ਅੰਗਰੇਜ਼ ਸਿੱਖਾਂ ਨੂੰ ਕੀ ਦੇਂਦਾ ਸੀ ਤੇ ਕੀ ਸੀ ਜੋ ਸਿੱਖ ਲੀਡਰਾਂ ਨੇ ਨਾ ਲਿਆ ?  (9)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਸਿੱਖਾਂ ਨੂੰ ਪਾਕਿਸਤਾਨ 'ਚ ਹੀ ਟਿਕੇ ਰਹਿਣ ਦੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰਦੇ ਸਨ ਤੇ ਮਾਸਟਰ ਤਾਰਾ ਸਿੰਘ ਨੂੰ ਵੀਸਲਾਹ ਦੇਂਦੇ ਸਨ ਕਿ ਉਹ ਕਪੂਰ ਸਿੰਘ ਦੀ ਗੱਲ ਨਾ ਸੁਣਿਆ ਕਰਨ

Sikhs

ਸ. ਕਪੂਰ ਸਿੰਘ ਅਪਣੀ ‘ਸਾਚੀ ਸਾਖੀ’ ਵਿਚ ਹੱਥ ਧੋ ਕੇ ਗਿਆਨੀ ਕਰਤਾਰ ਸਿੰਘ ਦੇ ਪਿੱਛੇ ਪਏ ਦਿਸਦੇ ਹਨ ਕਿਉਂਕਿ ਉਸ ਵੇਲੇ ਗਿਆਨੀ ਜੀ ਅਕਾਲੀ ਦਲ ਦੇ ਪ੍ਰਧਾਨ ਸਨ ਤੇ ਸ. ਕਪੂਰ ਸਿੰਘ ਦੀ ਅੰਗਰੇਜ਼-ਪ੍ਰਸਤ ਤਿਕੜੀ ਦੀ, ਸਿੱਖਾਂ ਨੂੰ ਪਾਕਿਸਤਾਨ ਵਿਚ ਹੀ ਟਿਕੇ ਰਹਿਣ ਦੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰਦੇ ਸਨ ਤੇ ਮਾਸਟਰ ਤਾਰਾ ਸਿੰਘ ਨੂੰ ਵੀ ਇਹੀ ਸਲਾਹ ਦੇਂਦੇ ਸਨ ਕਿ ਉਹ ਕਪੂਰ ਸਿੰਘ ਦੀ ਗੱਲ ਨਾ ਸੁਣਿਆ ਕਰਨ। ਸ. ਕਪੂਰ ਸਿੰਘ ਭਾਵੇਂ ਸਰਕਾਰੀ ਅਫ਼ਸਰ ਸਨ ਪਰ ਫਿਰ ਵੀ, ਸ਼ਾਇਦ  ਅੰਗਰੇਜ਼ ਸਰਕਾਰ ਦੇ ਕਹੇ ਤੇ, ਮਾ. ਤਾਰਾ ਸਿੰਘ ਦੇ ਕੰਨ ਵਿਚ ਕੁੱਝ ਨਾ ਕੁੱਝ ਕਹਿੰਦੇ ਹੀ ਰਹਿੰਦੇ ਸਨ।

