ਦੁਨੀਆਂ ਦੇ ਸੱਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਦੇ ਵੱਡੇ ਫ਼ਿਕਰ ਵੀ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕੀ ਕਾਰਨ ਇਹ ਹੈ ਕਿ ਸਾਡੇ ਆਰਥਕ ਮਾਹਰ ਬੜੇ ਸਿਆਣੇ ਹਨ ਜਾਂ ਕੀ ਅਸੀ ਸਵੈ-ਨਿਰਭਰ ਹੋ ਗਏ ਹਾਂ ਜਾਂ ਕੀ ਅਸੀ ਅਪਣੇ ਆਪ ਨਾਲ ਹੀ ਗੁਜ਼ਾਰਾ ਕਰ ਲਵਾਂਗੇ?

photo

 

ਭਾਰਤ ਦੁਨੀਆਂ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਤੋਂ ਕੁੱਝ ਹਫ਼ਤੇ ਹੀ ਦੂਰ ਹੈ ਤੇ ਪਹਿਲੀ ਜੁਲਾਈ ਨੂੰ ਜਦ ਇਹ ਤਾਜ ਸਾਡੇ ਸਿਰ ਤੇ ਰਖਿਆ ਜਾਵੇਗਾ ਤਾਂ ਕੀ ਅਸੀ ਜਸ਼ਨ ਮਨਾਵਾਂਗੇ? ਦੁਨੀਆਂ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਜਿਸ ਵਿਚ ਦੁਨੀਆਂ ਦੇ ਸੱਭ ਤੋਂ ਵੱਧ 100 ਅਮੀਰਾਂ ’ਚੋਂ ਵੀ ਦੋ (ਅੰਬਾਨੀ ਤੇ ਅਡਾਨੀ) ਸ਼ਾਮਲ ਹਨ। ਸੱਭ ਤੋਂ ਵੱਡਾ ਲੋਕਤੰਤਰ, ਸੱਭ ਤੋਂ ਵੱਧ ਕਮਾਉਣ ਵਾਲੀ ਆਬਾਦੀ, ਇਹ ਸੱਭ ਅਸੀ ਸੁਰਖ਼ੀਆਂ ਵਿਚ ਵੇਖਾਂਗੇ। ਪਰ ਕੀ ਇਹ ਸੰਪੂਰਨ ਸੱਚ ਹੈ? ਤਸਵੀਰ ਵਿਚ ਸੱਭ ਤੋਂ ਵੱਧ ਗ਼ਰੀਬ ਆਬਾਦੀ, ਸੱਭ ਤੋਂ ਵੱਧ ਅਮੀਰ-ਗ਼ਰੀਬ ਵਿਚਕਾਰ ਅੰਤਰ, ਸੱਭ ਤੋਂ ਵੱਧ ਬੇਰੁਜ਼ਗਾਰੀ ਵੀ ਹੈ। ਇਹ ਵੀ ਹਕੀਕਤ ਹੈ ਕਿ ਆਉਣ ਵਾਲੇ ਸਮੇਂ ਵਿਚ ਦੁਨੀਆਂ ਇਕ ਵਾਰ ਫਿਰ ਜ਼ਬਰਦਸਤ ਮੰਦੀ ਦੀ ਸ਼ਿਕਾਰ ਹੋਣ ਵਾਲੀ ਹੈ ਪਰ ਭਾਰਤ ਉਸ ਦੀ ਮਾਰ ਤੋਂ ਬਚਿਆ ਰਹਿ ਜਾਵੇਗਾ, ਜਿਵੇਂ 2008 ਵਿਚ ਡਾ. ਮਨਮੋਹਨ ਸਿੰਘ ਵੇਲੇ ਬਚਿਆ ਰਹਿ ਗਿਆ ਸੀ। 

