ਔਰਤ ਨੂੰ ਅਹਿਸਾਸ ਕਰਵਾਇਆ ਜਾ ਰਿਹੈ ਕਿ ਉਹ ਮਰਦ ਦੇ ਪਿੰਜਰੇ ਵਿਚ ਰਹਿਣ ਜੋਗੀ ਹੀ ਹੈ, ਆਜ਼ਾਦ ਹਵਾਵਾਂ ’ਚ ਉਡਣ ਦਾ ਯਤਨ ਨਾ ਕਰੇ...

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਸੰਪਾਦਕੀ

ਪਹਿਲਵਾਨਣਾਂ ਨੇ ਅਪਣੇ ਨਾਲ ਹੋ ਰਹੇ ਸ਼ੋਸ਼ਣ ਬਾਰੇ ਜਦ ਆਵਾਜ਼ ਚੁਕੀ ਤਾਂ ਉਨ੍ਹਾਂ ਨੂੰ ਅਪਣੇ ਓਲੰਪਿਕ ਤਗ਼ਮਿਆਂ ਦੀ ਸ਼ਾਨ ਕਿਸੇ ਸਿਆਸਤਦਾਨ ਤੋਂ ਕਿਤੇ ਵੱਡੀ ਜਾਪਦੀ ਸੀ

photo

 

ਜਿਸ ਦਿਨ ਦੇਸ਼ ਵਿਚ ਨਵੇਂ ਸਦਨ ਦਾ ਉਦਘਾਟਨ ਹੋ ਰਿਹਾ ਸੀ, ਉਸ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪੁਲਿਸ ਵਲੋਂ ਔਰਤਾਂ ਨੂੰ ਸੜਕਾਂ ’ਤੇ ਘਸੀਟਿਆ ਜਾ ਰਿਹਾ ਸੀ ਤੇ ਦੂਜੇ ਪਾਸੇ ਦਿੱਲੀ ਵਿਚ ਹੀ ਇਕ 16 ਸਾਲ ਦੀ ਬੱਚੀ ਦਾ ਬੇਰਹਿਮੀ ਨਾਲ ਕਤਲ ਹੋ ਰਿਹਾ ਸੀ। ਦੇਸ਼ ਦੇ ਸੱਭ ਤੋਂ ਉੱਚੇ ਅਹੁਦੇ ’ਤੇ ਬੈਠੀ ਬੇਟੀ ਨੂੰ ਤਾਂ ਉਸ ਦੀ ਜਾਤ ਕਾਰਨ ਨਵੀਂ ਪਾਰਲੀਮੈਂਟ ਦੇ ਉਦਘਾਟਨੀ ਸਮਾਰੋਹ ਵਿਚ ਸੱਦਿਆ ਵੀ ਨਹੀਂ ਗਿਆ ਸੀ।

