65 ਹਜ਼ਾਰ ਪਾਦਰੀ, ਪੰਜਾਬ ਨੂੰ ਨਾਨਕੀ ਆਧੁਨਿਕਤਾ ਵਿਚੋਂ ਕੱਢ ਕੇ ਫਿਰ ਤੋਂ ਚਮਤਕਾਰੀ ਅੰਧ-ਵਿਸ਼ਵਾਸ ਵਿਚ ਧਕੇਲਣ ਲਈ ਸਰਗਰਮ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਭਾਰਤ ਵਿਚ ਸਦੀਆਂ ਤੋਂ ਅਜਿਹੇ ਨਕਲੀ ‘ਚਮਤਕਾਰ’ ਲੋਕਾਂ ਨੂੰ ਬਾਬਿਆਂ ਤੇ ਠੱਗਾਂ ਦੇ ਸ਼ਰਧਾਲੂ ਬਣਾਉਂਦੇ ਆਏ ਹਨ।

File Photo

ਪੰਜਾਬ ਦੇ ਪਾਦਰੀਆਂ ਬਾਰੇ ਚਿੰਤਾ ਕਾਫ਼ੀ ਵਕਤ ਤੋਂ ਜਤਾਈ ਜਾ ਰਹੀ ਸੀ ਤੇ ਹੁਣ ਇਕ ਰਾਸ਼ਟਰੀ  ਮੈਗਜ਼ੀਨ ਨੇ ਖ਼ੁਫ਼ੀਆ ਜਾਂਚ ਕਰ ਕੇ ਦਸਿਆ ਹੈ ਕਿ ਪੰਜਾਬ ਵਿਚ ਤਕਰੀਬਨ 65 ਹਜ਼ਾਰ ਪਾਦਰੀ ਹਨ। ਪਰ ਚਿੰਤਾਜਨਕ ਗੱਲ ਇਹ ਅੱਗੇ ਆਈ ਹੈ ਕਿ ਇਨ੍ਹਾਂ ਪਾਦਰੀਆਂ ਦੇ ਨਾਵਾਂ ਨਾਲ ਸਿੰਘ ਅੱਖਰ ਲੱਗਾ  ਹੋਇਆ ਹੈ। ਇਨ੍ਹਾਂ ਦੀ ਦਿਖ, ਸਿੱਖਾਂ ਵਾਲੀ ਹੈ ਪਰ ਇਹ ਪ੍ਰਚਾਰ ਈਸਾ ਮਸੀਹ ਦੇ ਚਮਤਕਾਰਾਂ ਦਾ ਕਰਦੇ ਹਨ।

ਇਨ੍ਹਾਂ ਦੇ ਵੱਡੇ ਇਕੱਠਾਂ ਵਿਚ ਨਾਟਕੀ ਢੰਗ ਨਾਲ ਵਿਖਾਇਆ ਜਾਂਦਾ ਹੈ ਕਿ ਬਿਮਾਰ ਵਿਅਕਤੀ ਆਉਂਦਾ ਹੈ, ਜਿਸ ਦੇ ਪੈਰ ਨਾ ਚਲਦੇ ਹੋਣ ਜਾਂ ਜੋ ਬੋਲ ਨਾ ਸਕਦਾ ਹੋਵੇ ਤਾਂ ਪਾਦਰੀ ਇਕ ਅਖੌਤੀ ਚਮਤਕਾਰ ਰਾਹੀਂ ਇਸ ਵਿਅਕਤੀ ਦੀ ਤਕਲੀਫ਼ ਦੂਰ ਕਰ ਦੇਂਦਾ ਹੈ। ਅਜਿਹੇ ਨਕਲੀ ‘ਚਮਤਕਾਰਾਂ’ ਨੂੰ ਅਪਣੀਆਂ ਅੱਖਾਂ ਨਾਲ ਹੁੰਦੇ ਵੇਖ ਕੇ ਲੋਕ ਭੁਲੇਖਾ ਖਾ ਜਾਂਦੇ ਹਨ ਤੇ ਈਸਾਈ ਬਣ ਜਾਂਦੇ ਹਨ ਜਿਵੇਂ ਕਿ ਭਾਰਤ ਵਿਚ ਸਦੀਆਂ ਤੋਂ ਅਜਿਹੇ ਨਕਲੀ ‘ਚਮਤਕਾਰ’ ਲੋਕਾਂ ਨੂੰ ਬਾਬਿਆਂ ਤੇ ਠੱਗਾਂ ਦੇ ਸ਼ਰਧਾਲੂ ਬਣਾਉਂਦੇ ਆਏ ਹਨ।

