ਮੋਦੀ ਕੋਲੋਂ ਸੱਤਾ ਖੋਹਣ ਲਈ ਭਾਰਤ ਵਿਚ ਪਹਿਲੀ ਵਾਰ ਸਾਰੀਆਂ ਪਾਰਟੀਆਂ ਇਕੱਠੀਆਂ ਹੋਈ¸ਸਿਵਾਏ ਅਕਾਲੀ ਦਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪੰਜਾਬ ਦੀ ਪੰਥਕ ਪਾਰਟੀ, ਅਕਾਲੀ ਦਲ, ਇਸ ਦੌਰ ਵਿਚ ਭਾਜਪਾ ਨਾਲ ਖੜੀ ਹੈ। ਭਾਵੇਂ ਅਕਾਲੀ ਦਲ ਨੂੰ ਪੰਜਾਬ ਵਾਸਤੇ ਅਪਣੀ ਭਾਈਵਾਲ ਭਾਜਪਾ ਤੋਂ ਕੁੱਝ ਵੀ ਨਹੀਂ ਮਿਲਿਆ, ...

KumaraSwamy Oath

ਪੰਜਾਬ ਦੀ ਪੰਥਕ ਪਾਰਟੀ, ਅਕਾਲੀ ਦਲ, ਇਸ ਦੌਰ ਵਿਚ ਭਾਜਪਾ ਨਾਲ ਖੜੀ ਹੈ। ਭਾਵੇਂ ਅਕਾਲੀ ਦਲ ਨੂੰ ਪੰਜਾਬ ਵਾਸਤੇ ਅਪਣੀ ਭਾਈਵਾਲ ਭਾਜਪਾ ਤੋਂ ਕੁੱਝ ਵੀ ਨਹੀਂ ਮਿਲਿਆ, ਅਕਾਲੀ ਦਲ ਇਕੋ ਇਕ ਖੇਤਰੀ ਪਾਰਟੀ ਹੈ ਜੋ ਭਾਜਪਾ ਦਾ ਸਾਥ ਨਾ ਛੱਡ ਕੇ ਵੀ, ਅਪਣੇ ਸੂਬੇ ਦੀ ਪ੍ਰਤੀਨਿਧ ਹੋਣ ਦਾ ਦਾਅਵਾ ਕਰੇਗੀ। ਲੰਗਰ ਉਤੇ ਲਗਦੇ ਜੀ.ਐਸ.ਟੀ. ਦਾ ਮੁੱਦਾ ਹੋਵੇ, ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦਾ ਮੁੱਦਾ ਹੋਵੇ ਜਾਂ ਪੰਜਾਬ ਦੇ ਉਦਯੋਗੀਕਰਨ ਦਾ ਮੁੱਦਾ ਹੋਵੇ, ਅਕਾਲੀ ਦਲ, ਪੰਜਾਬ ਵਾਸਤੇ ਸੱਤਾ ਵਿਚ ਬੈਠੇ ਭਾਈਵਾਲ ਤੋਂ ਇਕ ਧੇਲੇ ਦਾ ਫ਼ਾਇਦਾ ਨਾ ਲੈ ਸਕਿਆ।  ਇਨ੍ਹਾਂ ਖੇਤਰੀ ਪਾਰਟੀਆਂ ਦਾ ਅਪਣੇ ਅਪਣੇ ਸੂਬੇ ਦੇ ਹੱਕਾਂ ਵਾਸਤੇ ਦ੍ਰਿੜ ਇਰਾਦਾ ਵੇਖ ਕੇ ਤੇ ਪੰਜਾਬ ਦੀ ਪੰਥਕ ਪਾਰਟੀ ਦੀ ਪੰਜਾਬ ਅਤੇ ਸਿੱਖਾਂ ਦੇ ਹਿਤਾਂ ਪ੍ਰਤੀ ਮੁਕੰਮਲ ਬੇਖ਼ਬਰੀ ਤੇ ਅਣਗਹਿਲੀ ਵੇਖ ਕੇ ਅਫ਼ਸੋਸ ਜ਼ਰੂਰ ਹੁੰਦਾ ਹੈ।

