ਬਾਬੇ ਨਾਨਕ ਦਾ ਨਾਂ ਲੈ ਕੇ ਰੌਲਾ ਤਾਂ ਬਹੁਤ ਚਲ ਰਿਹੈ ਪਰ ਕਿਸੇ ਤੇ ਅਸਰ ਕਿਉਂ ਨਹੀਂ ਹੋ ਰਿਹਾ? ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ¸(ਬਾਬੇ ਨਾਨਕ ਦਾ ਜਵਾਬ)

Guru Granth sahib Ji

ਸੱਭ ਕੁੱਝ ਵੇਖ ਕੇ ਬਾਬੇ ਨਾਨਕ ਨੂੰ ਇਕ ਸਵਾਲ ਪੁੱਛਣ ਨੂੰ ਜੀਅ ਕਰਦਾ ਹੈ, ਬਾਬਾ ਜੀ, ਇਸ ਭਾਰੀ ਰੌਲੇ ਰੱਪੇ ਦੇ ਬਾਵਜੂਦ ਤੁਹਾਡੇ ਸਿੱਖ ਸਮਾਜ ਉਤੇ ਤੁਹਾਡੀਆਂ ਸਿਖਿਆਵਾਂ ਦਾ ਅਸਰ ਕਿਉਂ ਨਹੀਂ ਹੋ ਰਿਹਾ? ਜਿਧਰ ਵੇਖਦਾ ਹਾਂ, ਸੱਭ ਪਾਸੇ ਸਿੱਖਾਂ ਦੇ ਚੌਧਰੀ ਹੀ ਮਲਿਕ ਭਾਗੋ ਬਣ ਕੇ ਤੁਹਾਡੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹਣ ਪਿਛੋਂ, ਭਾਈ ਲਾਲੋਆਂ ਦੀਆਂ ਜੇਬਾਂ ਵਿਚੋਂ ਪੈਸੇ ਕਢਵਾ ਕੇ ਅਪਣੀਆਂ ਤਜੌਰੀਆਂ ਭਰੀ ਜਾ ਰਹੇ ਨੇ। ਭਾਈ ਲਾਲੋਆਂ ਦੇ ਪੱਲੇ ਤਾਂ ਕੁੱਝ ਨਹੀਂ ਪੈ ਰਿਹਾ। ਗੁਰੂ ਗ੍ਰੰਥ ਸਾਹਿਬ ਨੂੰ ਸੜਕਾਂ 'ਤੇ ਘੁਮਾ ਘੁਮਾ ਕੇ ਅਰਬਾਂ ਰੁਪਏ ਇਕੱਠੇ ਕੀਤੇ ਗਏ ਨੇ।

ਕਿਸੇ ਨੂੰ ਪਤਾ ਨਹੀਂ, ਗੁਰੂ ਦੇ ਕਿਹੜੇ ਖਾਤੇ ਵਿਚ ਤੇ ਕਿਹੜੇ ਬੈਂਕ ਵਿਚ ਜਮ੍ਹਾਂ ਕਰਵਾਏ ਗਏ ਨੇ ਤੇ ਗੁਰੂ ਦੀ ਗੋਲਕ ਗ਼ਰੀਬ ਦਾ ਮੂੰਹ ਦੇ ਕਿਹੜੇ ਗ਼ਰੀਬ ਮੂੰਹ ਵਿਚ ਅਰਬਾਂ ਰੁਪਏ ਗਏ ਨੇ? ਧਰਮ ਅਸਥਾਨਾਂ ਵਿਚੋਂ ਭ੍ਰਿਸ਼ਟਾਚਾਰ, ਗੋਲਕ ਚੋਰੀ ਦੀਆਂ ਖ਼ਬਰਾਂ ਨਿਤ ਆ ਰਹੀਆਂ ਨੇ.... ਬਾਬਾ ਜੀ, ਤੁਹਾਡੀ ਸ਼ਤਾਬਦੀ ਉਤੇ ਏਨਾ ਖ਼ਰਚ ਜਾਂ ਫ਼ਜ਼ੂਲ ਖ਼ਰਚ ਕਰਨ ਮਗਰੋਂ ਵੀ ਸਿੱਖ ਇਤਿਹਾਸ ਵਿਚ ਘਸੋੜੇ ਗਏ ਝੂਠ ਨੂੰ ਵੀ ਨਹੀਂ ਕਢਿਆ ਗਿਆ, ਤੁਹਾਡੇ ਜਨਮ ਪੁਰਬ ਦੀ ਅਸਲ ਮਿਤੀ ਦੀ ਗੱਲ ਵੀ ਨਹੀਂ ਕੀਤੀ ਗਈ, ਤੁਹਾਡੇ ਨਾਂ ਨਾਲ ਜੋੜੀਆਂ ਗਈਆਂ 'ਕਰਾਮਾਤੀ' ਝੂਠੀਆਂ ਸਾਖੀਆਂ ਦਾ ਵੀ ਨਿਤਾਰਾ ਨਹੀਂ ਕੀਤਾ ਗਿਆ.... 

