ਪੰਜਾਬ ਤੋਂ ਲੈ ਕੇ ਕੈਨੇਡਾ ਤਕ ਸਿੱਖਾਂ ਲਈ ਖ਼ੁਸ਼ ਹੋਣ ਵਾਲੀ ਕੋਈ ਗੱਲ ਨਹੀਂ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਭਾਰਤ-ਕੈਨੇਡਾ ਦਾ ਕੂਟਨੀਤਕ ਰਿਸ਼ਤਾ ਬੁਰੀ ਤਰ੍ਹਾਂ ਟੁਟਦਾ ਜਾ ਰਿਹਾ ਹੈ

photo

 

ਭਾਰਤ-ਕੈਨੇਡਾ ਦਾ ਕੂਟਨੀਤਕ ਰਿਸ਼ਤਾ ਬੁਰੀ ਤਰ੍ਹਾਂ ਟੁਟਦਾ ਜਾ ਰਿਹਾ ਹੈ ਤੇ ਹਰ ਘੰਟੇ ਇਕ ਨਵੀਂ ਦਰਾੜ ਵੱਧ ਰਹੀ ਹੈ। ਇਸ ਨੂੰ ਦੁਬਾਰਾ ਬਣਾਉਣ ਦੀ ਗੱਲ ਤਾਂ ਤਦ ਹੀ ਸ਼ੁਰੂ ਹੋਵੇਗੀ ਜਦ ਹੁਣ ਦੀਆਂ ਦਰਾੜਾਂ ਨੂੰ ਭਰਨ ਬਾਰੇ ਸੋਚਿਆ ਜਾਏਗਾ। ਅਰਥ ਸ਼ਾਸਤਰੀ ਇਸ ਦਾ ਆਰਥਕ ਨੁਕਸਾਨ ਗਿਣ ਰਹੇ ਹਨ ਪਰ ਕੋਈ ਇਹ ਨਹੀਂ ਸੋਚ ਰਿਹਾ ਕਿ ਸਾਡੇ ਕਿੰਨੇ ਹੀ ਬੱਚੇ ਕੈਨੇਡਾ ਵਿਚ ਰਹਿ ਰਹੇ ਹਨ ਜਾਂ ਉਥੇ ਜਾਣਾ ਚਾਹੁੰਦੇ ਹਨ। ਇਸ ਤਣਾਅ ਦਾ ਅਸਰ ਉਨ੍ਹਾਂ ਦੇ ਭਵਿੱਖ ’ਤੇ ਕੀ ਪੈ ਰਿਹਾ ਹੈ, ਇਸ ਬਾਰੇ ਕੋਈ ਨਹੀਂ ਸੋਚ ਰਿਹਾ। ਕੈਨੇਡਾ ਵਿਚ ਬੈਠ ਕੇ ਗਰਮ ਗਰਮ ਭਾਸ਼ਨ ਦਿਤੇ ਜਾ ਰਹੇ ਹਨ ਤੇ ਫਿਰ ਭੜਕਾਊ ਜਵਾਬ ਵੀ ਦਾਗ਼ੇ ਜਾ ਰਹੇ ਹਨ ਜਿਸ ਦਾ ਅਸਰ ਪੰਜਾਬ ਤੇ ਭਾਰਤ ਵਿਚ ਬੈਠੇ ਸਿੱਖਾਂ ’ਤੇ ਪੈ ਸਕਦਾ ਹੈ। ਜਸਟਿਨ ਟਰੂਡੋ ਦੀ ਭਾਰਤ ਯਾਤਰਾ ਤੋਂ ਬਾਅਦ ਉਨ੍ਹਾਂ ਦੇ ਅਪਣੇ ਮੀਡੀਆ ਵਿਚ ਵੀ ਬੜੀ ਨਿੰਦਾ ਹੋਈ ਸੀ ਤੇ ਸ਼ਾਇਦ ਇਹ ਉਸ ਆਲੋਚਨਾ ਦਾ ਜਵਾਬ ਸੀ ਕਿਉਂਕਿ ਚੋਣਾਂ ਸਿਰ ’ਤੇ ਹਨ ਤੇ ਜਸਟਿਨ ਟਰੂਡੋ ਦੀ ਹਾਰ ਦੇ ਸੰਕੇਤ ਸਾਫ਼ ਮਿਲ ਰਹੇ ਸਨ। ਉਨ੍ਹਾਂ ਨੇ ਅਪਣੀ ਹਾਰ ਦੀ ਸੂਚਨਾ ਮਿਲਣ ਪਿੱਛੇ ਇਸ ਮੁੱਦੇ ਨੂੰ ਚੁਕਿਆ ਕਿਉਂਕਿ ਉਹ ਅਪਣੇ ਆਪ ਨੂੰ ਇਕ ਤਾਕਤਵਰ ਆਗੂ ਪੇਸ਼ ਕਰਨਾ ਚਾਹੁੰਦੇ ਹਨ ਨਾਕਿ ਇਕ ਕਮਜ਼ੋਰ ਆਗੂ ਵਜੋਂ।

