ਕਲਾਕਾਰ ਕਿੰਨਾ ਵੀ ਪ੍ਰਸਿੱਧ ਤੇ ਲੋਕ-ਪ੍ਰਿਯ ਕਿਉਂ ਨਾ ਹੋ ਜਾਵੇ, ਜੇ ਉਹ ਕਾਤਲਾਂ ਨਾਲ ਖੜਾ ਹੈ ....

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਮਿਤਾਭ ਬੱਚਨ ਅਤੇ ਉਸ ਦੇ ਪ੍ਰਵਾਰ ਨੂੰ ਕੋਰੋਨਾ ਹੋਇਆ ਤਾਂ ਪੂਰਾ ਦੇਸ਼ ਇਕ ਸਦਮੇ ਵਿਚ ਚਲਾ ਗਿਆ।

Amitabh Bachchan And Sidhu Moose Wala

ਅਮਿਤਾਭ ਬੱਚਨ ਅਤੇ ਉਸ ਦੇ ਪ੍ਰਵਾਰ ਨੂੰ ਕੋਰੋਨਾ ਹੋਇਆ ਤਾਂ ਪੂਰਾ ਦੇਸ਼ ਇਕ ਸਦਮੇ ਵਿਚ ਚਲਾ ਗਿਆ। ਅਮਿਤਾਭ ਦੀ ਸਿਹਤਯਾਬੀ ਲਈ ਲੋਕ ਅਪਣੇ ਘਰਾਂ ਵਿਚ ਪਾਠ-ਪੂਜਾ ਅਤੇ ਹਵਨ ਕਰਵਾ ਰਹੇ ਹਨ। ਅਮਿਤਾਭ ਪਿਛੇ ਲੋਕ ਕਮਲੇ ਹੋਏ ਪਏ ਹਨ। ਟੀ.ਵੀ. ਚੈਨਲਾਂ ਦੀਆਂ ਖ਼ਬਰਾਂ ਦੀਆਂ ਸੁਰਖ਼ੀਆਂ ਆ ਰਹੀਆਂ ਹਨ ਕਿ 'ਅਮਿਤਾਭ ਪਿਸ਼ਾਬ ਕਰਨ ਆਪ ਚਲ ਕੇ ਗਏ'।

ਕਈਆਂ ਨੂੰ ਇਤਿਹਾਸ ਦੇ ਪੰਨਿਆਂ ਵਿਚ ਅਮਿਤਾਭ ਅਤੇ ਰੇਖਾ ਦਾ ਰਿਸ਼ਤਾ ਨਜ਼ਰ ਆਇਆ ਪਰ ਕਿਸੇ ਨੂੰ ਇਹ ਨਾ ਯਾਦ ਆਇਆ ਕਿ ਇਸੇ ਅਮਿਤਾਭ ਬੱਚਨ ਨੇ ਨਵੰਬਰ 1984 ਵਿਚ ਦੂਰਦਰਸ਼ਨ 'ਤੇ ਰਾਜੀਵ ਗਾਂਧੀ ਵਲੋਂ ਚਾਲੂ ਕੀਤੇ ਗਏ ਸਿੱਖ ਕਤਲੇਆਮ ਨੂੰ ਇਹ ਨਾਹਰਾ ਮਾਰ ਕੇ ਸਰਾਹਿਆ ਸੀ, ''ਖ਼ੂਨ ਕਾ ਬਦਲਾ ਖ਼ੂਨ ਸੇ ਲੇਂਗੇ।'' ਖ਼ੈਰ, ਉਹ ਤਾਂ ਅੱਜ ਕਿਸੇ ਨੂੰ ਵੀ ਯਾਦ ਨਹੀਂ ਰਿਹਾ।