ਗਿਆਨੀ ਕਰਤਾਰ ਸਿੰਘ ਨੂੰ ਡਰ ਲੱਗਾ ਰਹਿੰਦਾ ਸੀ ਕਿ ‘ਅੰਗਰੇਜ਼ ਦੇ ਪਿੱਠੂ’ ਸਿੱਖ ਪੰਥ ਨੂੰ ਪਾਕਿਸਤਾਨ ਵਿਚ ਫਸਾ ਕੇ, ਮੌਤ ਦੇ ਮੂੰਹ ਵਿਚ ਹੀ ਨਾ ਧਕੇਲ ਦੇਣ। ਸ. ਕਪੂਰ ਸਿੰਘ ਨੂੰ ਵੀ ਗਿਆਨੀ ਕਰਤਾਰ  ਸਿੰਘ ਦੇ, ਅਪਣੇ ਬਾਰੇ ਵਿਚਾਰਾਂ ਦਾ ਪਤਾ ਸੀ, ਇਸ ਲਈ ਉਨ੍ਹਾਂ ਸ਼ਿਸ਼ਟਾਚਾਰ ਦੀਆਂ ਹੱਦਾਂ ਟੱਪ ਕੇ ਵੀ ਅਤੇ ਸਾਹਿਤਕ ਮਰਿਆਦਾ ਨੂੰ ਛਿੱਕੇ ਤੇ ਟੰਗ ਕੇ ਤੇ ਪ੍ਰਸੰਗ ਤੋਂ ਬਾਹਰ ਜਾ ਕੇ ਵੀ ਜਿਥੋਂ ਕਿਧਰੋਂ ਗਿਆਨੀ ਕਰਤਾਰ ਸਿੰਘ ਵਿਰੁਧ ਕੋੋਈ ਗੱਲ ਮਿਲੀ, ਉਹ ਪੁਸਤਕ ਵਿਚ ਦਰਜ ਕਰ ਦਿਤੀ।

ਪਤਾ ਨਹੀਂ ਉਹ ਮਨ ਵਿਚ ਇਹ ਧਾਰ ਕੇ ਪੁਸਤਕ ਲਿਖਣ ਲਈ ਕਿਉਂ ਬੈਠੇ ਸਨ ਕਿ ਕਪੂਰ ਸਿੰਘ ਦੀ ਵਿਰੋਧਤਾ ਕਰਨ ਵਾਲੇ ਲੀਡਰਾਂ ਵਿਰੁਧ ਕਿਧਰੋਂ ਵੀ ਕੋਈ ਮਾੜੀ ਚੀਜ਼ ਮਿਲ ਜਾਏ ਤਾਂ ਉਹ ਉਨ੍ਹਾਂ ਦੀ ਪੁਸਤਕ ਵਿਚ ਜ਼ਰੂਰ ਛਪ ਜਾਣੀ ਚਾਹੀਦੀ ਹੈ, ਉਨ੍ਹਾਂ ਦੇ ਹੱਕ ਵਿਚ ਭਾਵੇਂ ਉਹ ਇਕ ਵੀ ਗੱਲ ਨਾ ਲਿਖਣ। ਪਤਾ ਨਹੀਂ, ਪੁਸਤਕ ਲਿਖਣ ਵੇਲੇ, ਅਜਿਹਾ ਵਤੀਰਾ ਧਾਰਨ ਕਰਨ ਵਾਲੇ ਨੂੰ ਕੁੱਝ ਲੋਕ ‘ਮਹਾਂ ਵਿਦਵਾਨ’ ਕਿਵੇਂ ਮੰਨ ਲੈਂਦੇ ਹਨ? ਅਜਿਹਾ ਲੇਖਕ ਤਾਂ ਇਕ ਸਾਧਾਰਣ ਲੇਖਕ ਅਖਵਾਉਣ ਦਾ ਵੀ ਹੱਕਦਾਰ ਨਹੀਂ ਹੋ ਸਕਦਾ। ਮਿਸਾਲ ਦੇ ਤੌਰ ਤੇ ਜਲੰਧਰ ਦੀ ਇਕ ਅਗਿਆਤ ਦੁਵਰਕੀ ਚੁਵਰਕੀ ਜਿਸ ਦਾ ਕਿਸੇ ਨੇ ਨਾਂ ਵੀ ਨਹੀਂ ਸੁਣਿਆ ਹੋਵੇਗਾ (ਅਕਾਲੀ ਰੀਪੋਰਟਰ), ਉਸ ਵਿਚੋਂ ਉਨ੍ਹਾਂ ਨੂੰ ਗਿਆਨੀ ਕਰਤਾਰ ਸਿੰਘ ਵਿਰੁਧ ਇਹ ਫ਼ਿਕਰਾ ਮਿਲ ਗਿਆ:
‘‘ਜਥੇਦਾਰ ਸੰਮਾਂ ਨੇ ਦਸਿਆ ਕਿ, ‘‘ਗਿ. ਕਰਤਾਰ ਸਿੰਘ ਮੇਰਾ ਯਾਰ ਸੀ, ਕੈਦ ਹੋਣ ਤੋਂ ਡਰਦਾ ਸੀ ਤੇ ਵਜ਼ੀਰੀ ਵਾਸਤੇ ਮਰਦਾ ਸੀ।’’