ਮਮਤਾ ਬੈਨਰਜੀ ਨੇ ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਵਿਚ ਬੜੇ ਫ਼ਖ਼ਰ ਨਾਲ ਕਿਹਾ, ''ਜੋ ਹਮ ਸੇ ਟਕਰਾਏਗਾ, ਚੂਰ ਚੂਰ ਹੋ ਜਾਏਗਾ।'' ਉਨ੍ਹਾਂ ਭਾਜਪਾ ਵਲ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਖੇਤਰੀ ਪਾਰਟੀਆਂ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮੰਚ ਤੇ ਸਾਰੇ ਸੂਬਿਆਂ ਦੇ ਆਗੂ ਖੜੇ ਸਨ¸ਤੇਜਸਵੀ ਯਾਦਵ ਤੋਂ ਲੈ ਕੇ ਸੀਤਾਰਾਮ ਯੇਚੁਰੀ ਅਤੇ ਅਰਵਿੰਦ ਕੇਜਰੀਵਾਲ ਤਕ। ਇਹ ਵੇਖ ਕੇ ਤਾਂ ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਸਾਰੀਆਂ ਛੋਟੀਆਂ ਛੋਟੀਆਂ ਪਾਰਟੀਆਂ ਦੀ ਏਕਤਾ ਵੀ ਭਾਜਪਾ ਵਰਗੀ ਵੱਡੀ ਤਾਕਤ ਨੂੰ ਹਰਾਉਣ ਲਈ ਕਾਫ਼ੀ ਹੈ।

ਪਰ ਇਸ ਨਾਲ ਇਕ-ਦੋ ਗੱਲਾਂ ਸਾਫ਼ ਹੁੰਦੀਆਂ ਹਨ ਕਿ ਮੋਦੀ ਨੇ ਭਾਜਪਾ ਨੂੰ ਏਨੀ ਵੱਡੀ ਤਾਕਤ ਬਣਾ ਦਿਤਾ ਹੈ ਕਿ ਅੱਜ ਸਾਰੇ ਦੇ ਸਾਰੇ ਦੇਸ਼ ਦੀਆਂ ਖੇਤਰੀ ਪਾਰਟੀਆਂ ਇਕਮੁਠ ਹੋ ਗਈਆਂ ਹਨ। ਪਰ ਇਨ੍ਹਾਂ ਖੇਤਰੀ ਪਾਰਟੀਆਂ ਨਾਲ ਇਕ ਹੋਰ ਵੱਡੀ ਤਾਕਤ ਵੀ ਖੜੀ ਸੀ ਜਿਸ ਨੂੰ ਭਾਜਪਾ ਅਤੇ ਇਨ੍ਹਾਂ ਪਾਰਟੀਆਂ ਨੇ ਹੀ ਛੋਟਾ ਬਣਾ ਦਿਤਾ ਹੈ। ਕਾਂਗਰਸ ਦੇ ਰਾਹੁਲ ਗਾਂਧੀ ਵੀ ਮੁਸਕਰਾਉਂਦੇ ਹੋਏ ਵਿਚਕਾਰ ਖੜੇ ਸਨ।

ਅਸਲ ਵਿਚ ਕਾਂਗਰਸ ਵੀ ਹੁਣ ਇਕ ਖੇਤਰੀ ਪਾਰਟੀ ਹੀ ਬਣ ਚੁੱਕੀ ਹੈ ਜੋ ਹੁਣ ਸਿਰਫ਼ ਪੰਜਾਬ ਅਤੇ ਮੀਜ਼ੋਰਮ ਵਿਚ ਹੀ ਤਾਕਤ ਮਾਣ ਰਹੀ ਹੈ। ਬਾਕੀ ਸੂਬਿਆਂ ਵਿਚ ਤਾਂ ਇਹ ਵਿਰੋਧੀ ਧਿਰ ਵਿਚ ਬੈਠੀ ਹੈ ਅਤੇ ਕਰਨਾਟਕ ਵਿਚ ਵੀ ਹੁਣ ਬਣੀ ਗਠਜੋੜ ਸਰਕਾਰ, ਕਾਂਗਰਸ ਦੀ ਜਿੱਤ ਨਹੀਂ, ਹਾਰ ਹੀ ਹੈ।ਇਹ ਇਲਾਕਾਈ ਪਾਰਟੀਆਂ ਅਪਣੇ ਅਤੇ ਲੋਕਤੰਤਰ ਦੇ ਦੁਸ਼ਮਣ ਨੂੰ ਮੋਦੀ ਦਾ ਨਾਂ ਦੇਣ ਵਾਸਤੇ ਤਾਂ ਤਿਆਰ ਹਨ ਪਰ ਇਨ੍ਹਾਂ ਵਿਚੋਂ ਇਕ ਵੀ ਇਹ ਕਹਿਣ ਲਈ ਤਿਆਰ ਨਹੀਂ ਕਿ ਇਨ੍ਹਾਂ ਦਾ ਲੋਕ ਸਭਾ ਚੋਣ ਵਿਚ ਚਿਹਰਾ ਰਾਹੁਲ ਗਾਂਧੀ ਹੋਣਗੇ।

