ਵਿਦੇਸ਼ਾਂ ਵਲ ਭੱਜ ਰਹੇ ਸਾਡੇ ਨੌਜਵਾਨ ਬੱਚੇ ਬੱਚੀਆਂ ਵਿਦੇਸ਼ੀ ਖੂਹ ਵਿਚ ਤਾਂ ਛਾਲ ਨਹੀਂ ਮਾਰ ਰਹੇ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕਈਆਂ ਦੀ ਜ਼ਿੰਦਗੀ, ਬਾਹਰ ਜਾ ਕੇ ਸੌਖੀ ਹੋ ਵੀ ਜਾਂਦੀ ਹੈ ਤੇ ਜਦ ਉਹ ਅਪਣੀਆਂ ਤਸਵੀਰਾਂ ਪਾਉਂਦੇ ਹਨ ਤਾਂ ਬਾਕੀ ਵੀ ਵਿਦੇਸ਼ ਜਾਣ ਲਈ ਉਤਾਵਲੇ ਹੋ ਜਾਂਦੇ ਹਨ।

photo

 

ਪੰਜਾਬ ਦੀ ਜਵਾਨੀ ਨੂੰ ਪੰਜਾਬ ਵਿਚ ਅਪਣਾ ਭਵਿੱਖ ਨਜ਼ਰ ਨਹੀਂ ਆ ਰਿਹਾ ਜਿਸ ਕਾਰਨ ਉਹ ਵਿਦੇਸ਼ਾਂ ਵਲ ਭੱਜ ਭੱਜ ਕੇ ਜਾ ਤਾਂ ਰਹੇ ਹਨ ਪਰ ਜਿਸ ਤਰੀਕੇ ਨਾਲ ਉਹ ਬਾਹਰ ਜਾ ਰਹੇ ਹਨ, ਉਹ ਇਥੋਂ ਦੀ ਨਿਰਾਸ਼ਾ ਤੋਂ ਬਚਦੇ ਬਚਦੇ, ਅਪਣੇ ਆਪ ਨੂੰ ਮੌਤ ਦੇ ਮੂੰਹ ਵਿਚ ਹੀ ਸੁਟ ਰਹੇ ਹਨ। ਕੁੱਝ ਹਫ਼ਤੇ ਪਹਿਲਾਂ ਜਲੰਧਰ ਦੀ ਰਹਿਣ ਵਾਲੀ ਇਕ ਮਹਿਲਾ ਨੇ ਇਕ ਵੀਡੀਉ ਸੋਸ਼ਲ ਮੀਡੀਆ ਤੇ ਪਾਇਆ ਸੀ ਜਿਸ ਵਿਚ ਉਹ ਆਖਦੇ ਹਨ ਕਿ ਉਨ੍ਹਾਂ ਨੂੰ ਜਲੰਧਰ ਦੇ ਇਕ ਏਜੰਟ ਨੇ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਦੁਬਈ ਵਿਚ ਕਿਸੇ ਅੱਗੇ ਵੇਚ ਦਿਤਾ ਹੈ। ਉਸ ਵੀਡੀਉ ਵਿਚ ਉਸ ਦਾ ਮੂੰਹ ਢਕਿਆ ਹੋਇਆ ਸੀ ਤੇ ਫਿਰ ਕਿਸੇ ਦੇ ਆ ਜਾਣ ਕਰ ਕੇ ਵੀਡੀਉ ਬੰਦ ਹੋ ਗਈ। ਜਲੰਧਰ ਤੋਂ ਵੀ ਅੱਗੇ ਹੋਰ ਕੋਈ ਸੁਨੇਹਾ ਨਾ ਆਇਆ ਕਿ ਇਹ ਕਿਸ ਦੀ ਮਾਂ/ਭੈਣ ਹੈ ਅਤੇ ਜਦ ਪਤਾ ਹੀ ਨਹੀਂ ਕੌਣ ਹੈ ਤਾਂ ਬੋਲਿਆ ਕਿਵੇਂ ਜਾਵੇ।

