ਡੇਹਰਾਦੂਨ ਵਿਚ ਸਿੱਖਾਂ ਦੇ ਵਿਦਿਅਕ ਅਦਾਰਿਆਂ ਨੂੰ ਗ਼ੈਰ-ਸਿੱਖਾਂ ਦੇ ਹੱਥਾਂ ਵਿਚ ਜਾਣੋਂ ਰੋਕੋ ਪਲੀਜ਼!

ਏਜੰਸੀ

ਵਿਚਾਰ, ਸੰਪਾਦਕੀ

ਪਿਛਲੇ ਕੁੱਝ ਸਮੇਂ ਤੋਂ ਦੋ ਪਾਰਟੀਆਂ ਦੇ ਆਪਸੀ ਝਗੜਿਆਂ ਕਰ ਕੇ ਉਤਰਾਖੰਡ ਸਿਖਿਆ...

Sikhs in Dehradun  

ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਦੇਹਰਾਦੂਨ ਅੰਦਰ ਘੱਟ-ਗਿਣਤੀਆਂ ਦੇ ਸਕੂਲਾਂ ਵਿਚੋਂ ਸਾਡੇ ਸਿੱਖਾਂ ਦੇ ਸਕੂਲ ਜਿਨ੍ਹਾਂ ਨੂੰ ਸਰਕਾਰ ਵਲੋਂ ਘੱਟ-ਗਿਣਤੀ ਦਾ ਦਰਜਾ ਪ੍ਰਾਪਤ ਹੈ ਤੇ ਜੋ ਕਾਫ਼ੀ ਸਮੇਂ ਤੋਂ ਲਗਾਤਾਰ ਚੱਲ ਰਹੇ ਹਨ, ਉਨ੍ਹਾਂ ਉਤੇ ਗ਼ੈਰ-ਸਿੱਖਾਂ ਦਾ ਕਬਜ਼ਾ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।

ਪਿਛਲੇ ਕੁੱਝ ਸਮੇਂ ਤੋਂ ਦੋ ਪਾਰਟੀਆਂ ਦੇ ਆਪਸੀ ਝਗੜਿਆਂ ਕਰ ਕੇ ਉਤਰਾਖੰਡ ਸਿਖਿਆ ਵਿਭਾਗ ਨੇ ਸ੍ਰੀ ਗੁਰੂ ਨਾਨਕ ਬੁਆਏਜ਼ ਇੰਟਰ ਕਾਲਜ, ਚੁੱਖੂ ਮੁਹੱਲਾ ਦੇਹਰਾਦੂਨ ਵਿਚ ਰਿਸੀਵਰ ਬਿਠਾ ਦਿਤਾ ਹੈ। ਇਸ ਰਿਸੀਵਰ ਨੇ ਪ੍ਰੈੱਸ ਨੋਟ ਜਾਰੀ ਕਰ ਕੇ ਇਹ ਹੁਕਮ ਕੀਤਾ ਹੈ ਕਿ ਕੋਈ ਵੀ ਭਾਰਤੀ ਆਜੀਵਨ ਮੈਂਬਰ ਵਾਸਤੇ 5100 ਰੁਪਏ ਤੇ ਸਾਲਾਨਾ ਮੈਂਬਰ 500 ਰੁਪਏ ਦੇ ਕੇ ਸਕੂਲ ਦਾ ਮੈਂਬਰ ਬਣ ਸਕਦਾ ਹੈ ਜੀ ਜਦੋਂਕਿ ਸਕੂਲ ਸਿੱਖਾਂ ਦਾ ਹੈ ਜੀ।

