Editorial: ਆਇਆ ਰਾਮ ਗਿਆ ਰਾਮ ਵਾਲੀ ਖ਼ਾਲਸ ਭਾਰਤੀ ਬੀਮਾਰੀ ਹੁਣ ਆਮ ਵਰਕਰਾਂ ਤਕ ਹੀ ਨਹੀਂ ਰਹੀ...

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਇਹ ਤਾਂ ਸਾਫ਼ ਸੀ ਕਿ ਅੱਜ ਸਾਰੇ ਜੋ ਇਕੱਠੇ ਹੋਏ ਹਨ, ਉਹ ਹੱਟੀ ਵਿਚੋਂ ਖੱਟੀ ਕਮਾਉਣ ਲਈ ਆਏ ਹਨ ਨਾਕਿ ਕਿਸੇ ਸਿਧਾਂਤਕ ਲੜਾਈ ਵਾਸਤੇ।

Bihar Chief Minister Nitish Kumar

Editorial: ਨਿਤੀਸ਼ ਕੁਮਾਰ ਅਸਤੀਫ਼ੇ ਤੋਂ ਬਾਅਦ ਪਲਾਂ ਵਿਚ ਫਿਰ ਤੋਂ, ਅਪਣੇ ਨਵੇਂ ਭਗਵੇਂ ਅਵਤਾਰ ਵਿਚ ਮੁੱਖ ਮੰਤਰੀ ਤਾਂ ਬਣ ਗਏ ਪਰ ਇਕ ਵਾਰ ਫਿਰ ਤੋਂ ਅਪਣੇ ਬੋਲਾਂ ਉਤੇ ਖਰੇ ਨਾ ਉਤਰ ਸਕੇ। ਅੱਠ ਵਾਰ ਇਕ ਪਾਸੇ ਤੋਂ ਦੂਜੇ ਪਾਸੇ ਛਾਲਾਂ ਮਾਰਦੇ ਨੇਤਾ ਦੀ ਨੌਵੀਂ ਛਾਲ ਉਂਜ ਤਾਂ ਕੁੱਝ ਖ਼ਾਸ ਸਿੱਧ ਨਹੀਂ ਕਰਦੀ, ਸਿਵਾਏ ਉਨ੍ਹਾਂ ਪੁਰਾਣੀਆਂ ਕਹਾਵਤਾਂ ਦੇ ਜੋ ਸਦਾ ਸੱਚ ਸਾਬਤ ਹੋਈਆਂ ਹਨ ਜਿਵੇਂ ਕਿ ‘ਕੁੱਤੇ ਦੀ ਦੁਮ ਕਦੇ ਸਿੱਧੀ ਨਹੀਂ ਹੁੰਦੀ’।

ਇਨਸਾਨ ਅਪਣੀ ਫ਼ਿਤਰਤ ਨਹੀਂ ਬਦਲ ਸਕਦਾ ਤੇ ਨਿਤੀਸ਼ ਕੁਮਾਰ ਅਪਣੀ ਹੀ ਫ਼ਿਤਰਤ ਤੋਂ ਮਜਬੂਰ ਕਿਸੇ ਇਕ ਥਾਂ ਤੇ ਟਿਕ ਹੀ ਨਹੀਂ ਸਕਦੇ। ਇਸ ਦਾ ਇਕ ਦੂਜਾ ਪੱਖ ਵੀ ਹੋ ਸਕਦਾ ਹੈ ਕਿ ਨਿਤੀਸ਼ ਕੁਮਾਰ ਦਾ ਅਸਲ ਮਕਸਦ, ਦੇਸ਼-ਸੇਵਾ ਜਾਂ ਬਿਹਾਰ-ਸੇਵਾ ਨਹੀਂ ਹੁੰਦਾ ਸਗੋਂ ਜਿਵੇਂ ਵੀ ਹੋਵੇ, ਟੀਸੀ ਵਾਲੀ ਕੁਰਸੀ ਤਕ ਪਹੁੰਚਣਾ ਹੀ ਹੁੰਦਾ ਹੈ ਪਰ ਹਰ ਵਾਰ ਉਨ੍ਹਾਂ ਦੀ ਕਿਸਮਤ ਅੱਧ ਵਿਚਕਾਰ ਆ ਕੇ ਉਨ੍ਹਾਂ ਦਾ ਸਾਥ ਛੱਡ ਦੇਂਦੀ ਹੈ ਤੇ ਉਹ ਛਾਲ ਮਾਰ ਕੇ ਨਵੀਂ ਸੁਰੱਖਿਅਤ ਥਾਂ ਤੇ ਜਾ ਪਹੁੰਚਦੇ ਹਨ, ਭਾਵੇਂ ਉਹ ਥਾਂ ਕਿਹੋ ਜਹੀ ਵੀ ਹੋਵੇ।