ਹੁਣ ਕੁੱਝ ਨੌਜਵਾਨ ਕੇਂਦਰ ਸਰਕਾਰ ਦੀ ਮਦਦ ਨਾਲ ਲਿਬੀਆ ਤੋਂ ਭਾਰਤ ਵਾਪਸ ਪਰਤੇ ਹਨ ਜਿਥੇ ਉਨ੍ਹਾਂ ਮੁਤਾਬਕ, ਇਕ ਔਰਤ ਨੇ ਉਨ੍ਹਾਂ ਨੂੰ 3000 ਡਾਲਰ ਵਿਚ ਮਜ਼ਦੂਰੀ ਕਰਨ ਲਈ ਵੇਚ ਦਿਤਾ ਸੀ। ਇਨ੍ਹਾਂ ਨੌਜਵਾਨਾਂ ਨੂੰ ਬੰਦੀ ਗੁਲਾਮਾਂ ਵਾਂਗ ਰਖਿਆ ਗਿਆ ਸੀ ਤੇ ਬੜਾ ਤਸ਼ੱਦਦ ਵੀ ਸਹਿਣਾ ਪਿਆ ਸੀ। ਇਨ੍ਹਾਂ ਨੂੰ ਕੰਮ ਕਰਨ ਦੇ ਪੈਸੇ ਤਾਂ ਕਿਸੇ ਨੇ ਕੀ ਦੇਣੇ ਸਨ, ਸਗੋਂ ਹਰ ‘ਬੰਦੀ’ ਅਪਣੇ ਆਪ ਨੂੰ ਆਜ਼ਾਦ ਕਰਵਾਉਣ ਵਾਸਤੇ 3000 ਡਾਲਰ ਯਾਨੀ ਦੋ ਲੱਖ 40 ਹਜ਼ਾਰ ਰੁਪਏ ਦੇ ਕੇ ਆਜ਼ਾਦੀ ਖ਼ਰੀਦ ਕੇ ਆਇਆ ਸੀ। ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ੀ ਡਾਲਰਾਂ ਦਾ ਬੁਖ਼ਾਰ ਚੜਿ੍ਹਆ ਹੋਇਆ ਹੈ ਜਿਥੇ ਬਾਰੇ ਉਹ ਸਮਝਦੇ ਹਨ ਕਿ ਇਕ ਵਾਰ ਉਹ ਵਿਦੇਸ਼ ਪਹੁੰਚ ਜਾਣ ਤਾਂ ਉਨ੍ਹਾਂ ਦੀ ਜ਼ਿੰਦਗੀ ਡਾਲਰਾਂ ਨਾਲ ਲੱਦੀ ਜਾਵੇਗੀ। ਕਈਆਂ ਦੀ ਜ਼ਿੰਦਗੀ, ਬਾਹਰ ਜਾ ਕੇ ਸੌਖੀ ਹੋ ਵੀ ਜਾਂਦੀ ਹੈ ਤੇ ਜਦ ਉਹ ਅਪਣੀਆਂ ਤਸਵੀਰਾਂ ਪਾਉਂਦੇ ਹਨ ਤਾਂ ਬਾਕੀ ਵੀ ਵਿਦੇਸ਼ ਜਾਣ ਲਈ ਉਤਾਵਲੇ ਹੋ ਜਾਂਦੇ ਹਨ।

 

ਵਿਦੇਸ਼ ਗਏ ਨੌਜਵਾਨ ਪੰਜਾਬ ਆਉਂਦੇ ਹਨ ਤਾਂ ਭਾਵੇਂ ਉਨ੍ਹਾਂ ਨੂੰ 4-5 ਸਾਲਾਂ ਬਾਅਦ ਹੀ ਘਰ ਆਉਣਾ ਨਸੀਬ ਹੁੰਦਾ ਹੈ, ਉਨ੍ਹਾਂ ਅਪਣੇ ਆਪ ਨੂੰ ਸੋਨੇ ਨਾਲ ਲੱਦਿਆ ਜ਼ਰੂਰ ਹੁੰਦਾ ਹੈ। ਦੋ ਚਾਰ ਬਰੈਂਡਿਡ ਕਪੜੇ ਜਾਂ ਪਰਸ ਚੁੱਕੇ ਹੁੰਦੇ ਹਨ ਜਿਨ੍ਹਾਂ ਵਲ ਵੇਖ ਕੇ ਬਾਕੀ ਮੁੰਡੀਰ ਕਮਲੀ ਹੋ ਜਾਂਦੀ ਹੈ ਅਤੇ ਇਸ ਪਾਗਲਪਣ ਦਾ ਫ਼ਾਇਦਾ ਚੁੱਕਣ ਵਾਲੇ ਬੜੇ ਹਨ। ਪੰਜਾਬ ਦੇ ਪਿੰਡ-ਪਿੰਡ, ਗਲੀ-ਗਲੀ ਵਿਚ ਆਈਲੈਟਸ ਕੇਂਦਰ ਅਤੇ ਵਿਦੇਸ਼ ਭੇਜਣ ਵਾਲੀਆਂ ਦੁਕਾਨਾਂ ਖੁਲ੍ਹ ਗਈਆਂ ਹਨ। ਨੌਜਵਾਨ ਲੱਖ ਰੁਪਏ ਪਹਿਲਾਂ ਆਈਲੈਟਸ ਕੇਂਦਰ ਵਿਚ ਅੰਗਰੇਜ਼ੀ ਪੜ੍ਹਨ ਉਤੇ ਲਗਾਉਂਦੇ ਹਨ ਤੇ ਫਿਰ ਪੈਸੇ ਦੇ ਕੇ ਕਿਸੇ ਤਰੀਕੇ ਬਾਹਰ ਜਾਣ ਵਾਸਤੇ ਜ਼ਮੀਨਾਂ ਤਕ ਵੇਚ ਦੇਂਦੇ ਹਨ। 

