ਕਿਸਾਨਾਂ ਨਾਲ ਧੱਕਾ ਕਰਨ ਵਾਲਿਆਂ ਨਾਲ 'ਪਤੀ-ਪਤਨੀ' ਵਾਲਾ ਗਠਜੋੜ ਜਾਰੀ ਰਹੇਗਾ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਹਰਸਿਮਰਤ ਦਾ ਅੱਧਾ ਅਧੂਰਾ ਅਸਤੀਫ਼ਾ

Sukhbir Badal, Harsimrat Kaur Badal

ਪੰਜਾਬ ਦੀਆਂ ਸੜਕਾਂ ਦੇ ਦੋਹੀਂ ਪਾਸੀਂ ਪ੍ਰਦਰਸ਼ਨ ਚਲ ਰਹੇ ਹਨ ਤੇ ਦੋਹਾਂ ਪਾਸਿਆਂ ਦੇ ਅਣਿਆਲੇ ਤੀਰਾਂ ਦੀ ਮਾਰ ਬਾਦਲਾਂ ਨੂੰ ਸਹਿਣੀ ਪੈ ਰਹੀ ਹੈ। ਇਕ ਪਾਸੇ ਕਿਸਾਨ ਹਨ ਤੇ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਵਿਚ ਵੀ ਭ੍ਰਿਸ਼ਟਾਚਾਰ ਨੂੰ ਵੇਖ ਕੇ ਲੋਕ ਬਹੁਤ ਦੁਖੀ ਹਨ। ਇੰਜ ਜਾਪਦਾ ਹੈ ਜਿਵੇਂ ਪੂਰਾ ਪੰਜਾਬ ਹੀ ਸੜਕਾਂ 'ਤੇ ਉਤਰ ਆਇਆ ਹੈ। ਦੋਹਾਂ ਹੀ ਰੋਸ ਪ੍ਰਦਰਸ਼ਨਾਂ ਵਿਚ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਨੂੰ ਬਣਾਇਆ ਜਾ ਰਿਹਾ ਹੈ। 

ਵੱਡੇ ਬਾਦਲ ਯਾਨੀ ਪ੍ਰਕਾਸ਼ ਸਿੰਘ ਬਾਦਲ ਦੇ ਬਾਦਲ ਪਿੰਡ ਵਾਲੇ 'ਮਹਿਲ' ਨੂੰ ਵੀ ਕਿਸਾਨਾਂ ਨੇ ਘੇਰਾ ਪਾਇਆ ਹੋਇਆ ਹੈ ਪਰ ਪਿਛਲੇ ਦਰਵਾਜ਼ਿਉਂ ਕੱਢ ਕੇ ਵੱਡੇ ਬਾਦਲ ਨੂੰ ਬੀਜੇਪੀ ਸਰਕਾਰ ਦੀ ਸੁਰੱਖਿਆ ਵਿਚ, ਉਨ੍ਹਾਂ ਦੇ ਦੂਜੇ ਸ਼ਾਹੀ ਮਹੱਲ ਅਰਥਾਤ ਹਰਿਆਣੇ ਦੇ ਬਾਲਾਸਰ ਫ਼ਾਰਮ ਵਿਚ ਭੇਜ ਦਿਤਾ ਗਿਆ ਹੈ। ਸਿੱਖ ਜਥੇਬੰਦੀਆਂ ਨੂੰ ਯਕੀਨ ਹੈ ਕਿ ਅੱਜ ਜੋ ਗਿਰਾਵਟ ਸਿੱਖ ਸੰਸਥਾਵਾਂ ਵਿਚ ਨਜ਼ਰ ਆ ਰਹੀ ਹੈ, ਉਸ ਦੀ ਜੜ੍ਹ ਬਾਦਲ ਪ੍ਰਵਾਰ ਅਤੇ ਧਰਮ ਉਤੇ ਬਾਦਲੀ ਸਿਆਸਤ ਦੇ ਮਾਰੂ ਜੱਫੇ ਵਿਚੋਂ ਵੇਖੀ ਜਾ ਸਕਦੀ ਹੈ। ਦੂਜੇ ਪਾਸੇ ਕਿਸਾਨ, ਅਕਾਲੀ ਦਲ ਦੇ ਦੋਗਲੇ ਸਟੈਂਡ ਤੋਂ ਨਿਰਾਸ਼ ਹਨ।

