧੀ ਹੈ ਤੇ ਇਸ ਵਿਚ 4 ਫ਼ੀ ਸਦੀ ਨੌਜੁਆਨਾਂ ਦੀ ਗਿਣਤੀ ਵਧੀ ਹੈ। ਇਹ ਵੀ ਖ਼ਿਆਲ ਰੱਖੋ ਕਿ ਇਹ 2019 ਦਾ ਅੰਕੜਾ ਹੈ ਤੇ ਉਸ ਵਕਤ ਮਹਾਂਮਾਰੀ ਅਜੇ ਸ਼ੁਰੂ ਨਹੀਂ ਸੀ ਹੋਈ ਤੇ ਇਹ ਅੰਕੜੇ ਹਾਲੇ ਅਧੂਰੇ ਹਨ। ਅਸੀ ਅਪਣੇ ਆਸ-ਪਾਸ ਕੋਈ ਨਾ ਕੋਈ ਅਜਿਹਾ ਕੇਸ ਵੀ ਜਾਣਦੇ ਹੋਵਾਂਗੇ ਜਿਥੇ ਪ੍ਰਵਾਰਕ ਮੈਂਬਰ 'ਲੋਕ ਕੀ ਕਹਿਣਗੇ?' ਦੇ ਡਰੋਂ ਅਸਲੀਅਤ ਛੁਪਾਈ ਰਖਦੇ ਹਨ।

ਅੱਜ ਦੇ ਦਿਨ ਖ਼ੁਦਕੁਸ਼ੀ ਦੀ ਗੱਲ ਕਰੀਏ ਤਾਂ ਸਿਰਫ਼ ਸੁਸ਼ਾਂਤ ਸਿੰਘ ਰਾਜਪੂਤ ਦੀ ਗੱਲ ਆ ਜਾਂਦੀ ਹੈ ਪਰ ਉਸ ਨੂੰ ਨਾ ਛੇੜੀਏ ਕਿਉਂਕਿ ਉਸ ਪਿੱਛੇ ਪੂਰੀ ਬਿਹਾਰ ਦੀ ਸਿਆਸਤ, ਕੇਂਦਰ ਦੇ ਗ੍ਰਹਿ ਮੰਤਰੀ, ਸੀ.ਬੀ.ਆਈ., ਈ.ਡੀ. ਤੇ ਕੰਗਣਾ ਰਨੌਤ ਦੀ ਦਾਨਵ ਸੇਨਾ ਤੇ ਸਨਸਨੀ ਖ਼ੇਜ਼ ਮੀਡੀਆ ਜੁਟੇ ਹੋਏ ਹਨ। ਗੱਲ ਕਰੀਏ ਆਮ ਇਨਸਾਨ ਦੀ ਜੋ ਅੱਜ ਏਨਾ ਬੇਵਸ ਹੋਇਆ ਮਹਿਸੂਸ ਕਰ ਰਿਹਾ ਹੈ ਕਿ ਉਹ ਇਸ ਦੁਨੀਆਂ ਤੋਂ ਹੀ ਭੱਜ ਜਾਣਾ ਚਾਹੁੰਦਾ ਹੈ।

ਹਾਲ ਹੀ ਵਿਚ ਮੁਹਾਲੀ ਨੇੜੇ ਇਕ ਆਮ ਪ੍ਰਵਾਰ ਦੇ ਨੌਜੁਆਨ ਨੇ ਖ਼ੁਦਕੁਸ਼ੀ ਦਾ ਰਾਹ ਚੁਣਿਆ। ਉਸ ਨੇ ਇਹ ਕਦਮ ਇਸ ਲਈ ਚੁਕਿਆ ਕਿਉਂਕਿ ਉਹ ਸਿਸਟਮ ਸਾਹਮਣੇ ਜ਼ਲੀਲ ਤੇ ਬੇਵਸ ਹੋ ਗਿਆ ਸੀ। ਪਿੰਡ ਦੀ ਸਰਪੰਚਣੀ ਨਾਲ ਚਲਦੇ ਵਿਵਾਦ ਕਾਰਨ ਬਿਨਾਂ ਕੋਈ ਵੱਡਾ ਗੁਨਾਹ ਕੀਤੇ, ਹਾਰ ਮੰਨਣ ਲਈ ਮਜਬੂਰ ਹੋਣਾ ਪਿਆ ਤੇ ਉਸ ਨੂੰ ਅਪਣੀ ਪੱਗ ਨੇਤਾ ਬੀਬੀ ਤੇ ਉਸ ਦੇ ਪਤੀ ਦੇ ਪੈਰਾਂ ਤੇ ਰੱਖ ਕੇ ਮਾਫ਼ੀ ਮੰਗਣੀ ਪਈ।

