‘ਸਤਿਕਾਰ’ ਦੇ ਨਾਂ ’ਤੇ ਸਿੰਧੀ ਵੀਰਾਂ ਦਾ ਅਪਮਾਨ ਕਰਨਾ ਕੀ ਜ਼ਰੂਰੀ ਸੀ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਵੈਸੇ ਜਿੰਨਾ ਸਿੰਧੀ ਸਹਿਜਧਾਰੀ ਬਾਣੀ ਦਾ ਸਤਿਕਾਰ ਕਰਦੇ ਹਨ, ਓਨਾ  ਸਤਿਕਾਰ ਕਰਦਿਆਂ ਤਾਂ ਮੈਂ ਅੰਮ੍ਰਿਤਧਾਰੀ ਸਿੱਖਾਂ ਨੂੰ ਵੀ ਨਹੀਂ ਵੇਖਿਆ

File Photo

ਪਿਛੇ ਜਹੇ ਖ਼ਬਰਾਂ ਆਈਆਂ ਕਿ ਸਿੰਧੀਆਂ ਦੇ ਘਰਾਂ ’ਚੋਂ ਸਾਡੀ ਪੰਜਾਬ ਦੀ ‘ਸਤਿਕਾਰ ਕਮੇਟੀ’ ਨੇ ਗੁਰੂ ਗ੍ਰੰਥ ਸਾਹਿਬ ਦੇ 92 ਸਰੂਪ ਇਹ ਕਹਿ ਕੇ ਚੁਕਵਾ ਦਿਤੇ ਕਿ ਉਨ੍ਹਾਂ ਘਰਾਂ ਵਿਚ ‘ਮਰਿਆਦਾ ਅਨੁਸਾਰ’ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ ਸੀ ਕੀਤਾ ਜਾਂਦਾ। ਕਮਾਲ ਹੈ, ਅਸੀ ‘ਸਤਿਕਾਰ’ ਦਾ ਮਤਲਬ 21ਵੀਂ ਸਦੀ ਵਿਚ ਵੀ ਬਾਹਰੀ ਦਿੱਖ ਤੋਂ ਲੈਂਦੇ ਹਾਂ, ਮਨ ਅੰਦਰ ਦੇ ਸਤਿਕਾਰ ਨੂੰ ਕੁੱਝ ਨਹੀਂ ਸਮਝਦੇ ਜਦਕਿ ਬਾਬੇ ਨਾਨਕ ਨੇ ਬਾਹਰੀ ਸਤਿਕਾਰ ਨੂੰ ਤਾਂ ‘ਭੇਖੀਆਂ ਦਾ ਆਡੰਬਰ’ ਦਸਿਆ ਸੀ। ਸਾਡੇ ਪੰਜਾਬ ਦੇ ਸਿੱਖਾਂ ਦੇ ਘਰਾਂ ਵਿਚ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੁਣ ਵਿਰਲੇ ਵਿਰਲੇ ਸਿੱਖ ਦੇ ਘਰ ਵਿਚ ਹੀ ਰਹਿ ਗਏ ਹਨ