ਕਿਸਾਨਾਂ ਨੂੰ ਹਰ ਔਖੇ ਸੌਖੇ ਵੇਲੇ ਅਕਾਲੀ ਦਲ ਦੀ ਹਮਾਇਤ ਮਿਲੀ ਹੈ ਤੇ ਕਿਸਾਨ ਵੀ ਅਕਾਲੀ ਦਲ ਦੇ ਇਕ ਸੱਦੇ ਤੇ ਜੇਲਾਂ ਭਰ ਦੇਂਦੇ ਰਹੇ ਹਨ ਤੇ ਗੁਰਦਵਾਰਿਆਂ ਦੀ ਵਾਗਡੋਰ ਵੀ ਉਨ੍ਹਾਂ ਦੇ ਹੱਥ ਫੜਾ ਦੇਂਦੇ ਰਹੇ ਹਨ। ਇਸ ਲਈ ਕਿਸਾਨ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਅਕਾਲੀ ਦਲ ਕੁਰਸੀ ਖ਼ਾਤਰ ਕਿਸਾਨ ਨੂੰ ਐਨੀ ਵੱਡੀ ਸੱਟ ਮਾਰੇਗਾ।

ਇਹ ਨੋਟ ਲਿਖਦੇ ਲਿਖਦੇ ਖ਼ਬਰ ਆ ਗਈ ਹੈ ਕਿ ਬੀਬੀ ਹਰਸਿਮਰਤ ਬਾਦਲ ਨੇ ਕੇਂਦਰੀ ਵਜ਼ਾਰਤ ਵਿਚੋਂ ਅਸਤੀਫ਼ਾ ਦੇ ਦਿਤਾ ਹੈ ਪਰ ਨਾਲ ਹੀ ਇਹ ਵੀ ਕਹਿ ਦਿਤਾ ਗਿਆ ਹੈ ਕਿ ਬੀਜੇਪੀ ਨਾਲ ਗਠਜੋੜ ਜਾਰੀ ਰਹੇਗਾ ਅਰਥਾਤ ਕਿਸਾਨੋ ਤੁਸੀ ਵੀ ਖ਼ੁਸ਼ ਰਹੋ ਤੇ ਬੀਜੇਪੀ ਵਾਲਿਉ, ਤੁਸੀਂ ਵੀ ਨਾਰਾਜ਼ ਨਾ ਹੋਇਉ। ਬਾਹਰੋਂ ਅਸੀ ਕਿਸਾਨਾਂ ਨਾਲ ਜਾਣ ਲਈ ਮਜਬੂਰ ਹਾਂ ਪਰ ਅੰਦਰੋਂ ਤੁਹਾਡੇ ਨਾਲ ਪਤੀ-ਪਤਨੀ ਵਾਲਾ ਰਿਸ਼ਤਾ ਵੀ ਬਣਿਆ ਰਹੇਗਾ।

ਜਿਸ ਤਰ੍ਹਾਂ ਕਿਸਾਨਾਂ ਦਾ ਰੋਸ ਵੱਧ ਰਿਹਾ ਹੈ, ਉਮੀਦ ਸੀ ਕਿ ਇਸ ਨੂੰ ਵੇਖ ਕੇ, ਬਿਲ ਪਾਸ ਹੁੰਦੇ ਹੀ ਅਕਾਲੀ ਦਲ ਵਲੋਂ ਐਨ.ਡੀ.ਏ. ਗਠਜੋੜ ਤੋਂ ਵੱਖ ਹੋ ਕੇ ਕੇਂਦਰੀ ਮੰਤਰੀ ਦੀ ਕੁਰਸੀ ਤੋਂ ਅਸਤੀਫ਼ਾ ਦੇ ਦਿਤਾ ਜਾਵੇਗਾ। ਅਸਤੀਫ਼ਾ ਤਾਂ ਦੇ ਦਿਤਾ ਹੈ ਪਰ ਗਠਜੋੜ ਜਾਰੀ ਰਹੇਗਾ ਅਰਥਾਤ ਜਿਸ ਨੇ ਕਿਸਾਨਾਂ ਨੂੰ ਖ਼ਤਮ ਕਰਨ ਦੀ ਧਾਰੀ ਹੋਈ ਹੈ, ਉਸ ਨਾਲ ਅੰਦਰੋਂ ਯਾਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ। ਇਹ ਦੋਗਲਾਪਨ ਕਿੰਨੇ ਦਿਨ ਤਕ ਲੋਕਾਂ ਨੂੰ ਸਚਾਈ ਸਮਝਣ ਤੋਂ ਦੂਰ ਰੱਖ ਸਕੇਗਾ?

