ਵਿਸਾਖੀ ਦੀਆਂ ਵਧਾਈਆਂ ! ਖ਼ੁਸ਼ਕਿਸਮਤ ਹਾਂ ਕਿ ਸਾਨੂੰ ਪ੍ਰਮਾਤਮਾ ਨੇ ਬਿਹਤਰੀਨ ਸੋਚ ਦੇ ਮਾਲਕ ਬਣਾਇਆ ਪਰ ਕੀ ਅਸੀਂ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਜਦ ਪੁੱਤ ਹੀ ਅਪਣੀ ਧਰਤੀ ਮਾਂ ਨੂੰ ਰੋਲ ਕੇ ਅਪਣੇ ਮਹਿਲ ਉਸਾਰਨ ਵਲ ਤੁਰ ਪੈਣ ਤਾਂ ਫਿਰ ਬੁਨਿਆਦ ਦੀ ਡੂੰਘੀ ਖੋਜ ਕਰਨੀ ਪਵੇਗੀ।

photo

 

ਵਿਸਾਖੀ ਦੀਆਂ ਲੱਖ ਲੱਖ ਵਧਾਈਆਂ। ਅੱਜ ਦੇ ਦਿਨ ਸ਼ੁਕਰਾਨਾ ਕਰਨਾ ਬਣਦਾ ਹੈ ਕਿ ਰੱਬ ਨੇ ਇਸ ਧਰਤੀ ’ਤੇ ਜਦ ਜੀਵਨ ਬਖ਼ਸ਼ਿਆ ਤਾਂ ਇਕ ਅਜਿਹੀ ਸੋਚ ਹੇਠ ਪਲਰਣ ਦਾ ਮੌਕਾ ਵੀ ਬਖ਼ਸ਼ਿਆ ਜਿਸ ਵਿਚ ਮਨੁੱਖ ਨੂੰ ਪਰਮ ਸੱਚ ਤੇ ਦਲੇਰੀ ਨਾਲ ਲੈਸ ਕੀਤਾ ਗਿਆ ਹੈ। ਹਰ ਸਿੱਖ ਦੇ ਅੰਦਰ ਦੀ ਤਾਕਤ ਨੂੰ ਘੜਨ ਵਾਸਤੇ ਬਾਣੀ, ਸੋਚ, ਮਨ ਅਤੇ ਰੂਹ ਉਤੇ ਇਸ ਤਰ੍ਹਾਂ ਕੰਮ ਕਰਦੀ ਹੈ ਕਿ ਬਿਨਾਂ ਕਿਸੇ ਕੋਸ਼ਿਸ਼ ਦੇ ਹੀ ਹਰ ਸਿੱਖ ਸਹੀ ਗ਼ਲਤ ਦੀ ਪਛਾਣ ਕਰ ਸਕਦਾ ਹੈ। ਗੁਰੂ ਗੋਬਿੰਦ ਸਿੰਘ ਨੂੰ ਆਸਾਨੀ ਨਾਲ ਖ਼ਾਲਸਾ ਪੰਥ ਵਾਸਤੇ ਕੁਰਬਾਨੀ ਦੇਣ ਵਾਲੇ ਮਿਲ ਗਏ ਸਨ ਕਿਉਂਕਿ ਬਾਬਾ ਨਾਨਕ ਵਲੋਂ ਸਿਰਜੇ ਮਾਰਗ ’ਤੇ ਚਲਦੇ ਚਲਦੇ ਉਹ ਆਪ ਹੀ ਫ਼ੌਲਾਦ ਬਣ ਗਏ ਸਨ। ਅਪਣੀਆਂ ਸਿਫ਼ਤਾਂ ਕਰਨੀਆਂ ਬੜੀਆਂ ਸੌਖੀਆਂ ਹਨ ਪਰ ਅੱਜ ਦੇ ਦਿਨ ਇਹ ਸਵਾਲ ਪੁਛਣਾ ਵੀ ਬਣਦਾ ਹੈ ਕਿ ਕੀ ਸਿੱਖ ਕੌਮ ਉਸ ਰਾਹ ’ਤੇ ਚਲ ਵੀ ਰਹੀ ਹੈ ਜਿਸ ਦਾ ਮਾਰਗ ਗੁਰੂਆਂ ਨੇ ਸਿਰਜਿਆ ਸੀ?

