ਕੋਰੋਨਾ : ਸਰਕਾਰੀ 'ਸਿਆਣਿਆਂ' ਦੇ ਅੰਦਾਜ਼ੇ ਗ਼ਲਤ ਸਾਬਤ ਹੋ ਗਏ ਨੇ, ਹੁਣ ਮਾਹਰਾਂ ਦੀ ਵੀ ਸੁਣ ਲਉ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਐਤਵਾਰ ਨੂੰ ਕੋਰੋਨਾ ਦੇ 40 ਹਜ਼ਾਰ ਕੇਸ ਆਏ ਹਨ ਤੇ ਭਾਰਤ ਸਰਕਾਰ ਅੱਜ ਵੀ ਇਹ ਕਹਿ ਰਹੀ ਹੈ ਕਿ ਕੋਰੋਨਾ ਦਾ ਫੈਲਣਾ ਸਮਾਜੀ ਪੜਾਅ

corona Virus

ਐਤਵਾਰ ਨੂੰ ਕੋਰੋਨਾ ਦੇ 40 ਹਜ਼ਾਰ ਕੇਸ ਆਏ ਹਨ ਤੇ ਭਾਰਤ ਸਰਕਾਰ ਅੱਜ ਵੀ ਇਹ ਕਹਿ ਰਹੀ ਹੈ ਕਿ ਕੋਰੋਨਾ ਦਾ ਫੈਲਣਾ ਸਮਾਜੀ ਪੜਾਅ ਵਿਚ ਅਜੇ ਦਾਖ਼ਲ ਨਹੀਂ ਹੋਇਆ ਅਤੇ ਇਸ ਦਾਅਵੇ ਨੇ ਮਾਹਰਾਂ ਨੂੰ ਹੈਰਾਨ ਹੀ ਕੀਤਾ ਹੈ ਕਿ ਆਖ਼ਰ ਭਾਰਤ ਸਰਕਾਰ ਅਪਣੇ ਆਪ ਨੂੰ ਇਸ ਗ਼ਲਤਫ਼ਹਿਮੀ ਵਿਚ ਕਿਉਂ ਰੱਖ ਰਹੀ ਹੈ। ਇਹ ਫ਼ਰਕ ਕਬੂਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਰਕਾਰ ਤੇ ਸਿਹਤ ਸੰਸਥਾਵਾਂ ਦੇ ਕੰਮ ਦੀ ਚਾਲ ਵਿਚ ਫ਼ਰਕ ਆ ਜਾਵੇਗਾ ਕਿਉਂਕਿ ਅਜੇ ਸਰਕਾਰ ਦੀ ਹਦਾਇਤ ਹੈ ਕਿ ਅੱਜ ਕੋਰੋਨਾ ਦਾ ਫੈਲਾਅ ਇਕ ਇਨਸਾਨ ਤੋਂ ਉਸ ਦੇ ਕਰੀਬੀ ਨੂੰ ਹੋ ਰਿਹਾ ਹੈ।

ਉਨ੍ਹਾਂ ਨੂੰ ਪਹਿਚਾਣਨ ਦਾ ਯਤਨ ਸ਼ੁਰੂ ਹੋ ਜਾਂਦਾ ਹੈ ਜੋ ਉਸ ਦੇ ਸੰਪਰਕ ਵਿਚ ਆਏ ਹਨ। ਹੁਣ ਜੇ ਐਤਵਾਰ ਨੂੰ 40 ਹਜ਼ਾਰ ਕੇਸ ਆਏ ਸਨ ਤੇ ਅੰਕੜਾ 11 ਲੱਖ 'ਤੇ ਪਹੁੰਚ ਗਿਆ ਹੈ ਤਾਂ ਆਉਣ ਵਾਲੇ ਹਫ਼ਤੇ ਵਿਚ ਹੀ ਇਹ ਅੰਕੜਾ 14-15 ਲੱਖ ਤਕ ਵੀ ਪਹੁੰਚ ਸਕਦਾ ਹੈ। ਜਦ ਭਾਰਤ ਸਰਕਾਰ ਮਾਹਰਾਂ ਦੇ ਆਖੇ ਨੂੰ ਸਮਝ ਕੇ ਕਬੂਲ ਲਵੇਗੀ ਤੇ ਮਨ ਲਵੇਗੀ ਕਿ ਹੁਣ ਭਾਰਤ ਵਿਚ ਕਮਿਊਨਿਟੀ ਫੈਲਾਅ ਹੋ ਚੁੱਕਾ ਹੈ ਤਾਂ ਫਿਰ ਇਸ 'ਤੇ ਵਕਤ ਜ਼ਾਇਆ ਨਹੀਂ ਕੀਤਾ ਜਾਵੇਗਾ ਕਿ ਤੁਸੀਂ ਕਿਸ ਨੂੰ ਕਦੋਂ ਮਿਲੇ ਸੀ। ਫਿਰ ਸਰਕਾਰ ਵਾਸਤੇ ਤੇ ਜਨਤਾ ਵਾਸਤੇ ਮਾਪਦੰਡ ਬਦਲੇ ਜਾਣਗੇ।

