ਸਰਕਾਰਾਂ ਦੀ ਅਣਗਹਿਲੀ ਤੇ ਬੇਰੁਖ਼ੀ ਕਾਰਨ ਦੇਸ਼ ਦੇ ਜਵਾਨ ਤੇ ਨੌਜਵਾਨ ਕੁਰਬਾਨ ਹੁੰਦੇ ਰਹਿਣਗੇ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪੰਜਾਬ ਦੇ ਪਾਣੀਆਂ ਦਾ ਹੱਕ, ਰਾਜਧਾਨੀ ਦਾ ਹੱਕ, ਸਿੱਖਾਂ ਦੀ ਧਾਰਮਕ ਆਜ਼ਾਦੀ ਦੇ ਮੁਦਿਆਂ ਨੂੰ ਨਸ਼ੇ ਤੇ ਵੱਖ-ਵੱਖ ਮਾਫ਼ੀਆ ਦੇ ਹੱਥੋਂ ਦਬਵਾਇਆ ਗਿਆ

photo

ਪੰਜ ਜਵਾਨ ਕਸ਼ਮੀਰ ਵਿਚ ਈਦ ਦਾ ਸਮਾਨ ਕਿਸੇ ਪਿੰਡ ਵਿਚ ਆਪਸੀ ਭਾਈਚਾਰਾ ਵਧਾਉਣ ਦੀ ਕੋਸ਼ਿਸ਼ ਕਰਦੇ ਹੋਏ ਸ਼ਹੀਦ ਹੋਏ। ਛੱਤੀਸਗੜ੍ਹ ਵਿਚ 11 ਜਵਾਨ ਨਕਸਲਵਾਦੀ ਹਿੰਸਾ ਦਾ ਸ਼ਿਕਾਰ ਹੋ ਗਏ। ਪੰਜਾਬ ਦੇ 8 ਨੌਜੁਆਨ ਐਨਐਸਏ ਤਹਿਤ ਅਸਾਮ ਵਿਚ ਕੈਦ ਹਨ। ਸਾਬਕਾ ਗਵਰਨਰ ਸਤਿਆਪਾਲ ਮਲਿਕ ਨੇ  ਇਸੇ ਵਿਸ਼ੇ ’ਤੇ ਕੁੱਝ ਪ੍ਰਗਟਾਵੇ ਕੀਤੇ ਹਨ ਜਿਨ੍ਹਾਂ ਵਿਚੋਂ ਜੇ ਸਿਆਸਤ ਕੱਢ ਦਿਤੀ ਜਾਵੇ ਤਾਂ ਗਲ ਇਹੀ ਨਿਕਲਦੀ ਹੈ ਕਿ ਜਵਾਨਾਂ ਦੀ ਜ਼ਿੰਦਗੀ ਦੀ ਸੁਰੱਖਿਆ ਪ੍ਰਤੀ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ। ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਭਾਰਤੀ ਨਾਗਰਿਕਾਂ ਅੰਦਰ ਅਪਣੀਆਂ ਸਰਕਾਰਾਂ ਪ੍ਰਤੀ ਰੋਸ ਹੈ ਜਿਸ ਕਾਰਨ ਕੋਈ ਮਾਉਵਾਦੀ ਬਣ ਜਾਂਦਾ ਹੈ, ਕੋਈ ਜਿਹਾਦੀ ਤੇ ਕੋਈ ਖ਼ਾਲਿਸਤਾਨੀ। 

ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤੀ ਜਾਂਚ ਏਜੰਸੀਆਂ ਤੇ ਇੰਟਰਪੋਲ ਦੀ ਤਿਆਰੀ ਨਾਕਾਫ਼ੀ ਹੀ ਜਾਪਦੀ ਹੈ। ਛੱਤੀਸਗੜ੍ਹ ਵਿਚ 11 ਜਵਾਨਾਂ ਦੀ ਮੌਤ ਦਾ ਕਾਰਨ ਸਰਕਾਰ ਦੀ ਲਾਪਰਵਾਹੀ ਤੇ ਖ਼ੁਫ਼ੀਆ ਏਜੰਸੀਆਂ ਕੋਲ ਅਗਾਊਂ ਜਾਣਕਾਰੀ ਹੀ ਨਹੀਂ ਸੀ। ਜਦ ਸਤਿਆਪਾਲ ਮਲਿਕ ਨੇ ਪ੍ਰਗਟਾਵਾ ਕੀਤਾ ਤਾਂ ਉਨ੍ਹਾਂ ਨੇ ਇਹ ਦਸਿਆ ਕਿ 25 ਕਿਲੋ ਆਰਡੀਐਕਸ ਚੁੱਕ ਕੇ ਇਕ ਗੱਡੀ ਇਕ ਮਹੀਨੇ ਵਾਸਤੇ ਕਸ਼ਮੀਰ ਵਿਚ ਘੁੰਮਦੀ ਰਹੀ ਤੇ ਕਿਸੇ ਨੂੰ ਉਸ ਬਾਰੇ ਕੋਈ ਅੰਦਾਜ਼ਾ ਹੀ ਨਹੀਂ ਸੀ। ਜਿਨ੍ਹਾਂ 45 ਜਵਾਨਾਂ ਦੀ ਸ਼ਹਾਦਤ ਨੇ ਸਰਕਾਰ ਦੀ ਨਾਲਾਇਕੀ ਦਾ ਸਬੂਤ ਬਣਨਾ ਸੀ, ਉਸ ਨੂੰ ਪ੍ਰਚਾਰਕਾਂ ਨੇ ਪਾਕਿਸਤਾਨ ਉਤੇ ਹਮਲਾ ਕਰਨ ਦਾ ਕਾਰਨ ਬਣਾ ਕੇ ਚੋਣ ਅਖਾੜੇ ਦਾ ਵਿਸ਼ਾ ਬਣਾ ਲਿਆ।  ਛੱਤੀਸਗੜ੍ਹ ਤੇ ਕਸ਼ਮੀਰ ਵਿਚ ਜਵਾਨਾਂ ਨੂੰ ਇਕ ਤੋਂ ਦੂਜੀ ਥਾਂ ਤੇ ਲਿਜਾਣ ਸਮੇਂ ਬਣਦੀ ਅਹਿਤਿਆਤ ਹੀ ਨਹੀਂ ਵਰਤੀ ਗਈ ਜਿਸ ਕਾਰਨ ਜਵਾਨ ਸ਼ਹੀਦ ਹੋਏ। 

ਆਸਾਮ ਦੀ ਜਲੇ ’ਚ ਬੰਦ ਪੰਜਾਬ ਦੇ ਅੱਠ ਨੌਜਵਾਨ ਕਿਸੇ ਹੋਰ ਦਾ ਮੋਹਰਾ ਬਣੇ ਸਨ ਜਾਂ ਇਹ ਆਪ ਹੀ ਸਾਜ਼ਿਸ਼ ਰਚ ਰਹੇ ਸਨ ਪਰ ਖ਼ੁਫ਼ੀਆ ਏਜੰਸੀਆਂ ਵਲੋਂ ਕੋਈ ਚੇਤਾਵਨੀ ਨਹੀਂ ਸੀ ਦਿਤੀ ਗਈ ਜਾਂ ਜੋ ਦਿਤੀ ਸੀ ਉਸ ’ਤੇ ਕੋਈ ਕਦਮ ਨਹੀਂ ਚੁਕਿਆ ਗਿਆ। ਇਹ ਅੱਠ ਨੌਜਵਾਨ ਭਾਵੇਂ ਸ਼ਹੀਦ ਤਾਂ ਨਹੀਂ ਹੋਏ ਪਰ ਉਨ੍ਹਾਂ ਦੀ ਜ਼ਿੰਦਗੀ ਇਕ ਬੜੀ ਔਖੀ ਥਾਂ ’ਤੇ ਪਹੁੰਚ ਗਈ ਹੈ ਤੇ ਮੁਮਕਿਨ ਹੈ ਕਿ ਜੱਗੀ ਜੌਹਲ ਵਾਂਗ ਇਹ ਵੀ ਲੰਮੇ ਅਰਸੇ ਵਾਸਤੇ ਕਾਲ ਕੋਠੜੀਆਂ ਵਿਚ ਬੰਦ ਰਹਿਣਗੇ।
ਤੇ ਆਖ਼ਰੀ ਗੱਲ ਇਹ ਕਿ ਸਰਕਾਰਾਂ ਸਿਆਸੀ ਮੁੱਦੇ ਸੁਲਝਾਉਣਾ ਨਹੀਂ ਚਾਹੁੰਦੀਆਂ ਤੇ ਜਦ ਮੁੱਦੇ ਸੁਲਗਦੇ ਰਹਿੰਦੇ ਹਨ ਤਾਂ ਜਾਂ ਤੇ ਉਹ ਖੁਲ੍ਹੀ ਬਗ਼ਾਵਤ ਜਾਂ ਸਾਜ਼ਿਸ਼ ਦਾ ਰੂਪ ਧਾਰਨ ਕਰ ਲੈਂਦੇ ਹਨ। ਕਸ਼ਮੀਰ ਦੇ ਮਸਲੇ ਨੂੰ ਸੁਲਝਾਉਣ ਵਿਚ ਇਸ ਕਦਰ ਦੇਰੀ ਕੀਤੀ ਗਈ ਕਿ ਅੱਜ ਉਸ ਨੂੰ ਜੰਨਤ ਕੋਈ ਨਹੀਂ ਆਖ ਸਕਦਾ। ਧਾਰਾ 370 ਦੇ ਖ਼ਾਤਮੇ ਦੀ ਸਫ਼ਲਤਾ ਬਾਰੇ ਪੂਰਾ ਸੱਚ ਤਾਂ ਸਮਾਂ ਹੀ ਦਸੇਗਾ ਪਰ ਅੱਜ ਕਸ਼ਮੀਰ ਵਿਚ ਦਰਦ ਛਲਕਦਾ ਹੈ ਤੇ ਨਤੀਜਾ ਹੈ ਪੰਜ ਜਵਾਨਾਂ ਦੀ ਸ਼ਹੀਦੀ।