ਫ਼ੌਲਾਦੀ ਸੋਚ ਸਿਰਫ਼ ਬੰਦੂਕਾਂ, ਤਲਵਾਰਾਂ ਤਕ ਸੀਮਤ ਹੋ ਕੇ ਰਹਿ ਗਈ ਹੈ। ਗੁਰੂਆਂ ਦੁਆਰਾ ਬੋਲੇ ਗਏ ਫ਼ੌਲਾਦੀ ਸੱਚ ਦਾ ਮਤਲਬ ਸੀ ਕਿ ਸਮਾਜ ਵਿਚ ਪ੍ਰਚਲਤ ਰੀਤਾਂ ਰਿਵਾਜਾਂ ਤੋਂ ਵਖਰੇ ਫ਼ੈਸਲੇ ਲੈਣ ਲਈ ਕਮਰਕਸੇ ਕਰਨੇ ਜੋ ਤੱਥ ਅਤੇ ਸੱਚ ’ਤੇ ਆਧਾਰਤ ਹੋਣ। ਗੁਰੂਆਂ ਨੇ ਜਾਤ ਦੀ ਗੱਲ ਨਹੀਂ ਕੀਤੀ, ਅਪਣਾ ਜਨੇਊ ਤੋੜਿਆ, ਸੂਰਜ ਦੀ ਦਿਸ਼ਾ ਦੇ ਉਲਟ ਅਪਣੇ ਖੇਤਾਂ ਵਲ ਪਾਣੀ ਸੁਟਣਾ ਸ਼ੁਰੂ ਕਰ ਦਿਤਾ ਜਾਂ ਪੈਰ ਉਸ ਪਾਸੇ ਫੈਲਾ ਦਿਤੇ ਜਿਸ ਪਾਸੇ ਰੱਬ (ਅੱਲਾ) ਰਹਿੰਦਾ ਦਸਿਆ ਜਾਂਦਾ ਸੀ। ਆਪ ਨੇ ਹਮੇਸ਼ਾ ਦਲੇਰੀ ਨਾਲ ਤੱਥਾਂ ਅਤੇ ਦਲੀਲਾਂ ਸਹਾਰੇ ਅਪਣੀ ਗੱਲ ਰੱਖੀ। ਉਨ੍ਹਾਂ ਰੱਬ  ਨਾਲ ਅਜਿਹਾ ਰਿਸ਼ਤਾ ਪਾ ਵਿਖਾਇਆ ਜਿਥੇ ਉਨ੍ਹਾਂ ਰੱਬ ਨੂੰ ਹੀ ਪੁੱਛ ਲਿਆ ਕਿ, ‘‘ਤੈਂ ਕੀ ਦਰਦ ਨਾ ਆਇਆ’’?