ਬੇਟੀਆਂ ਨਾਲ ਤਾਂ ਇਸ ਤਰ੍ਹਾਂ ਹੁੰਦਾ ਹੀ ਆ ਰਿਹਾ ਸੀ। ਪਰ ਉਹ ਸੱਭ ਘਰ ਦੀ ਚਾਰ ਦੀਵਾਰੀ ਅੰਦਰ ਬੈਠੀਆਂ ਬੇਟੀਆਂ ਨਾਲ ਹੁੰਦਾ ਸੀ। ਔਰਤਾਂ ਦੀ ਲੜਾਈ ਇਹੀ ਚਲਦੀ ਰਹੀ ਕਿ ਉਹ ਕਿਸ ਤਰ੍ਹਾਂ ਸਾਹਸ ਜੁਟਾਉਣ ਤੇ ਚਾਰ ਦੀਵਾਰੀ ’ਚੋਂ ਬਾਹਰ ਨਿਕਲ ਕੇ ਆਜ਼ਾਦ ਹੋਣ ਦਾ ਅਹਿਸਾਸ ਤਾਂ ਕਰਨ ਤਾਕਿ ਉਨ੍ਹਾਂ ਦੀ ਆਵਾਜ਼ ਸੁਣ ਕੇ ਸਾਰਾ ਸਮਾਜ ਜਾਗ ਕੇ ਉਹਨਾਂ ਨਾਲ ਖੜਾ ਹੋ ਜਾਵੇ। ਪਹਿਲਵਾਨਣਾਂ ਨੇ ਅਪਣੇ ਨਾਲ ਹੋ ਰਹੇ ਸ਼ੋਸ਼ਣ ਬਾਰੇ ਜਦ ਆਵਾਜ਼ ਚੁਕੀ ਤਾਂ ਉਨ੍ਹਾਂ ਨੂੰ ਅਪਣੇ ਓਲੰਪਿਕ ਤਗ਼ਮਿਆਂ ਦੀ ਸ਼ਾਨ ਕਿਸੇ ਸਿਆਸਤਦਾਨ ਤੋਂ ਕਿਤੇ ਵੱਡੀ ਜਾਪਦੀ ਸੀ। ਉਨ੍ਹਾਂ ਸੋਚਿਆ ਕਿ ਅਸੀ ਤਾਂ ਦੇਸ਼ ਨੂੰ ਅੰਤਰਰਾਸ਼ਟਰੀ ਮੈਡਲ ਦਿਵਾਏ ਹਨ, ਦੇਸ਼ ਸਾਨੂੰ ਜ਼ਿਆਦਾ ਪਿਆਰ ਕਰਦਾ ਹੈ। ਜੰਤਰ ਮੰਤਰ ’ਤੇ ਬੈਠੀਆਂ ਨੂੰ ਸੱਚ ਸਮਝ ਆ ਗਿਆ ਜਦ ਉਨ੍ਹਾਂ ਨੂੰ ਘਸੀਟ ਕੇ ਸੜਕਾਂ ਸਾਫ਼ ਕਰ ਦਿਤੀਆਂ ਤੇ ਨਾਲ ਹੀ ਦਿੱਲੀ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਵਲੋਂ ਕਿਹਾ ਗਿਆ ਕਿ ਲੋੜ ਪਈ ਤਾਂ ਗੋਲੀ ਵੀ ਚਲੇਗੀ।

ਦੂਜੇ ਪਾਸੇ ਇਕ 16 ਸਾਲ ਦੀ ਲੜਕੀ ਦਾ ਸਰੇ ਬਾਜ਼ਾਰ ਕਤਲ ਹੋ ਗਿਆ। 16 ਵਾਰ ਛੁਰਾ ਖੋਭਿਆ ਗਿਆ, ਸਿਰ ਦੀਵਾਰ ’ਤੇ ਪਟਕ-ਪਟਕ ਮਾਰਿਆ ਤੇ ਲੋਕ ਵੇਖਦੇ ਰਹੇ। ਇਕ ਨੌਜੁਆਨ ਚਲਦਾ ਚਲਦਾ ਰੁਕਦਾ ਹੈ, ਕੁੱਝ ਸਮਾਂ ਦੇਖਦਾ ਰਹਿੰਦਾ ਹੈ ਤੇ ਫਿਰ ਚਲਦਾ ਬਣਦਾ ਹੈ। ਤੇ 16 ਸਾਲ ਦੀ ਉਸ ਬੇਟੀ ਦਾ ਸਰੀਰ ਵੀ ਢਕਿਆ ਹੋਇਆ ਸੀ। ਉਸ ਸਿਰਫਿਰੇ ਆਸ਼ਕ ਦਾ ਦਿਲ ਉਸ ਉਤੇ ਆ ਗਿਆ ਸੀ ਪਰ ਲੜਕੀ ਮੰਨਦੀ ਨਹੀਂ ਸੀ। ‘ਨਹੀਂ ਮੰਨਦੀ ਤਾਂ ਮਾਰ ਦੇਵੋ’ ਦੀ ਸੋਚ ਆਈ ਤੇ ਸਰੇ ਬਾਜ਼ਾਰ ਮਾਰ ਦਿਤੀ।

