ਪਿਛਲੀਆਂ ਜੰਗਾਂ ਵਿਚ ਇਕ ਦੂਜੇ ਨਾਲ ਹਮਦਰਦੀ ਭਾਰੂ ਹੁੰਦੀ ਸੀ, ਕੋਰੋਨਾ ਜੰਗ ਵਿਚ ਸਿਰਫ਼ ਪੈਸਾ ਕਮਾਉਣ..

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਭਾਰਤ-ਪਾਕਿਸਤਾਨ ਵੰਡ ਦੀਆਂ ਬਹੁਤ ਦਰਦਨਾਕ ਤੇ ਭਿਆਨਕ ਕਹਾਣੀਆਂ ਸੁਣੀਆਂ ਸਨ ਤੇ ਅੱਜ ਵੀ ਉਨ੍ਹਾਂ ਮਾਰੂ ਪਲਾਂ ਨੂੰ ਹੰਢਾਉਣ ਵਾਲਿਆਂ

Coronavirus

ਭਾਰਤ-ਪਾਕਿਸਤਾਨ ਵੰਡ ਦੀਆਂ ਬਹੁਤ ਦਰਦਨਾਕ ਤੇ ਭਿਆਨਕ ਕਹਾਣੀਆਂ ਸੁਣੀਆਂ ਸਨ ਤੇ ਅੱਜ ਵੀ ਉਨ੍ਹਾਂ ਮਾਰੂ ਪਲਾਂ ਨੂੰ ਹੰਢਾਉਣ ਵਾਲਿਆਂ ਦੀਆਂ ਅੱਖਾਂ ਪੁਰਾਣੀਆਂ ਯਾਦਾਂ ਨਾਲ ਨਮ ਹੋ ਜਾਂਦੀਆਂ ਹਨ। ਪਰ ਉਨ੍ਹਾਂ ਕਹਾਣੀਆਂ ਦੇ ਦਰਦ ਪਿਛੇ ਦਾ ਕਾਰਨ ਦੇਸ਼ ਦਾ ਦੋਫਾੜ ਹੋ ਜਾਣਾ ਸੀ, ਧਰਮਾਂ ਦਾ ਆਪਸੀ ਰਿਸ਼ਤਾ, ਨਫ਼ਰਤ ਅਤੇ ਕਰੂਰਤਾ ਵਿਚ ਬਦਲ ਗਿਆ ਸੀ ਅਤੇ ਜਦ ਗੁੱਸਾ ਸ਼ਾਂਤ ਹੋ ਗਿਆ ਤਾਂ ਕਤਲੇਆਮ ਵੀ ਅਪਣੇ ਆਪ ਰੁਕ ਗਿਆ ਸੀ ਤੇ ਫਿਰ ਰਫ਼ਿਊਜੀਆਂ ਦੇ ਕੈਂਪਾਂ ਤੋਂ ਨਵੇਂ ਘਰਾਂ ਵਲ ਕਦਮ ਵਧਣੇ ਸ਼ੁਰੂ ਹੋ ਗਏ ਸਨ।

ਔਖਾ ਸਮਾਂ ਸੀ ਪਰ ਅਪਣੀ ਪੁਰਾਣੀ ਜ਼ਿੰਦਗੀ ਛੱਡ ਕੇ ਆਉਣ ਵਾਲਿਆਂ ਵਾਸਤੇ ਨਵੇਂ ਦੇਸ਼ ਵਿਚ ਨਵੀਂ ਜ਼ਿੰਦਗੀ ਵਸਾਉਣ ਵਾਲੇ ਵੀ ਤਾਂ ਬੈਠੇ ਹੀ ਸਨ। ਇਹੋ ਜਿਹੀਆਂ ਕਹਾਣੀਆਂ ਵਿਸ਼ਵ ਭਰ ਵਿਚ ਵਾਪਰੀਆਂ ਤੇ ਅਸੀ ਸੱਭ ਨੇ ਪੜ੍ਹੀਆਂ ਵੀ ਹਨ। ਦੁਸ਼ਮਣ ਤਾਂ ਹਰ ਸਰਹੱਦ ਉਤੇ ਖੜੇ ਗੋਲੀਆਂ ਹੀ ਚਲਾਉਂਦੇ ਹਨ ਪਰ ਫਿਰ ਮੱਲ੍ਹਮ ਲਗਾਉਣ ਵਾਲੇ ਅਪਣੇ ਵੀ ਮਿਲ ਹੀ ਜਾਂਦੇ ਹਨ।