ਪਰ ਅੱਜ ਦੀ ਸਿੱਖ ਕੌਮ ਨੂੰ ਵੇਖ ਕੇ ਇਹ ਜਾਪਦਾ ਹੈ ਕਿ ਇਹ ਕਿਸੇ ਹੋਰ ਹੀ ਮਾਰਗ ’ਤੇ ਚਲ ਪਈ ਹੈ। ਅੱਜ ਦੀ ਇਕ ਅੰਗਰੇਜ਼ੀ ਅਖ਼ਬਾਰ ਵਿਚ ਅੱਜ ਤਕ ਹੋਏ ਅਕਾਲ ਤਖ਼ਤ ਦੇ ਸਾਰੇ ਮੁੱਖ ਸੇਵਾਦਾਰਾਂ ਦਾ ਵੇਰਵਾ ਤੇ ਉਨ੍ਹਾਂ ਬਾਰੇ ਕੁੱਝ ਟਿਪਣੀਆਂ ਛਪੀਆਂ ਹੋਈਆਂ ਹਨ ਤੇ ਪੜ੍ਹਨ ਵਾਲਾ ਇਹੀ ਸਮਝੇਗਾ ਕਿ ਸਿੱਖ ਧਰਮ ਦਾ ਮੁਖੀ (ਜਿਵੇਂ ਈਸਾਈ ਧਰਮ ਦਾ ਪੋਪ ਹੈ) ਬਾਦਲ ਪ੍ਰਵਾਰ ਦਾ ਦਾਸ ਹੈ ਨਾਕਿ ਗੁਰੂ ਦਾ ਖ਼ਾਸ। ਕੁਦਰਤੀ ਹੈ, ਉਹ ਫ਼ੈਸਲੇ ਕਰਨਗੇ ਤਾਂ ਕੁਰਸੀ ਬਖ਼ਸ਼ਣ ਵਾਲੇ ਸਿਆਸਤਦਾਨਾਂ ਤੋਂ ਪੁਛ ਕੇ ਹੀ ਕਰਨਗੇ ਨਾਕਿ ਗੁਰੂ ਗ੍ਰੰਥ ਸਾਹਿਬ ਤੋਂ ਪੁਛ ਕੇ। ਸਬੂਤ ਚਾਹੀਦਾ ਹੋਵੇ ਤਾਂ ਸੌਦਾ ਸਾਧ ਤੇ ਨਾਨਕਸ਼ਾਹੀ ਕੈਲੰਡਰ ਦੇ ਮਾਮਲੇ ਹੀ ਸੱਭ ਕੁੱਝ ਸਪੱਸ਼ਟ ਕਰ ਦੇਂਦੇ ਹਨ।

ਜਿਹੜੀ ਕੌਮ ਦਾ ਮੁਖੀ ਹੀ ਆਜ਼ਾਦ ਤੇ ਫ਼ੌਲਾਦੀ (ਬਾਣੀ ਦੇ ਮੁਤਾਬਕ) ਨਾ ਹੋਵੇ ਤਾਂ ਫਿਰ ਉਸ ਕੌਮ ਦੇ ਧਾਰਮਕ ਵਿਉਹਾਰ ਵਿਚ ਕਮਜ਼ੋਰੀਆਂ ਤਾਂ ਆਉਣਗੀਆਂ ਹੀ। ਆਮ ਸਿੱਖ ਅਖਵਾਉਣ ਵਾਲੇ ਜਾਤ ਵੰਡ ਮੁਤਾਬਕ ਗੁਰੂ ਘਰ ਚਲਾਉਂਦੇ ਤੇ ਭੇਦ-ਭਾਵ ਕਰਦੇ ਵੇਖੇ ਜਾ ਸਕਦੇ ਨੇ। ਆਮ ਸਿੱਖ ਢੋਂਗੀ ਬਾਬਿਆਂ ਦੇ ਸਾਹਮਣੇ ਹੱਥ ਜੋੜੀ ਖੜੇ ਦਿਸਦੇ ਹਨ। ਸਿੱਖ ਕੌਮ ਦੇ ਮੁੱਦਿਆਂ ਦਾ ਸਿਆਸੀਕਰਨ ਤਾਂ ਵੇਖੀਦਾ ਹੀ ਹੈ ਪਰ ਹੁਣ ਇਕ ਨਵੀਂ ਗੱਲ ਸਾਹਮਣੇ ਆ ਰਹੀ ਹੈ। ਹੁਣ ਕਮਜ਼ੋਰੀ ਇਸ ਕਦਰ ਵਧ ਰਹੀ ਹੈ ਕਿ ਇਹ ਸਾਹਮਣੇ ਆ ਰਿਹਾ ਹੈ ਕਿ ਖ਼ਾਲਿਸਤਾਨ ਜਾਂ ਵਖਰੇ ਰਾਜ ਦੀ ਗੱਲ ਕਰਨ ਵਾਲੇ, ਅਸਲ ਵਿਚ ਅਮਰੀਕਾ ਤੇ ਇੰਗਲੈਂਡ ਵਿਚ ਨਾਗਰਿਕਤਾ ਹਾਸਲ ਕਰਨ ਵਾਸਤੇ ਇਹ ਖੇਡ ਰਚ ਰਹੇ ਹਨ ਤੇ ਉਨ੍ਹਾਂ ਦਾ ਇਸ ਤੋਂ ਅੱਗੇ ਕੋਈ ਨਿਸ਼ਾਨਾ, ਟੀਚਾ ਜੋ ਸਰੋਕਾਰ ਨਹੀਂ ਹੁੰਦਾ। ਸਰਕਾਰਾਂ ਨੇ ਆਪਸ ਵਿਚ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਸ਼ੁਰੂ ਕੀਤੀ ਹੈ ਤੇ ਵਿਦੇਸ਼ਾਂ ਵਿਚ ਬੈਠੇ ਕਈ ਸਜਣਾਂ ਨੇ ਵੀ ਇਸ ਬਾਰੇ ਕੁੱਝ ਤੱਥ ਪੇਸ਼ ਕੀਤੇ ਹਨ। ਪਰ ਜੇ ਇਹ ਸੱਚ ਸਾਬਤ ਹੁੰਦਾ ਹੈ ਕਿ ਹੁਣ ਸਾਡੇ ਕੁੱਝ ਲੋਕ ਅਜਿਹੀ ਖੇਡ ਖੇਡ ਰਹੇ ਹਨ, ਤਾਕਿ ਪੰਜਾਬ ਦਾ ਮਾਹੌਲ ਖ਼ਰਾਬ ਹੋਇਆ ਨਜ਼ਰ ਆਵੇ ਤੇ ਉਹ ਅਪਣੇ ਇਮੀਗ੍ਰੇਸ਼ਨ ਦੇ ਧੰਦੇ ਨੂੰ ਫ਼ਾਇਦਾ ਪਹੁੰਚਾ ਸਕਣ ਤਾਂ ਫਿਰ ਇਸ ਤੋਂ ਵੱਡੀ ਗਿਰਾਵਟ ਹੋਰ ਕੋਈ ਨਹੀਂ ਹੋ ਸਕਦੀ। 

