ਸੰਪਾਦਕੀ: ਸਿੱਧੂ ਉਤੇ ਰਾਸ਼ਟਰ-ਵਿਰੋਧੀ ਹੋਣ ਦਾ ਇਲਜ਼ਾਮ ਬਿਲਕੁਲ ਗ਼ਲਤ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨ ਜਥੇਬੰਦੀਆਂ ਨਾਲ ਚੰਗੇ ਰਿਸ਼ਤੇ ਹਨ ਤੇ ਉਹ ਇਕੱਲੇ ਮੁੱਖ ਮੰਤਰੀ ਰਹੇ ਹਨ ਜਿਨ੍ਹਾਂ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਹਨ।

Navjot Singh Sidhu

ਗੁਜਰਾਤ ਦੀ ਇਕ ਨਿਜੀ ਬੰਦਰਗਾਹ ਵਿਚ 21 ਹਜ਼ਾਰ ਕਰੋੜ ਦੀ ਅਫ਼ੀਮ ਫੜੀ ਗਈ ਅਤੇ ਅੱਜ ਗੱਲਾਂ ਹੋ ਰਹੀਆਂ ਹਨ ਕਿ ਪੰਜਾਬ ਇਕ ਸਰਹੱਦੀ ਸੂਬਾ ਹੋਣ ਕਾਰਨ ਨਸ਼ਾ-ਤਸਕਰੀ ਦੀ ਮਾਰ ਹੇਠ ਹੈ। ਸਾਰੇ ਰਾਸ਼ਟਰੀ ਮੀਡੀਆ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਵਿਰੁਧ ਹੱਲਾ-ਬੋਲ ਦਿਤਾ ਹੈ ਤੇ ਇਹ ਬਿਆਨ ਦਿਤਾ ਗਿਆ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਕਾਂਗਰਸ ਦਾ ਮੁੱਖ ਮੰਤਰੀ ਪਦ ਦਾ ਉਮੀਦਵਾਰ ਬਣਦਾ ਹੈ ਤਾਂ ਉਹ ਉਸ ਵਿਰੁਧ ਇਕ ਤਾਕਤਵਰ ਉਮੀਦਵਾਰ ਉਤਾਰਨਗੇ।

ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਪਿਛੇ ਕਾਰਨ ਭਾਵੇਂ ਨਿਜੀ ਰੰਜਸ਼ ਹੋਵੇ, ਹੁਣ ਉਨ੍ਹਾਂ ਰਾਸ਼ਟਰੀ ਮੀਡੀਆ ਵਿਚ ਨਵਜੋਤ ਸਿੰਘ ਸਿੱਧੂ ਉਤੇ ਗ਼ੈਰ ਰਾਸ਼ਟਰੀ ਹੋਣ ਦਾ ਠੱਪਾ ਲਾ ਦਿਤਾ ਹੈ ਕਿਉਂਕਿ ਸਿੱਧੂ ਨੇ ਕਰਤਾਰਪੁਰ ਲਾਂਘੇ ਨੂੰ ਖੁਲ੍ਹਵਾਉਣ ਵਾਸਤੇ ਜਨਰਲ ਬਾਜਵਾ ਨੂੰ ਜੱਫੀ ਪਾਈ ਸੀ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਰਲ ਬਾਜਵਾ ਦੇ ਮੁਖੀ ਨਵਾਜ਼ ਸ਼ਰੀਫ਼ ਨੂੰ ਵੀ ਜੱਫੀ ਪਾਈ ਸੀ ਤੇ ਉਸ ਦੇ ਬੇਟੇ ਦੇ ਵਿਆਹ ਵਿਚ ਵੀ ਸ਼ਾਮਲ ਹੋਏ ਸਨ। ਇਹ ਸਿਆਸਤਦਾਨ ਦੇਸ਼ਾਂ ਵਿਚਕਾਰ ਦੋਸਤੀ ਦੇ ਪੁਲ ਉਸਾਰਨ ਵਾਸਤੇ ਹਮੇਸ਼ਾ ਰਿਸ਼ਤੇ ਬਣਾਉਣ ਦਾ ਯਤਨ ਕਰਦੇ ਰਹਿੰਦੇ ਹਨ ਕਿਉਂਕਿ ਇਨ੍ਹਾਂ ਛੋਟੇ ਛੋਟੇ ਦੋਸਤਾਨਾ ਪਹਿਲਕਦਮੀਆਂ ਬਿਨਾਂ ਕੋਈ ਵੱਡੀ ਤਬਦੀਲੀ ਅਪਣੇ ਆਪ ਨਹੀਂ ਆ ਜਾਂਦੀ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਚੀਨ ਨਾਲ ਰਿਸ਼ਤਾ ਬਣਾਉਣ ਦੀ ਗੱਲ ਇਸੇ ਕਰ ਕੇ ਕੀਤੀ ਕਿਉਂਕਿ ਉਹ ਦੁਸ਼ਮਣੀ ਦੇ ਮਾਹੌਲ ਨੂੰ ਥੋੜਾ ਥੋੜਾ ਠੰਢਾ ਵੀ ਕਰਨਾ ਜ਼ਰੂਰੀ ਸਮਝਦੇ ਸਨ। ਪਰ ਸਿਆਸਤਦਾਨ ਤੇ ਗੋਦੀ ਮੀਡੀਆ ਅੱਜ ਕਾਂਰਗਸ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਨਵਜੋਤ ਸਿੱਧੂ ਨੂੰ ‘ਬਲੀ ਦਾ ਬਕਰਾ’ ਬਣਾ ਰਹੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਅਪਣੀ ਨਰਾਜ਼ਗੀ ਕਾਰਨ ਇਸ ਕਾਲ-ਚੱਕਰ ਦੇ ਨੇਤਾ ਆਪ ਬਣ ਰਹੇ ਹਨ। ਉਨ੍ਹਾਂ ਵਲੋਂ ਵਾਰ ਵਾਰ ਆਖਿਆ ਗਿਆ ਹੈ ਕਿ ਨਵਜੋਤ ਸਿੱਧੁੂ ਪੰਜਾਬ ਦੀ ਸੁਰੱਖਿਆ ਵਾਸਤੇ ਖ਼ਤਰਾ ਹਨ ਤੇ ਰਾਹੁਲ ਤੇ ਪ੍ਰਿਯੰਕਾ ਬੱਚੇ ਹਨ ਤੇ ਨਾਸਮਝ ਹਨ ਜੋ ਇਸ ਖ਼ਤਰੇ ਨੂੰ ਸਮਝਦੇ ਹੀ ਨਹੀਂ। ਇਹ ਮਿੱਠੀ ਤਲਵਾਰ ਹੈ ਜੋ ਭਾਜਪਾ ਦੇ ਏਜੰਡੇ ਨੂੰ ਬਲ ਬਖ਼ਸ਼ਦੀ ਹੈ ਤੇ ਉਨ੍ਹਾਂ ਦੇ ਦੋ ਵੱਡੇ ਵਿਰੋਧੀ, ਘਰ ਦੇ ਭੇਤੀ ਵਲੋਂ ਹੀ ਬਦਨਾਮ ਕੀਤੇੇ ਜਾ ਰਹੇ ਹਨ। 

