ਅੰਮ੍ਰਿਤਪਾਲ ਕਾਂਡ ਨੇ ਸਿੱਖਾਂ ਦੀ ਛਵੀ ਮਿੱਟੀ ਵਿਚ ਮਿਲਾ ਕੇ ਰੱਖ ਦਿਤੀ ਹੈ! 

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਅਜੇ ਵੀ ਜਨਤਾ ਵਿਚ ਵੀਡੀਉ ਵਾਇਰਲ ਕਰ ਕੇ ਇਹ ਆਮ ਸਿੱਖਾਂ ਨੂੰ ਭੰਬਲਭੂਸੇ ਵਿਚ ਪਾਈ ਰਖਣਾ ਚਾਹੁੰਦੇ ਹਨ ਕਿ ਉਹ ਫੜਿਆ ਨਹੀਂ ਗਿਆ ਪਰ ਬੇਖ਼ੌਫ਼ ਹੋ ਕੇ ਆਤਮ ਸਮਰਪਣ ਕਰ ਰਿਹਾ ਸੀ

Representational Image

ਅਜੇ ਵੀ ਜਨਤਾ ਵਿਚ ਵੀਡੀਉ ਵਾਇਰਲ ਕਰ ਕੇ ਇਹ ਆਮ ਸਿੱਖਾਂ ਨੂੰ ਭੰਬਲਭੂਸੇ ਵਿਚ ਪਾਈ ਰਖਣਾ ਚਾਹੁੰਦੇ ਹਨ ਕਿ ਉਹ ਫੜਿਆ ਨਹੀਂ ਗਿਆ ਪਰ ਬੇਖ਼ੌਫ਼ ਹੋ ਕੇ ਆਤਮ ਸਮਰਪਣ ਕਰ ਰਿਹਾ ਸੀ। ਪਰ ਜੇ ਇਹੀ ਕਰਨਾ ਸੀ ਤਾਂ ਫਿਰ 34 ਦਿਨ ਛੁਪਿਆ ਕਿਉਂ ਰਿਹਾ? ਜੇ ਸੰਤਾਂ ਦਾ ਚੇਲਾ ਹੈ ਤਾਂ ਫਿਰ ਭਗੌੜਾ ਹੋਣ ਦਾ ਲੇਬਲ ਅਪਣੇ ’ਤੇ ਕਿਉਂ ਲਗਵਾਇਆ? ਤਸਵੀਰ ਓਨੀ ਸਾਫ਼ ਨਹੀਂ ਹੈ ਜਿੰਨੀ ਅੱਜ ਦੇ ਕਈ ਨੌਜੁਆਨ ਮੰਨਦੇ ਹਨ। ਮਾਮਲੇ ਦੀ ਗਹਿਰਾਈ ਵਿਚ ਉਤਰ ਕੇ ਵੇਖੋ ਕਿਤੇ ਇਹ  2024 ਦੀਆਂ ਚੋਣਾਂ ਵਿਚ ਇਸ ਵਾਰ ਪੰਜਾਬ ਦੇ ‘ਅਤਿਵਾਦ’ ਨੂੰ ਮੁੱਦਾ ਬਣਾ ਕੇ, ਦੇਸ਼ ਭਰ ਵਿਚ ਵੋਟ ਲੁੱਟਣ ਦੀ ਕੋਈ ਸਾਜ਼ਿਸ਼ ਤਾਂ ਨਹੀਂ ਰਚੀ ਜਾ ਰਹੀ?

ਅੰਮ੍ਰਿਤਪਾਲ ਸਿੰਘ ਜਿਸ ਨਾਟਕੀ ਢੰਗ ਨਾਲ ਪੰਜਾਬ ਵਿਚ ਆਏ, ਉਸੇ ਨਾਟਕੀ ਅੰਦਾਜ਼ ਵਿਚ ਪੁਲਿਸ ਦੀ ਹਿਰਾਸਤ ਵਿਚ ਵੀ ਚਲੇ ਗਏ। ਜਦ ਉਸ ਨੇ ਪੰਜਾਬ ਵਿਚ ਅਪਣੀ ਹੋਂਦ ਜਤਾਣੀ ਚਾਹੀ ਸੀ ਤਾਂ ਉਸ ਨੇ ਅਪਣੀਆਂ ਤਸਵੀਰਾਂ ਸੰਤਾਂ ਦਾ ਭੇਖ ਧਾਰ ਕੇ ਹੀ ਖਿਚਵਾਈਆਂ ਸਨ। ਰੋਡੇ ਪਿੰਡ ਵਿਚ ਜਾ ਕੇ ਅਪਣੀ ਦਸਤਾਰਬੰਦੀ ਕਰਵਾਈ ਤੇ ਜਦ ਪੁਲਿਸ ਨੇ ਹਿਰਾਸਤ ਵਿਚ ਲਿਆ ਤਾਂ ਵੀ ਰੋਡੇ ਪਿੰਡ ਵਿਚ ਭਾਵ ਸੰਤਾਂ ਦੇ ਪਿੰਡ ਵਿਚ ਹੀ ਗ੍ਰਿਫ਼ਤਾਰ ਹੋਇਆ।