ਸ. ਕਪੂਰ ਸਿੰਘ ਨੇ ਇਹ ਗੱਲ ਕਿਸ ਸੰਦਰਭ ਵਿਚ ਦਰਜ ਕਰਨੀ ਜ਼ਰੂਰੀ ਸਮਝੀ? ਕੋਈ ਇਸ਼ਾਰਾ ਵੀ ਨਹੀਂ ਦਿਤਾ। ਬਸ ਜਿਥੋਂ ਵੀ ਕੋਈ ਗਾਲ ਕਿਸੇ ਵੱਡੇ ਅਕਾਲੀ ਲੀਡਰ ਨੂੰ ਕੱਢੀ ਹੋਈ ਮਿਲ ਗਈ, ਚੁਕ ਕੇ ਪੁਸਤਕ ਵਿਚ ਪਾ ਦਿਤੀ। ਗਿ. ਕਰਤਾਰ ਸਿੰਘ ਦੇ ਹਮਾਇਤੀ, ਜਵਾਬੀ ਹਮਲਾ ਕਰ ਕੇ, ਸ. ਕਪੂਰ ਸਿੰਘ ਤੋਂ ਉਨ੍ਹਾਂ ਦੀ ਬਹਾਦਰੀ ਤੇ ਸਿਆਣਪ ਦਾ ਸਬੂਤ ਵੀ ਮੰਗਣ ਲੱਗ ਜਾਂਦੇ ਹਨ ਪਰ ਉਸ ਬਾਰੇ ਗੱਲ ਬਾਅਦ ਵਿਚ ਕਰਾਂਗੇ। ਗਿ. ਕਰਤਾਰ ਸਿੰਘ ਦੀ ਮੌਤ ਤੋਂ ਬਾਅਦ ਜਦ ਮੁੱਖ ਮੰਤਰੀ ਗਿ. ਜ਼ੈਲ ਸਿੰਘ ਨੇ ਗਿ. ਜੀ ਦੇ ਜੱਦੀ ਇਲਾਕੇ ਵਿਚ ਇਕ ਕਾਲਜ ਦਾ ਨਾਂ ਵੀ ਗਿ. ਕਰਤਾਰ ਸਿੰਘ ਦੇ ਨਾਂ ਉਤੇ ਰੱਖ ਦਿਤਾ ਤਾਂ ਸ. ਕਪੂਰ ਸਿੰਘ ਨੇ ਲਿਖ ਦਿਤਾ ਕਿ ਗਿਆਨੀ ਤਾਂ ਕਾਂਗਰਸ ਦਾ ਚਮਚਾ ਸੀ, ਇਸੇ ਲਈ ਉਸ ਦੀ ਮੌਤ ਮਗਰੋਂ ਇਕ ਕਾਂਗਰਸੀ ਲੀਡਰ ਨੇ ਉਸ ਦਾ ਸਨਮਾਨ ਕੀਤਾ। ਉਸ ਬਾਰੇ ਵੀ ਗੱਲ ਕਰਾਂਗੇ ਪਰ ਪਹਿਲਾਂ ਸ. ਕਪੂਰ ਸਿੰਘ ਦੀ ਅੰਗਰੇਜ਼ ਪੱਖੀ ਤਿਕੜੀ ਦੇ ‘ਪਾਕਿਸਤਾਨ ਵਿਚ ਰਹਿ ਕੇ ਖ਼ਾਲਿਸਤਾਨ’ ਬਣਵਾ ਲੈਣ ਦੀ ਯੋਜਨਾ ਦਾ ਵਿਰੋਧ ਕਰਨ ਵਾਲੇ ਲੀਡਰਾਂ ਵਿਰੁਧ ਉਨ੍ਹਾਂ ਦੀ ਬੇਮਤਲਬ ਇਲਜ਼ਾਮਬਾਜ਼ੀ ਦੀਆਂ ਝਲਕਾਂ ਤਾਂ ਵੇਖ ਲਈਏ। ਅਗਲੀ ਵਾਰੀ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਦੀ ਹੈ। ਉਧਰ ਵੀ ਇਕ ਝਾਤ ਮਾਰ ਲਈਏ। 