ਬੜੇ ਹੀ ਦੁੱਖ ਨਾਲ ਆਪ ਜੀ ਨੂੰ ਦਸ ਰਹੇ ਹਾਂ ਕਿ ਇਸ ਪ੍ਰੈੱਸ ਨੋਟ ਕਰ ਕੇ ਕਾਫ਼ੀ ਗਿਣਤੀ ਵਿਚ ਗ਼ੈਰ-ਸਿੱਖ ਮੈਂਬਰ ਬਣ ਗਏ ਹਨ। ਗ਼ੈਰ ਸਿੱਖ ਮੈਂਬਰ ਬਣਨ ਪਿਛੇ ਉਹ ਅਨਸਰ ਹਨ, ਜੋ ਸਾਡੇ ਸਕੂਲਾਂ ਉਤੇ ਕਬਜ਼ਾ ਕਰਨਾ ਚਾਹੁੰਦੇ ਹਨ। ਸਾਡੇ ਵਿਰਸੇ ਨੂੰ ਜਿਥੇ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ, ਉਥੇ ਇਹ ਵੀ ਉਨ੍ਹਾਂ ਦੀ ਮਨਸ਼ਾ ਹੈ ਕਿ ਸਾਡੇ ਸਿੱਖ ਬੱਚਿਆਂ ਨੂੰ ਧਾਰਮਕ ਵਿਦਿਆ ਨਾ ਮਿਲੇ, ਨਾ ਹੀ ਸਿੱਖਾਂ ਨੂੰ ਨੌਕਰੀਆਂ ਮਿਲ ਸਕਣ। ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਨਾਲ ਜ਼ਮੀਨਾਂ ਖ਼ਰੀਦ ਕੇ ਬਿਲਡਿੰਗਾਂ ਬਣਾਈਆਂ ਤੇ ਸਕੂਲ ਚਾਲੂ ਕੀਤੇ ਸਨ।

ਆਪ ਜੀ ਸਾਡੇ ਸਿੱਖਾਂ ਦੀ ਹਰ ਸਮੱਸਿਆਂ ਉਪਰ ਪਹਿਰਾ ਦਿੰਦੇ ਹੋ ਤੇ ਵਾਜਬ ਹੱਕ ਦਿਵਾਉਣ ਵਿਚ ਸਹਾਈ ਹੁੰਦੇ ਹੋ। ਸੋ ਕ੍ਰਿਪਾ ਕਰ ਕੇ ਉਤਰਾਖੰਡ ਸਰਕਾਰ ਕੋਲੋਂ ਘੱਟ-ਗਿਣਤੀ ਸਕੂਲਾਂ ਨੂੰ ਪੂਰੇ ਹੱਕ ਦਿਵਾਉਣ ਦੀ ਵੀ ਕ੍ਰਿਪਾਲਤਾ ਕਰਨੀ ਜੀ। -ਹਰਪਾਲ ਸਿੰਘ ਸੇਠੀ, ਬਿਰਜਇੰਦਰ ਪਾਲ ਸਿੰਘ, ਸੰਪਰਕ : 98371-66254

ਚੀਨ ਵਿਚ ਬਣੀ ਹਰ ਵਸਤ ਤੋਂ ਸੁਚੇਤ ਰਹਿਣ ਦੀ ਲੋੜ

ਅਜਕਲ ਕੋਰੋਨਾ ਦੀ ਭਿਆਨਕ ਬਿਮਾਰੀ ਨੇ ਪੂਰੇ ਸੰਸਾਰ ਨੂੰ ਹੀ ਅਪਣੀ ਜਕੜ ਵਿਚ ਲੈ ਲਿਆ ਹੈ। ਪਰ ਸਾਰੇ ਜਾਣਦੇ ਹਨ ਕਿ ਬਿਮਾਰੀ ਚੀਨ ਤੋਂ ਆਈ ਹੈ ਤੇ ਇਸ ਦੀ ਸ਼ੁਰੂਆਤ ਚੀਨ 'ਚੋਂ ਹੀ ਹੋਈ ਹੈ ਜੋ ਹੌਲੀ-ਹੌਲੀ ਭਾਰਤ ਸਮੇਤ ਸਾਰੇ ਸੰਸਾਰ ਵਿਚ ਫ਼ਲੂ ਵਾਂਗ ਫੈਲ ਰਹੀ ਹੈ। ਸੱਭ ਨੂੰ ਬਹੁਤ ਸਾਵਧਾਨ ਹੋਣ ਦੀ ਲੋੜ ਹੈ। ਬਿਮਾਰੀ ਵੀ ਏਨੀ ਭਿਆਨਕ ਹੈ ਕਿ ਹਰ ਇਕ ਨੂੰ ਡਰ ਜਿਹਾ ਮਹਿਸੂਸ ਹੋ ਰਿਹਾ ਹੈ।