ਜਦ ਕੋਈ ਜ਼ਖ਼ਮੀ ਹੋ ਕੇ ਹਸਪਤਾਲ ਪਹੁੰਚਦਾ ਤਾਂ ਉਸ ਦੀ ਸਿਹਤ ਦੀ ਦੇਖਭਾਲ ਕਰਨ ਵਾਲੇ ਵੀ ਕਈ ਹਮਦਰਦ ਉਥੇ ਖੜੇ ਹੁੰਦੇ। ਜਦ ਸਰਹੱਦਾਂ 'ਤੇ ਜੰਗ ਚਲ ਰਹੀ ਹੁੰਦੀ ਤਾਂ ਇਹ ਘਰਾਂ ਵਿਚ ਬੈਠੇ ਅਰਾਮ ਨਾ ਕਰਦੇ ਸਗੋਂ ਸੇਵਾ ਲਈ ਨਿੱਤਰ ਪੈਂਦੇ ਜਾਂ ਸਰਹੱਦ 'ਤੇ ਖਾਣ ਪੀਣ ਦਾ ਸਾਮਾਨ ਭੇਜਦੇ ਨਜ਼ਰ ਆਉਂਦੇ। ਜਦ ਦੇਸ਼ 'ਤੇ ਖ਼ਤਰਾ ਮੰਡਰਾ ਰਿਹਾ ਹੁੰਦਾ ਤਾਂ ਹਰ ਨਾਗਰਿਕ ਦੇਸ਼ ਨਾਲ ਜੁੜ ਜਾਂਦਾ।

ਜਦ ਵਿਸ਼ਵ ਯੁੱਧ ਦੇਸ਼ਾਂ ਨੂੰ ਵੰਡ ਗਿਆ ਸੀ, ਤਾਂ ਵੀ ਹਰ ਨਾਗਰਿਕ ਉਸ ਜੰਗ ਵਿਚ ਕਈ ਦੇਸ਼ਾਂ ਵਿਚਕਾਰ ਵੰਡਿਆ ਗਿਆ ਸੀ ਤੇ ਹਰ ਇਕ ਨੇ ਅਪਣੇ ਵਿਸ਼ਵਾਸ ਮੁਤਾਬਕ ਅਪਣੇ ਪੱਖ ਦੇ ਫ਼ੌਜੀਆਂ ਦਾ ਭਰਪੂਰ ਸਮਰਥਨ ਕੀਤਾ। ਅਮੀਰ ਅਮਰੀਕਨ ਜਗੀਰਦਾਰਾਂ ਨੇ ਅਪਣੇ ਮਹਿਲਾਂ ਵਰਗੇ ਘਰ ਹਸਪਤਾਲ ਬਣਾ ਦਿਤੇ।
ਅੱਜ ਜਿਹੜੀ ਆਧੁਨਿਕ ਜੰਗ ਦੁਨੀਆਂ ਵਿਚ ਮਹਾਂਮਾਰੀ ਬਣਦੀ ਜਾ ਰਹੀ ਹੈ, ਉਸ ਦੀ ਚਾਲ ਬਹੁਤ ਵਖਰੀ ਹੈ।

ਭਾਵੇਂ ਕੋਵਿਡ-19 ਦੇ ਪੀੜਤਾਂ ਦਾ ਹਾਲ ਵੇਖੀਏ ਜਾਂ ਕੋਰੋਨਾ ਨਾਲ ਲੜਨ ਵਾਲੇ ਸਿਪਾਹੀਆਂ ਵਲ ਵੇਖੀਏ, ਪਿਛਲੀਆਂ ਜੰਗਾਂ ਵਰਗਾ ਪੀੜਤਾਂ ਦੀ ਮਦਦ ਕਰਨ ਵਾਲਾ ਮਾਹੌਲ ਬਿਲਕੁਲ ਵੀ ਨਹੀਂ ਹੈ। ਅੱਜ ਸਿਰਫ਼ ਇਕੋ ਚੀਜ਼ ਨਜ਼ਰ ਆਉਂਦੀ ਹੈ ''ਪੈਸਾ, ਪੈਸਾ ਤੇ ਸਿਰਫ਼ ਪੈਸਾ'' ਅਤੇ ਕੇਵਲ ਭਾਰਤ ਵਿਚ ਹੀ ਨਹੀਂ, ਅਮਰੀਕਾ ਵਰਗੇ ਅਮੀਰ ਦੇਸ਼ ਵਿਚ ਵੀ ਪੈਸੇ ਬਟੋਰਨ ਦਾ ਢੰਗ ਬਣ ਕੇ ਰਹਿ ਗਿਆ ਹੈ ਕੋਵਿਡ।

 