ਪਰ ਜਿਵੇਂ ਮਾਰਚ 23 ਤੋਂ ਵੇਖਦੇ ਆ ਰਹੇ ਹਾਂ ਕਿ ਸਰਕਾਰ ਨੂੰ ਮਾਹਰਾਂ ਦੀ ਸੁਣਨ ਦੀ ਆਦਤ ਹੀ ਨਹੀਂ ਰਹੀ। ਮਾਹਰਾਂ ਨੂੰ ਨਾ ਸੁਣਨ ਦਾ ਨਤੀਜਾ ਅਸੀ ਤਾਲਾਬੰਦੀ ਦੇ ਸਮੇਂ ਵੇਖਿਆ ਜਦੋਂ ਭਾਰਤ ਸਰਕਾਰ ਨੇ ਬਸ ਅਪਣੀ ਸੋਚ ਮੁਤਾਬਕ ਉਹ ਫ਼ੈਸਲਾ ਲਿਆ ਜੋ ਕਿਸੇ ਵੀ ਸਰਕਾਰ ਨੇ ਨਹੀਂ ਲਿਆ। ਤਿਆਰੀ ਕਰਨ ਦਾ ਕੋਈ ਵੀ ਸਮਾਂ ਦਿਤੇ ਬਿਨਾਂ ਜਦ ਭਾਰਤ ਸਰਕਾਰ ਨੇ 134 ਕਰੋੜ ਲੋਕਾਂ ਨੂੰ ਡੱਕ ਦਿਤਾ ਤਾਂ ਮਾਹਰ ਆਖਦੇ ਰਹੇ, ਗ਼ਰੀਬ ਵਿਅਕਤੀ ਤਬਾਹ ਹੋ ਜਾਵੇਗਾ।

ਪਰ ਤਾਕਤਵਰਾਂ ਨੇ ਸਮਝਦਾਰਾਂ ਨੂੰ ਅਣਸੁਣਿਆ ਕਰ ਦਿਤਾ। ਨਤੀਜਾ ਕੀ ਨਿਕਲਿਆ? ਤਾਲਾਬੰਦੀ, ਤਾਨਾਸ਼ਾਹੀ ਵਾਂਗ ਲਾਗੂ ਹੋਈ। ਉਸ ਨੂੰ ਲਾਗੂ ਕਰਨ ਵਾਸਤੇ ਪੁਲਿਸ ਨੇ ਡੰਡੇ ਚੁੱਕੇ। ਅੰਤ ਵਿਚ ਕਰੋੜਾਂ ਮਜ਼ਦੂਰ ਦੇਸ਼ ਦੇ ਕੋਨੇ ਕੋਨੇ ਤੋਂ ਪੈਦਲ ਜਾਣ ਲਈ ਮਜਬੂਰ ਹੋਏ। ਉਸ ਸਮੇਂ ਵੀ ਤੈਅ ਸੀ ਕਿ ਹੁਣ ਇਸ ਆਵਾਜਾਈ ਰਾਹੀਂ ਤਾਂ ਤਾਲਾਬੰਦੀ ਦਾ ਮਕਸਦ ਹੀ ਖ਼ਤਮ ਹੋ ਚੁਕਾ ਹੈ ਤੇ ਹੁਣ ਅਸੀ ਤੀਜੇ ਪੜਾਅ ਵਿਚ ਕਦਮ ਰੱਖ ਰਹੇ ਹਾਂ।