ਪਰ ਇਥੇ ਸਾਨੂੰ ਸਾਰਿਆਂ ਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ ਕਿ ਚਾਈਨਾ ਦਾ ਬਣਿਆ ਮਾਲ ਭਾਵੇਂ ਸਸਤਾ ਤੇ ਚਮਕੀਲਾ ਹੋਵੇ ਪਰ ਇਹ ਮਨੁੱਖਤਾ ਲਈ ਬੜਾ ਹੀ ਭਿਆਨਕ ਤੇ ਮਾਰੂ ਸਿੱਧ ਹੋ ਰਿਹਾ ਹੈ। ਬੱਚਿਆਂ ਵਲੋਂ ਉਡਾਈਆਂ ਜਾ ਰਹੀਆਂ ਪਤੰਗਾਂ ਦੀਆਂ ਡੋਰਾਂ ਜਿਸ ਨੂੰ ਚਾਈਨਾ ਡੋਰ ਦਾ ਨਾਂ ਦਿਤਾ ਗਿਆ ਹੈ, ਬਹੁਤ ਹੀ ਖ਼ਤਰਨਾਕ ਸਿੱਧ ਹੋ ਰਹੀ ਹੈ। ਕਿੰਨੀਆਂ ਹੀ ਦੁਰਘਟਨਾਵਾਂ ਇਸ ਚਾਈਨਾ ਡੋਰ ਨਾਲ ਹੋ ਰਹੀਆਂ ਹਨ। ਸਾਨੂੰ ਅਪਣੇ ਬੱਚਿਆਂ ਨੂੰ ਸੁਚੇਤ ਕਰਨ ਦੀ ਲੋੜ ਹੈ।

ਇਸੇ ਤਰ੍ਹਾਂ ਹੋਲੀ ਤੇ ਵਰਤੋਂ ਵਿਚ ਆਉਣ ਵਾਲੇ ਰੰਗ, ਜੋ ਬਹੁਤਾਤ ਵਿਚ ਮਿਲਦੇ ਹਨ, ਵੱਧ ਰਸਾਇਣਕ ਹੋਣ ਕਾਰਨ ਬਹੁਤ ਹੀ ਖ਼ਤਰਨਾਕ ਸਿੱਧ ਹੋ ਰਹੇ ਹਨ। ਅਜਿਹੇ ਕੈਮੀਕਲ ਰੰਗ ਹੋਲੀ ਦੀਆਂ ਖ਼ੁਸ਼ੀਆਂ ਨੂੰ ਗ਼ਮੀਆਂ ਵਿਚ ਬਦਲ ਸਕਦੇ ਹਨ ਕਿਉਂਕਿ ਇਹ ਰੰਗ ਵੀ ਚੀਨ ਵਿਚ ਸਸਤੇ ਤੇ ਲਿਸ਼ਕਾਊ ਬਣਾਏ ਜਾਂਦੇ ਹਨ। ਇਸੇ ਤਰ੍ਹਾਂ ਹੀ ਦੀਵਾਲੀ ਤੇ ਵੱਧ ਚਮਕ ਵਾਲੀਆਂ ਜਾਂ ਬੇਲੋੜੀਆਂ ਰੋਸ਼ਨੀ ਵਾਲੀਆਂ ਚੀਨ ਦੀਆਂ ਬਣੀਆਂ ਲਾਈਟਾਂ ਸਾਡੇ ਜੀਵਨ ਵਿਚ ਕੋਈ ਨਾ ਕੋਈ ਦੁਸ਼ ਪ੍ਰਭਾਵ ਪਾ ਜਾਂਦੀਆਂ ਹਨ ਤੇ ਸਾਡੇ ਸ੍ਰੀਰਾਂ ਵਿਚ ਬੁਰਾ ਅਸਰ ਛਡਦੀਆਂ ਹਨ।