ਪੁਲਿਸ ਨੂੰ ਫੜਨ ਵਿਚ 34 ਦਿਨ ਲੱਗੇ ਤੇ ਹੈਰਾਨੀ ਦੀ ਗੱਲ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਐਤਵਾਰ ਨੂੰ ਹੀ ਕਰਨਾਟਕਾ ਵਿਚ ਆਖਿਆ ਸੀ ਕਿ ਅੰਮ੍ਰਿਤਪਾਲ ਛੇਤੀ ਹੀ ਫੜਿਆ ਜਾਵੇਗਾ ਤੇ ਸੋਮਵਾਰ ਸਵੇਰੇ ਹੀ ਪੰਜਾਬ ਪੁਲਿਸ ਕਾਮਯਾਬ ਵੀ ਹੋ ਗਈ। ਇਸ ਸਾਰੀ ਖੇਡ ਦੇ ਭਾਗ ਵਜੋਂ ਪੰਜਾਬ ਵਿਚ ਫਿਰ ਫ਼ੌਜ ਵੀ ਆ ਗਈ ਪਰ ਇਸ ਸੱਭ ਕੁੱਝ ਨੂੰ ਵੇਖਣ ਮਗਰੋਂ ਇਕ ਗੱਲ ਦੀ ਸਮਝ ਨਹੀਂ ਆਈ ਕਿ ਆਖ਼ਰਕਾਰ ਅੰਮ੍ਰਿਤਪਾਲ ਸਿੰਘ ਛੁਪਦਾ ਛੁਪਾਉਂਦਾ ਦੌੜ ਕਿਉਂ ਰਿਹਾ ਸੀ? ਕਦੇ ਉਹ ਰੇੜ੍ਹੀ ’ਤੇ ਸਵਾਰ ਦਿਸਦਾ ਸੀ ਤੇ ਕਦੇ ਕੋਈ ਹੋਰ ਭੇਸ ਬਦਲ ਰਿਹਾ ਹੁੰਦਾ ਸੀ ਤੇ ਇਹਨਾਂ ਤਸਵੀਰਾਂ ਨਾਲ ਜਿੰਨਾ ਨੁਕਸਾਨ ਇਸ ਪੰਜਾਬ ਦੇ ਵਾਰਿਸ ਨੇ ਸਿੱਖ ਛਵੀ ਦਾ ਕੀਤਾ ਹੈ, ਬਹੁਤ ਘੱਟ ਲੋਕਾਂ ਨੂੰ ਅਜੇ ਇਸ ਦਾ ਸਹੀ ਅੰਦਾਜ਼ਾ ਹੋਇਆ ਹੋਵੇਗਾ। 