ਮਹਾਰਾਜਾ ਯਾਦਵਿੰਦਰ ਵੀ ਚਾਹੁੰਦੇ ਸਨ ਕਿ ਆਜ਼ਾਦ ਭਾਰਤ ਵਿਚ ਸਿੱਖਾਂ ਨੂੰ ਉਹ ਕੁੱਝ ਦੇ ਦਿਤਾ ਜਾਵੇ ਜੋ ਦੇਣ ਦਾ ਨਹਿਰੂ, ਗਾਂਧੀ ਤੇ ਕਾਂਗਰਸ ਨੇ ਸਿੱਖ ਲੀਡਰਾਂ ਨਾਲ ਵਾਅਦਾ ਕੀਤਾ ਸੀ। ਪੰਜਾਬ ਵਿਚ ਬਣੀ ਗੋਪੀ ਚੰਦ ਭਾਰਗਵਾ ਦੀ ਸਰਕਾਰ ਵੀ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਦੂਜਾ ਮਾ. ਤਾਰਾ ਸਿੰਘ ਕਹਿਣ ਲੱਗ ਪਈ ਸੀ ਤੇ ਮੁੱਖ ਮੰਤਰੀ ਨੇ ਸਰਦਾਰ ਪਟੇਲ ਨੂੰ 6 ਨਵੰਬਰ, 1948 ਨੂੰ ਚਿੱਠੀ ਲਿਖੀ ਕਿ ਮਹਾਰਾਜੇ ਦੇ ‘ਪੰਥਕ ਏਜੰਡੇ’ ਨੂੰ ਰੋਕਿਆ ਜਾਵੇ ਨਹੀਂ ਤਾਂ ਪੰਜਾਬ ਸਰਕਾਰ ਵੀ ਉਨ੍ਹਾਂ ਦਾ ਸਤਿਕਾਰ ਕਰਨਾ ਭੁਲ ਜਾਵੇਗੀ ਤੇ ਅਸੈਂਬਲੀ ਵਿਚ ਵੀ ਮੈਂਬਰਾਂ ਨੂੰ ਖੁਲ੍ਹ ਦੇ ਦੇਵੇਗੀ ਕਿ ਉਹ ਜੋ ਚਾਹੁਣ ਮਹਾਰਾਜੇ ਬਾਰੇ ਬੋਲਣ ਤੇ ਕੋਈ ਲਿਹਾਜ਼ ਨਾ ਕਰਨ।

ਮਹਾਰਾਜਾ ਯਾਦਵਿੰਦਰ ਸਿੰਘ ਉਤੇ ਇਕ ਦੋਸ਼ ਇਹ ਵੀ ਲਗਾਇਆ ਗਿਆ ਕਿ ਉਨ੍ਹਾਂ ਇਕ ਪੰਥਕ ਨਾਂ ਵਾਲੀ ਸੰਸਥਾ ‘ਪੰਥਕ ਦਰਬਾਰ’ ਵੀ ਬਣਾਈ ਹੋਈ ਸੀ ਜਿਸ ਰਾਹੀਂ ਉਹ ‘ਤਾਰਾ ਸਿੰਘੀ’ (ਪੰਥਕ) ਗੱਲਾਂ ਕਰਦੇ ਰਹਿੰਦੇ ਹਨ ਤੇ ਅਕਾਲੀ ਲੀਡਰਾਂ ਨੂੰ ਰੁਪਏ ਪੈਸੇ ਦੀ ਮਦਦ ਵੀ ਦੇਂਦੇ ਰਹਿੰਦੇ ਹਨ। ਪਟੇਲ ਨੇ ਮਹਾਰਾਜੇ ਨੂੰ ਬੁਲਾਇਆ ਤੇ ਅਪਣੇ ਅੰਦਾਜ਼ ਵਿਚ ਧਮਕੀਆਂ ਵੀ ਦਿਤੀਆਂ ਤੇ ਤਾਰੀਫ਼ ਵੀ ਕੀਤੀ।

