ਭਾਰਤ ਦੁਨੀਆਂ ਦਾ ਛੇਵਾਂ ਵੱਡਾ ਧਨਵਾਨ ਦੇਸ਼ ਪਰ ਸੱਭ ਤੋਂ ਵੱਧ ਗ਼ਰੀਬੀ ਵੀ ਇਸ ਦੇਸ਼ ਵਿਚ ਹੀ ਹੈ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭਾਰਤ ਵਿਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਤਕਰੀਬਨ 67 ਫ਼ੀ ਸਦੀ ਲੋਕ ਹਨ। ਇਹ ਉਹ ਲੋਕ ਹਨ ਜਿਨ੍ਹਾਂ...

Limosine

ਭਾਰਤ ਵਿਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਤਕਰੀਬਨ 67 ਫ਼ੀ ਸਦੀ ਲੋਕ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਦਿਨ ਵਿਚ 32 ਰੁਪਏ (ਪਿੰਡ) ਤੇ 47 ਰੁਪਏ (ਸ਼ਹਿਰ) ਨਾਲ ਰੋਜ਼ਾਨਾ ਗੁਜ਼ਾਰਾ ਕਰਨਾ ਪੈਂਦਾ ਹੈ। ਯਾਨੀਕਿ ਕੁੱਝ ਲੋਕ ਉਹ ਹਨ, ਜੋ ਕਰੋੜਾਂ ਦੀ ਗੱਡੀ ਵਿਚ ਇਕ ਕਿਲੋਮੀਟਰ ਦੇ ਸਫ਼ਰ ਵਾਸਤੇ ਦੋ ਲੀਟਰ ਵੀ ਇਸਤੇਮਾਲ ਕਰ ਸਕਦੇ ਹਨ ਤੇ ਕੁੱਝ ਅਪਣੇ ਪੂਰੇ ਦਿਨ ਦਾ ਖ਼ਰਚਾ ਵੀ ਇਕ ਲੀਟਰ ਪਟਰੌਲ ਦੀ ਅੱਧੀ ਕੀਮਤ ਵਿਚ ਕਰਦੇ ਹਨ। 

ਐਫਰੋਏਸ਼ੀਆ ਬੈਂਕ ਦੀ ਕੌਮਾਂਤਰੀ ਪ੍ਰੀਸ਼ਦ ਵਲੋਂ ਜਾਰੀ ਕੀਤੀ ਗਈ ਰੀਪੋਰਟ ਨੇ ਭਾਰਤ ਨੂੰ ਦੁਨੀਆਂ ਦਾ ਛੇਵਾਂ ਸੱਭ ਤੋਂ ਅਮੀਰ ਦੇਸ਼ ਦਸਿਆ ਹੈ ਜਿਸ ਦੀ ਦੌਲਤ 8,230 ਬਿਲੀਅਨ ਡਾਲਰ ਹੋ ਗਈ ਹੈ। ਭਾਰਤ ਨਾਲ ਸੱਭ ਤੋਂ ਅਮੀਰ ਦਸ ਦੇਸ਼ਾਂ ਵਿਚ ਪਹਿਲੇ ਸਥਾਨ ਤੇ ਅਮਰੀਕਾ, ਫਿਰ ਚੀਨ, ਫਿਰ ਜਪਾਨ ਤੇ ਨਾਲ-ਨਾਲ ਨੀਦਰਲੈਂਡ, ਜਰਮਨੀ, ਆਸਟ੍ਰੇਲੀਆ, ਕੈਨੇਡਾ ਆਦਿ ਦੇਸ਼ ਹਨ। ਅਜੇ ਪਹਿਲੇ ਸਥਾਨ ਦੇ ਦੇਸ਼ ਅਮਰੀਕਾ ਜੋ ਕਿ 63,584 ਬਿਲਅਨ ਡਾਲਰ ਦਾ ਮਾਲਕ ਹੈ ਅਤੇ ਭਾਰਤ ਦੀ ਦੌਲਤ ਵਿਚ ਅੰਤਰ ਬਹੁਤ ਵੱਡਾ ਹੈ। ਕੀ ਅੱਜ ਕਿਸੇ ਆਮ ਇਨਸਾਨ ਨੂੰ ਇਸ 'ਅਮੀਰੀ' ਤੇ ਵਿਸ਼ਵਾਸ ਹੁੰਦਾ ਹੈ?