ਉਸ ਦੇ ਭੱਜਣ ਤੇ ਛੁਪਣ ਨਾਲ ਇਹ ਗੱਲ ਤਾਂ ਸਮਝ ਆ ਗਈ ਕਿ ਉਹ ਕਿਸੇ ਤਰ੍ਹਾਂ ਵੀ ਸੰਤ ਭਿੰਡਰਾਂਵਾਲਿਆਂ ਦੀ ਬਰਾਬਰੀ ਨਹੀਂ ਕਰ ਸਕਦਾ ਪਰ ਉਸ ਨੇ ਅਪਣਾ ਭੇਸ ਸੰਤਾਂ ਵਰਗਾ ਬਣਾ ਕੇ ਦੁਬਾਰਾ ਦੇਸ਼ ਦੇ ਹਿੰਦੂਭਾਈਚਾਰੇ ਦੇ ਮਨਾਂ ਅੰਦਰ ਉਸ ਸੋਚ ਨੂੰ ਉਜਾਗਰ ਕਰ ਦਿਤਾ ਹੈ ਜਿਸ ਕੱਟੜ ਫ਼ਿਰਕੂ ਦਾ ਸ਼ਿਕਾਰ 1984 ਵਿਚ ਸਿੱਖ ਹੋਏ ਸਨ। ਬੰਦੂਕਾਂ, ਕ੍ਰਿਪਾਨਾਂ ਨਾਲ ਖੁਲੇਆਮ ਘੁੰਮਣ, ਪੁਲਿਸ ’ਤੇ ਹਮਲਾ ਕਰਨ, ਸਿੱਖਾਂ ਨਾਲ ਵਿਤਕਰਿਆਂ ਦਾ ਜ਼ਿਕਰ ਕਰਦੇ ਕਰਦੇ ਦੇਸ਼ ਵਿਰੁਧ ਗੱਲ ਕਰਨ ਲੱਗ ਜਾਣ ਨਾਲ ਪੰਜਾਬ ਦਾ ਕੋਈ ਇਕ ਵੀ ਮਸਲਾ ਨਾ ਹੱਲ ਹੋ ਸਕਦਾ ਸੀ, ਨਾ ਹੋਇਆ ਹੀ। ਜੇ ਪਿਛਲੇ ਦਿਨੀਂ ਉਸ ਦੀ ਪਤਨੀ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਦਿਤਾ ਗਿਆ ਹੁੰਦਾ ਤਾਂ ਕੀ ਉਹ ਆਪ ਵੀ ਬਾਹਰ ਨਾ ਭੱਜ ਜਾਂਦਾ? ਅੰਮ੍ਰਿਤਪਾਲ ਨੂੰ ਸ਼ਰਨ ਦੇਣ ਕਾਰਨ ਪਪਲਪ੍ਰੀਤ ਦੀ ਮਹਿਲਾ ਮਿੱਤਰ ਨੂੰ ਪੁਲਿਸ ਹਿਰਾਸਤ ਵਿਚ ਲੈ ਲਿਆ ਗਿਆ ਸੀ ਪਰ ਉਹ ਤਦ ਨਹੀਂ ਸੀ ਘਬਰਾਇਆ ਭਾਵ ਅਪਣੇ ਰਿਸ਼ਤੇਦਾਰਾਂ ਵਾਸਤੇ ਉਸ ਦੇ ਦਿਲ ਵਿਚ ਜੋ ਦਰਦ ਹੈ, ਉਹ ਸਾਥ ਦੇਣ ਵਾਲੇ ਗ਼ੈਰ-ਰਿਸ਼ਤੇਦਾਰ ਮਿਤਰਾਂ ਦੇ ਮਾਮਲੇ ਵਿਚ ਛੂ-ਮੰਤਰ ਹੋ ਜਾਂਦਾ ਹੈ। 

ਪਰ ਫਿਰ ਵੀ ਅਜੇ ਬੜੇ ਸਿੱਖ ਅਜਿਹੇ ਹਨ ਜੋ ਮੰਨਦੇ ਹਨ ਕਿ ਅੰਮ੍ਰਿਤਪਾਲ ਸੰਤ ਭਿੰਡਰਾਂਵਾਲਿਆਂ ਦਾ ਹੀ ਦੂਜਾ ਰੂਪ ਹੈ। ਉਹ ਇਨ੍ਹਾਂ ਤੱਥਾਂ ਬਾਰੇ ਸਮਝਣਾ ਤਾਂ ਦੂਰ ਦੀ ਗੱਲ, ਸੁਣਨ ਦੀ ਤਾਕਤ ਵੀ ਨਹੀਂ ਰਖਦੇ। ਇਹ ਲੋਕ ਅਪਣੀ ਸਮਝ ’ਤੇ ਘੱਟਾ ਛਿੜਕ ਕੇ ਅਜਿਹੇ ਲੋਕਾਂ ਦਾ ਸਮਰਥਨ ਕਰਦੇ ਹਨ ਜਿਨ੍ਹਾਂ ਦਾ ਅਸਲ ਵਿਚ ਪੰਜਾਬ ਜਾਂ ਸਿੱਖਾਂ ਪ੍ਰਤੀ ਕੋਈ ਯੋਗਦਾਨ ਹੀ ਨਹੀਂ ਹੈ। ਸਿਰਫ਼ ਗਰਮ ਭੜਕੀਲੇ ਭਾਸ਼ਨ ਦੇਣ ਨਾਲ ਕੋਈ ਸਿੱਖ ਪੰਥ ਦਾ ਇਕਲੌਤਾ ਵਾਰਿਸ ਨਹੀਂ ਬਣ ਜਾਂਦਾ।
ਜੋ ਤੱਥ ਇਨ੍ਹਾਂ 34 ਦਿਨਾਂ ਵਿਚ ਸਾਹਮਣੇ ਆਏ ਹਨ, ਉਨ੍ਹਾਂ ਨੂੰ ਬੜੇ ਹੋਸ਼ ਨਾਲ ਸਮਝਣਾ ਪਵੇਗਾ। ਕਈ ਗੱਲਾਂ, ਮੂੰਹੋਂ ਬੋਲੇ ਬਿਨਾਂ ਤੁਹਾਨੂੰ ਸਮਝਣੀਆਂ ਪੈਣਗੀਆਂ।

