ਚੀਨ ਐਵੇਂ ਤਾਂ ਨਹੀਂ ਗੜ੍ਹਕਦਾ, ਸੁਸ਼ਾਂਤ ਰਾਜਪੂਤ ਨੇ ਐਵੇਂ ਤਾਂ ਖ਼ੁਦਕੁਸ਼ੀ ਨਹੀਂ ਕੀਤੀ!!
ਡਾਢੇ ਦਾ ਸੱਤੀਂ ਵੀਹੀਂ ਸੌ
ਅੱਜ ਭਾਰਤ ਵਿਚ ਦੋ ਵਿਰੋਧ ਚੱਲ ਰਹੇ ਹਨ। ਇਕ ਵਿਰੋਧ ਚੀਨ ਦਾ ਚੱਲ ਰਿਹਾ ਹੈ ਤੇ ਦੂਜਾ ਕਰਨ ਜੌਹਰ, ਸਲਮਾਨ ਖ਼ਾਨ ਆਦਿ ਵਰਗਿਆਂ ਦਾ। ਦੋਵੇਂ ਹੀ ਲਹਿਰਾਂ 'ਬਾਏ ਆਊਟ' ਦੀ ਪੁਕਾਰ ਲੈ ਕੇ ਆ ਰਹੀਆਂ ਹਨ। ਪਹਿਲਾਂ ਚੀਨ ਦੀ ਗੱਲ ਕਰੀਏ ਤਾਂ ਚੀਨ ਨੇ ਸਾਡੀ ਧਰਤੀ ਉਤੇ ਹਮਲਾ ਕਰ ਕੇ ਸਾਡੇ ਹੀ ਫ਼ੌਜੀਆਂ ਨੂੰ ਸ਼ਹੀਦ ਕੀਤਾ।
ਕੁੱਝ ਅਪਣੇ ਆਪ ਨੂੰ ਮਾਹਰ ਅਖਵਾਉਣ ਵਾਲੇ ਸੁਰੱਖਿਆ ਮਾਹਰ ਹੁਣ ਇਹ ਆਖ ਰਹੇ ਹਨ ਕਿ ਚੀਨ ਨੇ ਇਹ ਭਾਰਤ ਦੀ 'ਆਤਮ ਨਿਰਭਰ' ਮੁਹਿੰਮ ਤੋਂ ਘਬਰਾ ਕੇ ਕੀਤਾ ਕਿਉਂਕਿ ਭਾਰਤ ਸਰਕਾਰ ਨੇ ਅਪਣੇ ਟੈਂਡਰ ਵਿਚ ਕੁੱਝ ਹਿੱਸਾ ਭਾਰਤੀ ਉਦਯੋਗਾਂ ਵਾਸਤੇ ਰੱਖ ਲਿਆ ਸੀ। ਚੀਨ ਡਰ ਗਿਆ ਕਿ ਹੁਣ ਉਸ ਦੀ ਅਰਥ ਵਿਵਸਥਾ ਨੂੰ ਖ਼ਤਰਾ ਪੈਦਾ ਹੋ ਜਾਏਗਾ। ਚੀਨ ਵਿਚ ਬੇਰੁਜ਼ਗਾਰੀ ਦਾ ਅੰਕੜਾ ਵੱਧ ਰਿਹਾ ਸੀ।
ਸੋ ਉਨ੍ਹਾਂ ਨੇ ਅਪਣੇ ਨਾਗਰਿਕਾਂ ਨੂੰ ਬਹਿਲਾਉਣ ਲਈ ਇਹ ਕਾਂਡ ਰਚਾਇਆ। ਦੂਜੇ ਪਾਸੇ ਕਿਹਾ ਜਾ ਰਿਹਾ ਹੈ ਕਿ ਸੁਸ਼ਾਂਤ ਦੀ ਮੌਤ ਨਹੀਂ ਹੋਈ, ਉਹ ਹਤਿਆ ਸੀ ਤੇ ਇਹ ਸਾਰਾ ਕਾਂਡ ਏਕਤਾ ਕਪੂਰ, ਕਰਨ ਜੌਹਰ ਦਾ ਸੀ। ਉਨ੍ਹਾਂ ਨੇ ਸੁਸ਼ਾਂਤ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰ ਦਿਤਾ ਕਿਉਂਕਿ ਉਸ ਦੀਆਂ ਸੱਤ ਫ਼ਿਲਮਾਂ ਰੱਦ ਕਰ ਦਿਤੀਆਂ ਗਈਆਂ ਸਨ।
