Editorial: ਸੌਦਾ ਸਾਧ ਹਰ ਵਾਰ ਜਿੱਤ ਜਾਂਦਾ ਹੈ ਕਿਉਂਕਿ ਅੰਦਰਖਾਤੇ ਉਹ ਸਾਰਿਆਂ ਨਾਲ ਰਲਿਆ ਹੁੰਦਾ ਹੈ, ਸਿੱਖ ਲੀਡਰਾਂ ਤੇ ਕੇਂਦਰ ਸਰਕਾਰ ਸਮੇਤ!
ਕਾਰਨ ਸਾਫ਼ ਹੈ ਕਿ ਜਿਸ ਸਿੱਖੀ ਨੂੰ ਖ਼ਤਮ ਕਰਨ ਦੀਆਂ ਸਾਜਸ਼ਾਂ ਘੜਦਾ ਹੈ, ਉਸ ਦੇ ਅਖੌਤੀ ਲੀਡਰ ਵੀ ਅੰਦਰਖਾਤੇ ਇਸ ਕੋਲ ਨਿਮਾਣੇ ਸ਼ਰਧਾਲੂ ਬਣ ਕੇ ਮੱਥੇ ਟੇਕਦੇ ਰਹਿੰਦੇ ਨੇ
Editorial: ਗੁਰਮੀਤ ਰਾਮ ਰਹੀਮ ਉਰਫ਼ ਸੌਦਾ ਸਾਧ ਦਾ ਪੰਜਾਬ ਨਾਲ ਬੜਾ ਮਹੱਤਵਪੂਰਨ ਰਿਸ਼ਤਾ ਹੈ। ਇਸ ਰਿਸ਼ਤੇ ਦੀ ਖ਼ਾਸ ਗੱਲ ਇਹ ਹੈ ਕਿ ਉਸ ਦੀਆਂ ਜੜ੍ਹਾਂ ਵਿਚ ਉਸ ਦੀ ਸਿੱਖਾਂ ਜਾਂ ਪੰਜਾਬੀਆਂ ਨਾਲ ਮਿਲਦੀ ਸੋਚ ਕੰਮ ਨਹੀਂ ਕਰਦੀ ਬਲਕਿ ਸੱਚ ਇਹ ਹੈ ਕਿ ਇਸ ਸ਼ਖ਼ਸ ਵਲੋਂ ਸਿੱਖਾਂ ਨਾਲ ਜਿੰਨਾ ਮਾੜਾ ਕੀਤਾ ਗਿਆ, ਇਹ ਓਨਾ ਹੀ ਉੱਚਾ ਚੜ੍ਹਦਾ ਗਿਆ। ਕਾਰਨ ਸਾਫ਼ ਹੈ ਕਿ ਜਿਸ ਸਿੱਖੀ ਨੂੰ ਖ਼ਤਮ ਕਰਨ ਦੀਆਂ ਸਾਜਸ਼ਾਂ ਘੜਦਾ ਰਹਿੰਦਾ ਹੈ, ਉਸ ਦੇ ਅਖੌਤੀ ਲੀਡਰ ਵੀ ਅੰਦਰਖਾਤੇ ਇਸ ਕੋਲ ਨਿਮਾਣੇ ਸ਼ਰਧਾਲੂ ਬਣ ਕੇ ਮੱਥੇ ਟੇਕਦੇ ਰਹਿੰਦੇ ਹਨ ਤਾਕਿ ਇਸ ਦੀ ਮਦਦ ਨਾਲ ਚਾਰ ਵੋਟਾਂ ਵੱਧ ਲੈ ਸਕਣ।
ਅਕਾਲ ਤਖ਼ਤ ਨੂੰ ਵੀ ਇਸ ਦੀ ਮਦਦ ਲਈ ਵਰਤਿਆ ਜਾਂਦਾ ਰਿਹਾ ਹੈ ਤੇ ਅਦਾਲਤਾਂ ਵਿਚੋਂ ਕੇਸ ਵਾਪਸ ਲਏ ਜਾਂਦੇ ਰਹੇ ਹਨ। ਫਿਰ ਜਦ ਲੀਡਰ ਹੀ ‘ਡੋਗਰੇ’ ਬਣ ਕੇ ਦੁਸ਼ਮਣ ਨਾਲ ਰਲੇ ਹੋਏ ਹੋਣ ਤਾਂ ਸਾਧ ਦਾ ਵਾਲ ਵੀ ਵਿੰਗਾ ਕਿਵੇਂ ਹੋਵੇ? ਇਸ ਵਲੋਂ ਅਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਵਾਂਗ ਪੇਸ਼ ਕਰ ਕੇ ਅੰਮ੍ਰਿਤ ਛਕਾਉਣ ਦਾ ਸਵਾਂਗ ਰਚਾਇਆ ਗਿਆ।