ਸਾਡੀਆਂ ਸਰਕਾਰਾਂ ਕਦੇ ਈਸਾਈਆਂ ਵਿਰੁਧ ਧਰਮ ਪਰਿਵਰਤਨ ਜਾਂ ਕਿਸੇ ਤਰ੍ਹਾਂ ਦੇ ਜਿਹਾਦ ਦੀ ਗੱਲ ਨਹੀਂ ਕਰਨਗੀਆਂ (ਖ਼ਾਸ ਤੌਰ ਤੇ ਜੇ ਉਹ ਗ਼ੈਰ ਹਿੰਦੂਆਂ ਨੂੰ ਫਾਹੀ ਵਿਚ ਫਸਾ ਰਹੇ ਹੋਣ) ਕਿਉਂਕਿ ਪੂਰੇ ਪੱਛਮ ਵਿਚ ਈਸਾਈ ਧਰਮ ਦਾ ਜ਼ੋਰ ਹੈ ਤੇ ਉਨ੍ਹਾਂ ਨਾਲ ਲੜਨਾ ਕੂਟਨੀਤੀ ਵਾਸਤੇ ਸਹੀ ਨਹੀਂ ਸਮਝਿਆ ਜਾਂਦਾ। ਦੱਖਣ ਦੇ ਸੂਬਿਆਂ ਜਿਵੇਂ ਕੇਰਲ, ਤਾਮਿਲ ਵਿਚ 80-90ਵਿਆਂ ਵਿਚ ਇਹ ਲਹਿਰ ਚੱਲੀ ਸੀ ਤੇ ਉਥੇ ਇਸ ਦੀ ਸਥਾਪਨਾ ਵੀ ਪੱਕੀ ਹੋ ਚੁੱਕੀ ਹੈ। ਇਸ ਦੇ ਰੋਸ ਵਜੋਂ, ਇਕ ਪਾਦਰੀ ਨੂੰ ਉਸੇ ਦੀ ਗੱਡੀ ਵਿਚ ਜ਼ਿੰਦਾ ਸਾੜਿਆ ਗਿਆ ਸੀ ਪਰ ਇਹ ਕੰਮ ਹਿੰਦੂ ਜਥੇਬੰਦੀਆਂ ਨੇ ਕੀਤਾ ਸੀ, ਸਰਕਾਰ ਚੁੱਪ ਹੀ ਰਹੀ ਸੀ।

ਸੋ ਜੇ ਇਸ ਸੱਭ ਦਾ ਹੱਲ ਲਭਣਾ ਹੈ ਤਾਂ ਅਪਣੇ ਅੰਦਰ ਹੀ ਝਾਤ ਮਾਰਨੀ ਪਵੇਗੀ। ਆਖ਼ਰ ਸਿੱਖ ਧਰਮ ਵੀ ਇਕ ਲਹਿਰ ਨਾਲ ਸ਼ੁਰੂ ਹੋਇਆ ਸੀ ਜੋ ਲੋਕਾਂ ਨੂੰ ਅੰਧਵਿਸ਼ਵਾਸ, ਕਰਮ ਕਾਂਡ ਤੇ ਫੋਕੇ ਚਮਤਕਾਰਾਂ ਤੋਂ ਆਜ਼ਾਦ ਕਰਦੀ ਸੀ। ਜਦ ਬਾਬਾ ਨਾਨਕ ਨੇ ਅਪਣਾ ਜਨੇਊ ਤੋੜ ਕੇ, ਜਾਤ-ਪਾਤ, ਅਮੀਰ-ਗ਼ਰੀਬ, ਮਰਦ-ਔਰਤ ਦੇ ਅੰਤਰ ਨੂੰ ਤੋੜ ਕੇ ਕਿਰਤ ’ਤੇ ਨਿਰਭਰ ਜੀਵਨ ਜਾਚ ਦੀ ਗੱਲ ਸ਼ੁਰੂ ਕੀਤੀ ਸੀ ਤਾਂ  ਬਹੁਤਿਆਂ ਨੂੰ ਇਹ ਵੀ ਅਪਣੇ ਵਿਸ਼ਵਾਸਾਂ ਦੇ ਉਲਟ ਲਗਦੀ ਸੀ ਪਰ ਮੁਗ਼ਲਾਂ ਦੇ ਜ਼ੁਲਮਾਂ ਨੇ ਹਿੰਦੂਆਂ ਨੂੰ ਸਿੱਖਾਂ ਦਾ ਓਟ ਆਸਰਾ ਕਬੂਲਣ ਲਈ ਮਜਬੂਰ ਕਰ ਦਿਤਾ ਜਿਸ ਕਰ ਕੇ ਸਿੱਖੀ ਦੇ ਨਵੇਂ ਵਿਚਾਰਾਂ ਦਾ ਵਿਰੋਧ ਹੋਣਾ ਹਿੰਦੂ ਸਮਾਜ ਵਿਚ ਉਦੋਂ ਤਕ ਰੁਕ ਗਿਆ ਜਦ ਤਕ ਉਹ ਆਜ਼ਾਦ ਹੋ ਕੇ ਆਪ ਹਾਕਮ ਨਾ ਬਣ ਗਏ।