ਇਸ ਤੋਂ ਵੱਧ ਸਾਡੇ ਪੁਰਾਣੇ ਰੀਤੀ ਰਿਵਾਜਾਂ ਜਿਨ੍ਹਾਂ ਵਿਚ ਘਿਉ ਜਾਂ ਸਰੋ ਦੇ ਤੇਲ ਦੇ ਦੀਵੇ ਬਾਲਣਾ ਸ਼ਾਮਲ ਹੁੰਦਾ ਸੀ, ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀਆਂ ਹਨ। ਸਾਡੇ ਪੁਰਾਣੇ ਦੀਵੇ ਸਾਡੇ ਵਾਤਾਵਰਣ ਨੂੰ ਸ਼ੁੱਧ ਕਰਨ ਵਿਚ ਸਹਾਈ ਹੁੰਦੇ ਸਨ ਜੋ ਹੁਣ ਖਤਮ ਹੋ ਰਹੇ ਹਨ। ਕਹਿਣ ਦਾ ਭਾਵ ਕਿ ਚਾਈਨਾ ਦੀਆਂ ਬਣੀਆਂ ਲਾਈਟਾਂ ਵੀ ਸਾਡੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦੀਆਂ ਹਨ।

ਇਸੇ ਤਰ੍ਹਾਂ ਚੀਨ ਦੇ ਬਣੇ ਬੱਚਿਆਂ ਦੇ ਖਿਡੌਣੇ ਭਾਵੇਂ ਸਸਤੇ ਤੇ ਚਮਕੀਲੇ ਹੁੰਦੇ ਹਨ ਪਰ ਉਹ ਬੱਚਿਆਂ ਦੇ ਬਚਪਨ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਉਂਦੇ ਹਨ ਜਿਨ੍ਹਾਂ ਤੋਂ ਬੱਚਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਭਾਵੇਂ ਸਾਡੀਆਂ ਸਰਕਾਰਾਂ 'ਮੇਡ ਇੰਨ ਇੰਡੀਆ' ਦੇ ਦਾਅਵੇ ਕਰਦੀਆਂ ਹਨ ਪਰ ਉਹ ਚਾਈਨਾ ਦੇ ਮਾਲ ਨੂੰ ਰੋਕਣ ਵਿਚ ਅਸਮਰਥ ਨਜ਼ਰ ਆਉਂਦੀਆਂ ਹਨ।

ਇਸ ਤਰ੍ਹਾਂ ਸਾਨੂੰ ਚਾਹੀਦਾ ਹੈ ਕਿ ਚਾਈਨਾ ਦੀ ਬਣੀ ਹਰ ਚੀਜ਼ ਤੋਂ ਗ਼ੁਰੇਜ਼ ਕਰੀਏ ਅਤੇ ਖ਼ਾਸ ਕਰ ਕੇ ਇਨ੍ਹਾਂ ਦਿਨਾਂ ਵਿਚ ਜਦੋਂ ਮਨੁੱਖਤਾ ਕੋਰੋਨਾ ਵਾਇਰਸ ਜਹੀ ਬਿਮਾਰੀ ਦਾ ਸ਼ਿਕਾਰ ਹੋ ਰਹੀ ਹੈ। -ਬਹਾਦਰ ਸਿੰਘ ਗੋਸਲ, ਸੰਪਰਕ : 98764-52223

ਗ਼ਲਤ ਹੁਕਮਨਾਮਿਆਂ ਬਾਰੇ

ਸੋਮਵਾਰ 9 ਮਾਰਚ ਦੇ ਸਪੋਕਸਮੈਨ ਦੇ ਤਿੰਨ ਨੰਬਰ ਸਫ਼ੇ ਤੇ ਲੱਗੀ ਖ਼ਬਰ ਪੜ੍ਹੀ ਜੋ ਪਿਛਲੇ ਸਮੇਂ ਵਿਚ ਅਕਾਲ ਤਖ਼ਤ ਤੋਂ ਜਾਰੀ ਹੋਏ ਇਕ ਪਾਸੜ ਤੇ ਗ਼ਲਤ ਹੁਕਮਨਾਮਿਆਂ ਦੀ ਚੀਰ-ਫਾੜ ਕਰ ਰਹੀ ਸੀ। ਵੀਰ ਬਲਬੀਰ ਸਿੰਘ ਬੱਬੀ ਦੀ ਲਿਖਤ ਨੇ ਸਪੋਕਸਮੈਨ ਅਖ਼ਬਾਰ ਤੇ ਇਸ ਦੇ ਪ੍ਰਬੰਧਕਾਂ ਸ. ਜੋਗਿੰਦਰ ਸਿੰਘ ਸਪੋਕਸਮੈਨ ਤੇ ਹੋਰਾਂ ਵਿਰੁਧ ਗ਼ਲਤ ਜਾਰੀ ਹੋਏ ਹੁਕਮਨਾਮਿਆਂ ਦਾ ਵਿਸ਼ਲੇਸ਼ਣ ਕਰਦਿਆਂ ਸੱਚੀ ਤੇ ਸਹੀ ਜਾਣਕਾਰੀ ਦਿਤੀ।

