Editorial: 26 ਜਨਵਰੀ ਦੀਆਂ ਝਾਕੀਆਂ ਵਿਚੋਂ, ਲਗਾਤਾਰ ਦੂਜੇ ਸਾਲ ਵੀ ਪੰਜਾਬ ਨੂੰ ਬਾਹਰ ਰੱਖ ਕੇ ਕੀ ਸੁਨੇਹਾ ਦਿਤਾ ਜਾ ਰਿਹੈ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਪੰਜਾਬ ਨੇ ਸਾਰੇ ਦੇਸ਼ ਦਾ ਪੇਟ ਭਰਦੇ-ਭਰਦੇ ਅਪਣਾ ਜੋ ਗਵਾਇਆ ਹੈ, ਉਸ ਦਾ ਕੋਈ ਮੁੱਲ ਤਾਂ ਨਹੀਂ ਪਾ ਸਕਦਾ

Punjab's 26th January tableau

Editorial: ਬਚਪਨ ਤੋਂ ਹੀ 26 ਜਨਵਰੀ ਦੀ ਪਰੇਡ ਵੇਖਣ ਦੀ ਰੀਤ ਸਾਡੇ ਹਰ ਘਰ ਵਿਚ ਬਣੀ ਹੋਈ ਹੈ। 15 ਅਗੱਸਤ ਦੇ ਮੁਕਾਬਲੇ 26 ਜਨਵਰੀ ਵਾਸਤੇ ਹਰ ਬੱਚੇ ਦੇ ਦਿਲ ਵਿਚ ਉਤਸ਼ਾਹ ਜ਼ਿਆਦਾ ਹੁੰਦਾ ਸੀ। ਅੱਜ ਦੀ ਨਵੀਂ ਪੀੜ੍ਹੀ ਉਹ ਝਲਕ ਅਪਣੇ ਸੋਸ਼ਲ ਮੀਡੀਆ ’ਤੇ ਕਿਸੇ ਰੀਲ ਵਿਚ ਵੇਖੇਗੀ। ਪਰ ਅਪਣੇ ਸੂਬੇ ਦੀ ਝਾਕੀ ਵੇਖ ਕੇ ਜੋ ਅਨੰਦ ਆਉਂਦਾ ਹੈ, ਉਸ ਤੋਂ ਇਸ ਵਾਰ ਫਿਰ ਤੋਂ ਪੰਜਾਬੀ ਬੱਚੇ ਵਾਂਝੇ ਰਹਿ ਜਾਣਗੇ। ਰਾਸ਼ਟਰ ਪ੍ਰੇਮ ਤੇ ਰਾਸ਼ਟਰ ਸਤਿਕਾਰ ਵਾਸਤੇ ਹਰ ਨਾਗਰਿਕ ਨੂੰ ਇਸ ਸਮੂਹ ਵਿਚ ਅਪਣੇ ਆਪ ਨੂੰ ਝਲਕਦਾ ਵੇਖਣਾ ਜ਼ਰੂਰੀ ਹੈ। ਪੰਜਾਬ ਦੀਆਂ ਝਾਕੀਆਂ ਨੂੰ ਲਗਾਤਾਰ ਦੂਜੇ ਸਾਲ ਰੱਦ ਕਰਨ ਨਾਲ ਇਹ ਮਸਲਾ ਭਾਜਪਾ-ਆਪ ਮਸਲਾ ਨਹੀਂ ਬਣ ਜਾਂਦਾ ਬਲਕਿ ਇਹ ਤਾਂ ਪੰਜਾਬ-ਭਾਰਤ ਦਾ ਮਸਲਾ ਹੀ ਰਹੇਗਾ।

ਜਿਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ, ਉਨ੍ਹਾਂ ਨਾਲ ਪੰਜਾਬ ਵਿਚ ਨਿਰਾਸ਼ਾ ਵਧ ਰਹੀ ਹੈ। ਇਕ ਪਾਸੇ ਵੱਖਵਾਦ ਦੀ ਗੱਲ ਤੇ ਅਮਰੀਕਾ ਦਾ ਵੱਖਵਾਦ ਦੇ ਪ੍ਰਮੁੱਖ ਸਿੱਖ ਚਿਹਰੇ ਪਿਛੇ ਅਪਣੀ ਸਾਰੀ ਤਾਕਤ ਲਗਾ ਦੇਣਾ, ਸਿੱਖਾਂ ਦੇ ਮਨਾਂ ਵਿਚ ਸਵਾਲ ਪੈਦਾ ਕਰ ਰਿਹਾ ਹੈ ਕਿ ਹੁਣ ਸਿੱਖਾਂ ਦੀ ਪ੍ਰਵਾਹ ਅਪਣਿਆਂ ਨਾਲੋਂ ਜ਼ਿਆਦਾ ਬੇਗ਼ਾਨੇ ਕਰਨ ਲਗ ਪਏ ਹਨ। ਦੂਜੇ ਪਾਸੇ ਪਾਣੀਆਂ ਨੂੰ ਲੈ ਕੇ ਅਦਾਲਤੀ ਕਾਰਵਾਈ ਵਿਚ ਵੀ ਪੰਜਾਬ ਦੇ ਘਟਦੇ ਪਾਣੀ ਦੇ ਪੱਧਰ ਬਾਰੇ ਹਕੀਕਤ ਸਮਝੇ ਬਿਨਾਂ ਹੀ ਐਸਵਾਈਐਲ ਬਣਾਉਣ ਦੇ ਫ਼ੈਸਲੇ ਤੇ ਅਮਲ ਕਰਾਉਣ ਦੇ ਕਦਮ, ਪੰਜਾਬ ਨੂੰ ਸਹਿਮਿਆ ਸਹਿਮਿਆ ਬਣਾਈ ਰਖਦੇ ਹਨ। ਵੈਸੇ ਤਾਂ ਰਾਈਪੇਰੀਅਨ ਕਾਨੂੰਨ ਮੁਤਾਬਕ ਮਸਲਾ ਹਲ ਹੋਣਾ ਚਾਹੀਦਾ ਹੈ ਪਰ ਪੰਜਾਬ ਦੀ ਸੁਣਵਾਈ ਕਿਤੇ ਵੀ ਨਹੀਂ ਹੁੰਦੀ ਤੇ ਉਸ ਨੂੰ ਵਿਖਿਆਨ ਦਿਤੇ ਜਾਣੇ ਸ਼ੁਰੂ ਹੋ ਜਾਂਦੇ ਹਨ ਕਿ ਉਹ ਕੁਰਬਾਨੀ ਦੇ ਬਕਰੇ ਵਜੋਂ ਪੈਦਾ ਹੋਇਆ ਸੀ ਤੇ ਹਰ ਮਾਮਲੇ ਵਿਚ ਕੁਰਬਾਨੀ ਦੇਂਦਾ ਹੀ ਚੰਗਾ ਲਗਦਾ ਹੈ।

ਫਿਰ ਆਉਂਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ। ਗ੍ਰਹਿ ਮੰਤਰੀ ਨੇ ਇਹ ਤਾਂ ਆਖ ਦਿਤਾ ਕਿ ਜੋ ਅਪਣੀ ਗ਼ਲਤੀ ਨਹੀਂ ਮੰਨਦੇ, ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਵੇਗਾ। ਉਸ ਇਕ ਨੂੰ ਛੱਡ ਕੇ ਬਾਕੀ ਜੋ ਅਪਣੀ ਸਜ਼ਾ ਪੂਰੀ ਕਰ ਚੁੱਕੇ ਹਨ, ਉਨ੍ਹਾਂ ਬਾਰੇ ਕੀ? ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਤਾਂ ਜੇਲ੍ਹ ਵਿਚ ਰਹਿੰਦੇ ਹੋਏ ਅਪਣਾ ਮਾਨਸਕ ਸੰਤੁਲਨ ਹੀ ਗਵਾ ਚੁੱਕੇ ਹਨ ਤੇ ਪ੍ਰਵਾਰ ਵਾਲੇ ਉਨ੍ਹਾਂ ਦੀ ਦੇਖਰੇਖ ਵਾਸਤੇ ਉਨ੍ਹਾਂ ਨੂੰ ਘਰ ਲਿਜਾਣਾ ਚਾਹੁੰਦੇ ਹਨ। ਪਰ ਉਨ੍ਹਾਂ ਨੂੰ ਵੀ ਤਾਂ ਰਿਹਾ ਨਹੀਂ ਕੀਤਾ ਜਾ ਰਿਹਾ ਤੇ 84 ਦੇ ਜ਼ਖ਼ਮਾਂ ਨੂੰ ਵੀ ਅੱਲੇ ਰਖਿਆ ਜਾ ਰਿਹਾ ਹੈ।

