ਬਟਾਲਾ ਧਮਾਕੇ ਮਗਰੋਂ ਡੀ.ਸੀ. ਤੇ ਵਿਧਾਇਕ ਵਿਚਕਾਰ ਝੜਪ ਲੋਕ-ਰਾਜ ਲਈ ਚੰਗੀ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਬਟਾਲਾ ਬੰਬ ਧਮਾਕੇ ਵਿਚ ਪੰਜਾਬ ਪ੍ਰਸ਼ਾਸਨ ਦੀਆਂ ਕਮਜ਼ੋਰੀਆਂ ਨੇ ਇਕ ਚਿੰਤਾ ਵਾਲਾ ਮਾਹੌਲ ਖੜਾ ਕਰ ਦਿਤਾ ਸੀ

Simarjit Singh Bains and DC

ਬਟਾਲਾ ਬੰਬ ਧਮਾਕੇ ਵਿਚ ਪੰਜਾਬ ਪ੍ਰਸ਼ਾਸਨ ਦੀਆਂ ਕਮਜ਼ੋਰੀਆਂ ਨੇ ਇਕ ਚਿੰਤਾ ਵਾਲਾ ਮਾਹੌਲ ਖੜਾ ਕਰ ਦਿਤਾ ਸੀ ਪਰ ਹੁਣ ਉਸ ਮਾਮਲੇ ਵਿਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਡੀ.ਸੀ. ਵਿਚਕਾਰ ਝੜਪ ਨੇ ਪੰਜਾਬ ਨੂੰ ਦੋ ਧਿਰਾਂ ਵਿਚ ਵੰਡ ਦਿਤਾ ਹੈ। ਝੜਪ ਨੂੰ ਜਦੋਂ ਇਕ ਐਫ਼.ਆਈ.ਆਰ. ਦਾ ਰੂਪ ਦੇ ਕੇ ਪ੍ਰਸ਼ਾਸਨ ਵਲੋਂ ਇਸ ਵਿਧਾਇਕ ਵਿਰੁਧ ਹੱਲਾ ਬੋਲ ਦਿਤਾ ਗਿਆ ਤਾਂ ਰੋਸ ਸੜਕਾਂ ਉਤੇ ਨਿਕਲ ਆਇਆ। ਅੱਜ ਜਿਸ ਕਦਰ ਸਮਰਥਨ ਵਿਧਾਇਕ ਬੈਂਸ ਨੂੰ ਮਿਲ ਰਿਹਾ ਹੈ, ਉਸ ਤੋਂ ਪਤਾ ਲਗਦਾ ਹੈ ਕਿ ਹੁਣ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੇ ਦਿਲ ਜਿੱਤਣ ਲਈ ਜ਼ਿਆਦਾ ਮਿਹਨਤ ਕਰਨੀ ਪਵੇਗੀ।

ਜਿਸ ਡੀ.ਸੀ. ਉਤੇ ਲੋਕਾਂ ਨਾਲ ਬੇਰੁਖ਼ੀ ਦਾ ਇਲਜ਼ਾਮ ਲਗਿਆ, ਉਹ ਖ਼ੁਦ ਕਿਸੇ ਪ੍ਰਵਾਰਕ ਅਮੀਰੀ ਦੇ ਸਹਾਰੇ ਨਹੀਂ ਬਲਕਿ ਅਪਣੀ ਮਿਹਨਤ ਨਾਲ ਇਸ ਕੁਰਸੀ ਤਕ ਪਹੁੰਚਿਆ ਹੈ। ਜੋ ਕੁੱਝ ਉਨ੍ਹਾਂ ਦੇ ਕੰਮ ਬਾਰੇ ਸਾਹਮਣੇ ਆ ਰਿਹਾ ਹੈ, ਉਨ੍ਹਾਂ ਨੇ ਕੁੱਝ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਜੋ ਉਨ੍ਹਾਂ ਦੀ ਬਣਦੀ ਜ਼ਿੰਮੇਵਾਰੀ ਤੋਂ ਕਿਤੇ ਅੱਗੇ ਦੀਆਂ ਹਨ ਜਿਵੇਂ ਕਿ ਉਨ੍ਹਾਂ ਨੇ ਇਕ ਫ਼ੰਡ ਇਕੱਠਾ ਕਰ ਕੇ ਅਪਣੇ ਹਲਕੇ ਦੇ ਸਾਰੇ ਸਕੂਲਾਂ ਵਿਚ ਬੈਂਚ ਲਗਵਾਏ।

