Editorial: ਵੱਡੇ ਅਮੀਰ ਪੈਸੇ ਦੇ ਟਰੱਕ ਭਰ ਕੇ ਸਿਆਸੀ ਪਾਰਟੀਆਂ ਨੂੰ ਭੇਜਦੇ ਹਨ ਤੇ ਬਣਨ ਵਾਲੀ ਸਰਕਾਰ ਨੂੰ ਖ਼ਰੀਦ ਲੈਂਦੇ ਹਨ....
ਕੀ ਭਾਜਪਾ ਅੱਜ ਕਬੂਲ ਕਰ ਰਹੀ ਹੈ ਕਿ ਸਾਡੇ ਦੇਸ਼ ਦੇ ਅਮੀਰ ਲੋਕਾਂ ਕੋਲ ਭਰੇ ਹੋਏ ਟਰੱਕ ਜਿੰਨਾ ਕਾਲਾ ਧਨ ਮੌਜੂਦ ਹੈ
Editorial: ਦੇਸ਼ ਵਿਚ ਤਿੰਨ ਮਹੀਨੇ ਦੇ ਚੋਣ ਤਿਉਹਾਰ ਦੇ ਨਤੀਜੇ ਵਜੋਂ ਸਿਆਸਤਦਾਨਾਂ ਕੋਲ ਹੁਣ ਇਕ ਦੂਜੇ ਉਤੇ ਲਗਾਏ ਜਾ ਰਹੇ ਇਲਜ਼ਾਮਾਂ ਦੀਆਂ ਸੂਚੀਆਂ ਵੀ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਇਹ ਲੋਕ ਇਸ ਲੰਮੇ ਸਮੇਂ ਦੌਰਾਨ ਅਪਣੇ ਬਿਆਨਾਂ ਨਾਲ ਇਕ ਦੂਜੇ ਨੂੰ ਹਰਾਉਣ ਦੀ ਕੋਸ਼ਿਸ਼ ਵਿਚ ਆਪ ਹੀ ਫੱਸ ਜਾਂਦੇ ਰਹੇ ਹਨ। ਬੁਧਵਾਰ ਦਾ ਦਿਨ ਦੋਹਾਂ ਸਿਆਸੀ ਪਾਰਟੀਆਂ ਭਾਜਪਾ ਤੇ ਕਾਂਗਰਸ ਵਾਸਤੇ ਔਖਾ ਰਿਹਾ।
ਪਹਿਲਾਂ ਤਾਂ ਕਾਂਗਰਸ ਦੇ ਵਿਦੇਸ਼ ਵਿਭਾਗ ਦੇ ਮੁਖੀ ਸੈਮ ਪਿਤਰੌਦਾ ਜੋ ਕਿ ਗਾਂਧੀ ਪ੍ਰਵਾਰ ਦੇ ਕਰੀਬੀ ਸਲਾਹਕਾਰ ਤੇ ਮਦਦਗਾਰ ਹਨ, ਨੇ ਭਾਰਤ ਵਿਚ ਵੱਖ ਵੱਖ ਤਰ੍ਹਾਂ ਦੇ ਰੰਗ-ਰੂਪ ਤੇ ਨੈਣ-ਨਕਸ਼ ਵਾਲੇ ਭਾਰਤੀ ਲੋਕਾਂ ਵਿਚ ਏਕਤਾ ਦੀ ਸਰਾਹਣਾ ਕੀਤੀ ਪਰ ਪ੍ਰਧਾਨ ਮੰਤਰੀ ਨੇ ਪੈਤਰੌਦਾ ਦੇ ਸ਼ਬਦਾਂ ਨੂੰ ਨਸਲਵਾਦੀ ਰੰਗ ਦੇ ਕੇ ਉਨ੍ਹਾਂ ਨੂੰ ਅਖ਼ੀਰ ਅਪਣਾ ਅਹੁਦਾ ਛੱਡਣ ਲਈ ਵੀ ਮਜਬੂਰ ਕਰ ਦਿਤਾ। ਸੈਮ ਪਿਤਰੌਦਾ ਵਲੋਂ ਭਾਰਤ ਦੇ ਦੱਖਣ, ਉਤਰ, ਪੂਰਬ, ਪਛਮ ਦੇ ਲੋਕਾਂ ਦੇ ਚਿਹਰੇ ਦੇ ਨਕਸ਼ ਤੇ ਰੰਗ ਰੂਪ ਵਖਰੇ ਵਖਰੇ ਹੋਣ ਦੀ ਗੱਲ ਕੀਤੀ।