ਰਾਸ਼ਟਰਪਤੀ ਦਰੋਪਤੀ ਮੁਰਮੂ ਨੂੰ ਨਵੇਂ ਸੰਸਦ ਦੇ ਉਦਘਾਟਨ ਸਮਾਗਮ ਵਿਚ ਬੁਲਾਇਆ ਹੀ ਨਾ ਗਿਆ ਕਿਉਂਕਿ ਸ਼ਾਇਦ ਕੁੱਝ ‘ਮਹਾਨ ਮਰਦਾਂ’ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜ਼ਾਤ ਕਾਰਨ, ਵਾਤਾਵਰਣ ਸ਼ੁਧ ਨਹੀਂ ਰਹਿ ਜਾਂਦਾ। ਪਰ ਉਨ੍ਹਾਂ ਨੇ ਵੀ ਉਫ਼ ਤਕ ਨਾ ਕੀਤੀ। ਕੁੱਝ ਵਿਰੋਧੀ ਆਵਾਜ਼ਾਂ ਉਠੀਆਂ ਪਰ ਉਹ ਸ਼ੋਰ ਨਾ ਮਚ ਸਕਿਆ ਕਿਉਂਕਿ ਅਸਲ ਵਿਚ ਮਰਦ ਸਮਾਜ ਚਾਹੁੰਦਾ ਹੀ ਨਹੀਂ ਕਿ ਔਰਤ ਬਾਹਰ ਆ ਕੇ ਬਰਾਬਰ ਦੇ ਹੱਕ ਮੰਗੇ। ਨੌਕਰੀ ਪੇਸ਼ਾ ਯੁਗ ਵਿਚ, ਜਦ ਤਕ ਔਰਤਾਂ ਪੈਸੇ ਕਮਾ ਕੇ ਘਰ ਲਿਆਉਂਦੀਆਂ ਹਨ ਤੇ ਜਦ ਤਕ ਪੜ੍ਹ ਲਿਖ ਕੇ ਉਹ ਅੱਵਲ ਨੰਬਰ ’ਤੇ ਆਉਂਦੀਆਂ ਰਹਿੰਦੀਆਂ ਹਨ, ਤਦ ਤਕ ਤਾਂ ਉਹ ਕਾਬਲੇ ਬਰਦਾਸ਼ਤ ਹਨ ਪਰ ਜਦ ਉਹ ਅਪਣੇ ਹਿੱਸੇ ਦਾ ਹੱਕ ਮੰਗਦੀਆਂ ਹਨ ਤਾਂ ਉਹ ਸ਼ਾਇਦ ਲਛਮਣ ਰੇਖਾ ਨੂੰ ਪਾਰ ਕਰਨ ਲਗਦੀਆਂ ਹਨ। 

