ਸਾਡੇ ਦੇਸ਼ ਵਿਚ ਧਾਰਮਕ ਯਾਤਰਾ ਜ਼ਿਆਦਾ ਮਹੱਤਵਪੂਰਨ ਹੈ, ਬੱਚਿਆਂ ਦੀ ਪੜ੍ਹਾਈ ਕੋਈ ਜ਼ਰੂਰੀ ਨਹੀਂ!

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਸੁਪਰੀਮ ਕੋਰਟ ਵਿਚ ਦੋ ਮਾਮਲੇ ਫ਼ੈਸਲੇ ਦੀ ਉਡੀਕ ਕਰ ਰਹੇ ਸਨ ਪਰ ਅਦਾਲਤ ਵਲੋਂ ਇਕ ਤੇ ਹੀ ਫ਼ੈਸਲਾ ਦਿਤਾ ਗਿਆ ਹੈ

Rath Yatra

ਸੁਪਰੀਮ ਕੋਰਟ ਵਿਚ ਦੋ ਮਾਮਲੇ ਫ਼ੈਸਲੇ ਦੀ ਉਡੀਕ ਕਰ ਰਹੇ ਸਨ ਪਰ ਅਦਾਲਤ ਵਲੋਂ ਇਕ ਤੇ ਹੀ ਫ਼ੈਸਲਾ ਦਿਤਾ ਗਿਆ ਹੈ ਤੇ ਦੂਜਾ ਫਿਰ ਇਕ ਵਾਰ ਹੋਰ ਅੱਗੇ ਪਾ ਦਿਤਾ ਗਿਆ ਹੈ। ਇਕ ਹੈ ਧਾਰਮਕ ਮੰਦਰਾਂ ਤੇ ਯਾਤਰਾਵਾਂ ਨਾਲ ਸੰਬਧਤ ਤੇ ਦੂਜਾ ਹੈ ਸਿਖਿਆ ਦੇ ਮੰਦਰਾਂ ਬਾਰੇ। ਪਹਿਲਾਂ ਤਾਂ ਮਹਾਂਮਾਰੀ ਨੂੰ ਧਿਆਨ ਵਿਚ ਰਖਦੇ ਹੋਏ, ਪੁਰੀ ਦੀ ਜਗਨਨਾਥ ਯਾਤਰਾ ਉਤੇ ਪਾਬੰਦੀ ਲਗਾ ਦਿਤੀ ਗਈ। ਫ਼ੈਸਲਾ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤਾ ਗਿਆ ਸੀ ਕਿਉਂਕਿ ਧਾਰਮਕ ਇਕੱਠ ਦੀ ਖੁਲ੍ਹ ਦੇਣ ਤੋਂ ਪਹਿਲਾਂ ਸਿਹਤ ਆਉਂਦੀ ਹੈ।

ਜਿਥੇ ਮਰਗਤ ਉਤੇ ਜਾਂ ਵਿਆਹਾਂ ਉਤੇ ਇਕੱਠ 20-50 ਤਕ ਸੀਮਤ ਕਰ ਦਿਤਾ ਗਿਆ ਹੈ, ਧਾਰਮਕ ਯਾਤਰਾਵਾਂ ਉਤੇ ਪਾਬੰਦੀ ਸ਼ਰਧਾਲੂਆਂ ਦੀ ਹੀ ਸੁਰੱਖਿਆ ਕਰਦੀ ਹੈ। ਪਰ ਅਦਾਲਤੀ ਫ਼ੈਸਲੇ ਦਾ ਵਿਰੋਧ, ਵੋਟ ਬੈਂਕ ਦੀ ਰਾਜਨੀਤੀ ਵਾਸਤੇ ਖ਼ਤਰਾ ਬਣ ਜਾਂਦਾ ਹੈ ਜਿਸ ਦੇ ਅਸਰ ਹੇਠ ਸਰਕਾਰਾਂ ਹਮੇਸ਼ਾ ਯਰਕਣ ਲੱਗ ਪੈਂਦੀਆਂ ਹਨ ਪਰ ਇਸ ਵਾਰ ਸੁਪਰੀਮ ਕੋਰਟ ਵੀ ਸਿਆਸਤ ਦੇ ਦਬਾਅ ਹੇਠ ਆ ਕੇ ਅਪਣਾ ਫ਼ੈਸਲਾ ਬਦਲਣ ਲਈ ਮਜਬੂਰ ਹੋ ਗਈ। ਯਾਤਰਾ ਆਰੰਭ ਹੋਈ ਤੇ ਤਸਵੀਰਾਂ ਵਿਚਲਾ ਭਾਰੀ ਇਕੱਠ (ਜਿਸ ਨੂੰ ਪੁਜਾਰੀਆਂ ਦਾ ਇਕੱਠ ਦਰਸਾਇਆ ਜਾ ਰਿਹਾ ਹੈ) ਅਪਣੀ ਤਾਕਤ ਦੀ ਕਹਾਣੀ ਆਪ ਸੁਣਾ ਰਿਹਾ ਲਗਦਾ ਹੈ। 