ਹੁਣ ਇਹੀ ਧੱਕਾ ਭਾਈ ਰਣਜੀਤ ਸਿੰਘ ਢਡਰੀਆ ਵਾਲੇ ਨਾਲ ਕੀਤਾ ਜਾ ਰਿਹਾ ਹੈ। ਜਿਵੇਂ ਉਸ ਵੇਲੇ ਸ. ਜੋਗਿੰਦਰ ਸਿੰਘ ਜਿਹੇ ਵਿਦਵਾਨ ਨੂੰ ਜਲੀਲ ਕੀਤਾ, ਉਸ ਤਰ੍ਹਾਂ ਹੀ ਸਿੱਖ ਪ੍ਰਚਾਰਕ ਨਾਲ ਗ਼ਲਤ ਕੀਤਾ ਜਾ ਰਿਹਾ ਹੈ। ਦੁੱਖ ਉਸ ਵੇਲੇ ਹੋਰ ਵੱਧ ਜਾਂਦਾ ਹੈ ਜਦੋਂ ਇਹੋ ਜਹੇ ਮੌਕੇ ਵਿਦਵਾਨ ਲੋਕ ਵੀ ਮੂੰਹ ਨਹੀਂ ਖੋਲ੍ਹਦੇ।।
-ਇੰਦਰਜੀਤ ਸਿੰਘ ਸਪੋਕਸਮੈਨ, ਸੰਪਰਕ : 98152-98237

ਸੰਨ 47 ਬਣਨ ਨੀ ਦੇਣਾ

ਇਹ ਨਾਹਰਾ ਸੀ ਜੋ ਮਿਤੀ 1.2.2019 ਨੂੰ ਮਲੇਰਕੋਟਲਾ ਦੀ ਧਰਤੀ ਤੇ ਗੂੰਜਿਆ। ਇਸ ਰੋਸ ਮਾਰਚ ਵਿਚ ਹਜ਼ਾਰਾਂ ਔਰਤਾ ਅਤੇ ਮਰਦ ਸ਼ਾਮਲ ਸਨ। ਇਸ ਰੋਸ ਮਾਰਚ ਵਿਚ ਸਾਰੇ ਧਰਮਾਂ ਦੇ ਲੋਕ ਸ਼ਾਮਲ ਸਨ, ਜਿਨ੍ਹਾਂ ਦਾ ਇਕੋ ਇਕ ਨਾਹਰਾ ਸੀ 'ਹਿੰਦੂ, ਮੁਸਲਿਮ, ਸਿੱਖ, ਈਸਾਈ, ਲੜਨ ਨੀ ਦੇਣਾ ਸੰਨ 47 ਬਣਨ ਨਹੀਂ ਦੇਣਾ।' ਇਹ ਔਰਤਾਂ ਨਾਹਰਿਆਂ ਰਾਹੀਂ ਦੇਸ਼ ਦੇ ਲੀਡਰਾਂ ਨੂੰ ਲਾਹਨਤਾਂ ਪਾ ਰਹੀਆਂ ਸਨ ਕਿ ਦੇਸ਼ ਦੇ ਲੀਡਰੋ ਭਾਰਤ ਦੇਸ਼ ਦੇ ਲੋਕਾਂ ਨੂੰ ਧਰਮਾਂ ਵਿਚ ਨਾ ਵੰਡੋ, ਇਹ ਇਕ ਧਰਮ ਨਿਰਪੱਖ ਦੇਸ਼ ਹੈ।