ਪੰਜਾਬ ਦੇ ਪਾਣੀਆਂ ਦਾ ਹੱਕ, ਰਾਜਧਾਨੀ ਦਾ ਹੱਕ, ਸਿੱਖਾਂ ਦੀ ਧਾਰਮਕ ਆਜ਼ਾਦੀ ਦੇ ਮੁਦਿਆਂ ਨੂੰ ਨਸ਼ੇ ਤੇ ਵੱਖ-ਵੱਖ ਮਾਫ਼ੀਆ ਦੇ ਹੱਥੋਂ ਦਬਵਾਇਆ ਗਿਆ ਜਿਸ ਕਾਰਨ ਕਈ ਨੌਜਵਾਨ ਵਾਰ-ਵਾਰ ਰੰਜਸ਼ ਕਾਰਨ ਹਿੰਸਾ ਤੇ ਨਫ਼ਰਤ ਦੇ ਰਾਹ ਪੈ ਜਾਂਦੇ ਹਨ। ਇਹੀ ਕਹਾਣੀ ਛੱਤੀਸਗੜ੍ਹ ਦੀ ਘਟਨਾ ਦੀ ਹੈ। ਪਰ ਨੁਕਸਾਨ ਦੋਹੀਂ ਪਾਸੀਂ ਆਮ ਨਾਗਰਿਕਾਂ ਦਾ ਹੁੰਦਾ ਹੈ ਕਿਉਂਕਿ ਇਕ ਪਾਸੇ ਆਮ ਘਰਾਂ ਦਾ ਨੌਜਵਾਨ ਫ਼ੌਜੀ ਬਣਦਾ ਹੈ ਤੇ ਦੂਜੇ ਆਮ ਘਰਾਂ ਦੇ ਹੀ ਬਾਗ਼ੀ ਵੀ ਹੁੰਦੇ ਹਨ ਤੇ ਦੋਹਾਂ ਦੀ ਲੜਾਈ ਵਿਚ ਨੁਕਸਾਨ ਤਾਂ ਸਾਡਾ ਹੀ ਨੁਕਸਾਨ ਹੁੰਦਾ ਹੈ। ਜਿਵੇਂ ਅਜਨਾਲੇ ਦੇ ਗੁਰੂਘਰ ਦੇ ਹਮਲੇ ਵਿਚ ਅੱਠ ਨੌਜੁਆਨਾਂ ਉਤੇ ਐਨਐਸਏ ਲਗਾਇਆ ਗਿਆ ਹੈ ,ਉਨ੍ਹਾ ਸਮੇਤ ਪੁਲਿਸ ਦੇ ਨੌਜੁਆਨ ਵੀ ਪੰਜਾਬੀ ਹੀ ਸਨ ਤੇ ਉਹ ਵੀ ਡਾਂਗਾਂ ਦਾ ਨਿਸ਼ਾਨਾ ਬਣੇ ਸਨ। ਸਤਿਆਪਾਲ ਮਲਿਕ ਦੇ ਖੁਲਾਸੇ ਦਾ ਮਤਲਬ ਸਰਕਾਰਾਂ ਦੀ ਨਿਖੇਧੀ ਕਰਨਾ ਨਹੀਂ ਬਲਕਿ ਗ਼ਲਤ ਫ਼ੈਸਲਿਆਂ ਤੇ ਰੀਤਾਂ ਨੂੰ ਬਦਲਣਾ ਹੀ ਇਕੋ ਇਕ ਮਕਸਦ ਹੈ। ਅਪਣੇ ਅੰਦਰ ਦੀਆਂ ਕਮਜ਼ੋਰੀਆਂ ਵਲ ਝਾਤ ਮਾਰਨ ਦਾ ਖ਼ਿਆਲ ਜਦ ਤਕ ਜੜ੍ਹਾਂ ਨਹੀਂ ਫੜਦਾ ਤਦ ਤਕ ਜਵਾਨ ਤੇ ਨੌਜਵਾਨ ਕੁਰਬਾਨ ਹੁੰਦੇ ਹੀ ਰਹਿਣਗੇ।    -ਨਿਮਰਤ ਕੌਰ