ਦੂਜਾ ਫ਼ੈਸਲਾ ਦੇਸ਼ ਦੇ 50 ਲੱਖ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੇ ਇਮਤਿਹਾਨਾਂ ਦੇ ਸਬੰਧ ਵਿਚ ਹੈ ਜਿਸ ਨੂੰ ਫਿਰ ਤੋਂ ਇਕ ਹੋਰ ਤਰੀਕ ਤਕ ਅੱਗੇ ਪਾ ਦਿਤਾ ਗਿਆ ਹੈ। ਸੀ.ਬੀ.ਐਸ.ਈ ਦੇ ਅਦਾਲਤੀ ਫ਼ੈਸਲੇ ਨੂੰ ਆਈ.ਸੀ.ਐਸ.ਈ ਨੇ ਵੀ ਅਪਨਾਉਣ ਦਾ ਫ਼ੈਸਲਾ ਕੀਤਾ ਹੈ ਪਰ ਅਦਾਲਤ ਬੱਚਿਆਂ ਦੇ ਇਕੱਠ ਬਾਰੇ ਅਪਣਾ ਮੰਨ ਬਣਾਉਣ ਵਿਚ ਸਫ਼ਲ ਨਹੀਂ ਹੋ ਰਹੀ ਲਗਦੀ। ਇਕ ਜਮਾਤ ਵਿਚ 100 ਬੱਚਾ ਹੋ ਸਕਦਾ ਹੈ। ਸੋ ਇਕ ਇਮਤਿਹਾਨ ਵਾਸਤੇ ਇਕ ਦਿਨ ਸਕੂਲ ਵਿਚ ਅਧਿਆਪਕਾਂ ਸਮੇਤ 150 ਲੋਕ ਆਉਣਗੇ। ਇਕ ਕਲਾਸ ਦੇ ਕਮਰੇ ਵਿਚ 10-15 ਬੱਚੇ ਬੈਠਣਗੇ ਤੇ ਕੋਰਟ ਦੇ ਫ਼ੈਸਲੇ ਹੇਠ ਤਣਾਅ ਵਿਚ ਬੈਠਣਗੇ।

10ਵੀਂ ਦੇ ਬੱਚਿਆਂ ਵਾਸਤੇ 11ਵੀਂ ਦੀ ਪੜ੍ਹਾਈ ਵੀ ਸ਼ੁਰੂ ਹੋ ਚੁੱਕੀ ਹੈ ਪਰ ਅਜੇ ਵੀ ਇਮਤਿਹਾਨਾਂ ਦਾ ਭਾਰ ਸਿਰ ਤੇ ਮੰਡਰਾ ਰਿਹਾ ਹੈ। 12ਵੀਂ ਦੇ ਇਮਤਿਹਾਨ 10ਵੀਂ ਨਾਲੋਂ ਵੱਧ ਮਹੱਤਵਪੂਰਨ ਹੁੰਦੇ ਹਨ ਤੇ ਬੱਚੇ ਇਹ ਤਿੰਨ ਸਾਲ ਪੜ੍ਹਾਈ ਦੇ ਭਾਰ ਹੇਠ ਹੀ ਰਹਿੰਦੇ ਹਨ ਪਰ ਸਾਡੀ ਸਰਕਾਰ ਤੇ ਅਦਾਲਤ ਨੂੰ ਅਪਣੇ ਬੱਚਿਆਂ ਦੇ ਸਿਰ ਉਤੇ ਲਟਕਦੀ ਤਲਵਾਰ ਦੀ ਕੋਈ ਪ੍ਰਵਾਹ ਨਹੀਂ। ਇਨ੍ਹਾਂ ਨੂੰ ਧਰਮ ਦੀਆਂ ਦੁਕਾਨਾਂ ਨੂੰ ਚਲਾਉਣ ਦਾ ਫ਼ਿਕਰ ਹੈ ਕਿਉਂਕਿ ਚੋਣਾਂ ਵੇਲੇ, ਜਨਤਾ ਨੇ ਇਨ੍ਹਾਂ ਗੱਲਾਂ ਵਲ ਹੀ ਧਿਆਨ ਦੇਣਾ ਹੈ।