ਦੂਜੇ ਪਾਸੇ ਇਕ ਅਜਿਹੇ ਵਿਧਾਇਕ ਹਨ ਜੋ ਪੰਜਾਬ ਦੇ ਆਮ ਇਨਸਾਨ ਦਾ ਮਸੀਹਾ ਮੰਨੇ ਜਾਂਦੇ ਹਨ। ਕਦੇ ਉਹ ਭਿ੍ਰਸ਼ਟ ਅਫ਼ਸਰ ਨੂੰ ਫੜ ਲੈਂਦੇ ਹਨ ਅਤੇ ਕਦੇ ਰੇਤ ਮਾਫ਼ੀਆ ਉਤੇ ਵਰ੍ਹ ਪੈਂਦੇ ਹਨ। ਵਿਧਾਨ ਸਭਾ ਵਿਚ ਉਹ ਅੰਦਰ ਘੱਟ ਪਰ ਬਾਹਰ ਜ਼ਿਆਦਾ ਵਿਰੋਧ ਕਰਦੇ ਨਜ਼ਰ ਆਉਂਦੇ ਹਨ। ਸੋਸ਼ਲ ਮੀਡੀਆ ਦੀਆਂ ਚੋਟਾਂ ਨੂੰ ਜੇ ਜਨਤਾ ਦਾ ਫ਼ੈਸਲਾ ਮੰਨ ਲਿਆ ਜਾਵੇ ਤਾਂ ਇਨ੍ਹਾਂ ਨੂੰ ਫ਼ੇਸਬੁੱਕ ਉਤੇ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਤਾ ਜਾਵੇਗਾ। ਇਨ੍ਹਾਂ ਦੋਹਾਂ ਦੀ ਝੜਪ ਵਿਚ ਆ ਅਟਕਿਆ ਸੀ ਇਕ ਆਮ ਇਨਸਾਨ, ਜਿਸ ਨੇ ਅਪਣੇ ਪ੍ਰਵਾਰ ਦੇ ਜੀਅ ਦੀ ਤਸਵੀਰ ਮਿ੍ਰਤਕਾਂ ਦੀ ਸੂਚੀ ਵਿਚ ਵੇਖ ਕੇ ਅਪਣੇ ਜੀਅ ਨੂੰ ਗੁਆ ਦੇਣ ਤੋਂ ਪੈਦਾ ਹੋਈ ਘਬਰਾਹਟ ਅਤੇ ਪ੍ਰੇਸ਼ਾਨੀ ਵਿਚ ਡੀ.ਸੀ. ਤੋਂ ਹਮਦਰਦੀ ਮੰਗੀ ਜੋ ਉਸ ਨੂੰ ਲੱਗਾ ਕਿ ਉਸ ਨੂੰ ਨਹੀਂ ਮਿਲੀ। ਫਿਰ ਉਸ ਨੇ ਵਿਧਾਇਕ ਬੈਂਸ ਤੋਂ ਮਦਦ ਮੰਗੀ ਅਤੇ ਨਤੀਜਾ ਅੱਜ ਪੰਜਾਬ ਦੇ ਸਾਹਮਣੇ ਹੈ।