ਅਮਿਤਾਭ ਦੀਆਂ ਫ਼ਿਲਮਾਂ ਪੰਜਾਬ ਵਿਚ ਸਿੱਖਾਂ ਵਲੋਂ ਵੀ ਅਤੇ ਪੂਰੇ ਭਾਰਤ ਵਲੋਂ ਵੀ ਵੇਖੀਆਂ ਜਾਂਦੀਆਂ ਹਨ। ਉਸ ਦੀ ਕਦਰ ਇਸ ਤਰ੍ਹਾਂ ਕੀਤੀ ਜਾਂਦੀ ਹੈ ਜਿਵੇਂ ਇਸ ਤੋਂ ਵਧੀਆ ਕਲਾਕਾਰ ਸ਼ਾਇਦ ਕਦੇ ਕੋਈ ਹੋਇਆ ਹੀ ਨਹੀਂ। ਇਹ ਤਾਂ ਰਵੀ ਸਿੰਘ ਨੇ ਸਿੱਖਾਂ ਨੂੰ ਯਾਦ ਕਰਵਾਇਆ ਤਾਂ ਕਈਆਂ ਨੂੰ ਅਪਣੇ ਜ਼ਖ਼ਮਾਂ ਨੂੰ ਹੋਰ ਡੂੰਘਾ ਕਰਨ ਵਾਲੇ ਅਮਿਤਾਭ ਦੇ ਇਤਿਹਾਸ ਦੀ ਯਾਦ ਆਈ।

ਅਮਿਤਾਭ ਬੱਚਨ ਨੂੰ ਅੱਜ ਵੀ ਕੋਈ ਬਦ-ਦੁਆ ਨਹੀਂ ਦੇ ਸਕਦੇ, ਨਾ ਦੇਣੀ ਬਣਦੀ ਹੀ ਹੈ ਪਰ ਕਿਸੇ ਇਨਸਾਨ ਦੀ ਸਿਫ਼ਤ ਕਰਨ ਤੋਂ ਪਹਿਲਾਂ ਕੀ ਉਸ ਦੀ 'ਖ਼ੂਨ ਕਾ ਬਦਲਾ ਖ਼ੂਨ' ਵਾਲੀ ਜ਼ਹਿਨੀਅਤ 'ਤੇ ਵੀ ਸਵਾਲ ਨਹੀਂ ਕੀਤਾ ਜਾ ਸਕਦਾ, ਖ਼ਾਸ ਕਰ ਕੇ ਜੇ ਉਹ ਅਪਣੇ ਆਪ ਨੂੰ ਇਕ ਕਲਾਕਾਰ ਵੀ ਅਖਵਾਉਂਦਾ ਹੈ?
ਅਮਿਤਾਭ ਦੀ ਕਲਾਕਾਰੀ 'ਤੇ ਮਾਣ ਕਰਨ ਵਾਲੇ ਪੂਰੇ ਭਾਰਤ ਨੂੰ ਪੁੱਛਣ ਵਾਲਾ ਇਕ ਹੀ ਸਵਾਲ ਹੈ ਕਿ ਜੇਕਰ ਕੋਈ ਕਲਾਕਾਰ ਕਿਸੇ ਕੌਮ ਦੇ ਨਿਰਦੋਸ਼ਾਂ ਨੂੰ ਜ਼ਿੰਦਾ ਸਾੜ ਦੇਣਾ ਠੀਕ ਸਮਝਦਾ ਹੈ ਤਾਂ ਕੀ ਉਹ ਇਕ ਸੱਚਾ ਸੁੱਚਾ ਕਲਾਕਾਰ ਹੋ ਸਕਦਾ ਹੈ?

ਠੀਕ ਹੋਣਾ ਤਾਂ ਦੂਰ ਦੀ ਗੱਲ ਹੈ, ਜੇ ਉਹ ਹੋ ਰਹੇ ਕਤਲੇਆਮ ਨੂੰ ਵੇਖ ਕੇ ਵੀ ਭੀੜਾਂ ਨੂੰ ਉਕਸਾਉਣ ਵਾਲੀ ਆਵਾਜ਼ ਬਣਦਾ ਹੈ ਤਾਂ ਕੀ ਉਹ ਇਨਸਾਨ ਵੀ ਅਖਵਾ ਸਕਦੈ? ਅਸੀ ਸਿਆਸਤਦਾਨਾਂ ਤੋਂ ਮਾਫ਼ੀ, ਨਰਮੀ ਅਤੇ ਹਮਦਰਦੀ ਦੀ ਉਮੀਦ ਨਹੀਂ ਰਖਦੇ ਪਰ ਇਕ ਸੱਚੇ ਸੁੱਚੇ ਕਲਾਕਾਰ ਦੇ ਦਾਮਨ 'ਤੇ ਖ਼ੂਨ ਦੇ ਦਾਗ਼ ਵੇਖ ਕੇ ਚੁੱਪ ਵੀ ਨਹੀਂ ਰਹਿ ਸਕਦੇ।