ਕਿਸਾਨ ਗਲਾ ਪਾੜ ਪਾੜ ਕੇ ਐਲਾਨ ਕਰ ਰਹੇ ਹਨ ਕਿ ਸੰਸਦ ਵਿਚ ਖੇਤੀ ਬਿਲ ਪੇਸ਼ ਹੋਣ ਸਮੇਂ ਗ਼ੈਰ ਹਾਜ਼ਰ ਰਹਿਣ ਵਾਲੇ ਜਾਂ ਭਾਜਪਾ ਦਾ ਸਮਰਥਨ ਕਰਨ ਵਾਲੇ ਐਮ.ਪੀਜ਼ ਨੂੰ ਪਿੰਡਾਂ ਅੰਦਰ ਵੀ ਨਹੀਂ ਵੜਨ ਦਿਤਾ ਜਾਵੇਗਾ ਜਿਸ ਤੋਂ ਡਰ ਕੇ ਅਕਾਲੀ ਦਲ ਬਾਦਲ ਦੇ ਐਮ.ਐਲ.ਏ. ਤੇ ਆਗੂ ਵੀ ਕਿਸਾਨਾਂ ਨਾਲ ਖੜੇ ਹੋਣ ਲੱਗ ਪਏ ਸਨ। ਦੂਜੇ ਪਾਸੇ ਕੁੱਝ ਅਕਾਲੀ ਆਗੂ ਭਾਜਪਾ ਵਿਚ ਅਪਣੀ ਕੁਰਸੀ ਪੱਕੀ ਕਰਨ ਲਈ ਪੰਥ-ਵਿਰੋਧੀ ਕੰਮ ਵੀ ਕਰ ਰਹੇ ਹਨ ਜਿਵੇਂ ਦਿੱਲੀ ਦੇ ਭਾਜਪਾ-ਅਕਾਲੀ ਐਮ.ਐਲ.ਏ. ਤੇ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖੀ ਵਜੋਂ 'ਬਚਿੱਤਰ ਨਾਟਕ' ਦਾ ਪਾਠ ਕਰਵਾ ਕੇ ਪਹਿਲਾਂ ਆਰ.ਐਸ.ਐਸ. ਨੂੰ ਖ਼ੁਸ਼ ਕੀਤਾ ਤੇ ਹੁਣ ਕੰਗਨਾ ਰਣੌਤ ਦੇ ਹੱਕ ਵਿਚ ਵੀਡੀਉ ਪਾ ਕੇ ਭਾਜਪਾ ਦਾ ਪੱਖ ਪੂਰ ਰਹੇ ਸਨ। ਗਠਜੋੜ ਰਿਹਾ ਤਾਂ ਇਹ ਪੰਥ-ਵਿਰੋਧੀ ਗੱਲਾਂ ਵੀ ਚਲਦੀਆਂ ਹੀ ਰਹਿਣਗੀਆਂ।