ਅਖ਼ੀਰ ਨਹਿਰੂ ਨੇ ਵਿਚ ਪੈ ਕੇ ਉਨ੍ਹਾਂ ਨੂੰ ਹਿੰਦੁਸਤਾਨ ਤੋਂ ਬਾਹਰ ਕਿਸੇ ਐਸੇ ਦੇਸ਼ ਵਿਚ (ਜਿਥੇ ਸਿੱਖ ਨਾ ਹੋਣ ਜਾਂ ਐਵੇ ਨਾਂ ਮਾਤਰ ਹੀ ਹੋਣ) ਅੰਬੈਸੇਡਰ ਬਣਾ ਕੇ ਭੇਜਣ ਦੀ ਪੇਸ਼ਕਸ਼ ਮੰਨਣ ਲਈ ਤਿਆਰ ਕਰ ਲਿਆ। ਨਹਿਰੂ ਤੇ ਪਟੇਲ ਮਹਾਰਾਜੇ ਨੂੰ ਵੀ ‘ਮਾ. ਤਾਰਾ ਸਿੰਘ ਦਾ ਹਮਾਇਤੀ’ ਹੋਣ ਕਰ ਕੇ ਨਫ਼ਰਤ ਕਰਦੇ ਸਨ ਤੇ ਪਟੇਲ ਨੇ ਅਪਣੀ 30 ਦਸੰਬਰ, 1948 ਵਾਲੀ ਚਿੱਠੀ ਵਿਚ ਇਹ ਗੱਲ ਖੁਲ੍ਹ ਕੇ ਲਿਖੀ ਵੀ ਸੀ ਪਰ ਦੂਜੇ ਮਹਾਰਾਜਿਆਂ ਦੀ ਸਾਂਝੀ ਤਾਕਤ ਵਲ ਵੇਖ ਕੇ ਉਸ ਵੇਲੇ ਕੋਈ ਬਖੇੜਾ ਨਹੀਂ ਸਨ ਕਰਨਾ ਚਾਹੁੰਦੇ, ਇਸ ਲਈ ਉਨ੍ਹਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਦਾ ਇਹ ਸੌਖਾ ਰਾਹ ਲੱਭ ਲਿਆ ਗਿਆ। 

ਪਰ ਸ. ਕਪੂਰ ਸਿੰਘ ਨੂੰ ਅਕਾਲੀ ਲੀਡਰਾਂ ਵਾਲੀਆਂ, ਮਹਾਰਾਜਾ ਪਟਿਆਲਾ ਵਿਚ ਵੀ ਨਿਰੀਆਂ ਬੁਰਾਈਆਂ ਹੀ ਬੁਰਾਈਆਂ ਨਜ਼ਰ ਆਉਂਦੀਆਂ ਹਨ ਤੇ ‘ਅਛਾਈ’ ਇਕ ਵੀ ਨਹੀਂ ਕਿਉਂਕਿ ਮਹਾਰਾਜਾ ਨੇ ਲਾਰਡ ਵੇਵਲ ਦੀ ਇਹ ਤਜਵੀਜ਼ ਮੰਨਣ ਤੋਂ ਨਾਂਹ ਕਰ ਦਿਤੀ ਸੀ ਕਿ ਪਾਕਿਸਤਾਨ ਅੰਦਰ ਰਹਿ ਕੇ ‘ਸਿੱਖ ਰਿਆਸਤਾਂ’ ਦਾ ਇਕ ਸੰਗਠਨ ਬਣਾ ਦਿਤਾ ਜਾਏ ਜਿਸ ਨੂੰ ਕਸ਼ਮੀਰ ਦੇ ਆਰਟੀਕਲ 370 ਵਰਗੇ ਅਧਿਕਾਰ ਦੇ ਦਿਤੇ ਜਾਣ।