ਪਰ ਸਰਕਾਰ ਨੇ ਉਸ ਸਮੇਂ ਨਹੀਂ ਸੁਣੀ ਤੇ ਅੱਜ ਵੀ ਨਹੀਂ ਸੁਣ ਰਹੀ। ਲੋਕਾਂ ਨੇ ਆਰਥਕ ਰਾਹਤ ਮੰਗੀ ਤਾਂ ਸਰਕਾਰ ਨੇ 'ਲੋਨ ਮੇਲਾ' ਲਗਾ ਦਿਤਾ। ਜ਼ਰੂਰ ਕੁੱਝ ਹੱਦ ਤਕ ਗ਼ਰੀਬਾਂ ਨੂੰ ਮੁਫ਼ਤ ਰਾਸ਼ਨ ਦਿਤਾ ਗਿਆ ਪਰ ਕੀ ਇਹ ਕਾਫ਼ੀ ਸੀ? ਮਾਹਰ ਆਖਦੇ ਰਹੇ ਕਿ ਗ਼ਰੀਬਾਂ ਦੇ ਹੱਥ ਵਿਚ ਪੈਸੇ ਦਿਉ ਪਰ ਇਸ ਮਾਮਲੇ ਵਿਚ ਵੀ ਸਰਕਾਰ ਵਲੋਂ ਮਾਹਰਾਂ ਨੂੰ ਨਹੀਂ ਸੁਣਿਆ ਗਿਆ।

ਅੱਜ ਦੀ ਤਰੀਕ ਜਦ 40 ਹਜ਼ਾਰ ਕੇਸ ਇਕ ਦਿਨ ਵਿਚ ਆਏ ਹਨ, ਕੇਂਦਰ ਸਰਕਾਰ ਵਲੋਂ ਸੂਬਾ ਸਰਕਾਰਾਂ ਰਾਹੀਂ ਸਕੂਲਾਂ ਤੇ ਮਾਪਿਆਂ ਨੂੰ ਪੁਛਿਆ ਜਾ ਰਿਹਾ ਹੈ ਕਿ ਉਹ ਸਕੂਲ ਖੋਲ੍ਹਣ ਲਈ ਕਦੋਂ ਤਿਆਰ ਹਨ? ਇਨ੍ਹਾਂ ਸਾਰੀਆਂ ਗੱਲਾਂ ਤੋਂ ਜਾਪਦਾ ਹੈ ਕਿ ਸਰਕਾਰ ਕਿਤੇ ਨਾ ਕਿਤੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸੱਭ ਠੀਕ ਹੈ।

15 ਅਗੱਸਤ ਨੂੰ ਸ਼ਾਇਦ ਭਾਰਤ ਅਪਣੀ ਕੋਰੋਨਾ 'ਤੇ ਫ਼ਤਿਹ ਦੀ ਕਹਾਣੀ ਸੁਣਾਏਗਾ ਤੇ ਵੈਕਸੀਨ ਵੀ ਤਿਆਰ ਕੀਤੀ ਜਾ ਸਕਦੀ ਹੈ। ਮਾਹਰ ਕੀ ਆਖਦੇ ਹਨ, ਇਹ ਤਾਂ ਨਹੀਂ ਕਹਿ ਸਕਦੇ ਪਰ ਜੇ 'ਮਨ ਕੀ ਬਾਤ' ਕਹੀਏ ਤਾਂ ਉਹ ਆਖਦਾ ਹੈ ਕਿ ਸਰਕਾਰ ਅਪਣੇ ਲੋਕਾਂ 'ਤੇ ਭਰੋਸਾ ਕਰ ਕੇ ਸੱਚੀ ਤਸਵੀਰ ਪੇਸ਼ ਕਰੇ। ਥਾਲੀਆਂ ਵਜਾਉਣ ਤੇ ਦੀਵੇ ਬਾਲਣ ਦੀ ਗੱਲ ਹੋਰ ਹੁੰਦੀ ਹੈ। ਇਹ ਸਿਰਫ਼ ਪ੍ਰਚਾਰ ਦਾ ਮਾਮਲਾ ਨਹੀਂ, ਆਮ ਇਨਸਾਨ ਦੀ ਹੋਂਦ ਨੂੰ ਚੁਨੌਤੀ ਦੇਣ ਵਾਲਾ ਸੰਕਟ ਹੈ। - ਨਿਮਰਤ ਕੌਰ