ਆਉਣ ਵਾਲੇ ਸਮੇਂ ਵਿਚ ਆਖਿਆ ਜਾ ਰਿਹਾ ਹੈ ਕਿ ਭਾਰਤ ਏਸ਼ੀਆ ਦਾ ਸੱਭ ਤੋਂ ਅਮੀਰ ਦੇਸ਼ ਬਣ ਜਾਵੇਗਾ। ਇਸ ਰਿਪੋਰਟ ਨੇ ਕਿਹਾ ਹੈ ਕਿ ਭਾਰਤ ਵਿਚ ਅਗਲੇ ਆਉਣ ਵਾਲੇ ਦਸ ਸਾਲਾਂ ਵਿਚ ਭਾਰਤ ਦੀ ਦੌਲਤ ਵਿਚ 200 ਗੁਣਾਂ ਵਾਧਾ ਹੋ ਸਕਦਾ ਹੈ। ਪਰ ਇਸ ਵਾਸਤੇ ਸਰਕਾਰ ਨੂੰ ਉਦਯੋਗ (ਛੋਟੇ ਤੇ ਆਤਮ-ਨਿਰਭਰ) ਨੂੰ ਹੁੰਗਾਰਾ ਦੇਣਾ ਪਵੇਗਾ, ਸਿਖਿਆ ਦਾ ਪੱਧਰ, ਆਈਟੀ ਵਿਚ ਸੁਧਾਰ ਆਦਿ ਸਾਰੇ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਅਸਲ ਮਜ਼ਬੂਤੀ ਦੇਣੀ ਪਵੇਗੀ ਪਰ ਭਾਰਤ ਵਿਚ ਜੋ ਦੌਲਤ ਦਾ ਵਾਧਾ ਹੋ ਰਿਹਾ ਹੈ, ਉਹ ਸਿਰਫ਼ ਉਪਰਲੀ ਇਕ ਫ਼ੀ ਸਦੀ ਦਾ ਹੋ ਰਿਹਾ ਹੈ ਜਿਸ ਨੇ ਹੁਣ ਤਕ ਦੀ ਦੌਲਤ ਦੇ 73 ਫ਼ੀ ਸਦੀ ਹਿੱਸੇ ਤੇ ਕਬਜ਼ਾ ਕਰ ਲਿਆ ਹੈ।
ਭਾਰਤ ਦੀ ਅਮੀਰੀ ਦੀ ਕਹਾਣੀ ਸਾਰੇ ਦੇਸ਼ ਦੀ ਕਹਾਣੀ ਹੋ ਸਕਦੀ ਸੀ ਪਰ ਅਮੀਰ-ਗ਼ਰੀਬ ਵਿਚ ਅੰਤਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ।