ਵਿਧਾਇਕ ਬੈਂਸ ਵਲੋਂ ਡੀ.ਸੀ. ਨੂੰ ਆਖਿਆ ਗਿਆ ਕਿ ਇਹ ਸਰਕਾਰੀ ਅਹੁਦਾ ਲੋਕਾਂ ਦੀ ਸੇਵਾ ਅਤੇ ਤਸੱਲੀ ਕਰਵਾਉਣ ਲਈ ਹੈ ਅਤੇ ਇਹ ਉਨ੍ਹਾਂ ਦੇ ਬਾਪ ਦਾ ਦਫ਼ਤਰ ਨਹੀਂ ਜਿਥੋਂ ਉਨ੍ਹਾਂ ਦੀ ਤਸੱਲੀ ਕਰਵਾਏ ਬਿਨਾਂ ਬਾਹਰ ਕਢ ਦਿਤਾ ਜਾਵੇ। ਵਿਧਾਇਕ ਬੈਂਸ ਦੀ ਨਾਰਾਜ਼ਗੀ ਦਾ ਕਾਰਨ ਡੀ.ਸੀ. ਵਲੋਂ ਪ੍ਰਵਾਰ ਨਾਲ ਅਫ਼ਸਰਾਨਾ ਸਲੂਕ ਦਸਿਆ ਗਿਆ। ਵਿਧਾਇਕ ਬੈਂਸ ਡੀ.ਸੀ. ਨਾਲ ਬਹੁਤ ਗਰਮੀ ਨਾਲ ਪੇਸ਼ ਆਏ ਅਤੇ ਗੱਲ ਤੂੰ ਤੂੰ ਕਰ ਕੇ ਹੋਈ ਜਦਕਿ ਡੀ.ਸੀ. ਨੇ ਆਪਾ ਨਾ ਗਵਾਇਆ। ਦੋਹਾਂ ਦੀ ਲੜਾਈ ਐਫ਼.ਆਈ.ਆਰ. ਤਕ ਪਹੁੰਚ ਗਈ ਪਰ ਉਸ ਪ੍ਰਵਾਰ ਨੂੰ ਅਜੇ ਤਕ ਅਪਣੇ ਜੀਅ ਦੀ ਲਾਸ਼ ਨਹੀਂ ਮਿਲੀ।

ਪ੍ਰਵਾਰ ਦੀ ਹਾਲਤ ਬਾਰੇ ਇਹ ਸੋਚਣਾ ਜ਼ਰੂਰੀ ਹੈ ਕਿ ਉਨ੍ਹਾਂ ਦੀ ਬੇਚੈਨੀ ਜਾਇਜ਼ ਹੈ ਵੀ ਜਾਂ ਨਹੀਂ? ਵਿਧਾਇਕ ਬੈਂਸ ਹੁਣ ਆਮ ਇਨਸਾਨ ਦੇ ਦਰਦ ਦਾ ਚਿਹਰਾ ਬਣ ਗਏ ਹਨ ਜਿਸ ਦੇ ਉਬਲਦੇ ਲਾਵੇ ਦੀ ਅਸਲ ਪੀੜ ਨੂੰ ਸ਼ਾਂਤ ਸੁਭਾਅ ਦੇ ਆਮ ਪਿਛੋਕੜ ’ਚੋਂ ਨਿਕਲੇ ਡੀ.ਸੀ. ਨਹੀਂ ਸਮਝ ਸਕੇ। ਡੀ.ਸੀ. ਜੇ ਪਰਚਾ ਨਾ ਕਰਵਾਉਂਦੇ ਤਾਂ ਇਹ ਉਨ੍ਹਾਂ ਦੀ ਦੁਖੀ ਪ੍ਰਵਾਰ ਪ੍ਰਤੀ ਹਮਦਰਦੀ ਦਾ ਸਬੂਤ ਹੁੰਦਾ ਪਰ ਪਰਚਾ ਦਰਜ ਕਰਵਾ ਕੇ ਉਨ੍ਹਾਂ ਇਕ ਬੇਵੱਸ ਪ੍ਰਵਾਰ ਦੇ ਦਰਦ ਨਾਲੋਂ ਅਪਣੀ ਕੁਰਸੀ ਦੇ ਵਕਾਰ ਨੂੰ ਵੱਡਾ ਬਣਾ ਕੇ ਰੱਖ ਦਿਤਾ ਹੈ ਜੋ ਸਰਕਾਰੀ ਤੇ ਕਾਨੂੰਨੀ ਭਾਸ਼ਾ ਵਿਚ ਠੀਕ ਵੀ ਹੋਵੇ ਪਰ ਲੋਕ-ਰਾਜੀ ਯੁਗ ਦੇ ਹਾਣ ਦਾ ਨਹੀਂ ਕਿਹਾ ਜਾ ਸਕਦਾ।