ਦੁਸ਼ਮਣ ਤਾਂ ਤੈਅ ਹੈ ਪਰ ਦੁਸ਼ਮਣ ਦਾ ਕਿਲ੍ਹਾ ਢਾਹੁਣ ਵਾਲਾ ਜਰਨੈਲ ਕੌਣ ਹੋਵੇਗਾ, ਇਸ ਬਾਰੇ ਕੋਈ ਕੁੱਝ ਕਹਿਣ ਨੂੰ ਤਿਆਰ ਨਹੀਂ। ਇਹੀ ਇਸ ਖੇਤਰੀ ਪਾਰਟੀਆਂ ਦੇ ਗਠਜੋੜ ਦੀ ਕਮਜ਼ੋਰ ਕੜੀ ਹੈ ਜਿਸ ਨੂੰ ਫੜ ਕੇ ਭਾਜਪਾ ਅਪਣੀ ਰਣਨੀਤੀ ਤਿਆਰ ਕਰੇਗੀ। ਮਮਤਾ ਬੈਨਰਜੀ ਅਤੇ ਅਰਵਿੰਦ ਕੇਜਰੀਵਾਲ ਦੀ ਦੋਸਤੀ ਬੜੀ ਪੱਕੀ ਹੈ ਅਤੇ ਭਾਵੇਂ 'ਆਪ' ਨਾਲ ਔਖੇ ਦਿਨਾਂ ਵਿਚ ਕੋਈ ਨਹੀਂ ਸੀ ਖੜਾ ਰਿਹਾ ਪਰ ਮਮਤਾ ਨੇ ਅਰਵਿੰਦ ਕੇਜਰੀਵਾਲ ਦਾ ਸਾਥ ਕਦੇ ਨਹੀਂ ਸੀ ਛਡਿਆ। ਇਸ ਮੰਚ ਤੇ ਵੀ ਕੇਜਰੀਵਾਲ ਦੀ ਸ਼ਮੂਲੀਅਤ ਕਰਵਾਉਣ ਵਾਲੇ ਮਮਤਾ ਬੈਨਰਜੀ ਹੀ ਸਨ।

ਹੁਣ ਇਨ੍ਹਾਂ ਦੋਹਾਂ ਦੀ ਨਜ਼ਰ ਪ੍ਰਧਾਨ ਮੰਤਰੀ ਅਹੁਦੇ ਤੇ ਹੈ ਅਤੇ ਇਹ ਦੋਵੇਂ ਕਦੇ ਵੀ ਰਾਹੁਲ ਗਾਂਧੀ ਹੇਠ ਕੰਮ ਕਰਨ ਨੂੰ ਰਾਜ਼ੀ ਨਹੀਂ ਹੋਣਗੇ। ਜਿਸ ਤਰ੍ਹਾਂ ਕਾਂਗਰਸ ਨੇ ਘਬਰਾਹਟ ਵਿਚ ਕਰਨਾਟਕ ਦੇ ਸੱਭ ਤੋਂ ਛੋਟੇ ਸਿਆਸਤਦਾਨ ਨੂੰ ਮੁੱਖ ਮੰਤਰੀ ਬਣਾ ਦਿਤਾ, ਇਨ੍ਹਾਂ ਨੂੰ ਕਾਂਗਰਸ ਦੀ ਕਮਜ਼ੋਰੀ ਵਿਚੋਂ ਅਪਣੇ ਵਾਸਤੇ ਇਕ ਮੌਕਾ ਜ਼ਰੂਰ ਨਜ਼ਰ ਆ ਗਿਆ ਹੋਵੇਗਾ।ਪਰ ਮੋਦੀ ਨੂੰ ਢਾਹੁਣ ਦੇ ਇਰਾਦੇ ਨਾਲ ਬਣੇ ਇਸ ਗਠਜੋੜ ਵਾਸਤੇ ਸਫ਼ਲਤਾ ਅਜੇ ਬੜੀ ਦੂਰ ਦੀ ਗੱਲ ਹੈ। ਆਉਣ ਵਾਲੇ ਸਮੇਂ ਵਿਚ ਕੀ ਇਹ ਸਾਰੇ ਕਾਂਗਰਸ ਲਈ ਸੂਬਿਆਂ ਦੀਆਂ ਲੋਕ ਸਭਾ ਸੀਟਾਂ ਛੱਡ ਦੇਣਗੇ ਜਾਂ ਛੋਟੇ ਛੋਟੇ ਗਠਜੋੜਾਂ ਨਾਲ ਸਰਕਾਰ ਬਣਾਉਣ ਦੀ ਤਰਕੀਬ ਬਣਾਉਣਗੇ?