ਜਦ ਤੋਂ ਦੇਸ਼ ਦੀ ਆਰਥਕਤਾ ਦੁਨੀਆਂ ਵਾਸਤੇ ਖੋਲ੍ਹੀ ਗਈ ਹੈ, ਤਦ ਤੋਂ ਭਾਰਤ ਵਿਚ ਕੁੱਝ ਲੋਕਾਂ ਦੀ ਅਮੀਰੀ ਵਿਚ ਵਾਧਾ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। 2014 ਵਿਚ ਉਪਰਲੇ 1 ਫ਼ੀ ਸਦੀ ਅਮੀਰਾਂ ਕੋਲ 56 ਫ਼ੀ ਸਦੀ ਦੌਲਤ ਸੀ ਤੇ ਅੱਜ ਇਹ 73 ਫ਼ੀ ਸਦੀ ਤੇ ਆ ਗਈ ਹੈ। ਇਨ੍ਹਾਂ ਵਿਚ ਵੀ ਬਹੁਤ ਅੰਤਰ ਹਨ ਕਿਉਂਕਿ ਇਨ੍ਹਾਂ ਅਮੀਰਾਂ ਵਿਚੋਂ ਵੀ ਜੋ ਉਪਰਾਲੇ 10 ਫ਼ੀ ਸਦੀ ਹਨ, ਉਨ੍ਹਾਂ ਦੀ ਦੌਲਤ ਤੇ ਬਾਕੀ 90 ਫ਼ੀ ਸਦੀ ਅਮੀਰਾਂ ਦੀ ਦੌਲਤ ਵਿਚ ਕਾਫ਼ੀ ਵੱਡਾ ਫ਼ਰਕ ਹੈ।

ਇਸੇ ਸਦਕਾ 2018 ਵਿਚ ਭਾਰਤ ਵਿਚ ਅਰਬਾਂਪਤੀਆਂ ਦੀ ਗਿਣਤੀ ਵਿਚ ਵੱਡਾ ਵਾਧਾ ਵੇਖਿਆ ਗਿਆ। ਕੌਮਾਂਤਰੀ ਪੱਧਰ ਉਤੇ ਅਮੀਰ ਤੇ ਪ੍ਰਭਾਵਸ਼ਾਲੀ ਲੋਕਾਂ ਦੀ ਹਰ ਸਾਲ ਲਿਸਟ ਜਾਰੀ ਕਰਨ ਵਾਲੀ ਫ਼ੋਰਬਸ ਮੈਗਜ਼ੀਨ ਨੇ ਇਸ ਵਾਰ ਭਾਰਤ ਦੇ 19 ਹੋਰ ਅਰਬਪਤੀਆਂ ਦੇ ਨਾਂ ਸ਼ਾਮਲ ਕੀਤੇ ਹਨ। ਇਸ ਸੂਚੀ ਅਨੁਸਾਰ ਹੁਣ ਭਾਰਤ ਕੋਲ 121 ਅਰਬਪਤੀ ਹਨ ਜਿਨ੍ਹਾਂ ਦੀ ਚਿੱਟੀ ਆਮਦਨ ਤੇ ਜਾਇਦਾਦ 8 ਅਰਬ ਡਾਲਰ ਤੋਂ ਵੱਧ ਦੀ ਬਣਦੀ ਹੈ।

ਕਿੰਨੀ ਅਜੀਬ ਗੱਲ ਹੈ ਕਿ ਅੱਜ, ਜਦ ਭਾਰਤ ਵਿਚ ਤਕਰੀਬਨ 99 ਫ਼ੀ ਸਦੀ ਆਬਾਦੀ ਮੋਦੀ ਸਰਕਾਰ ਦੀ ਨੋਟਬੰਦੀ, ਜੀ.ਐਸ.ਟੀ ਅਤੇ ਡਿਜੀਟਲ ਇੰਡੀਆ ਦੀ ਸਤਾਈ ਹੋਈ ਹੈ, ਭਾਰਤ ਵਿਚ ਅਰਬਪਤੀਆਂ ਦੀ ਆਬਾਦੀ ਵੱਧ ਰਹੀ ਹੈ। ਦੇਸ਼ ਦੇ 100 ਸਭ ਤੋਂ ਅਮੀਰ ਲੋਕਾਂ ਕੋਲ 479 ਬਿਲੀਅਨ ਡਾਲਰ ਦੀ ਜਾਇਦਾਦ ਹੈ।
ਭਾਰਤ ਵਿਚ ਸੱਭ ਤੋਂ ਵੱਡੀ ਕਮਜ਼ੋਰੀ ਇਨਕਮਟੈਕਸ ਵਿਭਾਗ ਦੀ ਹੈ, ਜਿਥੇ ਸਿਰਫ਼ ਮੱਧ ਵਰਗ ਜਾਂ ਜੋ ਨੌਕਰੀਆਂ ਕਰਦੇ ਹਨ, ਉਹੀ ਟੈਕਸ ਭਰਦੇ ਹਨ। ਨੋਟਬੰਦੀ ਤੇ ਵਕਤ ਦੇ ਪੈਸੇ ਦੀ ਬਰਬਾਦੀ ਦੇ ਬਜਾਏ ਅੱਜ ਜ਼ਰੂਰਤ ਸੀ ਕਿ ਟੈਕਸ ਭਰਨ ਵਾਲੀ ਆਬਾਦੀ ਨੂੰ ਵਧਾਇਆ ਜਾਂਦਾ।