ਕੇਂਦਰ ਆਪ ਅਪਣੀ ਜੀਡੀਪੀ ਦੀ 70% ਰਕਮ ਤੇ ਕਰਜ਼ਾ ਲੈ ਚੁੱਕਾ ਹੈ ਤੇ ਆਈਐਮਐਫ਼ ਦੇ ਮੁਤਾਬਕ ਇਹ ਸੌ ਫ਼ੀ ਸਦੀ ’ਤੇ ਵੀ ਜਾ ਸਕਦਾ ਹੈ। ਇਸ ਕਰਜ਼ੇ ਨਾਲ ਕਿੰਨੀਆਂ ਹੀ ਸਕੀਮਾ ਚੱਲ ਰਹੀਆਂ ਹਨ ਤੇ 80% ਆਬਾਦੀ ਨੂੰ ਮੁਫ਼ਤ ਰਾਸ਼ਨ ਦਿਤਾ ਜਾ ਰਿਹਾ ਹੈ ਪਰ ਜੇ ਪੰਜਾਬ ਦੀ ਸਰਕਾਰ ਬਿਜਲੀ ਮੁਫ਼ਤ ਕਰੇ ਤਾਂ ਕਰਜ਼ਾ ਲੈਣ ਦੀ ਉਸ ਦੀ ਸਮਰੱਥਾ ਘਟਾ ਦਿਤੀ ਜਾਂਦੀ ਹੈ। ਜੇ ਉਹ ਮੁਫ਼ਤ ਧਾਰਮਕ ਯਾਤਰਾਵਾਂ ਕਰਵਾਏ ਤਾਂ ਪੈਸੇ ਲੈ ਕੇ ਵੀ ਟ੍ਰੇਨਾਂ ਨਹੀਂ ਦਿਤੀਆਂ ਜਾਂਦੀਆਂ। ਗ਼ਲਤੀਆਂ ਪਿਛਲੀ ਸਰਕਾਰ ਦੀਆਂ ਤੇ ਆਰਡੀਐਫ ਦੀ ਰਕਮ ਹੁਣ ਤਕ ਰੋਕੀ ਹੋਈ ਹੈ।

ਇਹ ਵੀ ਕਹਿੰਦੇ ਹਨ ਕਿ ‘ਆਪ’ ਪਾਰਟੀ ਸਿੱਧਾ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾ ਕੇ ਸਿਆਸਤ ਵਿਚ ਖਲਬਲੀ  ਪੈਦਾ ਕਰਦੀ ਹੈ ਪਰ ਪੰਜਾਬ ਨੇ ਦੇਸ਼ ਲਈ ਕੀ-ਕੀ ਕੀਤਾ, ਇਸ ਉਤੇ ਮਾਣ ਕਰਨਾ ਵੀ ਕੋਈ ਗੁਨਾਹ ਹੈ? ਦੇਸ਼ ਨੂੰ ਗ਼ੁਲਾਮੀ ਚੋਂ ਕਢਣ ਵਾਸਤੇ ਪੰਜਾਬ ਨੇ ਅਪਣੇ ਆਪ ਨੂੰ ਕੁਰਬਾਨ ਕੀਤਾ ਪਰ ਕਿਸੇ ਕੇਂਦਰੀ ਇਤਿਹਾਸ ਪੁਸਤਕ ਵਿਚ ਸੱਭ ਤੋਂ ਵੱਧ ਫਾਂਸੀ ਦੇ ਫੰਦੇ ਉਤੇ ਝੂਲਣ ਵਾਲੇ ਪੰਜਾਬੀਆਂ ਜਾਂ ਸਿੱਖਾਂ ਨੂੰ ਇਕ ਪੂਰਾ ਪੰਨਾ ਵੀ ਨਹੀਂ ਦਿਤਾ ਗਿਆ।