ਉਹੀ ਔਰਤਾਂ ਜਿਵੇਂ ਪੀਟੀ ਊਸ਼ਾ, ਜਿਵੇਂ ਸਾਡੇ ਰਾਸ਼ਟਰਪਤੀ ਤੇ ਜਿਵੇਂ ਸਿਮਰਤੀ ਇਰਾਨੀ ਵੀ ਉਦੋਂ ਤਕ ਹੀ ਬਰਦਾਸ਼ਤ ਹੁੰਦੀਆਂ ਹਨ ਜਦ ਤਕ ਉਹ ਉਹੀ ਗੱਲਾਂ ਉਚਰਦੀਆਂ ਹਨ ਜੋ ਮਰਦ ਨੂੰ ਉਸ ਦੀ ਥਾਂ ਤੋਂ ਹੇਠਾਂ ਕਰ ਕੇ ਨਹੀਂ ਵਿਖਾਉਂਦੀਆਂ। ਬ੍ਰਿਜ ਭੂਸ਼ਨ ਜਿਸ ’ਤੇ ਪਹਿਲਵਾਨਾਂ ਵਲੋਂ ਬੜੇ ਸ਼ਰਮਨਾਕ ਇਲਜ਼ਾਮ ਲਗਾਏ ਗਏ ਹਨ, ਆਰਾਮ ਨਾਲ ਸਦਨ ਵਿਚ ਜਸ਼ਨ ਮਨਾ ਰਿਹਾ ਸੀ ਤੇ ਕਿਸੇ ਮਹਿਲਾ ਮੰਤਰੀ ਨੇ ਸਾਹਸ ਨਾ ਕੀਤਾ ਕਿ ਉਸ ਦੀ ਹਾਜ਼ਰੀ ’ਤੇ ਸਵਾਲ ਵੀ ਕਰ ਸਕੇ। ਉਸ ਦੇ ਹੰਕਾਰ ਅਤੇ ਉਪਰ ਤਕ ਉਸ ਦੀ ਪਹੁੰਚ ਨੂੰ ਪੱਠੇ ਪਾਉਣ ਲਈ ਦਿੱਲੀ ਪੁਲਿਸ ਮਹਿਲਾਵਾਂ ’ਤੇ ਗੋਲੀਆਂ ਵੀ ਵਰ੍ਹਾਉਣ ਵਾਸਤੇ ਤਿਆਰ ਹੋ ਸਕਦੀ ਹੈ।

ਫਿਰ ਮਨ ਕਹਿਣ ਲਗਦਾ ਹੈ ਕਿ ਚਾਰ ਦੀਵਾਰੀ ਵਿਚ ਰਹਿਣਾ ਹੀ ਠੀਕ ਸੀ। ਅਪਣੇ ਆਪ ਨੂੰ ਹੌਸਲਾ ਦੇਣ ਲਈ ਇਕ ਆਸ ਤਾਂ ਕਾਇਮ ਰਹਿੰਦੀ ਸੀ, ਭਾਵੇਂ ਝੂਠੀ ਹੀ ਸਹੀ। ਇਸ ਸਮਾਜ ਦੇ ਸੱਚ ਸਾਹਮਣੇ ਤਾਂ ਦਿਲ ਚਕਨਾਚੂਰ ਹੋ ਜਾਂਦਾ ਹੈ ਤੇ ਫਿਰ ਦਿਲ ਇਹੀ ਆਖਦਾ ਹੈ ਕਿ ਔਰਤ ਮਾਪਿਆਂ ਦੇ ਪਿੰਜਰੇ ਵਿਚ ਕੈਦ ਰਹਿ ਕੇ ਹੀ ਸ਼ਾਇਦ ਜ਼ਿਆਦਾ ਸੁਰੱਖਿਅਤ ਹੈ। ਅਪਣਿਆਂ ਨੂੰ ਸੜਕਾਂ ’ਤੇ ਜ਼ਲੀਲ ਹੁੰਦੇ ਵੇਖਣਾ ਸੌਖਾ ਨਹੀਂ ਪਰ ਕੀਤਾ ਕੀ ਜਾਵੇ? ਔਰਤ ਦਾ ਸਤਿਕਾਰ ਕਰਨ ਵਾਲਾ ਬਾਬੇ ਨਾਨਕ ਵਰਗਾ ਕੋਈ ਹੋਰ ਆਇਆ ਹੀ ਨਹੀਂ ਪਰ ਕੀ ਉਸ ਦੀ ਸੋਚ ਸਾਰਿਆਂ ਦੀ ਸੋਚ ਬਦਲਣ ਵਾਸਤੇ ਕਾਫ਼ੀ ਹੈ?
- ਨਿਮਰਤ ਕੌਰ