ਕੀ ਕਾਰਨ ਇਹ ਹੈ ਕਿ ਸਾਡੇ ਆਰਥਕ ਮਾਹਰ ਬੜੇ ਸਿਆਣੇ ਹਨ ਜਾਂ ਕੀ ਅਸੀ ਸਵੈ-ਨਿਰਭਰ ਹੋ ਗਏ ਹਾਂ ਜਾਂ ਕੀ ਅਸੀ ਅਪਣੇ ਆਪ ਨਾਲ ਹੀ ਗੁਜ਼ਾਰਾ ਕਰ ਲਵਾਂਗੇ? ਸਾਡੀ ਅਰਥ-ਵਿਵਸਥਾ ਵਿਚ ਸਮਾਨਾਂਤਰ ਅਰਥਵਿਵਸਥਾ ਨਕਦ ਪੈਸਿਆਂ (ਜੋ ਲਗਭਗ ਕਾਲਾ ਧਨ ਹੀ ਹੁੰਦਾ ਹੈ) ਦੇ ਸਿਰ ’ਤੇ ਚਲਦੀ ਹੈ ਤੇ ਉਹ ਸਾਨੂੰ ਬਚਾ ਲਵੇਗੀ। ਪਰ ਕਦ ਤਕ? ਕਦ ਤਕ ਸਾਡੇ ਅੰਦਰ ਅਜਿਹੀ ਸੋਚ ਬਣੀ ਰਹੇਗੀ ਕਿ ਇਕ ਪਾਸੇ ਕੋਈ ਅਮੀਰ ਕਰੋੜਾਂ ਦੇ ਮੁੱਲ ਦੇ ਹਾਰ ਰੋਜ਼ ਬਦਲ ਸਕੇਗਾ ਤੇ ਉਸ ਇਕ ਦੀ ਤੁਲਨਾ ਵਿਚ ਸੈਂਕੜੇ ਨਹੀਂ, ਨਾ ਹੀ ਲੱਖਾਂ, ਬਲਕਿ ਕਰੋੜਾਂ ਦੀ ਗਿਣਤੀ ਵਿਚ ਲੋਕ ਇਕ ਦਿਨ ਵੀ ਪੇਟ ਭਰ ਕੇ ਰੋਟੀ ਨਹੀਂ ਖਾ ਸਕਣਗੇ। ਕੁੱਝ ਮਾਹਰ ਆਖਦੇ ਹਨ ਕਿ ਸਾਡੀ ਆਬਾਦੀ ਸਾਡੀ ਤਾਕਤ ਹੈ, ਇਹ ਸਾਡੀ ਮਨੁੱਖੀ ਪੂੰਜੀ ਹੈ। ਦੁਨੀਆਂ ਵਿਚ ਕਿਤੇ ਵੀ ਜਾ ਕੇ ਉਥੇ ਮਜ਼ਦੂਰੀ ਕਰ ਕੇ ਰੋਟੀ ਕਮਾ ਲੈਣਗੇ। ਸ਼ਾਇਦ ਇਸੇ ਵਾਸਤੇ ਸਾਡੇ ਸਿਆਸਤਦਾਨ ਸਾਡੇ ਵਿਚ ਧਰਮ ਅਤੇ ਜ਼ਾਤ ਦੀਆਂ ਬੰਦਸ਼ਾਂ ਖ਼ਤਮ ਨਹੀਂ ਹੋਣ ਦਿੰਦੇ ਕਿਉਂਕਿ ਇਹ ਸਾਨੂੰ ਇਕ ਮੈਂਟਲ ਪਿੰਜਰੇ ਵਿਚ ਰਖਦੀਆਂ ਹਨ। ਸਾਡੀਆਂ ਆਸ਼ਾਵਾਂ ਵਿਚ ਸੰਪੂਰਨ ਬਰਾਬਰੀ ਤੇ ਆਜ਼ਾਦੀ ਦਾ ਖ਼ਿਆਲ ਵੀ ਨਹੀਂ ਆਉਂਦਾ ਤੇ ਸੱਭ ਅਪਣੇ ਦਿਤੇ ਹੋਏ ਨਿਰਧਾਰਤ ਦਾਇਰੇ ਵਿਚ ਹੀ ਟਿਕੇ ਰਹਿੰਦੇ ਹਨ। 

ਹੁਣ ਇਹ ਨਜ਼ਰੀਏ ਦੀ ਗੱਲ ਹੈ। ਕੀ ਜੇ ਇਨਸਾਨ ਅਪਣੀ ਨਿਰਧਾਰਤ ਨੀਵੀਂ ਥਾਂ ’ਤੇ ਰਹੇ ਤਾਂ ਉਸ ਦਾ ਗੁਜ਼ਾਰਾ ਸਹੀ ਹੁੰਦੈ ਜਾਂ ਇਹ ਸੋਚ ਕਿ ਭਾਵੇਂ ਸਾਹ ਘੱਟ ਹੋ ਜਾਣ ਪਰ ਹੋਣ ਖੁੱਲ੍ਹੀ ਹਵਾ ਵਿਚ। ਪੰਜਾਬ ਦੀ ਜਵਾਨੀ ਦੂਜੇ ਨਜ਼ਰੀਏ ਨੂੰ ਅਪਨਾਉਣ ਵਾਲਿਆਂ ਦੀ ਜਵਾਨੀ ਹੈ। ਉਹ ਅਪਣੇ ਆਪ ਨੂੰ ਆਜ਼ਾਦ ਕਰ ਕੇ ਦੇਸ਼ ’ਚੋਂ ਉਡਣਾ ਚਾਹੁੰਦੀ ਹੈ। ਉਸ ਨੂੰ ਅਪਣੇ ਇਤਿਹਾਸ ਤੋਂ ਤਾਕਤ ਮਿਲਦੀ ਹੈ ਤੇ ਅੱਜ ਦੀ ਸੋਚ ਵਿਚ ਉਹ ਨਹੀਂ ਵਸ ਸਕਦੇ। ਲੋਕ ਚਿੰਤਿਤ ਹਨ ਕਿ ਪੰਜਾਬ ਦੇ ਨੌਜੁਆਨ ਸੈਂਕੜਿਆਂ ਵਿਚ ਰੋਜ਼ ਹਵਾਈ ਜਹਾਜ਼ਾਂ ਵਿਚ ਚੜ੍ਹਦੇ ਹਨ ਤੇ ਪੰਜਾਬ ਵਿਚ ਸੈਂਕੜਿਆਂ ਦੀ ਤਾਦਾਦ ਵਿਚ ਟਰੇਨਾਂ ਵਿਚ ਭਰ ਕੇ ਬਾਕੀ ਸੂਬਿਆਂ ਤੋਂ ਲੋੋੋਕ ਸਾਡੇ ਖੇਤਾਂ ਵਲ ਆ ਰਹੇ ਹਨ।