ਸਿੱਖ ਧਰਮ ਵਿਚ ਮੂਰਤੀ ਤੇ ਸ਼ਖ਼ਸੀ ਪੂਜਾ ਦੀ ਸਖ਼ਤ ਮਨਾਹੀ ਹੈ ਪਰ ਅੱਜ ਦੇ ਧਾਰਮਕ ਠੇਕੇਦਾਰ ਕਿਸੇ ਕਲਾਕਾਰੀ ਢੰਗ ਨਾਲ ਗੁਰੂਆਂ ਦੇ ਸੰਦੇਸ਼ ਦੇ ਪ੍ਰਚਾਰ ਵਾਸਤੇ ਕੀਤੇ ਹਰ ਯਤਨ ਦੇ ਰਾਹ ਵਿਚ ਦੀਵਾਰ ਬਣ ਜਾਂਦੇ ਹਨ, ਉਥੇ ਇਸ ਨੇ ਅਪਣੇ ਆਪ ਨੂੰ ਗੁਰੂ ਵਿਖਾਉਣ ਦਾ ਸਾਹਸ ਕੀਤਾ ਪਰ ਇਸ ਨੂੰ ਅੰਤ ਵਿਚ ਫਿਰ ਜਿੱਤ ਹੀ ਮਿਲੀ। ਸਿੱਖਾਂ ਦੇ ਮਨਾਂ ਦੀ ਠੇਸ ਨੂੰ ਨਜ਼ਰ-ਅੰਦਾਜ਼ ਕਰ ਕੇ, ਐਸਜੀਪੀਸੀ ਤੇ ਅਕਾਲੀ ਦਲ ਦੇ ਆਗੂਆਂ ਨੇ ਸਿਆਸੀ ਫ਼ਾਇਦੇ ਨੂੰ ਧਿਆਨ ਵਿਚ ਰਖਦਿਆਂ, ਇਸ ਨੂੰ ਇਕ ਚਿੱਠੀ ਦੀ ਬਿਨਾਅ ’ਤੇ ਅਕਾਲ ਤਖ਼ਤ ਕੋਲੋਂ ਮਾਫ਼ੀ ਦਿਵਾਈ ਗਈ। ਇਹੀ ਨਹੀਂ, ਸਿੱਖਾਂ ਵਲੋਂ ਗ਼ਰੀਬ ਲਈ ਗੁਰੂ ਦੀ ਗੋਲਕ ਵਿਚ ਪਾਏ ਦਸਵੰਧ ’ਚੋਂ 80 ਲੱਖ ਕੱਢ ਕੇ ਐਸਜੀਪੀਸੀ ਨੇ ਇਸ ਮਾਫ਼ੀ ਦਾ ਪ੍ਰਚਾਰ ਕਰਨ ਵਾਸਤੇ ਇਸ਼ਤਿਹਾਰ ਕਢਿਆ।
ਜਿਸ ਸ਼ਖ਼ਸ ’ਤੇ ਕਤਲ ਅਤੇ ਬਲਾਤਕਾਰ ਦੇ ਇਲਜ਼ਾਮ ਹੋਣ, ਉਸ ਨਾਲ ਨੇੜਤਾ ਕਾਇਮ ਰੱਖੀ ਗਈ। ਫਿਰ ਬਰਗਾੜੀ ਵਿਚ ਦਰਦਨਾਕ ਅੰਤ ਦੀ ਸ਼ੁਰੂਆਤ ਸਾਧ ਦੇ ਚੇਲਿਆਂ ਵਲੋਂ ਹੋਈ। ਸਰਕਾਰਾਂ ਬਦਲੀਆਂ ਹੀ ਨਾ ਬਲਕਿ ਲੋਕਾਂ ਦੇ ਰੋਸ ਚੋਂ ਨਿਕਲੀ ਅੱਗ ਨੇ ਸਰਕਾਰਾਂ ਤਬਾਹ ਕਰ ਦਿਤੀਆਂ ਪਰ ਜੇਲ ਵਿਚ ਬੈਠਾ ਸਾਧ ਵੀ ਸ਼ਾਹੀ ਠਾਠ ਵਾਲਾ ਜੀਵਨ ਬਿਤਾ ਰਿਹਾ ਹੈ।