ਪੰਜਾਬ ਵਿਚ ਕਿਸੇ ਨੂੰ ਵੀ ਪਾਕਿਸਤਾਨ ਨਾਲ ਇਸ ਤਰ੍ਹਾਂ ਦੀ ਦੁਸ਼ਮਣੀ ਨਹੀਂ ਤੇ ਕੈਪਟਨ ਅਮਰਿੰਦਰ ਸਿੰਘ ਆਪ ਵੀ ਪਾਕਿਸਤਾਨ ਤੋਂ ਅਪਣੇ ਨਜ਼ਦੀਕੀ ਮਿੱਤਰ ਨੂੰ ਇਕ ਮਿਹਰਬਾਨ ਰਾਜੇ ਵਾਂਗ ਰਖਦੇ ਆਏ ਹਨ। ਪਰ ਇਨ੍ਹਾਂ ਗੱਲਾਂ ਨੂੰ ਕਦੇ ਰਾਸ਼ਟਰੀ ਮੀਡੀਆ ਵਿਚ ਉਛਾਲਿਆ ਨਹੀਂ ਗਿਆ। ਜਿਸ ਤਰ੍ਹਾਂ ਅਨਿਲ ਵਿੱਜ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿਚ ਨਿਤਰੇ ਹਨ, ਇਹ ਅਟਕਲਾਂ ਸਹੀ ਜਾਪਦੀਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਭਾਜਪਾ ਨਾਲ ਗਿਟਮਿਟ ਕਰ ਰਹੇ ਸਨ ਤੇ ਹੁਣ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਦੇ ਹੱਕ ਵਿਚ ਕੋਈ ਐਲਾਨ ਕਰਵਾ ਕੇ ਭਾਜਪਾ ਵਿਚ ਅਪਣੀ ਥਾਂ ਬਣਾ ਸਕਦੇ ਹਨ।

ਕੈਪਟਨ ਅਮਰਿੰਦਰ ਸਿੰਘ ਦੇ ਕਿਸਾਨ ਜਥੇਬੰਦੀਆਂ ਨਾਲ ਚੰਗੇ ਰਿਸ਼ਤੇ ਹਨ ਤੇ ਉਹ ਇਕੱਲੇ ਮੁੱਖ ਮੰਤਰੀ ਰਹੇ ਹਨ ਜਿਨ੍ਹਾਂ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ ਹਨ। ਉਨ੍ਹਾਂ ਦੀ ਅਗਵਾਈ ਵਿਚ ਹੀ ਕਾਂਗਰਸ ਸਰਕਾਰ ਦੌਰਾਨ ਕਿਸਾਨ ਅੰਦੋਲਨ ਦੀ ਹਵਾ ਬਣੀ ਤੇ ਪਾਣੀਆਂ ਦੇ ਰਾਖੇ ਦਾ ਖ਼ਿਤਾਬ ਤਾਂ ਪਹਿਲਾਂ ਤੋਂ ਹੀ ਉਨ੍ਹਾਂ ਅਪਣੇ ਨਾਂ ਕੀਤਾ ਹੋਇਆ ਹੈ। ਕਾਂਗਰਸ ਨਾਲ ਕੈਪਟਨ ਨਾਰਾਜ਼ ਹਨ ਤੇ ਉਹ ਸਿਆਸਤ ਵਿਚ ਅਜੇ ਹੋਰ ਰਹਿਣਾ ਚਾਹੁੰਦੇ ਹੋਏ ਭਾਜਪਾ ਵਿਚ ਕਿਸਾਨ ਮਸਲੇ ਦਾ ਹੱਲ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਇਹ ਉਨ੍ਹਾਂ ਦਾ ਨਿਜੀ ਫ਼ੈਸਲਾ ਹੈ। ਪਰ ਇਸ ਗੁੱਸੇ ਵਿਚ ਪੰਜਾਬ ਨੂੰ ਅਜਿਹੀਆਂ ਉੂਜਾਂ ਦੀ ਅੱਗ ਵਿਚ ਨਹੀਂ ਸੁਟਣਾ ਚਾਹੀਦਾ ਜੋ ਅੰਤ ਪੰਜਾਬ ਨੂੰ ਬਦਨਾਮ ਕਰ ਕੇ ਰੱਖ ਦੇਣਗੀਆਂ।