ਸਿੱਖ ਆਜ਼ਾਦ ਹਿੰਦੁਸਤਾਨ ਲਈ ਵੀ ਓਨੇ ਹੀ ਲਾਹੇਵੰਦ ਹਨ ਜਿੰਨੇ ਮੁਗ਼ਲ ਤੇ ਅੰਗਰੇਜ਼ ਰਾਜ ਵਿਚ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਉਤੇ ਜਦ ਈਸਾਈ ਵੀ ਹਮਲਾਵਰ ਹੁੰਦੇ ਹਨ ਜਾਂ ਕੋਈ ਹੋਰ ਤਾਕਤ ਉਨ੍ਹਾਂ ਨੂੰ ਤੰਗ ਕਰਦੀ ਹੈ ਤਾਂ ਉਨ੍ਹਾਂ ਨੂੰ ਇਕੱਲਿਆਂ ਹੀ ਅਪਣੀ ਰਾਖੀ ਕਰਨੀ ਪੈਂਦੀ ਹੈ। ਬਹਿਰੂਪੀਆਂ ਵਲੋਂ ਧਰਮ ਦਾ ਬੁਰਕਾ ਪਾ ਕੇ, ਸਿੱਖੀ ਉਤੇ ਵਾਰ ਕਰਨ ਵਾਲਿਆਂ ਨਾਲ ਨਿਪਟਣ ਦੀ ਆਦਤ ਸਾਨੂੰ ਕਈ ਡੇਰਿਆਂ ਵਿਰੁਧ ਡਟਣ ਕਰ ਕੇ ਹੋ ਗਈ ਹੈ ਪਰ ਉਨ੍ਹਾਂ ਡੇਰਿਆਂ ਨੇ ਧਰਮ ਪਰਿਵਰਤਨ ਕਦੇ ਨਹੀਂ ਸੀ ਕੀਤਾ। ਜਿਸ ਤਰ੍ਹਾਂ ਈਸਾਈ ਪਾਦਰੀ ਲਹਿਰ ਪੰਜਾਬ ਵਿਚ ਚੱਲ ਰਹੀ ਹੈ, ਉਸ ਬਾਰੇ ਚਿੰਤਾ ਜ਼ਰੂਰ ਹੋਣੀ ਚਾਹੀਦੀ ਹੈ। ਚਿੰਤਾ ਇਸ ਕਰ ਕੇ ਨਹੀਂ ਕਿ ਸਿੱਖਾਂ ਦੀ ਗਿਣਤੀ ਘੱਟ ਰਹੀ ਹੈ ਬਲਕਿ ਇਸ ਲਈ ਕਿ ਅੱਜ ਦੇ ਸਿੱਖ ਗੁਰੂ ਨਾਨਕ ਦੀ ਸੋਚ ਤੋਂ ਭਟਕ ਚੁੱਕੇ ਹਨ।