ਹੁਣ ਹਾਈਕੋਰਟ ਦੇ ਬੈਂਚ ਨੇ ਸੀਬੀਆਈ ਦੀ ਜਾਂਚ ਵਿਚ ਢਿੱਲ ਕਾਰਨ ਕਤਲ ਦੀ ਸਾਜ਼ਸ਼ ਦੇ ਇਲਜ਼ਾਮ ਤੋਂ ਬਰੀ ਕਰ ਦਿਤਾ ਹੈ ਪਰ ਚੋਣਾਂ ਦੇ ਐਨ ਮੌਕੇ ’ਤੇ ਇਹ ਫ਼ੈਸਲਾ ਆਉਣਾ ਕਿਸਮਤ ਦੀ ਅਜਬ ਖੇਡ ਹੈ। ਜਿਥੇ ਜਿਥੇ ਇਸ ਸਾਧ ਦੇ ਚੇਲੇ ਹਨ, ਉਹ ਹੁਣ ਸਾਰੇ ਅਪਣੇ ਸਾਧ ਦੇ ‘ਚਮਤਕਾਰ’ ਦੀ ਖ਼ੁਸ਼ੀ ਵਿਚ ਚੋਣ ਤਿਉਹਾਰ ਵਿਚ ਅਪਣਾ ਸ਼ੁਕਰਾਨਾ ਦੇਣ ਜ਼ਰੂਰ ਜਾਣਗੇ। ਸਿੱਖਾਂ ਨਾਲ ਐਨਾ ਮਾੜਾ ਕਰਨ ਦੇ ਬਾਵਜੂਦ ਇਹ ਸਾਧ ਅੱਜ ਪੰਜਾਬ ਵਿਚ ਹੀ ‘ਪ੍ਰੇਮੀਆਂ’ ਦੇ ਡੇਰੇ ਚਲਾਉਂਦਾ ਹੈ।
ਇਸ ਚੋਣ ਵਿਚ ਹਰ ਸਿਆਸਤਦਾਨ ਹਰ ਛੋਟੇ-ਵੱਡੇ ਡੇਰੇ ਅੱਗੇ ਹੱਥ ਜੋੜੀ ਖੜਾ ਸੀ ਕਿਉਂਕਿ ਭਾਵੇਂ ਉਹ ਚੰਗੇ ਕੰਮ ਕਰਨ ਜਾਂ ਨਾ ਕਰਨ, ਜਿਹੜੇ ਅੰਧ ਭਗਤੀ ਵਿਚ ਸ਼ਖ਼ਸੀ ਪੂਜਾ ਦੇ ਮਰੀਦ ਹਨ, ਉਨ੍ਹਾਂ ਨੇ ਅੱਖਾਂ ਬੰਦ ਕਰ ਕੇ, ਅਪਣੇ ਬਾਬੇ ਦੇ ਕਹਿਣ ’ਤੇ ਹੀ ਵੋਟਾਂ ਪਾਉਣੀਆਂ ਹਨ। ਜਦ ਗੁਰੂ ਦੀ ਗੋਲਕ ਗ਼ਰੀਬ ਵਾਸਤੇ ਨਾ ਵਰਤੀ ਗਈ ਤਾਂ ਗ਼ਰੀਬ ਇਨ੍ਹਾਂ ਡੇਰਿਆਂ ਦੇ ਮੁਹਤਾਜ ਬਣ ਗਏ। ਕਈ ਮੁਫ਼ਤ ਸਿਖਿਆ ਦੇਂਦੇ ਹਨ ਜਦਕਿ ਐਸਜੀਪੀਸੀ ਦੇ ਸਕੂਲ ਫ਼ੀਸਾਂ ਲੈਂਦੇ ਹਨ।
ਲੋੜ ਪੈਣ ’ਤੇ ਗ਼ਰੀਬਾਂ ਦੀ ਆਰਥਕ ਮਦਦ ’ਤੇ ਵੀ ਕਈ ਡੇਰੇ ਆਉਂਦੇ ਹਨ ਪਰ ਦਸਵੰਧ ਦੀ ਅਮੀਰੀ ਛੋਟੇ ਦਿਲਾਂ ਨੇ ਖ਼ਤਮ ਕਰ ਦਿਤੀ ਹੈ ਜਿਸ ਕਾਰਨ ਇਹ ਸਾਧ ਅੱਜ ਅਦਾਲਤੀ ਕਾਰਵਾਈ ਵੀ ਜਿੱਤ ਗਿਆ ਹੈ ਪਰ ਹਕੀਕੀ ਲੜਾਈ ਵਿਚ ਵੀ ਸਿੱਖਾਂ ਨੂੰ ਰੋਂਦ ਕੇ ਜਿਤਦਾ ਹੀ ਆ ਰਿਹਾ ਹੈ ਤੇ ਉਹ ਵੀ ਸਿੱਖ ਲੀਡਰਾਂ ਦੀ ਪ੍ਰਤੱਖ ਜਾਂ ਅਪ੍ਰਤੱਖ ਮਦਦ ਨਾਲ। ਜਾਂਚ ਵਿਚ ਕਾਨੂੰਨੀ ਕਮਜ਼ੋਰੀ ਦੀ ਵਖਰੀ ਜਾਂਚ ਸ਼ਾਇਦ ਇਸ ਸਾਧ ਦੀ ਹਕੀਕੀ ਤਾਕਤ ਨੂੰ ਬਿਆਨ ਕਰ ਸਕਦੀ ਹੈ।
- ਨਿਮਰਤ ਕੌਰ