ਮਹਾਰਾਜਾ ਪਟਿਆਲਾ ਇਸ ਗੱਲ ਬਾਰੇ ਸਪੱਸ਼ਟ ਸਨ ਕਿ ਅਜ ਦੇ ਵਾਅਦੇ ਅਨੁਸਾਰ, ਕਾਨੂੰਨ ਵੀ ਬਣਾ ਦਿਤੇ ਜਾਣ, ਤਾਂ ਵੀ ਕਲ ਬਾਰੇ ਯਕੀਨ ਨਾਲ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਭੂਤਰੀ ਹੋਈ ਬਹੁਗਿਣਤੀ ਦੀ ਸਰਕਾਰ ਕਿਸੇ ਘੱਟ ਗਿਣਤੀ ਦੀ ਆਜ਼ਾਦ ‘ਸਰਕਾਰ’ ਨੂੰ ਕਿੰਨੀ ਦੇਰ ਤਕ ਬਰਦਾਸ਼ਤ ਕਰੇਗੀ। ਕਸ਼ਮੀਰੀਆਂ ਤੋਂ ਪੁਛ ਕੇ ਵੇਖ ਲਉ।

ਅਕਾਲੀ ਲੀਡਰ ਤੇ ਮਹਾਰਾਜਾ ਪਟਿਆਲਾ ਇਸ ਗੱਲ ਨਾਲ ਸਹਿਮਤ ਸਨ ਕਿ ਅਜ ਅੰਗਰੇਜ਼ ਦੀ ਚਲਦੀ ਹੈ, ਕਲ ਨਹੀਂ ਚਲੇਗੀ ਤੇ ਜੇ ਮੁਸਲਿਮ ਲੀਗ ‘ਇਕ ਪਾਕਿਸਤਾਨ’ ਦਾ ਨਾਹਰਾ ਲਾ ਕੇ ‘ਸਿੱਖ ਰਿਆਸਤ’ ਨੂੰ ਬਾਕੀ ਦੇ ਪਾਕਿਸਤਾਨ ਦਾ ਭਾਗ ਕਹਿ ਕੇ ਤੋੜ ਦੇਵੇਗੀ ਤਾਂ ਅੰਗਰੇਜ਼  ਕੀ ਕਰ ਲਵੇਗਾ ਤੇ ਸਿੱਖ ਕੀ ਕਰ ਲੈਣਗੇ? ਸ. ਕਪੂਰ ਸਿੰਘ ਦੀ ਨਜ਼ਰ ਵਿਚ ਅੰਗਰੇਜ਼ ਏਨੇ ਮਹਾਨ ਸਨ ਤੇ ਜਿਨਾਹ, ਇਕਬਾਲ ਏਨੇ ਭਰੋਸੇਯੋਗ ਕਿ ਉਨ੍ਹਾਂ ਉਤੇ ਸ਼ੱਕ ਕਰਨ ਵਾਲੇ ਨੂੰ ਉਹ ਮੂਰਖ ਕਹਿੰਦੇ ਹਨ। (ਪੁਸਤਕ ਵਿਚ ਉਹ ਖੁਲ੍ਹ ਕੇ ਲਿਖਦੇ ਹਨ ਕਿ ਹਿੰਦੂਆਂ ਤੇ ਮੁਸਲਮਾਨਾਂ ਦੇ ਮੁਕਾਬਲੇ, ਸਿੱਖ ਤਾਂ ਮੂਰਖ ਹੀ ਹਨ)।
(ਚਲਦਾ)