ਪਰ ਸਰਕਾਰ ਵਲੋਂ ਬੈਂਕਾਂ ਨੂੰ ਵੱਡੀ ਪੱਧਰ ਤੇ ਕਰਜ਼ਾ ਮਾਫ਼ੀ ਦੇ ਕੇ, ਉਦਯੋਗ ਨੂੰ ਹੋਰ ਵੀ ਢਿੱਲ ਦੇ ਦਿਤੀ ਹੈ। ਭਾਰਤ ਵਿਚ ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਤਕਰੀਬਨ 67 ਫ਼ੀ ਸਦੀ ਲੋਕ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਦਿਨ ਵਿਚ 32 ਰੁਪਏ (ਪਿੰਡ) ਤੇ 47 ਰੁਪਏ (ਸ਼ਹਿਰ) ਨਾਲ ਰੋਜ਼ਾਨਾ ਗੁਜ਼ਾਰਾ ਕਰਨਾ ਪੈਂਦਾ ਹੈ।

ਯਾਨੀਕਿ ਕੁੱਝ ਲੋਕ ਉਹ ਹਨ, ਜੋ ਕਰੋੜਾਂ ਦੀ ਗੱਡੀ ਵਿਚ ਇਕ ਕਿਲੋਮੀਟਰ ਦੇ ਸਫ਼ਰ ਵਾਸਤੇ ਦੋ ਲੀਟਰ ਵੀ ਇਸਤੇਮਾਲ ਕਰ ਸਕਦੇ ਹਨ ਤੇ ਕੁੱਝ ਅਪਣੇ ਪੂਰੇ ਦਿਨ ਦਾ ਖ਼ਰਚਾ ਵੀ ਇਕ ਲੀਟਰ ਪਟਰੌਲ ਦੀ ਅੱਧੀ ਕੀਮਤ ਵਿਚ ਕਰਦੇ ਹਨ। ਭਾਰਤ ਦੇ ਵਿਕਾਸ ਦੇ ਅੰਕੜੇ ਅਸਲ ਵਿਚ ਇਸ ਦੇ ਵਿਕਾਸ ਦੇ ਨਹੀਂ, ਇਸ ਦੇ ਅੰਦਰ ਦੀਆਂ ਫੈਲਦੀਆਂ ਬਿਮਾਰੀਆਂ ਦੀ ਮਿਸਾਲ ਹਨ। ਕਾਲਾ ਧਨ, ਭ੍ਰਿਸ਼ਟਾਚਾਰ, ਟੈਕਸ ਚੋਰੀ, ਬੇਈਮਾਨੀ ਵਧ ਰਹੀ ਹੈ ਜਿਸ ਕਾਰਨ ਭਾਰਤ ਵਿਚ ਜਾਇਦਾਦ ਦੀ ਵੰਡ ਵਿਚ ਬਰਾਬਰੀ ਹੁਣ ਕੋਹਾਂ ਦੂਰ ਹੋ ਚੁੱਕੀ ਹੈ।  -ਨਿਮਰਤ ਕੌਰ