ਅੱਜ ਜ਼ਿਆਦਾਤਰ ਨੌਜਵਾਨ ਪੜ੍ਹਾਈ ਲਿਖਾਈ ਵਾਸਤੇ ਨਹੀਂ, ਪੈਸਾ ਕਮਾਉਣ ਵਾਸਤੇ ਵਿਦੇਸ਼ ਜਾਣਾ ਚਾਹੁੰਦੇ ਹਨ ਤੇ ਗ਼ਲਤ ਰਸਤੇ ਜਾਂਦੇ ਹਨ ਜਿਸ ਦਾ ਖ਼ਰਚਾ 20-30 ਲੱਖ ਤਕ ਆਉਂਦਾ ਹੈ। ਇਨ੍ਹਾਂ ਵਿਚੋਂ ਕਈ ਜੇਲਾਂ ਵਿਚ ਬੰਦ ਹੋ ਜਾਂਦੇ ਹਨ ਕਿਉਂਕਿ ਕਾਗ਼ਜ਼ ਸਹੀ ਘੱਟ ਹੀ ਹੁੰਦੇ ਹਨ। ਜਿਹੜੀਆਂ ਔਰਤਾਂ ਇਸ ਤਰ੍ਹਾਂ ਦੇ ਏਜੰਟਾਂ ਦੇ ਸ਼ਿਕੰਜੇ ਵਿਚ ਫਸ ਜਾਂਦੀਆਂ ਹਨ, ਉਨ੍ਹਾਂ ਦੇ ਪ੍ਰਵਾਰ ਵਾਲੇ ਸ਼ਰਮ ਕਾਰਨ ਮਾਮਲੇ ਦੀ ਸ਼ਿਕਾਇਤ ਵੀ ਨਹੀਂ ਕਰਦੇ ਤਾਕਿ ਉਨ੍ਹਾਂ ਦੇ ਪ੍ਰਵਾਰ ਦਾ ਨਾਮ ਖ਼ਰਾਬ ਨਾ ਹੋਵੇ ਜਿਵੇਂ ਜਲੰਧਰ ਦੀ ਔਰਤ ਬਾਰੇ ਉਸ ਇਕ ਵੀਡੀਉ ਦੇ ਇਲਾਵਾ ਕੋਈ ਜਾਣਕਾਰੀ ਬਾਹਰ ਨਹੀਂ ਆਉਣ ਦਿਤੀ ਗਈ। ਬੱਚਿਆਂ ਨੂੰ ਵਿਦੇਸ਼ ਜਾਣ ਦੇ ਅਪਣੇ ਸੁਪਨਿਆਂ ਤੋਂ ਤਾਂ ਰੋਕ ਨਹੀਂ ਸਕਦੇ ਪਰ ਉਨ੍ਹਾਂ ਨੂੰ ਸੁਰੱਖਿਅਤ ਤੇ ਸਮਰੱਥ ਬਣਾਉਣ ਦਾ ਕੰਮ ਤਾਂ ਸਾਡਾ ਹੈ। ਅੰਗਰੇਜ਼ੀ ਬੋਲਣ ਤੇ ਲਿਖਣ ਦੀ ਸਿਖਿਆ, ਕੁੱਝ ਹੁਨਰ ਤੇ ਅਗਵਾਈ ਬੱਚਿਆਂ ਨੂੰ ਦੇਣੀ ਜ਼ਰੂਰੀ ਹੈ ਤਾਕਿ ਇਹ ਏਜੰਟਾਂ ਦੇ ਹੱਥੇ ਚੜ੍ਹ ਕੇ ਵਿਦੇਸ਼ਾਂ ਵਿਚ ਗ਼ੁਲਾਮੀ ਵਾਸਤੇ ਨਾ ਵਰਤੇ ਜਾ ਸਕਣ। ਭਾਰਤ ਦੀ ਹਕੀਕਤ ਇਹੀ ਹੈ ਕਿ ਇਥੇ ਸਾਰਿਆਂ ਨੂੰ ਨੌਕਰੀ ਨਹੀਂ ਮਿਲ ਸਕਦੀ ਪਰ ਇਹ ਫ਼ਰਜ਼ ਤਾਂ ਸਰਕਾਰ ਦਾ ਬਣਦਾ ਹੈ ਕਿ ਜੇ ਬੇਰੁਜ਼ਗਾਰੀ ਕਾਰਨ ਬੱਚੇ ਵਿਦੇਸ਼ ਜਾਣ ਵਾਸਤੇ ਮਜਬੂਰ ਹਨ ਤਾਂ ਉਨ੍ਹਾਂ ਦਾ ਸਹਾਰਾ ਸਰਕਾਰਾਂ ਤੇ ਸਮਾਜ ਨੂੰ ਬਣਨਾ ਪਵੇਗਾ। ਆਖ਼ਰ ਇਹ ਸਾਡੇ ਬੱਚੇ ਹਨ, ਸਾਡਾ ਭਵਿੱਖ ਹਨ।    
    -ਨਿਮਰਤ ਕੌਰ