ਹੁਣ ਪੂਰੀ ਤਸਵੀਰ ਦੀ ਗੱਲ ਕਰੀਏ ਤਾਂ ਚੀਨ ਦੀ ਕੁਲ ਐਕਸਪੋਰਟ ਵਿਚ ਭਾਰਤ ਵਲ ਆਉਂਦਾ ਹਿੱਸਾ 2 ਫ਼ੀ ਸਦੀ (16.7 ਬਿਲੀਅਨ) ਹੈ ਤੇ ਜੇਕਰ ਭਾਰਤ ਅੱਜ ਤੋਂ ਚੀਨ ਦਾ ਸਮਾਨ ਲੈਣਾ ਬੰਦ ਕਰ ਦੇਵੇ ਤਾਂ ਨੁਕਸਾਨ ਚੀਨ ਨੂੰ ਇਕ ਆਮ ਮੱਛਰ ਦੇ ਡੰਗ ਜਿੰਨਾ ਹੀ ਹੋਵੇਗਾ, ਵੱਧ ਨਹੀਂ ਹੋਵੇਗਾ। ਦੂਜੇ ਪਾਸੇ ਭਾਰਤ ਚੀਨ 70.3 ਬਿਲੀਅਨ ਦਾ ਸਮਾਨ ਆਯਾਤ ਕਰਦਾ ਹੈ।
ਚੀਨ ਤੇ ਭਾਰਤ ਦੀ ਨਿਰਭਰਤਾ ਇਲੈਕਟਰਾਨਿਕ ਤੇ ਇਲੈਕਟ੍ਰੀਕਲ ਸਮਾਨ ਦੀ ਹੀ ਤਕਰੀਬਨ 70 ਫ਼ੀ ਸਦੀ ਹੈ। ਵੀਵੋ, ਰੈੱਡ-ਮੀ ਜਹੀਆਂ ਹੋਰ ਵੀ ਕਈ ਕੰਪਨੀਆਂ ਦੇ ਫ਼ੋਨ ਚੀਨ ਤੋਂ ਆਉਂਦੇ ਹਨ। ਭਾਰਤ ਦਾ ਸਾਈਕਲ ਉਦਯੋਗ ਚੀਨ ਸਦਕੇ ਬੰਦ ਹੋ ਰਿਹਾ ਹੈ ਜਿਵੇਂ ਕਿ ਐਟਲਸ ਦੀ ਤਾਜ਼ਾ ਮਿਸਾਲ ਹੈ। ਤੁਹਾਡਾ ਅਪਣਾ ਘਰ ਵੀ ਸਜਾਵਟ, ਕਪੜੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਲਈ ਚੀਨ ਉਤੇ ਨਿਰਭਰ ਹੈ, ਚਾਹੇ ਘਰ ਵਿਚ ਝਾਤ ਮਾਰ ਕੇ ਵੇਖ ਲਉ, ਤਸਵੀਰ ਸਾਫ਼ ਹੋ ਜਾਵੇਗੀ।
ਇਹੀ ਨਹੀਂ ਟੀ.ਬੀ., ਲੈਪਰੋਸੀ (ਕੋਹੜ) ਆਦਿ ਬੀਮਾਰੀਆਂ ਦੀਆਂ ਦਵਾਈਆਂ ਚੀਨ ਤੋਂ ਹੀ ਆਉਂਦੀਆਂ ਹਨ। ਜਿਹੜੀ ਮਲੇਰੀਆ ਦੀ ਦਵਾਈ ਭਾਰਤ ਤੋਂ ਮੰਗੀ ਜਾ ਰਹੀ ਹੈ, ਉਹ ਵੀ ਚੀਨ ਤੋਂ ਆਉਂਦੀ ਇਕ ਮੁੱਖ ਸਮੱਗਰੀ ਬਿਨਾਂ ਨਹੀਂ ਬਣ ਸਕਦੀ। ਫਿਰ ਅਪਣੇ ਵੱਡੇ ਉਦਯੋਗ ਵਲ ਆਈਏ, ਬਾਏਯੂ, ਫ਼ਲਿੱਪ ਕਾਰਟ, ਹਾਈਕ, ਓਲਾ, ਸਵਿੱਗੀ ਵਿਚ ਚੀਨ ਦੇ ਉਦਯੋਗਾਂ ਦਾ ਵੱਡਾ ਪੈਸਾ ਲੱਗਾ ਹੋਇਆ ਹੈ।