ਪੰਜਾਬ ਨੇ ਸਾਰੇ ਦੇਸ਼ ਦਾ ਪੇਟ ਭਰਦੇ-ਭਰਦੇ ਅਪਣਾ ਜੋ ਗਵਾਇਆ ਹੈ, ਉਸ ਦਾ ਕੋਈ ਮੁੱਲ ਤਾਂ ਨਹੀਂ ਪਾ ਸਕਦਾ ਪਰ ਜਦ ਗੱਲ ਗੱਲ ਤੇ ਸਾਨੂੰ ਖ਼ਾਲਿਸਤਾਨੀ ਤੇ ਅੱਤਵਾਦੀ ਕਹਿਣ ਲੱਗ ਜਾਂਦੇ ਹਨ ਤਾਂ ਸਾਡੇ ਦਿਲਾਂ ਨੂੰ ਬੜੀ ਠੇਸ ਪਹੁੰਚਦੀ ਹੈ ਤੇ ਕੇਦਰ ਨੂੰ ਚਾਹੀਦਾ ਹੈ ਕਿ ਸਾਡੇ ਪੰਜਾਬੀ ਇਤਿਹਾਸ, ਸਭਿਆਚਾਰ ਦੀ ਝਾਕੀ ਨੂੰ 26 ਜਨਵਰੀ ਦੀ ਪਰੇਡ ਵਿਚ ਥਾਂ ਦੇ ਕੇ, ਬਾਕੀ ਦੇਸ਼ਵਾਸੀਆਂ ਦੇ ਨਾਲ-ਨਾਲ ਪੰਜਾਬੀਆਂ ਨੂੰ ਵੀ ਸੁਨੇਹਾ ਦੇਵੇ ਕਿ ਕਿਸੇ ਵੀ ਸਿਆਸੀ ਲੜਾਈ ਵਿਚ ਭਾਜਪਾ ਪੰਜਾਬੀਆਂ ਦੇ ਹਿਰਦੇ ਨੂੰ ਠੇਸ ਨਹੀਂ ਪਹੁੰਚਾਏਗੀ। ‘ਆਪ’ ਨਾਲ ਮਤਭੇਦਾਂ ਸਦਕਾ ਉਹ ਕਦੇ ਵੀ ਪੰਜਾਬ ਦੇ ਹੱਕਾਂ ਉਤੇ ਡਾਕਾ ਨਹੀਂ ਮਾਰੇਗੀ। ਜਦ ‘ਬੀਰ ਬਾਲ ਦਿਵਸ’ ਨੂੰ ਇਸ ਕਦਰ ਸਤਿਕਾਰ ਦਿਤਾ ਜਾ ਰਿਹਾ ਹੈ ਤਾਂ ਸਾਡੇ ਅੱਜ ਦੇ ਬਾਲ ਬੱਚਿਆਂ ਨੂੰ ਉਹ 26 ਜਨਵਰੀ ਦੇ ਦਿਨ ਦੇਸ਼ ਦਾ ਹਿੱਸਾ ਹੋਣ ਦਾ ਅਹਿਸਾਸ ਮਾਣਨ ਦਾ ਮੌਕਾ ਕਿਉਂ ਨਹੀਂ ਦੇਂਦੀ?
- ਨਿਮਰਤ ਕੌਰ