ਇਨ੍ਹਾਂ ਅੱਠਾਂ ’ਚੋਂ ਇਕ ਕਲਸੀ ਵੀ ਹੈ ਜਿਸ ਦੇ ਖਾਤੇ ਵਿਚ 37 ਕਰੋੜ, ਡਾਲਰਾਂ ਦੇ ਰੂਪ ਵਿਚ ਵਿਦੇਸ਼ੋਂ ਭਾਰਤ ਆਇਆ ਸੀ। ਇਸ ਵਲੋਂ ਕਿਸਾਨੀ ਮੋਰਚੇ ਦੌਰਾਨ ਮਾਰੇ ਗਏ ਕਿਸਾਨਾਂ ਦੇ ਨਾਮ ’ਤੇ ਵੀ ਵਿਦੇਸ਼ਾਂ ਤੋਂ ਪੈਸਾ ਇਕੱਠਾ ਕਰਨ ਦੀ ਗੱਲ ਜਾਂਚ ਏਜੰਸੀਆਂ ਨੇ ਆਖੀ  ਹੈ। ਇਹ ਤਾਂ ਸੱਭ ਦੇ ਸਾਹਮਣੇ ਸੀ ਕਿ ਕਰੋੜ ਤੋਂ ਵੱਧ ਦੀ ਗੱਡੀ ਵਿਚ ਇਹ  ਸਫ਼ਰ ਕਰਦਾ ਸੀ ਅਤੇ ਏਨਾ ਵੱਡਾ ਜੇ ‘ਦਾਨ’ ਸੀ ਤਾਂ ‘ਦਾਨ’ ਕਿਰਤ ਕਮਾਈ ਦੀ ਸੋਚ ਨਾਲ ਮੇਲ ਹੀ ਨਹੀਂ ਖਾਂਦਾ। ਕੀ ਇਹ ਸਾਰੀ ਖੇਡ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਤੋਂ ਡਾਲਰ ਬਟੋਰਨ ਦੀ ਹੀ ਸੀ ਜਾਂ ਸਿੱਖਾਂ ਦੀ ਛਵੀ ਨੂੰ ਖ਼ਰਾਬ ਕਰਨ ਦੀ ਕੋਈ ਸੋਚੀ ਸਮਝੀ ਚਾਲ ਸੀ?

ਅਜੇ ਵੀ ਜਨਤਾ ਵਿਚ ਵੀਡੀਉ ਵਾਇਰਲ ਕਰ ਕੇ ਇਹ ਆਮ ਸਿੱਖਾਂ ਨੂੰ ਭੰਬਲਭੂਸੇ ਵਿਚ ਪਾਈ ਰਖਣਾ ਚਾਹੁੰਦੇ ਹਨ ਕਿ ਉਹ ਫੜਿਆ ਨਹੀਂ ਗਿਆ ਪਰ ਬੇਖ਼ੌਫ਼ ਹੋ ਕੇ ਆਤਮ ਸਮਰਪਣ ਕਰ ਰਿਹਾ ਸੀ। ਪਰ ਜੇ ਇਹੀ ਕਰਨਾ ਸੀ ਤਾਂ ਫਿਰ 34 ਦਿਨ ਛੁਪਿਆ ਕਿਉਂ ਰਿਹਾ? ਜੇ ਸੰਤਾਂ ਦਾ ਚੇਲਾ ਹੈ ਤਾਂ ਫਿਰ ਭਗੌੜਾ ਹੋਣ ਦਾ ਲੇਬਲ ਅਪਣੇ ’ਤੇ ਕਿਉਂ ਲਗਵਾਇਆ? ਤਸਵੀਰ ਓਨੀ ਸਾਫ਼ ਨਹੀਂ ਹੈ ਜਿੰਨੀ ਅੱਜ ਦੇ ਕਈ ਨੌਜੁਆਨ ਮੰਨਦੇ ਹਨ। ਮਾਮਲੇ ਦੀ ਗਹਿਰਾਈ ਵਿਚ ਉਤਰ ਕੇ ਵੇਖੋ ਕਿਤੇ ਇਹ  2024 ਦੀਆਂ ਚੋਣਾਂ ਵਿਚ ਇਸ ਵਾਰ ਪੰਜਾਬ ਦੇ ‘ਅਤਿਵਾਦ’ ਨੂੰ ਮੁੱਦਾ ਬਣਾ ਕੇ, ਦੇਸ਼ ਭਰ ਵਿਚ ਵੋਟ ਲੁੱਟਣ ਦੀ ਕੋਈ ਸਾਜ਼ਿਸ਼ ਤਾਂ ਨਹੀਂ ਰਚੀ ਜਾ ਰਹੀ?       

 - ਨਿਮਰਤ ਕੌਰ