ਸ਼੍ਰੋਮਣੀ ਕਮੇਟੀ ਦਾ ਬਜਟ : 1134 ਸੌ ਕਰੋੜ ਵਿਚੋਂ ਅਪਣੇ ਚੈਨਲ ਲਈ ਧੇਲਾ ਨਹੀਂ

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਨਾ ਹੀ ਸੰਸਾਰ-ਪੱਧਰ ਦੇ ਸਿੱਖ ਮਾਹਰ ਪੈਦਾ ਕਰਨ ਦਾ ਕੋਈ ਯਤਨ!

SGPC

ਅੱਜ ਸਿੱਖ ਕੌਮ ਦਾ ਸੱਭ ਤੋਂ ਵੱਡਾ ਸੰਕਟ ਇਹ ਹੈ ਕਿ ਸਿੱਖ ਆਪ ਹੀ ਅਪਣੇ ਸਿੱਖ ਫ਼ਲਸਫ਼ੇ ਤੋਂ ਕੋਹਾਂ ਦੂਰ ਜਾ ਚੁੱਕੇ ਹਨ ਤੇ ਸਿੱਖ ਨੌਜੁਆਨ ਦਿਸ਼ਾਹੀਣ ਹੋ ਰਹੇ ਹਨ। ਇਸ ਬਾਰੇ ਚਿੰਤਾਵਾਂ ਤਾਂ ਪ੍ਰਗਟਾਈਆਂ ਜਾਂਦੀਆਂ ਹਨ ਪਰ ਜਦ ਮੌਕਾ ਬਣਦਾ ਹੈ ਕਿ ਬੁਨਿਆਦੀ ਮੁੱਦਿਆਂ ਨੂੰ ਲੈ ਕੇ ਵਕਤ ’ਤੇ ਪੈਸਾ ਲਗਾਉ ਤਾਂ ਉਹੀ ਕੁੱਝ ਕੀਤਾ ਜਾਂਦਾ ਹੈ ਜੋ ਪਹਿਲਾਂ ਹੀ ਦਹਾਕਿਆਂ ਤੋਂ ਕੀਤਾ ਜਾ ਰਿਹਾ ਹੁੰਦਾ ਹੈ। ਇਸ ਵਾਰ ਬੜੀ ਆਸ ਕੀਤੀ ਜਾ ਰਹੀ ਸੀ ਕਿ ਐਸ.ਜੀ.ਪੀ.ਸੀ. ਦੇ 1134 ਸੌ ਕਰੋੜ ਦੇ ਬਜਟ ਵਿਚ ਅਜਿਹੇ ਕੰਮਾਂ ਵਾਸਤੇ ਪੈਸਾ ਜ਼ਰੂਰ ਰਖਿਆ ਜਾਵੇਗਾ ਜਿਸ ਤੋਂ ਪਤਾ ਲੱਗ ਸਕੇ ਕਿ ਸ਼੍ਰੋਮਣੀ ਕਮੇਟੀ ਸੁਧਾਰ ਦੇ ਕੰਮ ਨੂੰ ਵੀ ਸੰਜੀਦਗੀ ਨਾਲ ਲੈ ਰਹੀ ਹੈ।

 

ਪਹਿਲੀ ਵੱਡੀ ਅਣਗਹਿਲੀ ਨਜ਼ਰ ਆਈ ਗੁਰਬਾਣੀ ਪ੍ਰਸਾਰ ਦੇ ਕੰਮ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਅਪ੍ਰੈਲ 2022 ਵਿਚ ਐਸ.ਜੀ.ਪੀ.ਸੀ. ਨੂੰ ਇਕ ਹਫ਼ਤੇ ਦਾ ਸਮਾਂ ਦਿਤਾ ਸੀ ਕਿ ਉਹ (ਐਸ.ਜੀ.ਪੀ.ਸੀ.) ਅਪਣਾ ਚੈਨਲ ਸ਼ੁਰੂ ਕਰ ਕੇ ਪ੍ਰਸਾਰਣ ਨੂੰ ਬਾਦਲ ਪ੍ਰਵਾਰ ਦੇ ਏਕਾਧਿਕਾਰ ਵਿਚੋਂ ਕੱਢ ਕੇ ਡਿਜੀਟਲ ਮੀਡੀਆ ਦੇ ਹਰ ਚੈਨਲ ਵਾਸਤੇ ਖੋਲ੍ਹ ਦੇਵੇ। ਇਹ ਜ਼ਰੂਰੀ ਹੈ ਕਿਉਂਕਿ ਸਿੱਖ ਗੁਰੂਆਂ ਨੇ ਰੱਬ ਤੇ ਇਨਸਾਨ ਵਿਚਕਾਰ ਜਦ ਕਿਸੇ ਹੋਰ ਲਈ ਥਾਂ ਹੀ ਨਹੀਂ ਰੱਖੀ ਤਾਂ ਫਿਰ ਗੁਰਬਾਣੀ ਪ੍ਰਸਾਰਣ ਤੇ ਕਿਸੇ ਨਿਜੀ ਚੈਨਲ ਦਾ ਏਕਾਧਿਕਾਰ ਕਿਸ ਤਰ੍ਹਾਂ ਜਾਇਜ਼ ਠਹਿਰਾਇਆ ਜਾ ਸਕਦਾ ਹੈ?

 

ਜਿਵੇਂ ਬਾਈਬਲ ਦੇ ਪ੍ਰਚਾਰ ਲਈ ਪੰਜਾਬ ਵਿਚ ਈਸਾਈ ਧਰਮ ਦੇ ਪ੍ਰਚਾਰਕ, ਵੱਧ ਤੋਂ ਵੱਧ ਪਿੰਡਾਂ ਵਿਚ ਚਰਚ ਕਾਇਮ ਕਰ ਰਹੇ ਹਨ, ਉਸ ਦੇ ਮੁਕਾਬਲੇ ਵਿਚ ਗੁਰਬਾਣੀ ਦਾ ਪ੍ਰਚਾਰ ਨਾ ਸਿਰਫ਼ ਪੰਜਾਬ ਬਲਕਿ ਦੁਨੀਆਂ ਭਰ ਵਿਚ ਹੋਣਾ ਚਾਹੀਦਾ ਹੈ। ਅਤੇ ਹੁਣ ਐਸ.ਜੀ.ਪੀ.ਸੀ.  ਨੇ ਵੀ ਮੁੜ ਤੋਂ ਇਸ ਜ਼ਰੂਰਤ ਨੂੰ ਨਜ਼ਰ ਅੰਦਾਜ਼ ਕਰ ਕੇ ਇਸ ਕਾਰਜ ਵਾਸਤੇ ਬਜਟ ਵਿਚ ਇਕ ਨਵਾਂ ਪੈਸਾ ਵੀ ਨਹੀਂ ਰਖਿਆ। ਸਿਫ਼ਰ! ਤੇ ਸਿੱਖ ਨੌਜੁਆਨਾਂ ਨੂੰ ਉੱਚ ਡਿਗਰੀਆਂ ਵਾਸਤੇ 1 ਕਰੋੜ 70 ਲੱਖ ਰੱਖ ਕੇ, ਉਨ੍ਹਾਂ ਨੇ ਸੰਕੇਤ ਦਿਤਾ ਹੈ ਕਿ ਉਹ ਜਾਂ ਤਾਂ ਸਿੱਖ ਨੌਜੁਆਨਾਂ ਨੂੰ ਵਰਲਡ ਬੈਂਕ ਦੇ ਨਵੇਂ ਸਿੱਖ ਸੀ.ਈ.ਓ. ਅਜੇ ਸਿੰਘ ਬਾਂਗਾ ਵਰਗੇ ਬਣਾਉਣਾ ਨਹੀਂ ਚਾਹੁੰਦੇ ਜਾਂ ਇਸ ਬਾਰੇ ਸਮਝ ਬੂਝ ਹੀ ਨਹੀਂ ਰਖਦੇ।

 