 ਇਥੇ ਇਹ ਵੀ ਮੰਨਣਾ ਪਵੇਗਾ ਕਿ ਜਿੰਨਾ ਸਤਿਕਾਰ ਕੈਨੇਡਾ ਵਿਚ ਸਿੱਖਾਂ ਨੂੰ ਮਿਲਿਆ ਹੈ, ਉਹ ਸ਼ਾਇਦ ਕਿਸੇ ਹੋਰ ਦੇਸ਼ ਵਿਚ ਨਹੀਂ ਮਿਲਿਆ। ਸਿੱਖ ਕੌਮ ਦਾ ਸਤਿਕਾਰ ਕਰਦੇ ਹੋਏ ਦਸਤਾਰਧਾਰੀ ਸਿੱਖ ਨੂੰ ਕੈਨੇਡਾ ਦਾ ਰਖਿਆ ਮੰਤਰੀ ਬਣਾਇਆ ਗਿਆ। ਅੱਜ ਜਿਥੇ ਭਾਰਤੀ ਅਦਾਲਤ ’ਚ ਸੱਜਣ ਕੁਮਾਰ ਨੂੰ ਸਿੱਖਾਂ ਦੀ ਨਸਲਕੁਸ਼ੀ ਕੇਸ ਵਿਚ ਬਰੀ ਕੀਤਾ ਗਿਆ ਹੈ, ਉਥੇ ਇਕ ਸਿੱਖ ਦੇ ਕਤਲ ਵਾਸਤੇ ਕੈਨੇਡਾ ਦਾ ਪ੍ਰਧਾਨ ਮੰਤਰੀ ਆਪ ਖੜਾ ਹੋ ਰਿਹਾ ਹੈ। ਹਰਦੀਪ ਸਿੰਘ ਨਿੱਝਰ (ਕੈਨੇਡਾ ਦਾ ਨਾਗਰਿਕ) ਦੇ ਕਤਲ ਪਿੱਛੇ ਕੌਣ ਹੈ, ਇਹ ਜਾਣਨਾ ਜ਼ਰੂਰੀ ਸੀ ਤੇ ਤੱਥਾਂ ਨਾਲ ਜੇ ਉਹ ਇਸ ਮੁੱਦੇ ਦੀ ਸੰਜੀਦਗੀ ਨੂੰ ਸਮਝਦੇ, ਬੰਦ ਦਰਵਾਜ਼ਿਆਂ ਪਿੱਛੇ ਗੱਲ ਕਰਦੇ ਤਾਂ ਉਹ ਸ਼ਾਇਦ ਅਪਣੀ ਜ਼ਿੰਮੇਵਾਰੀ ਦੀ ਪ੍ਰਦਰਸ਼ਨੀ ਕਰਦੇ। ਪਰ ਸ਼ਾਇਦ ਅਪਣੀ ਛਵੀ ਬਚਾਉਣ ਦੀ ਕੋਸ਼ਿਸ਼ ਕਰਨ ਲਗਿਆਂ, ਇਕ ਸਿਆਸਤਦਾਨ ਦੀ ਘਬਰਾਹਟ ਉਸ ਤੋਂ ਕੁੱਝ ਵੀ ਕਰਵਾ ਸਕਦੀ ਹੈ।