ਅੱਜ ਤੋਂ ਪਹਿਲਾਂ ਲੱਖਾਂ ਵਾਰ ਐਸ.ਜੀ.ਪੀ.ਸੀ. ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਣ ਦੇ ਹਰ ਕਦਮ ਨੂੰ ਅਕਾਲੀਆਂ ਨੇ ਅਪਣੇ ਨਾਲ ਨਿੱਜੀ ਦੁਸ਼ਮਣੀ ਵਜੋਂ ਲਿਆ ਹੈ ਪਰ ਅੱਜ ਸਾਰੀਆਂ ਆਲੋਚਨਾਵਾਂ ਪਿੱਛੇ ਦੀ ਚਿੰਤਾ ਦਾ ਸੱਚ ਤੁਹਾਡੇ ਸਾਹਮਣੇ ਹੈ। ਜਦ ਗੁਰੂ ਘਰ ਵਿਚ ਕਿਸੇ ਨੂੰ ਜਾਤ ਜਾਂ ਪੈਸੇ ਕਾਰਨ ਨੀਵਾਂ ਵਿਖਾਇਆ ਜਾਂਦਾ ਹੈ, ਜਦ ਗੁਰੂ ਦੀ ਗੋਲਕ ਅਮੀਰਾਂ ਦੀਆਂ ਤਿਜੋਰੀਆਂ ਵਿਚ ਜਾਣੀ ਸ਼ੁਰੂ ਹੋ ਗਈ

 ਲੋਕ ਨਿਰਾਸ਼ ਤੇ ਨਿਰ-ਓਟ ਹੋ ਕੇ ਕਦੇ ਡੇਰੇ ਤੇ ਕਦੇ ਇਸ ਤਰ੍ਹਾਂ ਦੇ ਬਹਿਰੂਪੀਆਂ ਦੇ ਦਰਾਂ ’ਤੇ ਜਾਣੇ ਸ਼ੁਰੂ ਹੋ ਗਏ। ਪਰ ਦਿਲੋਂ ਉਹ ਵੀ ਜਾਣਦੇ ਹਨ ਕਿ ਉਨ੍ਹਾਂ ਨੂੰ ਅਸਲ ਸਤਿਕਾਰ ਕਿਥੋਂ ਮਿਲੇਗਾ ਤੇ ਉਹ ਵੀ ਭਟਕ ਰਹੇ ਹਨ ਨਹੀਂ ਤਾਂ ਲੱਖਾਂ ਦੀ ਤਾਦਾਦ ਵਿਚ ਡੇਰਿਆਂ ਤੇ ਚਰਚਾਂ ਵਿਚ ਜਾਣ ਵਾਲੇ ਅੱਜ ਇਸ ਕਦਰ ਉਦਾਸ ਨਾ ਹੁੰਦੇ। ਜਿਸ ਦਿਨ ਸਾਡੇ ਗੁਰੂ ਘਰ, ਗੁਰੂ ਗ੍ਰੰਥ ਸਾਹਿਬ ਦੀ ਹਰ ਸੋਚ ਤੇ ਅਮਲ ਕਰਨਾ ਸ਼ੁਰੂ ਕਰ ਦੇਣਗੇ, ਬਾਹਰ ਜਾ ਰਹੇ ਜਾਂ ਜਾ ਚੁਕੇ ਸਭ ਵਾਪਸ ਆ ਜਾਣਗੇ। ਬਾਹਰੀ ਦਿਖ, ਸਿੱਖ ਦਾ ਇਕ ਅੰਸ਼ ਹੈ, ਸੰਪੂਰਨ ਸਿੱਖ ਦੀ ਨਿਸ਼ਾਨੀ ਨਹੀਂ ਤੇ ਜਿਸ ਦਿਨ ਸਿੱਖ ਨੂੰ ਇਸ ਗੁਰੂ ਸੰਦੇਸ਼ ਨਾਲ ਜੋੜਨਾ ਸ਼ੁਰੂ ਕਰ ਦਿਤਾ ਗਿਆ, ਬਹਿਰੂਪੀਆਂ ਦਾ ਧੰਦਾ ਬੰਦ ਹੋ ਜਾਵੇਗਾ।                                 -ਨਿਮਰਤ ਕੌਰ