ਇਕ ਹੋਰ ਤਾਲਾਬੰਦੀ ਜਾਂ ਆਰਥਕ ਸਿਹਤ ਸੁਧਾਰਨ ਵਲ ਕੋਈ ਕਦਮ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਤਾਲਾਬੰਦੀ ਦੇ 66 ਦਿਨ ਪੂਰੇ ਹੋਣ ਅਤੇ 4 ਤਾਲਾਬੰਦੀਆਂ ਤੋਂ ਬਾਅਦ ਹੁਣ ਅਸੀ ਤਾਲਾਬੰਦੀ 5 ਵਲ ਵੱਧ ਰਹੇ ਹਾਂ।

File Photo

ਤਾਲਾਬੰਦੀ ਦੇ 66 ਦਿਨ ਪੂਰੇ ਹੋਣ ਅਤੇ 4 ਤਾਲਾਬੰਦੀਆਂ ਤੋਂ ਬਾਅਦ ਹੁਣ ਅਸੀ ਤਾਲਾਬੰਦੀ 5 ਵਲ ਵੱਧ ਰਹੇ ਹਾਂ। ਇਥੇ ਆ ਕੇ ਅੰਕੜਿਆਂ ਨੂੰ ਘੋਖਣ ਦੀ ਜ਼ਰੂਰਤ ਹੈ। ਤਾਲਾਬੰਦੀ ਜਿਸ ਦਿਨ ਸ਼ੁਰੂ ਹੋਈ ਸੀ, ਉਸ ਦਿਨ ਭਾਰਤ ਵਿਚ ਕੋਰੋਨਾ ਵਾਇਰਸ ਤੋਂ ਪੀੜਤ 499 ਮਰੀਜ਼ ਸਨ ਅਤੇ ਅੱਜ 1 ਲੱਖ ਸਤਾਹਠ ਹਜ਼ਾਰ ਪੀੜਤ ਹਨ। 29 ਮਈ ਨੂੰ 7400 ਕੇਸ ਸਾਹਮਣੇ ਆਏ ਅਤੇ ਹੁਣ ਇਹ ਅੰਕੜਾ ਸ਼ਾਇਦ ਰੋਜ਼ਾਨਾ 8 ਹਜ਼ਾਰ ਦੀ ਦਰ ਤੋਂ ਵੀ ਵੱਧ ਜਾਵੇ। ਸੋ ਇਸ ਤਾਲਾਬੰਦੀ ਤੋਂ ਅਸੀਂ ਜੋ ਕੁੱਝ ਸਿਖਿਆ ਹੈ, ਉਹ ਇਹੀ ਹੋਵੇਗਾ ਕਿ ਸਾਡੀ ਤਾਲਾਬੰਦੀ ਤਕਰੀਬਨ ਤਕਰੀਬਨ ਫ਼ੇਲ੍ਹ ਹੋਈ ਹੈ।

ਤਾਲਾਬੰਦੀ ਦਾ ਮਕਸਦ ਇਹ ਸੀ ਕਿ ਕੋਰੋਨਾ ਵਾਇਰਸ ਨੂੰ ਰੋਕਿਆ ਜਾਵੇ ਪਰ ਅਸਲ ਵਿਚ ਇਸ ਤਾਲਾਬੰਦੀ ਨੇ ਭਾਰਤ ਦੇ ਅਰਥਚਾਰੇ ਨੂੰ ਰੋਕ ਦਿਤਾ ਹੈ। ਭਾਵੇਂ ਸਾਰੀ ਦੁਨੀਆਂ ਦਾ ਨੁਕਸਾਨ ਹੋਇਆ ਹੈ, ਅਤੇ ਭਾਰਤ ਦਾ ਨੁਕਸਾਨ ਹੋਣਾ ਲਾਜ਼ਮੀ ਵੀ ਸੀ, ਪਰ ਭਾਰਤ ਦਾ ਨੁਕਸਾਨ ਭਾਰਤ ਦੇ ਅਰਥਚਾਰੇ ਤੋਂ ਕਿਤੇ ਵੱਧ ਹੋ ਰਿਹਾ ਹੈ।