ਅੱਜ ਇਸ ਮੁੱਦੇ ’ਤੇ ਆਮ ਪੰਜਾਬੀ ਘਬਰਾਹਟ ਵਿਚ ਹੈ। ਗਰਮ ਗਰਮ ਬਿਆਨ ਆ ਰਹੇ ਹਨ। ਕਿਸੇ ਨੂੰ 84 ਦੇ ਕਾਲੇ ਦਿਨ ਯਾਦ ਆ ਰਹੇ ਹਨ ਤੇ ਕੋਈ ਸੋਸ਼ਲ ਮੀਡੀਆ ਤੇ ਬਹਿਸ ਵਿਚ ਭੱਦੀ ਸ਼ਬਦਾਵਲੀ ਵਰਤ ਰਿਹਾ ਹੈ। ਇਸ ਸਾਰੇ ਸ਼ੋਰ ’ਚੋਂ ਇਕ ਸਵਾਲ ਵਾਰ ਵਾਰ ਉਠਦਾ ਹੈ ਕਿ ਕੀ ਇਸ ਨਾਲ ਪੰਜਾਬ ਦਾ ਕੋਈ ਫ਼ਾਇਦਾ ਵੀ ਹੋਵੇਗਾ? ਕੀ ਇਸ ਨਾਲ ਪੰਜਾਬ ਨੂੰ ਉਸ ਦੇ ਪਾਣੀਆਂ ਦਾ ਹੱਕ ਮਿਲ ਜਾਏਗਾ? ਕੀ ਇਸ ਨਾਲ ਪੰਜਾਬ ਨੂੰ  ਉਸ ਨੂੰ ਰਾਜਧਾਨੀ ਮਿਲ ਜਾਏਗੀ?
ਪੰਜਾਬੀ ਲੜਾਈ ਵਿਚ ਉਲਝੇ ਰਹੇ ਤੇ ਹਰਿਆਣਾ ਚੰਡੀਗੜ੍ਹ ਵਿਚ ਵਖਰੇ ਸਕੱਤਰੇਤ ਲਈ ਥਾਂ ਲੈ ਗਿਆ। ਹੁਣ ਹਿਮਾਚਲ ਵੀ ਇਸੇ ਗੱਲ ’ਤੇ ਆ ਕੇ ਚੰਡੀਗੜ੍ਹ ਵਿਚ ਥਾਂ ਲੈਣ ਦਾ ਦਾਅਵਾ ਕਰਨ ਲਈ ਬੈਠ ਗਿਆ ਹੈ। ਨਾ ਪੰਜਾਬ ਨੇ ਰਾਜਸਥਾਨ ਤੋਂ ਮੁਫ਼ਤ ਰੇਤ ਜਾਂ ਸੰਗਮਰਮਰ ਮੰਗਿਆ, ਨਾ ਹਿਮਾਚਲ ਤੋਂ ਕੁੱਝ ਪਹਾੜ ਮੰਗੇੇ। ਉਲਟਾ ਪੰਜਾਬ ਦੀ ਧਰਤੀ ਹੀ ਲੁੱਟੀ ਜਾ ਰਹੀ ਹੈ। ਪਾਣੀ ਵੀ ਲੈ ਲੈਂਦੇ ਹਨ ਤੇ ਦੇਸ਼ ਲਈ ਕਣਕ ਤੇ ਝੋਨਾ ਵੀ ਉਗਵਾ ਲੈਂਦੇ ਹਨ। ਸਰਹੱਦਾਂ ਵਾਸਤੇ ਫ਼ੌਜੀ ਵੀ ਅਸੀ ਵਾਧੂ ਭੇਜਦੇ ਹਾਂ। 

ਪਰ ਸਾਨੂੰ ਅਪਣੇ ਹੱਕ ਲੈਣੇ ਨਹੀਂ ਆਉਂਦੇ। ਲੜਾਈ ਇਕਮੁਠ ਹੋ ਕੇ ਅਦਾਲਤ ਵਿਚ ਲੜਨ ਦੀ ਲੋੜ ਹੈ। ਜ਼ਖ਼ਮਾਂ ’ਤੇ ਨਮਕ ਛਿੜਕ ਕੇ ਸਿਆਸਤਦਾਨ ਅਪਣਾ ਫ਼ਾਇਦਾ ਯਕੀਨੀ ਬਣਾ ਲੈਂਦੇ ਹਨ। ਅੱਜ ਵੇਖ ਲਉ ਪੰਥਕ ਅਕਾਲੀ ਦਲ ਦਾ ਹਾਲ। ਆਪ ਸਾਰੇ ਆਗੂ ਅਰਬਾਂਪਤੀ ਤੇ ਪੰਜਾਬ ਕਰਜ਼ੇ ਹੇਠ ਦਬਿਆ ਹੋਇਆ ਹੈ। ਸਿਆਣਪ ਤੇ ਸ਼ਾਂਤੀ ਨਾਲ ਹੱਲ ਕੱਢਣ ਵਲ ਪੰਜਾਬ ਚਲੇਗਾ ਤਾਂ ਇਨਸਾਫ਼ ਵੀ ਮਿਲ ਸਕਦਾ ਹੈ ਤੇ ਹੱਕ ਵੀ। ਸਾਨੂੰ ਪੰਜਾਬ ਦੇ ਹੱਕਾਂ ਤੇ ਨਿਆਂ ਵਾਸਤੇ, ਦਰਾੜਾਂ ਪਾਉਣ ਵਾਲਿਆਂ ਤੋਂ ਬੱਚ ਕੇ ਅਪਣੀ ਜ਼ਿੰਮੇਵਾਰੀ ਸਮਝਦੇ ਹੋਏ, ਇਕਮੁੱਠ ਹੋਣਾ ਪਵੇਗਾ ਨਹੀਂ ਤਾਂ ਸੱਜਣ ਕੁਮਾਰ ਵਰਗੇ ਸਾਨੂੰ ਮਾਰ ਕੇ ਵੀ ਆਜ਼ਾਦ ਰਹਿਣਗੇ।
- ਨਿਮਰਤ ਕੌਰ