ਅਮਰੀਕਾ ਵਿਚ ਜਦ ਇਕ 70 ਸਾਲ ਦੀ ਬਜ਼ੁਰਗ ਕੋਵਿਡ ਤੋਂ ਠੀਕ ਹੋ ਕੇ ਘਰ ਆਈ ਤਾਂ ਉਸ ਦੇ ਹੱਥ ਵਿਚ 101 ਮਿਲੀਅਨ ਡਾਲਰ ਦਾ ਬਿਲ ਫੜਾ ਦਿਤਾ ਗਿਆ। ਬਜ਼ੁਰਗ ਅਪਣੇ ਬਚਣ 'ਤੇ ਸ਼ਰਮਿੰਦਗੀ ਮਹਿਸੂਸ ਕਰਦੀ ਹੈ ਕਿਉਂਕਿ ਪੈਸੇ ਚੁਕਾਉਣ ਦੀ ਸਮਰੱਥਾ ਉਸ ਕੋਲ ਨਹੀਂ ਸੀ। ਇਸੇ ਤਰ੍ਹਾਂ ਭਾਰਤ ਵਿਚ ਸਰਕਾਰਾਂ ਨੂੰ ਕਦੇ ਕੋਵਿਡ ਟੈਸਟਾਂ ਦੀ ਕੀਮਤ ਤੈਅ ਕਰਨੀ ਪੈ ਰਹੀ ਹੈ ਤੇ ਕਦੇ ਹਸਪਤਾਲ ਦੇ ਬਿਲਾਂ ਦੀ।

ਦਿੱਲੀ ਵਿਚ ਹਸਪਤਾਲ 50-60 ਹਜ਼ਾਰ ਇਕ ਦਿਨ ਦਾ ਪੈਕੇਜ ਬਣਾ ਕੇ ਪੇਸ਼ ਕਰ ਰਹੇ ਹਨ। ਸਰਕਾਰਾਂ ਇਸ ਦਾ ਦਰ ਤੈਅ ਕਰਦੀਆਂ ਹਨ ਤਾਂ ਹਸਪਤਾਲ ਦੂਜੇ ਤਰੀਕੇ ਨਾਲ ਅਪਣੇ ਬਿਲ ਬਣਾ ਲੈਂਦੇ ਹਨ। ਜਿਹੜੇ ਇੰਸ਼ੋਰੈਂਸ ਕਰਵਾ ਕੇ ਸੰਤੁਸ਼ਟ ਬੈਠੇ ਹਨ, ਉਹ ਵੀ ਸਾਵਧਾਨ ਹੋ ਜਾਣ ਕਿ ਹੁਣ ਬਿਲ ਵਿਚ ਪੀ.ਪੀ.ਈ ਕਿੱਟ, ਦਸਤਾਨਿਆਂ ਆਦਿ ਦੇ ਖ਼ਰਚੇ ਪਾਏ ਜਾ ਰਹੇ ਹਨ ਜਿਸ ਦਾ ਖ਼ਰਚਾ ਇੰਸ਼ੋਰੈਂਸ ਕੰਪਨੀ ਨਹੀਂ ਦੇਂਦੀ। ਕਈ ਥਾਵਾਂ 'ਤੇ ਨਰਸਾਂ ਤੇ ਡਾਕਟਰ ਅਪਣੀ ਤਨਖ਼ਾਹ ਵਧਾਉਣ ਦੀ ਮੰਗ ਲੈ ਕੇ ਹੜਤਾਲ ਦੀ ਧਮਕੀ ਦੇ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵਾਧੂ ਕੰਮ ਕਰਨਾ ਪੈ ਰਿਹਾ ਹੈ। ਹਾਂ, ਜਦ ਸਾਰੇ ਹੀ ਪੈਸਾ ਬਣਾ ਰਹੇ ਹਨ ਤਾਂ ਉਹ ਕਿਉਂ ਪਿਛੇ ਰਹਿਣ?

ਕੁਦਰਤ ਨੇ ਕੋਵਿਡ ਨੂੰ ਕੀ ਸੋਚ ਕੇ ਇਨਸਾਨਾਂ ਦੇ ਪਿੱਛੇ ਪਾਇਆ ਹੈ, ਉਸ ਬਾਰੇ ਤਾਂ ਪਤਾ ਨਹੀਂ ਪਰ ਜਦ ਇਤਿਹਾਸ ਦੇ ਪੰਨੇ ਲਿਖੇ ਜਾਣਗੇ ਤਾਂ ਇਹ ਸ਼ਾਇਦ ਸਮੁੱਚੀ ਇਨਸਾਨੀਅਤ ਦੇ ਸੱਭ ਤੋਂ ਕਾਲੇ ਪਲਾਂ ਵਜੋਂ ਲਿਖੇ ਜਾਣਗੇ ਜਦ ਇਨਸਾਨ ਨੇ ਇਕ ਦੂਜੇ ਦੀ, ਜ਼ਿੰਦਗੀ ਮੌਤ ਦੀ ਜੰਗ ਨੂੰ ਵੀ, ਪੈਸੇ ਕਮਾਉਣ ਦਾ ਇਕ ਮੌਕਾ ਹੀ ਮੰਨਿਆ। - ਨਿਮਰਤ ਕੌਰ