ਪਰ ਕੀ ਹੈ ਉਹ ਵੱਡਾ ਟੀਚਾ? ਜੇ ਉਨ੍ਹਾਂ ਦਾ ਟੀਚਾ ਸਮਾਜ ਵਿਚ ਜਾਤੀ ਤੇ ਵਿਕਾਸ ਦੀ ਸਾਂਝ ਕਰਵਾਉਣੀ ਹੈ ਤਾਂ ਉਨ੍ਹਾਂ ਦਾ ਦਲ ਬਦਲਣਾ ਸਹੀ ਹੈ। ਪਰ ਜੇ ਉਨ੍ਹਾਂ ਦਾ ਟੀਚਾ ਸਿਰਫ਼ ਤੇ ਸਿਰਫ਼ ਅਪਣੇ ਆਪ ਨੂੰ ਕਿਸੇ ਵੱਡੀ ਕੁਰਸੀ ’ਤੇ ਬੈਠੇ ਵੇਖਣਾ ਹੈ ਤਾਂ ਫਿਰ ਗ਼ਲਤੀ ਉਨ੍ਹਾਂ ਦੀ ਨਹੀਂ ਬਲਕਿ ਉਨ੍ਹਾਂ ਵੋਟਰਾਂ ਦੀ ਹੈ ਜੋ ਉਨ੍ਹਾਂ ਨੂੰ ਪਹਿਚਾਣ ਨਹੀਂ ਪਾਏ।

ਨਿਤੀਸ਼ ਕੁਮਾਰ ਨੇ ਪਹਿਲੀ ਵਾਰ ਜਦ ਭਾਜਪਾ ਛੱਡੀ ਤਾਂ ਉਨ੍ਹਾਂ ਨੂੰ ਨਾਰਾਜ਼ਗੀ ਇਸ ਗੱਲ ਦੀ ਸੀ ਕਿ ਨਰਿੰਦਰ ਮੋਦੀ ਨੂੰ 2014 ਵਿਚ ਪ੍ਰਧਾਨ ਮੰਤਰੀ ਦਾ ਦਾਅਵੇਦਾਰ ਕਿਉਂ ਬਣਾਇਆ ਗਿਆ ਸੀ। ਤੇ ਅੱਜ ਜੇ ‘ਇੰਡੀਆ’ ਗਠਜੋੜ ਦੀ ਇਸ ‘ਦਾਈ’ ਦੀ ਗੱਲ ਸੁਣੀਏ ਤਾਂ ਨਿਤੀਸ਼ ਕੁਮਾਰ ਨਾਲ ਰਿਸ਼ਤੇ ਖੱਟੇ ਹੋਣੇ ਉਸੇ ਵਕਤ ਸ਼ੁਰੂ ਹੋ ਗਏ ਸਨ ਜਦ ਬਾਕੀ ਦੀਆਂ ਪਾਰਟੀਆਂ ਵਲੋਂ ਗਠਜੋੜ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਵਜੋਂ ਖੜਗੇ ਦਾ ਨਾਮ ਪ੍ਰਵਾਨ ਕਰ ਲਿਆ ਗਿਆ ਸੀ।
ਜੇ ਨਿਤੀਸ਼ ਕੁਮਾਰ ਦੇ ਅਪਣੇ ਬੋਲਾਂ ਨੂੰ ਯਾਦ ਕੀਤਾ ਜਾਵੇ ਤਾਂ ਉਨ੍ਹਾਂ ਪਿਛਲੀ ਜਨਵਰੀ ਨੂੰ ਹੀ ਆਖਿਆ ਸੀ ਕਿ ਮੈਂ ਮਰ ਜਾਵਾਂਗਾ ਪਰ ਭਾਜਪਾ ਵਿਚ ਵਾਪਸ ਨਹੀਂ ਜਾਵਾਂਗਾ। ਭਾਜਪਾ ਦੇ ਆਗੂਆਂ ਵਲੋਂ ਵੀ ਉਨ੍ਹਾਂ ਵਾਸਤੇ ਦਰਵਾਜ਼ੇ ਹਮੇਸ਼ਾ ਲਈ ਬੰਦ ਦੱਸੇ ਗਏ ਸਨ ਪਰ ਨਿਤੀਸ਼ ਕੁਮਾਰ ਦੀ ਵਾਪਸੀ ਨਾਲ ‘ਇੰਡੀਆ’ ਗਠਜੋੜ ਨੂੰ ਸੱਟ ਮਾਰਨਾ ਇਕ ਸਿਆਣੀ ਸਿਆਸੀ ਚਾਲ ਲਗਦੀ ਹੈ।