'ਆਪ' ਅਤੇ ਕਾਂਗਰਸ ਦੀ ਦੁਸ਼ਮਣੀ ਹੀ 'ਆਪ' ਦੀ ਬੁਨਿਆਦ ਹੈ। ਹੁਣ ਕੀ ਮੋਦੀ ਵਿਰੁਧ ਨਫ਼ਰਤ ਪਾਲਣ ਕਾਰਨ, ਕਾਂਗਰਸ ਨਾਲ ਦੋਸਤੀ ਹੋ ਜਾਵੇਗੀ? ਅਤੇ ਕੀ ਲੋਕਾਂ ਨੂੰ ਇਹ ਸਮਝੌਤਾ ਮਨਜ਼ੂਰ ਕਰਨਾ ਹੋਵੇਗਾ? ਕਰਨਾਟਕ ਵਿਚ ਭਾਜਪਾ ਦੀ ਜਿੱਤ ਲਈ 10 ਸੀਟਾਂ ਦਾ ਫ਼ਰਕ ਹੀ ਰਹਿ ਗਿਆ ਸੀ ਪਰ ਇਸ ਗਠਜੋੜ ਦੀ ਸਫ਼ਲਤਾ ਦੇ ਰਾਹ ਵਿਚ ਬੜੇ ਅੜਿੱਕੇ ਹਨ। 

ਇਨ੍ਹਾਂ ਖੇਤਰੀ ਪਾਰਟੀਆਂ ਦੇ ਇਕੱਠ ਵਿਚ ਸਿਰਫ਼ ਇਕ ਪਾਰਟੀ ਦੀ ਗ਼ੈਰਹਾਜ਼ਰੀ ਸੀ। ਪੰਜਾਬ ਦੀ ਪੰਥਕ ਪਾਰਟੀ, ਅਕਾਲੀ ਦਲ, ਇਸ ਦੌਰ ਵਿਚ ਭਾਜਪਾ ਨਾਲ ਖੜੀ ਹੈ। ਭਾਵੇਂ ਅਕਾਲੀ ਦਲ ਨੂੰ ਪੰਜਾਬ ਵਾਸਤੇ ਅਪਣੇ ਭਾਈਵਾਲ ਭਾਜਪਾ ਤੋਂ ਕੁੱਝ ਵੀ ਨਹੀਂ ਮਿਲਿਆ, ਅਕਾਲੀ ਦਲ ਇਕੋ ਇਕ ਖੇਤਰੀ ਪਾਰਟੀ ਹੈ ਜੋ ਭਾਜਪਾ ਦਾ ਸਾਥ ਨਾ ਛੱਡ ਕੇ ਵੀ, ਅਪਣੇ ਸੂਬੇ ਦੀ ਪ੍ਰਤੀਨਿਧ ਹੋਣ ਦਾ ਦਾਅਵਾ ਕਰੇਗੀ।

ਲੰਗਰ ਉਤੇ ਲਗਦੇ ਜੀ.ਐਸ.ਟੀ. ਦਾ ਮੁੱਦਾ ਹੋਵੇ, ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦਾ ਮੁੱਦਾ ਹੋਵੇ ਜਾਂ ਪੰਜਾਬ ਦੇ ਉਦਯੋਗੀਕਰਨ ਦਾ ਮੁੱਦਾ ਹੋਵੇ, ਅਕਾਲੀ ਦਲ, ਪੰਜਾਬ ਵਾਸਤੇ ਸੱਤਾ ਵਿਚ ਬੈਠੇ ਭਾਈਵਾਲ ਤੋਂ ਇਕ ਧੇਲੇ ਦਾ ਫ਼ਾਇਦਾ ਨਾ ਲੈ ਸਕਿਆ। ਇਨ੍ਹਾਂ ਖੇਤਰੀ ਪਾਰਟੀਆਂ ਦਾ ਅਪਣੇ ਅਪਣੇ ਸੂਬੇ ਦੇ ਹੱਕਾਂ ਵਾਸਤੇ ਦ੍ਰਿੜ ਇਰਾਦਾ ਵੇਖ ਕੇ ਤੇ ਪੰਜਾਬ ਦੀ ਪੰਥਕ ਪਾਰਟੀ ਦੀ ਪੰਜਾਬ ਅਤੇ ਸਿੱਖਾਂ ਦੇ ਹਿਤਾਂ ਪ੍ਰਤੀ ਮੁਕੰਮਲ ਬੇਖ਼ਬਰੀ ਤੇ ਅਣਗਹਿਲੀ ਵੇਖ ਕੇ ਅਫ਼ਸੋਸ ਜ਼ਰੂਰ ਹੁੰਦਾ ਹੈ।  -ਨਿਮਰਤ ਕੌਰ