ਜਿਸ ਤਰ੍ਹਾਂ ਦੀ ਭਾਰਤ ਦੀ ਆਰਥਕ-ਸਮਾਜਕ ਬਣਤਰ ਹੈ, ਉਹ ਸ਼ਾਇਦ ਹੀ ਕਿਸੇ ਹੋਰ ਦੇਸ਼ ਵਿਚ ਹੋਵੇਗੀ। ਆਬਾਦੀ ਦੀ ਤੁਲਨਾ ਸਿਰਫ਼ ਚੀਨ ਨਾਲ ਕੀਤੀ ਜਾ ਸਕਦੀ ਹੈ ਪਰ ਚੀਨ ਵਿਚ ਨਾ ਅਪਣੇ ਆਪ ਨੂੰ ਲੋਕਤੰਤਰ ਅਖਵਾਉਣ ਦੀ ਰੀਝ ਹੈ ਅਤੇ ਨਾ ਹੀ ਉਹ ਸਾਡੇ ਦੇਸ਼ ਵਾਂਗ ਛੋਟੇ ਜਹੇ ਜ਼ਮੀਨ ਦੇ ਟੁਕੜੇ ਉਤੇ ਵਸਿਆ ਹੋਇਆ ਹੈ, ਅਤੇ ਨਾ ਹੀ ਉਸ ਦੇਸ਼ ਵਿਚ ਏਨੇ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਹੈ ਅਤੇ ਨਾ ਹੀ ਉਹ ਦੇਸ਼ ਤਕਨੀਕੀ ਤੌਰ 'ਤੇ ਏਨਾ ਪਛੜਿਆ ਹੋਇਆ ਹੈ। ਚੀਨ ਅੱਜ ਅਮਰੀਕਾ ਨਾਲ ਟੱਕਰ ਲੈਣ ਦੀ ਹਾਲਤ ਵਿਚ ਹੈ ਅਤੇ ਅੱਧੀ ਦੁਨੀਆਂ ਅੱਜ ਚੀਨ ਉਤੇ ਨਿਰਭਰ ਕਰਦੀ ਹੈ।

ਸੋ ਸਾਡੇ ਦੇਸ਼ ਵਰਗਾ ਹੋਰ ਕੋਈ ਦੇਸ਼ ਨਹੀਂ। ਕਿਸੇ ਹੋਰ ਦੇਸ਼ ਦਾ ਤਜਰਬਾ ਸਾਡੇ ਵਾਸਤੇ ਉਦਾਹਰਣ ਨਹੀਂ ਬਣ ਸਕਦਾ। ਭਾਰਤ ਨੇ ਅਮਰੀਕਾ, ਇਟਲੀ, ਇੰਗਲੈਂਡ ਵਲ ਵੇਖ ਕੇ ਇਹ ਫ਼ੈਸਲਾ ਕੀਤਾ ਸੀ ਅਤੇ ਉਸ ਵੇਲੇ ਇਹ ਸਹੀ ਵੀ ਜਾਪਦਾ ਸੀ। ਪਰ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਇਹ 66 ਦਿਨਾਂ ਤੋਂ ਅੱਗੇ ਵੀ ਚਲ ਸਕਦੀ ਹੈ। ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ 10 ਕਰੋੜ ਮਜ਼ਦੂਰ ਇਸ ਤਰ੍ਹਾਂ ਸੜਕਾਂ ਉਤੇ ਰੁਲ ਜਾਵੇਗਾ।

ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਕੇਂਦਰ ਸਰਕਾਰ ਕੋਲ ਏਨਾ ਪੈਸਾ ਨਹੀਂ ਹੋਵੇਗਾ ਕਿ ਉਹ ਜਨਤਾ ਦੀ ਕੁੱਝ ਮਦਦ ਕਰ ਸਕੇ। ਭਾਰਤ ਵਰਗਾ ਹੋਰ ਕੋਈ ਦੇਸ਼ ਨਹੀਂ ਹੋਵੇਗਾ ਜਿਥੇ ਸਰਕਾਰ ਨੂੰ ਕਰਜ਼ਾ ਮੇਲਾ ਲਾ ਕੇ ਲੋਕਾਂ ਦੀ ਮਦਦ ਦਾ ਜੁਮਲਾ ਛਡਣਾ ਪਿਆ ਹੋਵੇ। ਕੋਰੋਨਾ ਦਾ ਪਸਾਰ, ਜਿਸ ਨੂੰ ਰੋਕਣਾ ਸੀ, ਉਸ ਵਿਚ ਤਕਰੀਬਨ ਤਕਰੀਬਨ ਅਸਮਰੱਥਾ ਹੀ ਨਜ਼ਰ ਆ ਰਹੀ ਹੈ। ਮਹਾਰਾਸ਼ਟਰ, ਦਿੱਲੀ, ਤਾਮਿਲਨਾਡੂ ਇਸ ਅਮਸਰੱਥਾ ਦੀ ਉਦਾਹਰਣ ਹਨ।

ਇਨ੍ਹਾਂ ਵਿਚ ਵੱਡੇ ਸ਼ਹਿਰ ਹਨ ਜਿਨ੍ਹਾਂ 'ਚ ਦੂਰੀ ਕਾਇਮ ਰਖਣੀ ਮੁਮਕਿਨ ਹੀ ਨਹੀਂ ਅਤੇ ਸਰਕਾਰਾਂ ਸਮਝ ਨਹੀਂ ਸਕੀਆਂ ਕਿ ਇਸ ਆਧੁਨਿਕ ਦੇਸ਼ ਵਿਚ ਕੀ ਕੀਤਾ ਜਾਵੇ। ਪੰਜਾਬ, ਕੇਰਲ ਸਮਰੱਥ ਤਾਂ ਰਹੇ ਪਰ ਜਿਉਂ ਹੀ ਉਹ ਥੋੜ੍ਹੀ ਢਿੱਲ ਦਿੰਦੇ ਹਨ, ਕੋਰੋਨਾ ਦਾ ਕਹਿਰ ਹੋਰ ਵੱਧ ਜਾਂਦਾ ਹੈ। ਸੋ ਹਕੀਕਤ ਇਹ ਹੈ ਕਿ ਕੋਰੋਨਾ ਹੁਣ ਦੇਸ਼ ਵਿਚ ਵਸ ਚੁੱਕਾ ਹੈ ਅਤੇ ਹੁਣ ਸਾਨੂੰ ਇਸ ਦੇ ਨਾਲ ਰਹਿਣ ਦੀ ਜਾਚ ਸਿਖਣੀ ਪਵੇਗੀ। ਇਸ ਵਾਸਤੇ ਸਾਡੀਆਂ ਸਰਕਾਰਾਂ ਨੂੰ ਮੰਨਣਾ ਪਵੇਗਾ ਕਿ ਤਾਲਾਬੰਦੀ ਨੂੰ 66 ਦਿਨਾਂ ਵਾਸਤੇ ਰਖਣਾ ਗ਼ਲਤੀ ਸੀ ਅਤੇ ਹੁਣ ਭਾਰਤ ਨੂੰ ਖੁੱਲ੍ਹ ਕੇ ਜਿਊਣਾ ਅਤੇ ਡਟਣਾ ਪਵੇਗਾ। ਪਰ ਨਾਲ ਹੀ ਇਹ ਭਰੋਸਾ ਵੀ ਦਿਵਾਉਣਾ ਪਵੇਗਾ ਕਿ ਸਰਕਾਰ ਹੁਣ ਹਰ ਪੱਖੋਂ ਸਿਹਤ ਸੰਭਾਲ ਵਾਸਤੇ ਤਿਆਰ ਹੈ। ਕੀ ਸਾਡੀਆਂ ਸਰਕਾਰਾਂ ਇਸ ਸੱਚੀ ਤਸਵੀਰ ਨੂੰ ਪੇਸ਼ ਕਰਨ ਵਾਸਤੇ ਤਿਆਰ ਹਨ?  -ਨਿਮਰਤ ਕੌਰ