ਜਿੰਨੀ ਗੁਜਰਾਤ ਵਿਚ ਇਕ ਦਿਨ ਵਿਚ ਅਫ਼ੀਮ ਫੜੀ ਗਈ ਹੈ, ਉਥੇ ਤਾਂ ਹੁਣ ਤਕ ਫ਼ੌਜ ਆ ਗਈ ਹੋਣੀ ਚਾਹੀਦੀ ਹੈ ਪਰ ਕਿਉਂਕਿ ਉਥੇ ਇਕ ਨਿਜੀ ਕੰਪਨੀ ਹੇਠ ਚਲ ਰਹੀ ਇਕ ਬੰਦਰਗਾਹ ਵਿਚ ਅਜਿਹਾ ਹੋਇਆ, ਇਸ ਲਈ ਕਿਸ ਨੇ ਚੂੰ ਤਕ ਨਹੀਂ ਕੀਤੀ। ਪੰਜਾਬ ਵਿਚ ਇਕ ਦੋ ਕਿਲੋ ਅਫ਼ੀਮ ਜਾਂ ਇਕ ਦੋ ਪਿਸਤੌਲਾਂ ਆ ਜਾਣ ਤਾਂ ਸਰਹੱਦ ਅਸੁਰੱਖਿਅਤ ਹੋਣ ਲਗਦੀ ਹੈ। ਇਸ ਲੜਾਈ ਵਿਚ ਸੱਭ ਤੋਂ ਵੱਡਾ ਫ਼ਾਇਦਾ ਭਾਜਪਾ ਨੂੰ ਆਉਣ ਵਾਲੀਆਂ ਚੋਣਾਂ ਵਿਚ ਹੋਵੇਗਾ ਪਰ ਨੁਕਸਾਨ ਪੰਜਾਬ ਦਾ ਹੋਵੇਗਾ।

ਉਸ ਤੋਂ ਪਹਿਲਾਂ ਹੀ ਖ਼ਾਲਿਸਤਾਨ ਦਾ ਠੱਪਾ ਗ਼ਲਤ ਤੌਰ ਤੇ ਕਿਸਾਨੀ ਅੰਦੋਲਨ ਸਦਕਾ ਲਗਾ ਦਿਤਾ ਗਿਆ ਸੀ ਤੇ ਹੁਣ ਜੇ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦੇ ਬਿਆਨ ਦਿੰਦੇ ਰਹੇ ਤਾਂ ਉਹ ਇਸ ਕਲੰਕ ਨੂੰ ਹੋਰ ਗੂਹੜਾ ਕਰ ਦੇਣਗੇ। ਜਿਸ ਆਗੂ ਨੂੰ ਪੰਜਾਬ ਨੇ ਏਨਾ ਪਿਆਰ ਦਿਤਾ ਹੋਵੇ ਤੇ ਜੋ ਆਖ਼ਰੀ ਸਿੱਖ ਮਹਾਰਾਜਾ ਹੋਵੇ, ਉਸ ਨੂੰ ਇਕ ਗਵਰਨਰ ਦੀ ਕੁਰਸੀ ਵਾਸਤੇ ਅਪਣੇ ਵਿਰੋਧੀ ਸਿੱਖ ਉਤੇ ‘ਰਾਸ਼ਟਰ-ਵਿਰੋਧੀ’ ਹੋਣ ਦਾ ਗ਼ਲਤ ਇਲਜ਼ਾਮ ਥੋਪਣਾ ਸੋਭਾ ਨਹੀਂ ਦਿੰਦਾ। ਉਹ ਆਪਸੀ ਲੜਾਈ ਹੋਰ ਮੁੱਦਿਆਂ ਨੂੰ ਲੈ ਕੇ ਜਾਰੀ ਰੱਖ ਸਕਦੇ ਹਨ ਪਰ ਰਾਸ਼ਟਰ ਵਿਰੋਧੀ ਵਰਗੇ ਗ਼ਲਤ ਦੋਸ਼ ਕਿਸੇ ਦੀ ਵੀ ਜ਼ੁਬਾਨ ਤੇ ਨਹੀਂ ਸੋਭਦੇ।                                   -ਨਿਮਰਤ ਕੌਰ