ਪਰ ਸਿੰਧੀਆਂ ਦੇ ਲਗਭਗ ਹਰ ਘਰ ਵਿਚ ਮਿਲ ਜਾਂਦੇ ਹਨ। ਜਿਥੇ ਗੁਰੂ ਗ੍ਰੰਥ ਸਾਹਿਬ ਨਹੀਂ, ਉਥੇ ਗੁਟਕੇ ’ਚੋਂ ਹਰ ਰੋਜ਼ ਪਾਠ ਬੜੀ ਸ਼ਰਧਾ ਨਾਲ ਕੀਤਾ ਜਾਂਦਾ ਹੈ। ਉਹ ਅਪਣੇ ਵਿਆਹਾਂ ਸ਼ਾਦੀਆਂ ਤੇ ਮਠਿਆਈ ਨਹੀਂ, ਵਿਆਹ ਦੇ ਕਾਰਡ ਵੰਡਣ ਵੇਲੇ ਸਿੰਧੀ ਭਾਸ਼ਾ ਵਿਚ ਛਪੇ ਗੁਰਬਾਣੀ ਦੇ ਗੁਟਕੇ ਵੰਡਦੇ ਹਨ। ਕਿਹੜਾ ਸਿੱਖ ਇਸ ਤਰ੍ਹਾਂ ਕਰਦਾ ਹੈ? ਮੈਨੂੰ ਤਾਂ ਸਿੰਧੀਆਂ ਤੋਂ ਬਿਨਾਂ, ਕੋਈ ਸਿੱਖ ਗੁਰਬਾਣੀ ਦੇ ਗੁਟਕੇ ਅਪਣੇ ਸਮਾਗਮਾਂ ਵੇਲੇ ਵੰਡਦਾ ਨਜ਼ਰ ਨਹੀਂ ਆਇਆ। ਉਨ੍ਹਾਂ ਕੋਲੋਂ ਕੁੱਝ ਸਿੱਖਣ ਦੀ ਬਜਾਏ, ਅਸੀ ਉਨ੍ਹਾਂ ਉਤੇ ਇਹ ਦੋਸ਼ ਲਾ ਦੇਂਦੇ ਹਾਂ ਕਿ ‘ਮਰਿਆਦਾ’ ਅਨੁਸਾਰ ਸਤਿਕਾਰ ਨਹੀਂ ਕਰਦੇ ਤੇ ਉਨ੍ਹਾਂ ਨੂੰ ਅਪਣੇ ਇਸ ‘ਪਾਪ’ ਬਦਲੇ ਘਰਾਂ ਵਿਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖਣ ਦੀ ਆਗਿਆ ਦੇਣ ਨੂੰ ਵੀ ਤਿਆਰ ਨਹੀਂ। ਕਿੰਨਾ ਹਨੇਰ ਹੈ!

ਭਲਾ ਬਾਬਾ ਨਾਨਕ ਜਦ ‘ਪੋਥੀ ਸਾਹਿਬ’ ਅਰਥਾਤ ਬਾਣੀ ਦੀ ਉਹ ਪਹਿਲੀ ਪੋਥੀ ਜਿਸ ਵਿਚ ਆਪ ਹਰ ਰੋਜ਼ ਅਪਣੇ ਕਰ ਕਮਲਾਂ ਨਾਲ ਬਾਣੀ ਲਿਖਦੇ ਸਨ, ਉਸ ਨੂੰ ਲੈ ਕੇ ਯਾਤਰਾਵਾਂ ਜਾਂ ‘ਉਦਾਸੀਆਂ’ ਸਮੇਂ ਕਿਵੇਂ ਘੁੰਮਦੇ ਸਨ? ਭਾਈ ਗੁਰਦਾਸ ਜੀ ਦੀ ਮੰਨੀਏ ਤਾਂ ਆਪ ਬਾਣੀ ਨੂੰ ਸਿਰ ਤੇ ਸਜਾ ਕੇ ਨਹੀਂ ਤੇ ਰੇਸ਼ਮੀ ਰੁਮਾਲਿਆਂ ਵਿਚ ਲਪੇਟ ਕੇ ਨਹੀਂ ਸਗੋਂ ਕੱਛ ਵਿਚ ਰਖ ਕੇ ਚਲਦੇ ਸਨ : ‘‘ਆਸਾ ਹਥਿ ਕਿਤਾਬ ਕਛਿ....’’ ਕੀ ਉਹ ਧੁਰ ਕੀ ਬਾਣੀ ਦਾ ਸਤਿਕਾਰ ਨਹੀਂ ਸਨ ਕਰਦੇ? ਫਿਰ ਉਸ ਵੇਲੇ ਆਮ ਪ੍ਰਚਲਤ ਧਾਰਣਾ ਸੀ ਕਿ ‘ਧਾਰਮਕ ਸਾਹਿਤ’ ਕੇਵਲ ਦੇਵ-ਭਾਸ਼ਾ (ਬ੍ਰਾਹਮਣ ਦੀ ਗੁਪਤ ਭਾਸ਼ਾ) ਵਿਚ ਰਚਿਆ ਜਾਣਾ ਚਾਹੀਦਾ ਹੈ, ਹੋਰ ਕਿਸੇ ਭਾਸ਼ਾ ਵਿਚ ਨਹੀਂ। ਜਦ ਤੁਲਸੀ ਦਾਸ ਨੇ ‘ਰਾਮ ਚਰਿਤ ਮਾਨਸ’ ਹਿੰਦੀ ਵਿਚ ਲਿਖੀ ਤਾਂ ਬਨਾਰਸ ਦੇ ਬ੍ਰਾਹਮਣਾਂ ਨੇ ਸ਼ੋਰ ਮਚਾ ਦਿਤਾ ਕਿ ਇਹ ਤਾਂ ਬੜਾ ਪਾਪ ਕਮਾ ਦਿਤਾ ਹੈ ਤੁਲਸੀ ਦਾਸ ਨੇ ਕਿਉਂਕਿ ਸੰਸਕ੍ਰਿਤ ਤੋਂ ਇਲਾਵਾ ਬਾਕੀ ਸਾਰੀਆਂ ਭਾਸ਼ਾਵਾਂ ‘ਅਸ਼ੁਭ’ ਹਨ ਤੇ ਤੁਲਸੀ ਦਾਸ ਨੇ ਅਜਿਹਾ ਕਰ ਕੇ ਰਾਮ ਕਥਾ ਦਾ ‘ਸਤਿਕਾਰ’ ਕਾਇਮ ਨਹੀਂ ਰਖਿਆ। ਉਂਜ ਸੱਚ ਇਹ ਵੀ ਹੈ ਕਿ ਤੁਲਸੀ ਦਾਸ ਦੀ ‘ਰਾਮ ਚਰਿਤ ਮਾਨਸ’ ਨੇ ਹੀ ਰਾਮਾਇਣ ਨੂੰ ਘਰ ਘਰ ਪਹੁੰਚਾਇਆ ਜਦਕਿ ਪਹਿਲਾਂ ਇਹ ‘ਸਤਿਕਾਰੀ ਬ੍ਰਾਹਮਣਾਂ’ ਤਕ ਹੀ ਸੀਮਤ ਸੀ।