ਅੰਮ੍ਰਿਤਾ ਪ੍ਰੀਤਮ ਦੀ ਇਕ ਕਵਿਤਾ ਵਿਚ ਵਾਰਿਸ ਸ਼ਾਹ ਨੂੰ ਵਾਜਾਂ ਮਾਰ ਕੇ ਫ਼ਰਿਆਦ ਕੀਤੀ ਗਈ ਸੀ ਕਿ ਧੀਆਂ ਦੇ ਸੁਹਾਗ ਲੁੱਟੇ ਜਾਣ ਵਿਰੁਧ ਇਕ ਵਾਰ ਫਿਰ ਕਲਮ ਚੁੱਕੇ। ਪਰ ਅੰਮ੍ਰਿਤਾ ਨੇ ਕਦੇ ਕਿਸੇ ਕਤਲੇਆਮ ਦੇ ਹੱਕ ਵਿਚ ਤਾਂ ਨਾਹਰਾ ਬੁਲੰਦ ਨਹੀਂ ਸੀ ਕੀਤਾ। ਨਾ ਹੀ ਅਜਿਹਾ ਸ਼ਿਵ ਬਟਾਲਵੀ ਨੇ ਕੀਤਾ, ਨਾ ਇਕਬਾਲ ਨੇ, ਨਾ ਕਿਸੇ ਐਸੇ ਕਲਾਕਾਰ ਨੇ ਕੀਤਾ ਜਿਸ ਨੇ ਲੋਕਾਂ ਦੇ ਦੇ ਦਿਲਾਂ ਤੇ ਕਦੇ ਰਾਜ ਕੀਤਾ।

ਪਰ ਅਮਿਤਾਭ ਵਰਗੇ ਕਲਾਕਾਰ ਬਹੁਤ ਹਨ ਜੋ ਹਮਦਰਦੀ ਕਿਸੇ ਨਾਲ ਨਹੀਂ ਰਖਦੇ ਪਰ ਉਹ ਅਪਣੀ ਕਲਾਕਾਰੀ ਕਾਰਨ ਭੀੜਾਂ ਦੇ ਹੀਰੋ ਬਣੇ ਹੋਏ ਹਨ।
ਸਾਡੇ ਪੰਜਾਬ ਵਿਚ ਐਸੇ ਕਈ ਗੀਤਕਾਰ ਹਨ ਜੋ ਅੱਜ ਬੰਦੂਕਾਂ ਤੇ ਹੋਰ ਹਥਿਆਰਾਂ ਵਾਲੇ ਗੀਤ ਗਾਉਂਦੇ ਹਨ ਅਤੇ ਪੈਸੇ ਕਮਾਉਂਦੇ ਹਨ ਪਰ ਉਹ ਸਮਾਜ ਦੇ ਅਸਲੀ ਹਮਦਰਦ ਨਹੀਂ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਗੀਤਾਂ ਨਾਲ ਨੌਜਵਾਨ ਗੁਮਰਾਹ ਹੋ ਕੇ ਗ਼ਲਤ ਰਸਤੇ ਪੈ ਸਕਦੇ ਹਨ ਪਰ ਉਹ ਸਿਰਫ਼ ਅਪਣੀ ਚੜ੍ਹਤ ਵੇਖਦੇ ਹਨ।