ਇਹੀ ਨਹੀਂ ਬੀ.ਸੀ.ਸੀ.ਆਈ, ਰੀਪਬਲਿਕ ਟੀ.ਵੀ. ਵਿਚ ਵੀ ਇਹੀ ਕੰਪਨੀਆਂ ਪੈਸਾ ਲਗਾਉਂਦੀਆਂ ਹਨ। ਸੋ ਕੀ ਸਾਰਾ ਭਾਰਤ ਅੱਜ ਅਪਣੇ ਸਮਾਰਟ ਫ਼ੋਨ ਤੋਂ ਲੈ ਕੇ ਕ੍ਰਿਕਟ ਦਾ ਬਾਈਕਾਟ ਕਰਨ ਤਕ ਲਈ ਤਿਆਰ ਹੈ? ਇਸੇ ਤਰ੍ਹਾਂ ਬਾਲੀਵੁੱਡ ਵਲ ਆਈਏ। ਏਕਤਾ ਕਪੂਰ ਦੇ ਮੁਕਾਬਲੇ, ਹਲਕੇ ਸੀਰੀਅਲ ਕੋਈ ਨਹੀਂ ਬਣਾ ਸਕਦਾ। ਕਰਨ ਜੌਹਰ ਦੀਆਂ ਫ਼ਿਲਮਾਂ ਵਿਚ ਦਿਮਾਗ਼ ਦਾ ਨਹੀਂ, ਬਰੈਂਡ ਦਾ ਪ੍ਰਚਾਰ ਹੁੰਦਾ ਹੈ।
ਕਰਨ ਜੌਹਰ ਹਰ ਇਕ ਨੂੰ ਅਪਣੇ ਟੀ.ਵੀ. ਸ਼ੋਅ ਉਤੇ ਬੁਲਾ ਕੇ ਸੁਸ਼ਾਂਤ ਕੁਮਾਰ ਵਰਗਿਆਂ ਦੀ ਬੇਇਜ਼ਤੀ ਕਰਦਾ ਹੈ। ਸਲਮਾਨ ਖ਼ਾਨ ਇਕ 50 ਸਾਲ ਦਾ ਮਰਦ ਹੈ ਜਿਸ ਨੂੰ ਸ਼ਬਾਬ ਤੇ ਬੱਚੀਆਂ ਚੰਗੀਆਂ ਲਗਦੀਆਂ ਹਨ। ਉਸ ਨੂੰ ਹੀਰੋ ਭਾਰਤ ਦੀ ਜਨਤਾ ਨੇ ਬਣਾਇਆ ਹੈ। ਭਾਰਤ ਇਨ੍ਹਾਂ ਸਾਰੀਆਂ ਕਚਰਾ ਟੀ.ਵੀ. ਫ਼ਿਲਮਾਂ ਨੂੰ ਛੱਡ ਕੇ ਕੀ ਹਰ ਚੰਗੇ ਅਦਾਕਾਰ ਨੂੰ ਬਰਾਬਰ ਦਾ ਮੌਕਾ ਦੇਣ ਲਈ ਤਿਆਰ ਹੈ? ਕੀ ਭਾਰਤ ਸਸਤੇ ਪਰ ਹਲਕੇ ਸਮਾਨ ਨੂੰ ਛੱਡ ਕੇ ਮਹਿੰਗੇ ਅਤੇ ਚੰਗੇ ਮਾਲ ਦੀ ਆਦਤ ਪਾਉਣ ਨੂੰ ਤਿਆਰ ਹੈ?
ਇਹ ਲਲਕਾਰਦੀਆਂ ਗੱਲਾਂ ਉਨੀਆਂ ਹੀ ਸੱਚੀਆਂ ਹਨ ਜਿੰਨੇ ਇਸ ਚਰਚਾ ਪਿੱਛੇ ਦੇ ਜਜ਼ਬਾਤ। ਜਿਨ੍ਹਾਂ ਨੂੰ ਦੇਸ਼ ਦੇ ਵਧੀਆ ਕਲਾਕਾਰਾਂ, ਫ਼ੌਜੀਆਂ, ਨੌਜੁਆਨਾਂ ਦੀ ਫ਼ਿਕਰ ਹੈ, ਉਹ ਪਹਿਲਾਂ ਹੀ ਦੇਸੀ ਖਾਂਦੇ ਤੇ ਇਸਤੇਮਾਲ ਕਰਦੇ ਹਨ ਤੇ ਅਪਣੇ ਦਿਮਾਗ਼ ਦੀ ਖ਼ੁਰਾਕ ਵੀ ਨਿਰਪੱਖ ਰਖਦੇ ਹਨ। ਜਿਹੜੇ ਲੋਕ ਸਵਾਲ ਚੁੱਕ ਰਹੇ ਹਨ, ਉਨ੍ਹਾਂ ਨੂੰ ਅੱਜ ਪੁੱਛੋ ਕਿ ਕੀ ਉਹ ਵੱਡਾ ਚੀਨੀ ਪੈਸਾ ਤੇ ਇਸ਼ਤਿਹਾਰ ਬੰਦ ਕਰ ਦੇਣਗੇ? ਕੀ ਜੀਓ ਵਾਲੇ ਚੀਨੀ ਫ਼ੋਨ ਬੰਦ ਕਰ ਦੇਣਗੇ? -ਨਿਮਰਤ ਕੌਰ