ਇਥੇ ਹਰ ਵਰਗ ਦੇ ਲੋਕ ਰਹਿ ਸਕਦੇ ਹਨ। ਧਰਮ ਤੋਂ ਪਹਿਲਾਂ ਇਨਸਾਨ ਇਕ ਇਨਸਾਨ ਹੈ, ਇਸ ਨੂੰ ਇਨਸਾਨ ਹੀ ਰਹਿਣ ਦਿਉ, ਇਸ ਨੂੰ ਧਰਮਾਂ ਵਿਚ ਨਾ ਵੰਡੋ। ਇਨ੍ਹਾਂ ਲੋਕਾਂ ਦੇ ਮੁੱਦੇ ਇਕ ਹਨ। ਇਹ ਲੋਕ ਰੁਜ਼ਗਾਰ ਮੰਗਦੇ ਹਨ, ਕਿਰਤੀ ਅਪਣੀ ਕਿਰਤ ਦਾ ਪੂਰਾ ਮੁੱਲ ਮੰਗ ਰਿਹਾ ਹੈ।

ਇਥੇ ਕਰੋੜਾਂ ਲੋਕ ਭੁੱਖ ਦੇ ਤੋੜੇ ਮਰ ਰਹੇ ਹਨ, ਉਨ੍ਹਾਂ ਨੂੰ ਰੋਟੀ ਦੀ ਲੋੜ ਹੈ ਅਤੇ ਦੂਜੇ ਪਾਸੇ ਗੁਦਾਮਾਂ ਵਿਚ ਅਨਾਜ ਸੜ ਰਿਹਾ ਹੈ। ਲੋਕ ਮੰਗ ਕਰਦੇ ਹਨ ਕਿ ਖ਼ੁਦਕੁਸ਼ੀਆਂ ਰਾਹੀਂ ਭੈਣਾਂ ਦੇ ਸੁਹਾਗ ਚੂੜੇ ਨਾ ਟੁੱਟਣ, ਲੱਖਾਂ ਮਾਵਾਂ ਦੇ ਪੁੱਤਰ ਕਰਜ਼ੇ ਬਦਲੇ ਖ਼ੁਦਕੁਸ਼ੀ ਨਾ ਕਰਨ, ਸਰਕਾਰੀ ਹਸਪਤਾਲਾਂ ਵਿਚ ਪੱਕਾ ਇਲਾਜ ਦਿਉ, ਇਲਾਜ ਖੁਣੋਂ ਕਿਸੇ ਵੀ ਇਨਸਾਨ ਦੀ ਮੌਤ ਨਾ ਹੋਵੇ।

ਪਰ ਸਾਡੇ ਭਾਰਤ ਵਿਚ ਤਾਂ ਲੱਖਾਂ ਲੋਕ ਇਲਾਜ ਖੁਣੋਂ ਹੀ ਮਰ ਜਾਂਦੇ ਹਨ। ਸਿਖਿਆ ਦਾ ਬੁਰਾ ਹਾਲ ਹੈ। ਕਾਮਿਆਂ ਨੂੰ ਕਾਰਖ਼ਾਨਿਆਂ ਵਿਚ ਪੂਰੀ ਤਨਖ਼ਾਹ ਨਹਂੀ ਮਿਲਦੀ, ਕਿਸਾਨ ਨੂੰ ਫ਼ਸਲਾਂ ਦੇ ਰੇਟ ਨਹੀਂ ਮਿਲਦੇ। ਹੋਰ ਤਾਂ ਹੋਰ ਇਨਸਾਨ ਦੇ ਜਿਊਣ ਲਈ ਇਸ ਧਰਤੀ ਤੇ ਤਿੰਨ ਚੀਜ਼ਾਂ ਹਨ, ਕੁੱਲੀ, ਗੁੱਲੀ, ਜੁੱਲੀ। ਇਨ੍ਹਾਂ ਤਿੰਨ ਚੀਜ਼ਾਂ ਨਾਲ ਇਨਸਾਨ ਜੀਅ ਤਾਂ ਸਕਦਾ ਹੈ ਪਰ ਜ਼ਿੰਦਗੀ ਮਾਣ ਨਹੀਂ ਸਕਦਾ। ਅਜੇ ਤਕ ਅਸੀ ਇਨਸਾਨ ਨੂੰ ਤਿੰਨ ਚੀਜ਼ਾਂ ਨਹੀਂ ਦੇ ਸਕੇ।