ਲੋਕਾਂ ਤੇ ਖ਼ਾਸ ਕਰ ਵਿਰੋਧੀਆਂ ਨੇ ਇਸ ਨੂੰ ਨਸਲਵਾਦੀ ਆਖਿਆ ਪਰ ਹਕੀਕਤ ਇਹ ਹੈ ਕਿ ਅਸੀ ਦੇਖਣ ਚਾਖਣ ਵਿਚ ਇਕ ਦੂਜੇ ਨਾਲੋਂ ਸਚਮੁਚ ਹੀ ਵਖਰੇ ਲਗਦੇ ਹਾਂ ਪਰ ਫਿਰ ਵੀ ਇਕੋ ਦੇਸ਼ ਦੇ ਨਾਗਰਿਕ ਹਾਂ। ਇਹ ਭਾਜਪਾ ਦੇ ਹੱਕ ਦੀ ਗੱਲ ਹੈ ਕਿ ਉਨ੍ਹਾਂ ਪੂਰਬੀ ਭਾਰਤ ਵਿਚ ਰਹਿਣ ਵਾਲਿਆਂ ’ਤੇ ਚੀਨੀ ਹੋਣ ਦਾ ਲੇਬਲ ਲਗਾਉਣ ਦਾ ਬੁਰਾ ਮਨਾਇਆ ਪਰ ਲੋਕ-ਮੁੱਦੇ ਭਾਲਦੇ ਸਿਆਸੀ ਲੀਡਰ ਇਸ ਮੁੱਦੇ ’ਤੇ ਚਰਚਾ ਕਰਨ ਬੈਠ ਗਏ।
ਦੂਜਾ ਮੁੱਦਾ ਰਾਹੁਲ ਗਾਂਧੀ ਵਲੋਂ ਅੰਬਾਨੀ ਅਡਾਨੀ ਦਾ ਨਾਮ ਵਰਤ ਕੇ ਸਿਆਸੀ ਵਿਰੋਧੀਆਂ ਉਤੇ ਹਮਲੇ ਘੱਟ ਕਰ ਦੇਣ ਦੇ ਜ਼ਿਕਰ ਨਾਲ ਸ਼ੁਰੂ ਹੋਇਆ ਜਦ ਪ੍ਰਧਾਨ ਮੰਤਰੀ ਨੇ ਇਲਜ਼ਾਮ ਲਗਾਇਆ ਕਿ ਅੰਬਾਨੀ-ਅਡਾਨੀ ਨੇ ਟਰੱਕ ਭਰ ਕੇ ਪੈਸਾ ਕਾਂਗਰਸ ਨੂੰ ਦਿਤਾ ਹੈ ਜਿਸ ਕਾਰਨ ਹੁਣ ਰਾਹੁਲ ਉਨ੍ਹਾਂ ਦਾ ਜ਼ਿਕਰ ਕਰਨਾ ਹੀ ਛੱਡ ਗਏ ਹਨ। ਰਾਹੁਲ ਗਾਂਧੀ ਨੇ ਵੀ ਪਲਟਵਾਰ ਕਰਦੇ ਹੋਏ ਪੁਛਿਆ ਕਿ ਪ੍ਰਧਾਨ ਮੰਤਰੀ ਕਿਸ ਤਰ੍ਹਾਂ ਜਾਣਦੇ ਹਨ ਕਿ ਅੰਬਾਨੀ-ਅਡਾਨੀ ਟਰੱਕ ਭਰ ਭਰ ਕੇ ਪੈਸੇ ਭੇਜਦੇ ਹਨ? ਜੇ ਪ੍ਰਧਾਨ ਮੰਤਰੀ ਜਾਣਦੇ ਹਨ ਕਿ ਇਨ੍ਹਾਂ ਕੋਲ ਕਾਲਾ ਧਨ ਹੈ ਤਾਂ ਉਹ ਈ.ਡੀ. ਨੂੰ ਉਨ੍ਹਾਂ ਦੇ ਘਰਾਂ ਵਿਚ ਭੇਜਣ।
ਦੋਹਾਂ ਨੇ ਖ਼ਬਰਾਂ ਵਿਚ ਅਪਣੀ ਥਾਂ ਬਣਾ ਲਈ ਪਰ ਅਸਲ ਮੁੱਦਾ ਹੈ ਕੀ? ਜੇ ਦੇਸ਼ ਦੇ ਪ੍ਰਧਾਨ ਮੰਤਰੀ ਮੰਨਦੇ ਹਨ ਕਿ ਅਮੀਰ ਲੋਕਾਂ ਕੋਲ ਟਰੱਕ ਭਰਨ ਜੋਗੇ ਪੈਸੇ ਹਨ ਤੇ ਰਾਹੁਲ ਵੀ ਮੰਨਦੇ ਹਨ ਕਿ ਅਮੀਰਾਂ ਕੋਲ ਕਾਲਾ ਧਨ ਹੈ ਤਾਂ ਫਿਰ ਮੁੱਦਾ ਇਹ ਨਹੀਂ ਕਿ ਅਡਾਨੀ-ਅੰਬਾਨੀ ਤੇ ਹੋਰਨਾਂ ਕੋਲ ਕਾਲਾ ਧਨ ਅੱਜ ਕਿਉਂ ਹੈ? ਦੇਸ਼ ਨੂੰ ਨੋਟਬੰਦੀ ਵਰਗੀ ਔਕੜ ’ਚੋਂ ਨਿਕਲਣ ਲਈ ਮਜਬੂਰ ਕਿਉਂ ਕੀਤਾ ਗਿਆ ਜੇ ਇਨ੍ਹਾਂ ਅਮੀਰ ਲੋਕਾਂ ਕੋਲ ਏਨੇ ਕਾਲੇ ਧਨ ਦੇ ਟਰੱਕ ਭਰੇ ਹੋਏ ਮਿਲਣੇ ਸਨ? ਆਮ ਭਾਰਤੀ ਅੱਜ ਇਨਕਮ ਟੈਕਸ, ਜੀਐਸਟੀ ਦੇ ਭਾਰ ਹੇਠ ਬੱਚਤ ਨਹੀਂ ਕਰ ਪਾ ਰਿਹਾ ਤੇ ਉਸ ਦੀਆਂ ਬੱਚਤਾਂ ਨੂੰ ਸਰਕਾਰ ਨੇ ਅਪਣੀ ਗ੍ਰਿਫ਼ਤ ਵਿਚ ਲੈ ਲਿਆ ਹੈ ਪਰ ਅਮੀਰਾਂ ਨੂੰ ਛੱਡ ਦਿਤਾ ਹੈ।
ਕੀ ਭਾਜਪਾ ਅੱਜ ਕਬੂਲ ਕਰ ਰਹੀ ਹੈ ਕਿ ਸਾਡੇ ਦੇਸ਼ ਦੇ ਅਮੀਰ ਲੋਕਾਂ ਕੋਲ ਭਰੇ ਹੋਏ ਟਰੱਕ ਜਿੰਨਾ ਕਾਲਾ ਧਨ ਮੌਜੂਦ ਹੈ ਤੇ ਫਿਰ ਉਹ ਅੱਗੇ ਕੀ ਸੋਚ ਲੈ ਕੇ ਆਉਣਗੇ ਜਿਸ ਨਾਲ ਕਾਲਾ ਧਨ ਸਿਸਟਮ ਵਿਚ ਨਹੀਂ ਆਵੇਗਾ? ਕਾਂਗਰਸ ਕਿਵੇਂ ਕਾਲੇ ਧਨ ਨਾਲ ਨਜਿਠੇਗੀ ਜਾਂ ਉਹ ਅਸਲ ਵਿਚ ਅਮੀਰਾਂ ਤੋਂ ਪੈਸਾ ਲੈ ਕੇ ਪੁਰਾਣੇ ਸਿਸਟਮ ਨੂੰ ਹੀ ਚਲਾਈ ਰਖੇਗੀ? ਜੇ ਅੰਬਾਨੀ ਅਡਾਨੀ ਨੂੰ ਟਰੱਕਾਂ ਵਿਚ ਪੈਸਾ ਭਰ ਕੇ ਅਪਣੇ ਕੋਲ ਰੱਖਣ ਦੀ ਆਜ਼ਾਦੀ ਹੈ ਤਾਂ ਫਿਰ ਆਮ ਭਾਰਤੀ ਨੂੰ ਅਪਣੀ ਛੋਟੀ ਜਹੀ ਬੱਚਤ ਵੀ ਅਪਣੇ ਕੋਲ ਕਿਉਂ ਨਹੀਂ ਰੱਖਣ ਦਿਤੀ ਗਈ? ਛੋਟੇ ਮਧਮ ਉਦਯੋਗਪਤੀ ਸਰਕਾਰੀ ਟੈਕਸਾਂ ਦੇ ਭਾਰ ਹੇਠ ਦੱਬੇ ਜਾ ਰਹੇ ਮਹਿਸੂਸ ਕਰਦੇ ਹਨ ਪਰ ਅੰਬਾਨੀ ਅਡਾਨੀ ਨਹੀਂ, ਕਿਉਂ? ਪਰ ਸਾਡੇ ਲੋਕ ਸਹੀ ਸਵਾਲ ਪੁਛਣ ਵਾਸਤੇ ਤਿਆਰ ਹੀ ਨਹੀਂ। ਸਨਸਨੀਖ਼ੇਜ਼ ਬਿਆਨਬਾਜ਼ੀ ਤੇ ਮਸਾਲਾ ਹੀ ਮੰਗਿਆ ਜਾਂਦਾ ਹੈ ਤੇ ਉਹ ਮਿਲਦਾ ਵੀ ਹੈ।
-ਨਿਮਰਤ ਕੌਰ