ਨੇਤਾ-ਬੀਬੀ ਨੇ ਸਿਰਫ਼ ਉਸ ਦੀ ਪੱਗ ਨੂੰ ਹੀ ਨਹੀਂ, ਇਸ ਨੌਜੁਆਨ ਦੀ ਰੂਹ ਨੂੰ ਵੀ ਸੱਟ ਮਾਰੀ ਤੇ ਉਸ ਦੀ ਹਾਰ ਤੇ ਨੇਤਾ-ਬੀਬੀ ਦੇ ਹੱਸਣ ਦੀ ਆਵਾਜ਼ ਨੇ, ਸ਼ਾਇਦ ਉਸ ਨੂੰ ਅੰਦਰੋਂ ਤੋੜ ਦਿਤਾ ਸੀ। ਉਤੋਂ ਨਿਆਂ ਦੀ ਆਸ ਵੀ ਨਹੀਂ ਸੀ ਮਿਲ ਰਹੀ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਦਾ ਰਾਹ ਚੁਣਿਆ। ਇਸ ਮਾਮਲੇ ਵਿਚ ਨਾ ਸੀ.ਬੀਆਈ, ਨਾ ਈ.ਡੀ., ਨਾ ਕੋਈ ਸਿੱਟ, ਨਾ ਪੰਜਾਬ ਪੁਲਿਸ ਹੀ ਕੋਈ ਖ਼ਾਸ ਦਿਲਚਸਪੀ ਲਵੇਗੀ।

ਪਰ ਇਹ ਹਨ ਅਸਲ ਮਜਬੂਰੀਆਂ, ਜਿਥੇ ਜਿਊਂਦੇ ਜੀਅ ਤਾਂ ਇੱਜ਼ਤ ਬਹਾਲ ਕਿਥੋਂ ਹੋਣੀ ਸੀ, ਮਰਨ ਤੋਂ ਬਾਅਦ ਵੀ ਕੋਈ ਕਦਰ ਨਹੀਂ ਪੈਂਦੀ। ਇਹ ਜੋ ਇਕ ਲੱਖ 39 ਹਜ਼ਾਰ ਖ਼ੁਦਕੁਸ਼ੀਆਂ ਦਾ ਅੰਕੜਾ ਹੈ, ਇਨ੍ਹਾਂ ਵਿਚੋਂ ਸੁਸ਼ਾਂਤ ਵਰਗਾ ਵਿਰਲਾ ਹੀ ਕੋਈ ਹੋਵੇਗਾ। ਬਾਕੀ ਸਾਰੇ ਆਮ ਭਾਰਤੀ ਹਨ, ਜੋ ਹਰ ਪਲ ਸਿਸਟਮ ਸਾਹਮਣੇ ਹਾਰ ਮੰਨ ਕੇ ਮੌਤ ਨੂੰ ਗਲੇ ਲਗਾ ਲੈਂਦੇ ਹਨ।

ਇਨ੍ਹਾਂ ਦੀ ਹਾਰ ਬਾਰੇ ਕੌਣ ਵਿਚਾਰ ਕਰੇਗਾ? ਕੌਣ ਸੋਚੇਗਾ ਕਿ ਇਨ੍ਹਾਂ ਨੌਜੁਆਨਾਂ ਵਿਚ ਅੱਜ ਮਾਨਸਕ ਕਮਜ਼ੋਰੀ ਕਿਉਂ ਵੱਧ ਰਹੀ ਹੈ? ਕੀ ਇਹ ਧਰਮ ਦੀ ਹਾਰ ਨਹੀਂ? ਕੀ ਇਹ ਸਾਡੇ ਸਮਾਜ ਦੀ ਹਾਰ ਨਹੀਂ, ਜੋ ਔਰਤਾਂ ਨੂੰ ਪੜ੍ਹਾ ਲਿਖਾ ਕੇ ਚਾਰ ਦੀਵਾਰੀ ਵਿਚ ਬੰਦ ਕਰ ਦੇਣਾ ਚਾਹੁੰਦਾ ਹੈ? ਕਿਉਂ ਸਾਡੇ ਨੌਜੁਆਨ ਸਮਾਜ ਤੋਂ ਮੂੰਹ ਫੇਰ ਰਹੇ ਹਨ? 90 ਹਜ਼ਾਰ ਨੌਜੁਆਨਾਂ ਵਲੋਂ ਕੀਤੀ ਖ਼ੁਦਕੁਸ਼ੀ ਚੀਕ-ਚੀਕ ਕੇ ਆਖਦੀ ਹੈ ਕਿ ਉਹ ਇਸ ਭਾਰਤੀ ਸਮਾਜ ਵਿਚ ਅਪਣੇ ਆਪ ਲਈ ਕੋਈ ਸਥਾਨ ਨਹੀਂ ਬਣਾ ਸਕੇ। ਕਿੰਨਿਆਂ ਹੋਰਨਾਂ ਨੂੰ ਇਸੇ ਤਰ੍ਹਾਂ ਮਰਨਾ ਪਵੇਗਾ ਜਿਸ ਤੋਂ ਬਾਅਦ ਤੁਸੀ ਸੋਚਣ ਲਈ ਮਜਬੂਰ ਹੋਵੋਗੇ ਕਿ ਹੁਣ ਕਿਸੇ ਵੱਡੇ ਬਦਲਾਅ ਦੀ ਲੋੜ ਹੈ? -ਨਿਮਰਤ ਕੌਰ