ਯਹੂਦੀਆਂ ਦੀ ਨਸਲਕੁਸ਼ੀ ਤੋਂ ਬਾਅਦ ਉਨ੍ਹਾਂ ਨੇ ਤੈਅ ਕੀਤਾ ਕਿ ਜਿਹੜਾ ਵੀ ਗ਼ਰੀਬ ਯਹੂਦੀ ਉੱਚ ਸਿਖਿਆ ਪ੍ਰਾਪਤ ਕਰਨਾ ਚਾਹੁੰਦਾ ਹੈ, ਉਸ ਦਾ ਸਾਰਾ ਖ਼ਰਚਾ ਅਮੀਰ ਯਹੂਦੀਆਂ ਦੀ ਮਦਦ ਨਾਲ ਉਨ੍ਹਾਂ ਦੀ ਧਾਰਮਕ ਸੰਸਥਾ ਕਰੇਗੀ। ਜਿਥੇ ਸਿੱਖਾਂ ਕੋਲ ਇਕ ਅਜੇ ਬਾਂਗਾ ਹੈ, ਯਹੂਦੀਆਂ ਕੋਲ (ਜਿਨ੍ਹਾਂ ਦੀ ਆਬਾਦੀ ਸਿੱਖਾਂ ਤੋਂ ਵੀ ਘੱਟ ਹੈ)  ਸੈਂਕੜੇ ਹਨ। ਪਰ ਇਸ ਤਰ੍ਹਾਂ ਦੀ ਪੜ੍ਹਾਈ ਵਾਸਤੇ ਇਕ ਵਿਦਿਆਰਥੀ ਉਤੇ ਸਾਲਾਨਾ ਇਕ ਕਰੋੜ ਲਗਦਾ ਹੈ। ਕੀ ਐਸ.ਜੀ.ਪੀ.ਸੀ. ਦੇ ਬਜਟ ਵਿਚ 10 ਸਿੱਖ ਨੌਜੁਆਨਾਂ ਦੀ ਸਿਖਲਾਈ ਕਰਵਾਉਣ ਦੀ ਵੀ ਹਿੰਮਤ ਨਹੀਂ? ਜਿਹੜੀਆਂ ਵਿਦਿਅਕ ਸੰਸਥਾਵਾਂ ਸ਼੍ਰੋਮਣੀ ਕਮੇਟੀ ਵਲੋਂ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਬਾਰੇ ਵੀ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ ਕਿ ਟੀਚਰਾਂ ਨੂੰ ਤਨਖ਼ਾਹਾਂ ਸਮੇਂ ਸਿਰ ਨਹੀਂ ਮਿਲ ਰਹੀਆਂ।

 

ਜੇ ਅੱਜ ਸ਼ੁਰੂਆਤ ਹੁੰਦੀ ਹੈ ਤਾਂ 5 ਸਾਲ ਵਿਚ 50 ਨੌਜੁਆਨ ਆਉਣ ਵਾਲੇ ਸਮੇਂ ਦੇ ਅਜੇ ਸਿੰਘ ਬਾਂਗਾ ਬਣ ਸਕਦੇ ਹਨ। ਜਿਥੇ ਸਾਰੇ ਚਿੰਤਿਤ ਹਨ ਕਿ ਸਿੱਖ ਆਬਾਦੀ ਧਰਮ ਪਰਿਵਰਤਨ ਦੇ ਰਾਹ ਪੈ ਗਈ ਹੈ ਜਿਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਇਕ ਹੋਰ ਧਰਮ ਵਾਲਿਆਂ ਕੋਲੋਂ ਵਧੀਆ ਪ੍ਰਚਾਰ ਦੇ ਨਾਲ ਨਾਲ ਬਰਾਬਰੀ ਦਾ ਅਹਿਸਾਸ, ਆਰਥਕ ਮਦਦ, ਵਧੀਆ ਸਿਹਤ ਤੇ ਸਿਖਿਆ ਸਹੂਲਤਾਂ ਮਿਲ ਰਹੀਆਂ ਹਨ। ਐਸ.ਜੀ.ਪੀ.ਸੀ. ਨੇ ਇਸ ਵਾਸਤੇ ਬਜਟ ਵਿਚ 2-3 ਕਰੋੜ ਦੀ ਰਾਸ਼ੀ ਰੱਖੀ ਹੈ। ਅੱਜ ਇਸ ਦੀ ਜ਼ਰੂਰਤ ਸੱਭ ਤੋਂ ਵੱਧ ਪੰਜਾਬ ਵਿਚ ਹੈ ਪਰ ਐਸ.ਜੀ.ਪੀ.ਸੀ. ਨੇ 7.9 ਕਰੋੜ ਵਿਦੇਸ਼ਾਂ ਵਿਚ ਪ੍ਰਚਾਰ ਲਈ ਤੇ 3.70 ਕਰੋੜ ਬਾਕੀ ਸੂਬਿਆਂ ਵਿਚ ਪ੍ਰਚਾਰ ਲਈ ਰਖਿਆ ਹੈ।