ਸਿੱਧੂ ਮੂਸੇਵਾਲਾ ਇਕ ਹੋਣਹਾਰ ਨੌਜਵਾਨ ਹੈ, ਜਿਸ ਦੇ ਦਿਲ ਵਿਚ ਖੋਟ ਨਹੀਂ ਪਰ ਉਹ ਅੱਜ ਅਪਣੇ ਗੀਤਾਂ ਵਿਚ ਨੌਜਵਾਨਾਂ ਲਈ ਹਮਦਰਦੀ ਨਹੀਂ ਵਿਖਾ ਰਿਹਾ। ਸਿੱਧੂ ਮੂਸੇਵਾਲੇ ਦਾ ਗੀਤ ਬੰਬੀਹਾ ਅਤੇ ਹੁਣ ਨਵਾਂ ਗੀਤ ਸਮਾਜ ਦੇ ਸਿਸਟਮ ਨੂੰ ਨੰਗਾ ਕਰਦਾ ਹੈ। ਥਾਣਿਆਂ ਅੰਦਰ ਅਤੇ ਬਾਹਰ ਸਿੱਧੂ ਮੂਸੇਵਾਲੇ ਨੂੰ ਸਲੂਟ ਵਜਦਾ ਹੈ ਅਤੇ ਉਸ ਉਤੇ ਪਰਚੇ ਸਿਰਫ਼ ਵਿਖਾਵੇ ਵਾਸਤੇ ਹੁੰਦੇ ਹਨ।

ਸਿੱਧੂ ਮੂਸੇਵਾਲਾ ਵਰਗੇ ਹੱਥ ਵਿਚ ਬੰਦੂਕ ਰੱਖਣ ਨੂੰ ਅਪਣੀ ਸ਼ਾਨ ਮੰਨਦੇ ਹਨ ਅਤੇ ਸੰਜੇ ਦੱਤ ਵਾਂਗ ਪਰਚਾ ਹੋਣ ਨੂੰ ਵੀ ਅਪਣੀ ਸ਼ਾਨ ਸਮਝਦੇ ਹਨ ਪਰ ਜਦ ਆਏ ਦਿਨ ਸਿੱਖ ਨੌਜਵਾਨ ਯੂ.ਏ.ਪੀ.ਏ. ਤਹਿਤ ਜੇਲ੍ਹਾਂ ਵਿਚ ਗ਼ਾਇਬ ਹੋ ਜਾਂਦੇ ਹਨ, ਕੀ ਉਹ ਇਸ ਵਿਰੁਧ ਆਵਾਜ਼ ਉੱਚੀ ਕਰਨ ਪ੍ਰਤੀ ਅਪਣੀ ਜ਼ਿੰਮੇਵਾਰੀ ਵੀ ਸਮਝਦੇ ਹਨ?

ਅਮਿਤਾਭ ਨੇ ਖੁੱਲ੍ਹ ਕੇ ਸਿੱਖ ਕਤਲੇਆਮ ਨੂੰ ਹੱਲਾਸ਼ੇਰੀ ਦਿਤੀ ਪਰ ਸਿੱਧੂ ਮੂਸੇਵਾਲਾ ਅਪਣੀ ਨਾਸਮਝੀ ਕਾਰਨ ਨੌਜਵਾਨਾਂ ਦੇ ਭਟਕਣ ਦਾ ਕਾਰਨ ਬਣ ਰਿਹਾ ਹੈ, ਫਿਰ ਵੀ ਇਨ੍ਹਾਂ ਦੋਵੇਂ ਕਲਾਕਾਰਾਂ ਪਿਛੇ ਲੋਕ ਕਮਲੇ ਹੋਏ ਫਿਰਦੇ ਹਨ। ਪਰ ਕੀ ਇਤਿਹਾਸ ਵੀ ਇਨ੍ਹਾਂ ਨੂੰ ਦੇਵ ਆਨੰਦ, ਮੁਹੰਮਦ ਰਫ਼ੀ, ਲੱਤਾ, ਰਾਜੇਸ਼ ਖੰਨਾ ਅਤੇ ਸ਼ਿਵ ਬਟਾਲਵੀ ਵਰਗੇ ਕਲਾਕਾਰਾਂ ਵਾਲਾ ਮਾਣ ਦੇ ਸਕੇਗਾ?  -ਨਿਮਰਤ ਕੌਰ