ਬਾਬਾ ਜੀ ਜੇ ਮੈਨੂੰ ਹੀ ਠੀਕ ਵਿਖਾਈ ਨਹੀਂ ਦੇ ਰਿਹਾ ਤਾਂ ਤੁਸੀਂ ਹੀ ਕ੍ਰਿਪਾ ਕਰੋ, ਮੈਨੂੰ ਦੱਸੋ ਇਸ ਮਹਾਨ ਰੌਲੇ ਰੱਪੇ ਤੇ ਸੜਕਾਂ 'ਤੇ ਡੁਲ੍ਹ ਡੁਲ੍ਹ ਪੈ ਰਹੀ ਤੜਕ ਭੜਕ ਤੇ ਅੰਨ੍ਹੀ ਫ਼ਜ਼ੂਲ ਖ਼ਰਚੀ ਦੇ ਬਾਵਜੂਦ ਸਮਾਜ ਵਿਚ ਚੰਗੀ ਤਬਦੀਲੀ ਤੁਹਾਨੂੰ ਵੀ ਨਜ਼ਰ ਆਈ ਹੈ ਜਾਂ ਨਹੀਂ? ਗਿਆਨ ਗੋਦੜੀ ਗੁਰਦਵਾਰੇ ਦੀ ਗੱਲ ਹੁੰਦੀ ਵੀ ਮੈਂ ਕਿਸੇ ਪਾਸਿਉਂ ਨਹੀਂ ਸੁਣੀ। ਬਾਬੇ ਨੇ ਹਮੇਸ਼ਾ ਰੱਬ ਵਲ ਇਸ਼ਾਰਾ ਕਰਦੀ ਅਪਣੀ ਉਂਗਲ ਨੂੰ ਅਪਣੀ ਰਚੀ ਬਾਣੀ ਦੀ ਇਕ ਸੱਤਰ ਵਲ ਮੋੜ ਕੇ ਮੈਨੂੰ ਪੜ੍ਹਨ ਦਾ ਇਸ਼ਾਰਾ ਕੀਤਾ। ਲਿਖਿਆ ਸੀ

''ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ''
ਮੈਨੂੰ ਜਵਾਬ ਮਿਲ ਗਿਆ। 'ਮਾਇਆ ਕੇ ਵਪਾਰੀਆਂ' ਦੇ ਹੱਥਾਂ ਵਿਚ ਜਕੜੇ ਹੋਏ ਸਮਾਜ ਨੂੰ ਉਨ੍ਹਾਂ ਨੇ ਏਨਾ ਨਸ਼ਈ ਤੇ ਭ੍ਰਿਸ਼ਟ ਬਣਾ ਦਿਤਾ ਹੈ ਕਿ ਉਹ 'ਅਤਿ ਮਲੀਨ' ਹੋ ਚੁੱਕਾ ਹੈ ਤੇ ਇਸ ਨੂੰ ਜਿੰਨਾ ਮਰਜ਼ੀ ਮਾਂਜ ਧੋ ਲਵੋ, ਇਹ ਮਲੀਨਤਾ ਖ਼ਤਮ ਨਹੀਂ ਹੋਵੇਗੀ- ਜਦ ਤਕ ਮਾਇਆ ਤੋਂ ਨਿਰਲੇਪ, ਸੱਚੇ ਧਰਮੀ, ਗੁਰਮੁਖ ਤੇ ਸਚਿਆਰ ਲੋਕ ਇਸ ਦੇ ਆਗੂ ਨਹੀਂ ਬਣਦੇ ਤੇ ਸਮਾਜ ਨੂੰ ਸਦਾ ਸਾਫ਼ ਕਰਦੇ ਰਹਿਣ ਦੀ ਜ਼ਿੰਮੇਵਾਰੀ ਨਹੀਂ ਸੰਭਾਲਦੇ।