ਸਾਨੂੰ ਲੋੜ ਉਪਰੋਕਤ ਚੀਜ਼ਾਂ ਦੀ ਹੈ, ਸਾਨੂੰ ਨਾਗਰਿਕਤਾ ਕਾਨੂੰਨ ਨਹੀਂ ਚਾਹੀਦਾ। ਅਸੀ ਹੋਰ ਸੰਨ 47 ਨਹੀਂ ਵਾਪਰਨ ਦੇਣਾ ਕਿਉਂਕਿ ਸਾਡੇ ਬਜ਼ੁਰਗ ਇਸ ਦਾ ਸੰਤਾਪ ਭੋਗ ਚੁਕੇ ਹਨ। ਸੰਨ 47 ਵੇਲੇ 11-12 ਲੱਖ ਲੋਕ ਆਪਸ ਵਿਚ ਲੜ ਕੇ ਮਰ ਗਏ, ਪਰ ਅੰਗਰੇਜ਼ ਸਾਡੇ ਦੇਸ਼ ਦਾ ਸਾਰਾ ਧਨ ਅਪਣੇ ਦੇਸ਼ ਵਿਚ ਲੈ ਗਏ। ਅਸਲ ਵਿਚ ਸਾਡੇ ਦੇਸ਼ ਦੇ ਲੀਡਰ ਵੀ ਅੰਗਰੇਜ਼ਾਂ ਨਾਲ ਮਿਲ ਗਏ ਸਨ।

ਇਕ ਪਾਸੇ ਭਾਈ ਨੂੰ ਭਾਈ ਮਾਰ ਰਿਹਾ ਸੀ, ਦੂਜੇ ਪਾਸੇ ਦੇਸ਼ ਦੇ ਲੀਡਰ ਲਾਲ ਕਿਲ੍ਹੇ ਤੇ ਦੇਸ ਦੀ ਆਜ਼ਾਦੀ ਦੀਆਂ ਤਾੜੀਆਂ ਮਾਰ ਰਹੇ ਸਨ। ਅਸਲ ਵਿਚ ਆਜ਼ਾਦੀ ਆਈ ਹੀ ਨਹੀਂ ਸੀ। ਇਹ ਤਾਂ ਇਕ ਸਮਝੌਤਾ ਸੀ ਜੋ ਸ਼ਰਤਾਂ ਤਹਿਤ ਕੀਤਾ ਗਿਆ ਸੀ। ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਕਤਲੋ ਗ਼ਾਰਤ ਦੀ ਕੀ ਲੋੜ ਸੀ?

ਡੇਢ ਕਰੋੜ ਲੋਕ ਭਾਰਤ ਵਿਚੋਂ ਪਾਕਿਸਤਾਨ ਵਿਚ ਚਲੇ ਗਏ ਤੇ ਡੇਢ ਕਰੋੜ ਲੋਕ ਪਾਕਿਸਤਾਨ ਵਿਚੋਂ ਭਾਰਤ ਆਏ। ਸੰਨ 47 ਵੇਲੇ ਲੋਕ ਸਮਝ ਚੁਕੇ ਸਨ ਕਿ ਸਾਡੇ ਦੇਸ਼ ਦੇ ਲੀਡਰ ਕਿਸ ਹੱਦ ਤਕ ਜਾ ਸਕਦੇ ਹਨ। ਦੇਸ਼ ਦੇ ਲੀਡਰਾਂ ਨੂੰ ਕੁਰਸੀ ਦੀ ਲੋੜ ਹੈ, ਬੇਸ਼ਕ ਇਹ ਕੁਰਸੀ ਲੱਖਾਂ ਲੋਕਾਂ ਦੇ ਕਤਲਾਂ ਨਾਲ ਮਿਲੇ।
-ਸੁਖਪਾਲ ਸਿੰਘ ਮਾਣਕ ਕਣਕਵਾਲ, ਸੰਗਰੂਰ, ਸੰਪਰਕ : 98722-31523

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।