ਇਕ ਹੋਰ ਗੱਲ ਨੂੰ ਲੈ ਕੇ, ਵਿਦਿਆਰਥੀ ਸੂਲੀ ਤੇ ਟੰਗੇ ਹੋਏ ਹਨ ਤੇ ਉਹ ਹੈ ਆਨਲਾਈਨ ਕਲਾਸਾਂ ਦਾ। ਹੁਣ ਮਾਪੇ ਅਪਣੇ ਵਧੇ ਹੋਏ ਖ਼ਰਚਿਆਂ ਨੂੰ ਲੈ ਕੇ ਸਕੂਲਾਂ ਨਾਲ ਲੜ ਰਹੇ ਹਨ। ਸਕੂਲਾਂ ਨੂੰ ਫ਼ੀਸ ਨਾ ਦੇਣ ਦੇ ਚੱਕਰ ਵਿਚ ਇਹ ਕਲਾਸਾਂ ਵੀ ਬੇਕਾਰ ਲੱਗ ਰਹੀਆਂ ਹਨ ਪਰ ਅੱਜ ਬੱਚਿਆਂ ਦੇ ਭਵਿੱਖ ਦੇ ਮਾਨਸਕ ਸੰਤੁਲਨ ਨੂੰ ਕਾਇਮ ਰੱਖਣ ਵਾਸਤੇ ਇਹ ਕਲਾਸਾਂ ਜ਼ਰੂਰੀ ਹਨ।

ਕਲਾਸ ਵਿਚ ਹਰ ਬੱਚਾ ਡੈਸਕ ਉਤੇ ਬੈਠ ਕੇ ਪੂਰਾ ਧਿਆਨ ਦੇਣ ਵਾਲਾ ਨਹੀਂ ਹੁੰਦਾ। ਕਈ ਕਲਾਸ ਵਿਚ ਸ਼ਰਾਰਤਾਂ ਕਰਦੇ ਹਨ, ਕਈ ਸੌਂ ਵੀ ਜਾਂਦੇ ਹਨ ਪਰ ਫਿਰ ਵੀ ਸਕੂਲ ਭੇਜਣਾ ਜ਼ਰੂਰੀ ਹੁੰਦਾ ਹੈ ਤਾਕਿ ਕਿਤੇ ਨਾ ਕਿਤੇ ਉਨ੍ਹਾਂ ਦਾ ਦਿਮਾਗ਼ ਸਿਖਿਆ ਨਾਲ ਜੁੜਿਆ ਰਹੇ। ਇਸੇ ਤਰ੍ਹਾਂ ਜਿਹੜਾ ਬੱਚਾ ਆਨਲਾਈਨ ਕਲਾਸਾਂ ਵਿਚ ਪੜ੍ਹਨਾ ਚਾਹੁੰਦਾ ਹੈ, ਉਹ ਪੜ੍ਹੇਗਾ ਤੇ ਬਾਕੀ ਸ਼ਰਾਰਤਾਂ ਵੀ ਕਰਨਗੇ।

ਪਰ ਉਨ੍ਹਾਂ ਦਾ ਸਿਖਿਆ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਸਿਖਿਆ ਦੀ ਸੋਚ, ਸਵਾਲ ਪੁੱਛਣ ਦੀ ਆਦਤ, ਨਵੀਆਂ ਚੀਜ਼ਾਂ ਦੀ ਖੋਜ ਦੀ ਆਦਤ ਜ਼ਿੰਦਗੀ ਭਰ ਕੰਮ ਆਉਂਦੀ ਹੈ। ਮਹਾਂਮਾਰੀ ਵਿਚ ਡਰ ਪੈਦਾ ਕਰਨਾ ਹੈ ਜਾਂ ਹਰ ਹਾਲਤ ਵਿਚ ਨਵੀਆਂ ਔਕੜਾਂ ਨਾਲ ਜੂਝਣਾ ਸਿਖਾਉਣਾ ਹੈ? ਇਹ ਅੱਜ ਦੀ ਪੀੜ੍ਹੀ ਦਾ ਕਿਰਦਾਰ ਬਣਾਉਣ ਦਾ ਵਕਤ ਹੈ। ਸੋ ਇਸ ਵਿਚ ਸਕੂਲਾਂ ਨੂੰ ਦੁਸ਼ਮਣ ਨਾ ਬਣਾਉ ਸਗੋਂ ਉਨ੍ਹਾਂ ਨਾਲ ਮਿਲ ਕੇ ਇਕ ਵਿਚਕਾਰਲਾ ਰਸਤਾ ਕੱਢਣ ਦੀ ਜ਼ਰੂਰਤ ਹੈ। ਅਧਿਆਪਕ ਨੂੰ ਭਿਖਾਰੀ ਤੇ ਬੱਚੇ ਨੂੰ ਵਿਹਲੜ ਨਾ ਬਣਾਉ। -ਨਿਮਰਤ ਕੌਰ