ਅਜਿਹਾ ਕਿਉਂ ਹੈ ਕਿ ਜੋ ਇਨਸਾਨ ਆਮ ਇਨਸਾਨਾਂ ਦੇ ਸਮੁੰਦਰ ’ਚੋਂ ਵੀ ਨਿਕਲ ਕੇ ਆਉਂਦਾ ਹੈ, ਉਹ ਜਦ ਕਿਸੇ ਵੀ ਸਰਕਾਰੀ ਕੁਰਸੀ ਉਤੇ ਬੈਠ ਜਾਂਦਾ ਹੈ, ਭਾਵੇਂ ਉਹ ਚਪੜਾਸੀ ਦੀ ਹੋਵੇ, ਉਹ ਅਪਣੇ ਪਿਛੋਕੜ ਦੀਆਂ ਔਕੜਾਂ ਵਿਚ ਫਸੇ ਹੋਏ ਆਮ ਲੋਕਾਂ ਦੇ ਦਰਦ ਤੋਂ ਦੂਰ ਹੋ ਜਾਂਦਾ ਹੈ। ਰਹਿਮ ਤੋਂ ਵੱਡੀ ਹੁੰਦੀ ਹੈ ਹਮਦਰਦੀ ਜਦੋਂ ਤੁਸੀਂ ਦੂਜੇ ਦੀ ਥਾਂ ਉਤੇ ਖੜੇ ਹੋ ਕੇ ਉਸ ਦਾ ਦਰਦ ਸਮਝਣ ਦੀ ਕੋਸ਼ਿਸ਼ ਕਰੋ। ਫਿਰ ਤੁਹਾਨੂੰ ਉਸ ਦੀ ਗਾਲੀ ਪਿੱਛੇ ਦੇ ਦਰਦ ਦਾ ਪਤਾ ਲੱਗ ਜਾਂਦਾ ਹੈ ਤੇ ਤੁਸੀ ਸਮਝ ਸਕਦੇ ਹੋ ਕਿ ਗੁੱਸਾ ਜੋ ਤੁਹਾਡੇ ਤੇ ਕਢਿਆ ਗਿਆ ਹੈ, ਉਹ ਤੁਹਾਡੇ ਪ੍ਰਤੀ ਨਹੀਂ ਸੀ ਸਗੋਂ ਅਪਣੀ ਬੇਬਸੀ ਤੇ ਮਾੜੀ ਕਿਸਮਤ ਨਾਲ ਕੀਤਾ ਗੁੱਸਾ ਸੀ।

ਡੀ.ਸੀ. ਬਟਾਲਾ ਇਕ ਨੇਕ, ਇਮਾਨਦਾਰ, ਮਿਹਨਤੀ, ਨਿਆਂ ਪਸੰਦ, ਦੀਨ-ਦਿਆਲੂ, ਸ਼ਾਂਤ ਸੁਭਾਅ ਦੇ ਇਨਸਾਨ ਜਾਪਦੇ ਹਨ ਪਰ ਇਸ ਮਾਮਲੇ ਵਿਚ, ਠੀਕ ਢੰਗ ਨਾਲ ਹਮਦਰਦੀ ਨਹੀਂ ਜ਼ਾਹਰ ਕਰ ਸਕੇ। ‘ਸਰਕਾਰ’ ਦਾ ‘ਵਕਾਰ’ ਅੱਗੇ ਆ ਗਿਆ ਤੇ ਲੋਕ-ਰਾਜ ਦੇ ‘ਲੋਕ’ ਦਾ ਦਰਦ ਪਿੱਛੇ ਰਹਿ ਗਿਆ। ਸਰਕਾਰੀ ਤੰਤਰ ’ਚੋਂ ਗੁਆਚ ਚੁੱਕੀ ਸੱਚੀ ਹਮਦਰਦੀ ਦੀ ਭਾਲ ਹਰ ਆਮ ਇਨਸਾਨ ਕਰ ਰਿਹਾ ਹੈ ਅਤੇ ਇਸ ਨਾਲ ਸਰਕਾਰ, ਪ੍ਰਸ਼ਾਸਨ ਅਤੇ ਆਮ ਇਨਸਾਨ ਵਿਚ ਦਰਾੜਾਂ ਪਲ ਪਲ ਵੱਧ ਰਹੀਆਂ ਹਨ।

-ਨਿਮਰਤ ਕੌਰ