ਇਸ ਵੇਲੇ ਦੇ ਆਗੂ ਭ੍ਰਿਸ਼ਟ ਹਨ ਅਤੇ ਮਾਇਆ, ਹਉਮੈ ਵਿਚ ਏਨੇ ਲਿਬੜੇ ਹੋਏ ਹਨ ਕਿ ਉਨ੍ਹਾਂ ਲਈ ਕੋਈ ਵੀ ਸਮਾਗਮ, ਕਿਸੇ ਆਦਰਸ਼ ਦੀ ਪ੍ਰਾਪਤੀ ਜਾਂ ਦੂਜਿਆਂ ਦੀ ਸੇਵਾ ਕਰਨ ਦਾ ਮੌਕਾ ਨਹੀਂ ਹੁੰਦਾ, ਅਪਣੀ ਮਾਇਆ ਅਤੇ ਚੌਧਰ ਵਿਚ ਹੋਰ ਵਾਧਾ ਕਰਨਾ ਹੁੰਦਾ ਹੈ ਜਿਵੇਂ ਮਲਿਕ ਭਾਗੋ ਦਾ ਭੰਡਾਰਾ ਸੀ। ਇਸ ਵਿਚ ਹਮੇਸ਼ਾ ਹੀ ਉਹ ਕਾਮਯਾਬ ਹੁੰਦੇ ਹਨ, ਹੁਣ ਵੀ ਕਾਮਯਾਬ ਰਹੇ ਹਨ ਕਿਉਂਕਿ ਅਪਣੇ ਨਾਲ ਨਾਲ ਉਨ੍ਹਾਂ ਸਮਾਜ ਨੂੰ ਵੀ ਪੂਰੀ ਤਰ੍ਹਾਂ ਭ੍ਰਿਸ਼ਟ ਕਰ ਦਿਤਾ ਹੁੰਦਾ ਹੈ ਤੇ ਕੋਈ ਇਸ ਬਾਰੇ ਬੋਲਣ ਦੀ ਹਿੰਮਤ ਵੀ ਨਹੀਂ ਕਰ ਸਕਦਾ।

ਜਿਹੜਾ ਬੋਲੇ, ਉਸ ਨੂੰ ਗਾਲਾਂ ਕਢਦੇ ਹਨ, ਡਾਂਗਾਂ ਉਲਾਰਦੇ ਹਨ ਤੇ ਦਿੱਲੀ ਦੇ ਹਾਕਮਾਂ ਨਾਲ ਛਪੀਆਂ ਅਪਣੀਆਂ ਤਸਵੀਰਾਂ ਵਿਖਾ ਕੇ ਡਰਾਉਣ ਲੱਗ ਜਾਂਦੇ ਹਨ। ਉਂਜ ਤੁਸੀ ਵੇਖ ਹੀ ਲਿਆ ਹੋਣੈ ਸੁਲਤਾਨਪੁਰ ਲੋਧੀ ਦਾ ਉਹ ਸਮਾਗਮ ਜਿਥੇ ਪ੍ਰਧਾਨ ਮੰਤਰੀ ਆਏ ਸਨ। ਦਾਅਵਾ ਇਹ ਕੀਤਾ ਜਾਂਦਾ ਰਿਹਾ ਕਿ ਉਥੇ ਕੋਈ ਸਿਆਸੀ ਗੱਲ ਨਹੀਂ ਕੀਤੀ ਜਾਵੇਗੀ ਪਰ 'ਹਾਕਮ-ਪੂਜਾ' ਤੋਂ ਲੈ ਕੇ ਕਿਹੜੀ ਸਿਆਸੀ ਗਲ ਸੀ ਜੋ ਉਥੇ ਨਾ ਕੀਤੀ ਗਈ? ਸਿਆਸਤਦਾਨਾਂ ਦੇ ਇਕੱਠ ਵਿਚ 'ਧਰਮ-ਪ੍ਰਚਾਰ' ਵਿਚਾਰਾ ਕਿਥੇ ਖੜਾ ਰਹਿ ਸਕਦਾ ਹੈ? ਬਾਬੇ ਨਾਨਕ ਵਲ ਕਿਸੇ ਦਾ ਮੁੱਖ ਨਹੀਂ ਸੀ, ਹਰ ਮੁੱਖ ਪ੍ਰਧਾਨ ਮੰਤਰੀ ਦੀ ਚਾਪਲੂਸੀ ਕਰਨ ਵਲ ਹੀ ਲੱਗਾ ਹੋਇਆ ਸੀ। ਦਿਲ ਕਰਦਾ ਸੀ, ਜਿੰਨੀ ਛੇਤੀ ਹੋ ਸਕੇ, ਬਾਬੇ ਨਾਨਕ ਪ੍ਰਤੀ ਵਿਖਾਵੇ ਦੇ ਮੋਹ ਵਾਲਾ ਨਾਟਕ ਖ਼ਤਮ ਹੋਵੇ ਤੇ ਕੋਈ ਸੱਚੀ ਗੱਲ ਵੀ ਵੇਖੀਏ ਸੁਣੀਏ!