ਅਕਾਲੀ ਦਲ ਨੂੰ ਸੋਚਣ ਦੀ ਲੋੜ ਹੈ ਕਿ ਉਨ੍ਹਾਂ ਦੀ ਕਿਹੜੀ ਗ਼ਲਤੀ ਉਨ੍ਹਾਂ ਨੂੰ ਦੋਹੀਂ ਪਾਸੀਂ ਗੁਨਾਹਗਾਰ ਬਣਾ ਰਹੀ ਹੈ? ਪੂਰਾ ਜਵਾਬ ਉਹ ਆਪ ਹੀ ਦੇ ਸਕਦੇ ਹਨ ਪਰ ਜੇ ਕੌੜਾ ਸੱਚ ਸਮਝਣਾ ਚਾਹੁਣਗੇ ਤਾਂ ਅਪਣੇ ਕੁਰਸੀ ਪ੍ਰੇਮ ਨੂੰ ਕਾਬੂ ਹੇਠ ਰੱਖ ਕੇ ਅਕਾਲੀ ਸਿਧਾਂਤਾਂ ਤੇ ਪਹਿਰਾ ਦੇਣੋਂ ਭੱਜਣ ਦੀ ਨੀਤੀ ਉਤੇ ਜ਼ਰੂਰ ਵਿਚਾਰ ਕਰਨਗੇ। ਬਾਦਲ ਪ੍ਰਵਾਰ ਨੇ ਸ਼੍ਰੋਮਣੀ ਕਮੇਟੀ ਦੀਆਂ ਕੁਰਸੀਆਂ ਅਪਣੇ ਕੋਲ ਗਿਰਵੀ ਰਖ ਲਈਆਂ।

ਜਦ ਅਕਾਲੀ ਦਲ ਦੀ ਸਰਕਾਰ ਸੀ ਤਾਂ ਪੰਜ ਮੰਤਰਾਲੇ ਬਾਦਲ ਪ੍ਰਵਾਰ ਕੋਲ ਸਨ। ਕੇਂਦਰ ਵਿਚ ਵਜ਼ੀਰ ਬਣਨ ਦਾ ਹੱਕ ਕਈ ਸੀਨੀਅਰ ਅਕਾਲੀ ਆਗੂਆਂ ਦਾ ਸੀ ਪਰ ਉਸ ਕੁਰਸੀ ਤੇ ਵੀ ਬਾਦਲ ਪ੍ਰਵਾਰ ਨੇ ਅਪਣਾ ਹੱਕ ਪ੍ਰਗਟਾਇਆ। ਇਹੀ ਨਹੀਂ ਪੰਜਾਬ ਵਿਚ ਟਰਾਂਸਪੋਰਟ, ਕੇਬਲ, ਚੈਨਲ, ਹੋਟਲ ਉਦਯੋਗ ਵਿਚ ਨਿਵੇਸ਼ ਹੀ ਨਹੀਂ ਬਲਕਿ ਕਬਜ਼ਾ ਬਾਦਲ ਪ੍ਰਵਾਰ ਦਾ ਰਿਹਾ।

ਅੱਜ ਇਨ੍ਹਾਂ ਸਾਰੇ ਖੇਤਰਾਂ ਵਿਚ ਗਿਰਾਵਟ ਵੀ ਇਸੇ ਕੁਰਸੀ ਪ੍ਰੇਮ ਨਾਲ ਹੀ ਜੁੜੀ ਹੋਈ ਹੈ। ਟਕਸਾਲੀ ਤੇ ਢੀਂਡਸਾ ਅਲੱਗ ਨਾ ਹੁੰਦੇ ਜੇ ਕੁਰਸੀ ਤੇ ਕਬਜ਼ਾ ਨਾ ਹੁੰਦਾ। ਪੰਜਾਬ ਵੀ ਉਨ੍ਹਾਂ ਨੇ ਕੁਰਸੀ ਮੋਹ ਕਰ ਕੇ ਗਵਾ ਲਿਆ ਤੇ ਹੁਣ ਅਕਾਲੀ ਦਲ ਕਿਸਾਨਾਂ ਦਾ ਵਿਸ਼ਵਾਸ ਗਵਾਉਣ ਦੀ ਤਿਆਰੀ ਵੀ ਕਰ ਰਿਹਾ ਹੈ। ਕੀ ਹੈ ਇਸ ਕੁਰਸੀ ਦਾ ਜਾਦੂ?   -ਨਿਮਰਤ ਕੌਰ