ਜਦ ਪੁੱਤ ਹੀ ਅਪਣੀ ਧਰਤੀ ਮਾਂ ਨੂੰ ਰੋਲ ਕੇ ਅਪਣੇ ਮਹਿਲ ਉਸਾਰਨ ਵਲ ਤੁਰ ਪੈਣ ਤਾਂ ਫਿਰ ਬੁਨਿਆਦ ਦੀ ਡੂੰਘੀ ਖੋਜ ਕਰਨੀ ਪਵੇਗੀ। ਇਹ ਇਕ ਵਿਰਲਾ ਵਾਕਿਆ ਨਹੀਂ ਬਲਕਿ ਜਲਦ ਤੇ ਬਿਨਾ ਮਿਹਨਤ ਡਾਲਰ ਕਮਾਉਣ ਦੀ ਇਕ ਬਿਮਾਰੀ ਦਾ ਨਤੀਜਾ ਹੈ। ਨਾ ਅੱਜ ਵਿਸਾਖੀ ’ਤੇ ਕਿਸਾਨ ਦਮਾਮੇ ਮਾਰਦਾ ਮੇਲੇ ਜਾ ਰਿਹਾ ਹੈ ਤੇ ਨਾ ਅੱਜ ਨੌਜਵਾਨ ਸੱਚ-ਹੱਕ ਵਾਲੀ ਮਿਹਨਤ ਕਰ ਰਿਹਾ ਹੈ। ਅੱਜ ਖ਼ਾਲਸੇ ਦੀ ਬੁਨਿਆਦ ਨੂੰ ਦੁਬਾਰਾ ਸਿੱਖੀ ਸਿਧਾਂਤਾਂ (ਬਰਾਬਰੀ ਤੇ ਕਿਰਤ ਕਮਾਈ), ਮਨੁੱਖੀ ਅਧਿਕਾਰਾਂ ਦੀ ਰਖਿਆ ਤੇ ਕਿਰਦਾਰ ਵਿਚ ਖ਼ਾਲਸਾਈ ਜੀਵਨ-ਜਾਚ ਨਾਲ ਫਿਰ ਤੋਂ ਜੋੜਨ ਬਾਰੇ ਸੋਚਣ ਦਾ ਵਕਤ ਹੈ। 
- ਨਿਮਰਤ ਕੌਰ