'ਅਮਰੀਕਾ ਸਰਕਾਰ ਵਲੋਂ ਸਿੱਖਾਂ ਦੇ ਨਵੇਂ ਸਾਲ ਨੂੰ ਮਿਲੀ ਮਾਨਤਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੈਨੇਕਟੀਕਟ ਦੇ ਗਵਰਨਰ ਨੇ '14 ਮਾਰਚ' ਦਾ ਦਿਨ 'ਸਿੱਖ ਨਿਊ ਯੀਅਰ' ਵਜੋਂ ਮਨਾਉਣ ਦਾ ਕੀਤਾ ਐਲਾਨ

Photo

ਕੋਟਕਪੂਰਾ : ਅਮਰੀਕਾ ਦੇ 125 ਸਾਲਾ ਸਿੱਖ ਇਤਿਹਾਸ“'ਚ ਇਹ ਪਹਿਲੀ ਵਾਰ ਹੋਇਆ ਕਿ ਅਮਰੀਕਾ ਦੀ ਇਕ ਸਟੇਟ ਦੇ ਗਵਰਨਰ ਨੇ ਸਿੱਖਾਂ ਦੇ ਕੈਲੰਡਰ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਸਿਰਫ਼ ਉਨ੍ਹਾਂ ਦੇ ਨਵੇਂ ਸਾਲ ਦੀਆਂ ਮੁਬਾਰਕਾਂ ਦਿਤੀਆਂ ਸਗੋਂ ਮਾਰਚ 14”(1 ਚੇਤ) ਨੂੰ 'ਸਿੱਖ ਨਿਊ ਈਅਰ' ਵਜੋਂ ਮਾਨਤਾ ਵੀ ਦਿਤੀ।

 ਜਿਵੇਂ ਕਿ ਅਸੀ ਜਾਣਦੇ ਹਾਂ ਕਿ ਨਾਨਕਸ਼ਾਹੀ ਸਿੱਖ ਕੈਲੰਡਰ ਮੁਤਾਬਕ ਮਾਰਚ 14 ਨੂੰ ਸਿੱਖਾਂ ਦੇ ਪਹਿਲੇ ਮਹੀਨਾ “ਚੇਤ'' ਦੀ ਸ਼ੁਰੂਆਤ ਹੁੰਦੀ ਹੈ ਜਿਸ ਮੁਤਾਬਕ 1 ਚੇਤ ਅਰਥਾਤ 14 ਮਾਰਚ ਸਿੱਖਾਂ ਦਾ ਨਵਾਂ ਸਾਲ ਹੋਇਆ। ਇਹ ਜਾਣਕਾਰੀ ਕੈਨੇਕਟੀਕਟ ਤੋਂ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰ ਸਵਰਨਜੀਤ ਸਿੰਘ ਖ਼ਾਲਸਾ ਨੇ ਰੋਜ਼ਾਨਾ ਸਪੋਕਸਮੈਨ ਨੂੰ ਈਮੇਲ ਰਾਹੀਂ ਭੇਜ ਕੇ ਸਾਂਝੀ ਕਰਦਿਆਂ ਦਸਿਆ ਕਿ ਉਨ੍ਹਾਂ ਨੇ ਗਵਰਨਰ “ਨੇਡ ਲਾਮੋਂਟ'' ਦੇ ਇਸ ਫ਼ੈਸਲੇ ਨੂੰ ਲੈ ਕੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦਾ ਵਰਲਡ ਸਿੱਖ ਪਾਰਲੀਮੈਂਟ ਵਲੋਂ ਧਨਵਾਦ ਕੀਤਾ।

ਇਹ ਪਹਿਲੀ ਵਾਰ ਨਹੀਂ ਜਦੋ ਸਿੱਖਾਂ ਦੀ ਆਵਾਜ਼ ਕੈਨੇਕਟੀਕਟ ਨੇ ਬੁਲੰਦ ਕੀਤੀ ਬਲਕਿ ਪਿਛਲੇ ਸਾਲ ਗਵਰਨਰ ਵਲੋਂ ਸਿੱਖ ਸ਼ਹੀਦਾਂ ਦੀ ਯਾਦ 'ਚ ਜੂਨ ਦੇ ਮਹੀਨੇ ਨੂੰ “ਸਿੱਖ ਮੈਮੋਰੀਅਲ ਮਹੀਨੇ'' ਵਜੋਂ ਮਾਨਤਾ ਦਿਤੀ ਗਈ ਅਤੇ 1 ਨਵੰਬਰ ਨੂੰ ਹਰ ਸਾਲ “ਸਿੱਖ ਨਸਲਕੁਸ਼ੀ ਯਾਦ ਦਿਵਸ'' ਵਜੋਂ ਮਨਾਉਣ ਦਾ ਫ਼ੈਸਲਾ ਵੀ ਕੀਤਾ।

ਇਹ ਐਲਾਨ ਕੈਨੇਕਟੀਕਟ ਦੀ ਡਿਪਟੀ ਗਵਰਨਰ ਸੂਸਨ ਬਿਸੇਵੀਜ਼ ਨੇ ਕੈਨੇਕਟਿਕਟ ਦੇ ਟਾਊਨ ਹਾਲ ਵਿਖੇ ਇਕ ਮੀਟਿੰਗ ਦੌਰਾਨ ਕੀਤਾ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਮੈਂਬਰਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿਤੀਆਂ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਸਾਰਿਆਂ ਦਾ ਧਨਵਾਦ ਕਰਦਿਆਂ ਪਾਰਲੀਮੈਂਟ ਦੇ ਕੰਮਾਂ 'ਤੇ ਚਾਨਣਾ ਪਾਇਆ।

ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਸਾਰੀਆਂ ਵੱਖ-ਵੱਖ ਕੌਂਸਲਾਂ ਦੇ ਕੰਮਾਂ ਨੂੰ ਸਲਾਹਿਆ ਤੇ ਇਹੋ ਜਿਹੇ ਉਪਰਾਲਿਆਂ ਨੂੰ ਬਾਕੀ ਦੇਸ਼ਾਂ ਵਿਚ ਅੰਜਾਮ ਦੇਣ ਲਈ ਨੌਜਵਾਨਾਂ ਨੂੰ ਪਾਰਲੀਮੈਂਟ ਨਾਲ ਜੋੜਨ ਲਈ ਪ੍ਰੇਰਿਆ। ਇਹ ਵਿਸ਼ੇਸ਼ ਐਲਾਨ ਕਰਨ ਸਮੇਂ ਕੈਨੇਕਟੀਕਟ ਦੇ ਗਵਰਨਰ ਨਾਲ ਸਟੇਟ ਸੈਨੇਟਰ ਕੈਥੀ ਉਸਟੇਨ ਅਤੇ ਸਟੇਟ ਅਸੈਂਬਲੀ ਮੈਂਬਰ ਕੇਵਿਨ ਰਿਯਾਨ ਵੀ ਸ਼ਾਮਲ ਸਨ।