ਪਰ ਘਬਰਾ ਜਾਣ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਜਿਸ ਆਰਥਕ ਦੌਰ ਵਿਚੋਂ ਭਾਰਤ ਲੰਘ ਰਿਹੈ, ਉਥੇ ਜਨਤਾ ਨੂੰ ਵੱਡੇ ਉਦਯੋਗਪਤੀਆਂ ਦੇ ਕਾਰਖ਼ਾਨਿਆਂ ਜਾਂ ਖੇਤਾਂ ਵਿਚ ਮਜ਼ਦੂਰ ਬਣਾਉਣ ਬਾਰੇ ਹੀ ਸੋਚਿਆ ਜਾ ਰਿਹਾ ਹੈ। ਕੁੱਝ ਨਵੇਂ ਉਦਯੋਗਪਤੀ ਜ਼ਰੂਰ ਬਣਨਗੇ ਪਰ 140 ਕਰੋੜ ’ਚੋਂ ਕਿੰਨੇ ਉਸ ਉਚਾਈ ’ਤੇ ਪਹੁੰਚ ਸਕਦੇ ਹਨ, ਤੁਸੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਪੰਜਾਬ ਵਿਚ ਆਉਣ ਵਾਲੀ ਪੀੜ੍ਹੀ ਨੂੰ ਇਸ ਸਚਾਈ ਵਾਸਤੇ ਤਿਆਰ ਕਰਨ ਦੀ ਸਖ਼ਤ ਜ਼ਰੂਰਤ ਹੈ ਕਿ ਜਿਸ ਨੇ ਪੰਜਾਬ ਵਿਚ ਰਹਿਣਾ ਹੈ, ਉਸ ਦੀ ਤਿਆਰੀ ਵਖਰੀ ਤੇ ਜਿਸ ਨੇ ਵਿਦੇਸ਼ ਜਾਣਾ ਹੈ, ਉਸ ਦੀ ਤਿਆਰੀ ਵਖਰੀ ਹੋਵੇਗੀ। ਜੇ ਤੁਸੀ ਮਜ਼ਦੂਰੀ ਕਰਨੀ ਹੈ ਜਾਂ ਵਿਦੇਸ਼ ਵਿਚ ਪੜ੍ਹ ਕੇ ਨੌਕਰੀ ਕਰਨੀ ਹੈ ਤਾਂ ਉਹ ਵੀ ਵਖਰੀ ਹੋਣੀ ਹੈ। ਪਰ ਜੋ ਵੀ ਕਰਨਾ ਹੈ, ਤਿਆਰੀ ਕਰਨੀ ਪਵੇਗੀ ਤਾਕਿ 140 ਕਰੋੜ ਆਬਾਦੀ ਵਿਚ ਤੁਸੀ ਭਾਵੇਂ ਦੋ ਫ਼ੀ ਸਦੀ ਹੀ ਹੋ, ਉਸ ਤਰ੍ਹਾਂ ਹੀ ਚਮਕੋ ਜਿਵੇਂ ਇਤਿਹਾਸ ਵਿਚ ਸਵਾ ਲੱਖ ਸਾਹਮਣੇ ਇਕ ਚਮਕਦਾ ਸੀ। ਜੁਗਾੜ (Shortcut) ਛੱਡ, ਅਪਣੇ ਆਪ ਨੂੰ ਮਿਹਨਤ ਨਾਲ ਅਪਣੇ ਭਵਿੱਖ ਵਾਸਤੇ ਤਿਆਰ ਕਰਨ ਦੀ ਸੋਚ ਅਪਨਾਉਣੀ ਪਵੇਗੀ।                          - ਨਿਮਰਤ ਕੌਰ