ਸੋ ਉਨ੍ਹਾਂ ਨੂੰ ਵਾਪਸ ਲੈ ਲੈਣਾ ਓਨਾ ਹੈਰਾਨ ਕਰਨ ਵਾਲਾ ਨਹੀਂ ਜਿੰਨਾ ਨਿਤੀਸ਼ ਦਾ ਵਾਪਸ ਮੁੜਨ ਦਾ ਫ਼ੈਸਲਾ ਪ੍ਰੇਸ਼ਾਨ ਕਰਨ ਵਾਲਾ ਹੈ। ਜਿਨ੍ਹਾਂ ਚਿਹਰਿਆਂ ਨੂੰ ਬਿਹਾਰ ’ਚ ਅੱਜ ਨਿਤੀਸ਼ ਕੁਮਾਰ ਨਾਲ ਡਿਪਟੀ ਸੀਐੱਮ ਲਗਾਇਆ ਗਿਆ ਹੈ, ਉਨ੍ਹਾਂ ਨਾਲ ਨਿਤੀਸ਼ ਕੁਮਾਰ ਦੀਆਂ ਵਿਧਾਨ ਸਭਾ ਵਿਚ ਹੀ ਸ਼ਬਦੀ ਤੇ ਸਿਧਾਂਤਕ ਜੰਗਾਂ ਹੋਈਆਂ। ਇਨ੍ਹਾਂ ਦਾ ਡਿਪਟੀ ਸੀਐੱਮ ਲਗਾਏ ਜਾਣਾ ਸਾਫ਼ ਦਰਸਾਉਂਦਾ ਹੈ ਕਿ ਨਿਤੀਸ਼ ਕੁਮਾਰ ਅਪਣਾ ਸਿਰ ਉੱਚਾ ਕਰ ਕੇ ਅਪਣੀ ਤਾਕਤ ਦੇ ਬਲਬੂਤੇ ਵਾਪਸ ਨਹੀਂ ਗਏ ਸਗੋਂ ਇਕ ਬੌਂਦਲਿਆ ਹੋਇਆ ਆਗੂ ਅਪਣੀ ਪੁਰਾਣੀ ਪਾਰਟੀ ਕੋਲੋਂ ਠਾਹਰ ਮੰਗਣ ਵਾਸਤੇ ਗਰਦਨ ਝੁਕਾ ਕੇ ਸ਼ਰਨ ਮੰਗ ਰਿਹਾ ਹੈ।

ਸੌ ਅੰਦਾਜ਼ੇ ਲਗਾਏ ਜਾ ਸਕਦੇ ਹਨ ਤੇ ਲਗਾਏ ਜਾ ਵੀ ਰਹੇ ਹਨ ਪਰ ਪੂਰਾ ਸੱਚ ਉਹ ਆਪ ਹੀ ਜਾਣਦੇ ਹਨ। ਪਰ ਜਿਸ ਸ਼ਖ਼ਸ ਨੇ ਵਿਰੋਧੀ ਧਿਰ ਨੂੰ ਇਕੱਠਿਆਂ ਕਰ ਕੇ ਗਠਜੋੜ ਦੀ ਸ਼ੁਰੂਆਤ ਕੀਤੀ, ਉਸ ਦਾ ਹੀ ਚਲੇ ਜਾਣਾ ਐਨਡੀਆਈਏ ਵਾਸਤੇ ਵੀ ਸ਼ੁਭ ਸੰਕੇਤ ਨਹੀਂ ਦੇਂਦਾ। ਇਹ ਤਾਂ ਸਾਫ਼ ਸੀ ਕਿ ਅੱਜ ਸਾਰੇ ਜੋ ਇਕੱਠੇ ਹੋਏ ਹਨ, ਉਹ ਹੱਟੀ ਵਿਚੋਂ ਖੱਟੀ ਕਮਾਉਣ ਲਈ ਆਏ ਹਨ ਨਾਕਿ ਕਿਸੇ ਸਿਧਾਂਤਕ ਲੜਾਈ ਵਾਸਤੇ। ਜਿਹੜਾ ਜਿਹੜਾ ਆਗੂ ਅਪਣੀਆਂ ਨਿਜੀ ਖਾਹਿਸ਼ਾਂ ਨੂੰ ਇਸ ਗਠਜੋੜ ਵਿਚ ਗਵਾਚਦਾ ਵੇਖੇਗਾ, ਉਹ ਅਪਣਾ ‘ਦਰ’ ਬਦਲਦਾ ਰਹੇਗਾ। ਸਿਆਸਤ ਦੇ ਇਸ ਰੂਪ ਤੋਂ ਇਹ ਸਾਫ਼ ਹੈ ਕਿ ਭਾਰਤੀ ਲੋਕਤੰਤਰ ਦੀ ਕਾਲੀ ਰਾਤ ਚਲ ਰਹੀ ਹੈ। ਪਰ ਰੌਸ਼ਨੀ ਵੋਟਰ ਦੀ ਜਾਗਰੂਕਤਾ ਵਿਚੋਂ ਹੀ ਨਿਕਲ ਕੇ ਆ ਸਕਦੀ ਹੈ।
- ਨਿਮਰਤ ਕੌਰ

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।