 

ਪਿਛਲਾ ਰੀਕਾਰਡ ਇਹੀ ਹੈ ਕਿ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਉਤੇ ਹੋਇਆ ਖ਼ਰਚਾ ਵਿਖਾ ਸਕਦੀ ਹੈ ਵੱਡੇ ਤੇ ਮਹਿੰਗੇ (ਕਰੋੜਾਂ ਦੇ) ਪੰਡਾਲ ਖੜੇ ਵਿਖਾ ਸਕਦੀ ਹੈ ਪਰ ਸਿੱਖੀ ਲਈ ਕੀਤੀਆਂ ਪ੍ਰਾਪਤੀਆਂ ਨਹੀਂ ਵਿਖਾ ਸਕਦੀ। ਇਹ ਜ਼ਰੂਰ ਸਿਫ਼ਤ ਕਰਨੀ ਪਵੇਗੀ ਕਿ ਇਸ ਵਾਰ ਬੰਦੀ ਸਿੰਘਾਂ ਦੀ ਕਾਨੂੰਨੀ ਲੜਾਈ ਵਾਸਤੇ ਪੈਸਾ ਰਖਿਆ ਗਿਆ ਹੈ ਤੇ ਮੁਕਾਬਲੇ ਦੇ ਵੱਡੇ ਇਮਤਿਹਾਨਾਂ ਲਈ ਕੋਚਿੰਗ ਸੈਂਟਰ ਖੋਲ੍ਹਣ ਬਾਰੇ ਗੱਲ ਵੀ ਕੀਤੀ ਗਈ ਹੈ। 25 ਕਰੋੜ ਦੀ ਰਕਮ ਦਰਬਾਰ ਸਾਹਿਬ ਦੀਆਂ ਸਰਾਵਾਂ  ਨੂੰ ਬਿਹਤਰ ਬਣਾਉਣ ਲਈ ਵੀ ਰਖੀ ਗਈ ਹੈ।

ਇਸ ਬਜਟ ਨੂੰ ਵੇਖ ਕੇ ਡਾਢੀ ਨਿਰਾਸ਼ਾ ਹੋਈ ਹੈ ਕਿਉਂਕਿ ਇਸ ਵਿਚ ਸਿੱਖ ਫ਼ਲਸਫ਼ੇ ਦਾ ਪ੍ਰਚਾਰ, ਪ੍ਰਸਾਰ ਕਰਨ ਤੇ ਅੱਜ ਦੇ ਸੰਕਟਾਂ ਨਾਲ ਨਜਿੱਠਣ ਦੀ ਸੋਚ ਨਜ਼ਰ ਨਹੀਂ ਆ ਰਹੀ। ਸੋਚ ਕੁੱਝ ਪ੍ਰਵਾਰਾਂ ਦੇ ਫ਼ਾਇਦੇ ਅਤੇ ਇਮਾਰਤਾਂ ਤੇ ਸੰਗਮਰਮਰ ਲਗਾਉਣ ਤੇ ਹਟਾਉਣ ਦੀ ਲੋੜ ਤਕ ਸੀਮਤ ਹੈ। ਜੇ ਸਿੱਖ ਨੌਜੁਆਨ ਹੀ ਦੂਰ ਹੋ ਗਏ ਜਾਂ ਸਿੱਖ ਧਰਮ ਪਰਿਵਰਤਨ ਹੀ ਕਰਦੇ ਰਹੇ ਤਾਂ ਇਹਨਾਂ ਇਮਾਰਤਾਂ ਦਾ ਕੀ ਫ਼ਾਇਦਾ?    - ਨਿਮਰਤ ਕੌਰ