ਬਾਬੇ ਨਾਨਕ ਨੇ ਵੀ ਸੰਸਕ੍ਰਿਤ ਨੂੰ ਛੱਡ ਕੇ ਪੰਜਾਬੀ ਵਿਚ ਬਾਣੀ ਰਚੀ ਜੋ ਆਮ ਲੋਕਾਂ ਦੀ ਭਾਸ਼ਾ ਸੀ। ਪਰ ਉਸ ਵੇਲੇ ਧਾਰਮਕ ਗ੍ਰੰਥਾਂ ਦੀ ਭਾਸ਼ਾ ਨਹੀਂ ਸੀ। ਫਿਰ ਸ਼ੋਰ ਮਚਾਇਆ ਗਿਆ ਕਿ ਬਾਬੇ ਨਾਨਕ ਨੇ ਸੰਸਕ੍ਰਿਤ ਵਿਚ ਨਾ ਲਿਖ ਕੇ ਧਰਮ ਦਾ ਸਤਿਕਾਰ ਘਟਾਇਆ ਹੈ। ਬਾਬਾ ਨਾਨਕ ਨੇ ਆਮ ਲੋਕਾਂ ਨੂੰ ਹੀ ਜਾਗ੍ਰਿਤ ਕਰਨਾ ਸੀ। ਲਿਪੀ ਵੀ ਉਨ੍ਹਾਂ ਨੇ ਪੰਜਾਬੀ ਦੀ ਕੁਦਰਤੀ ਲਿਪੀ ਚੁਣੀ ਜੋ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਕਾਰਨ ਲੁਕ ਛੁਪ ਗਈ ਸੀ ਕਿਉਂਕਿ ਵਪਾਰੀਆਂ ਨੇ ਇਸ ਲਿਪੀ ਨੂੰ ਉਸ ਰੂਪ ਵਿਚ ਲਿਖਣਾ ਸ਼ੁਰੂ ਕਰ ਦਿਤਾ ਸੀ ਜਿਸ ਰੂਪ ਵਿਚ ਹਮਲਾਵਰਾਂ ਨੂੰ ‘ਗੁਪਤ ਲਿਪੀ’ ਤੋਂ ਕੁੱਝ ਪਤਾ ਹੀ ਨਾ ਲੱਗ ਸਕੇ ਕਿ ਵਪਾਰੀ ਕੋਲ ਕਿੰਨਾ ਧਨ ਮਾਲ ਹੈ। ਬਾਬੇ ਨਾਨਕ ਨੇ ਕੋਈ ਨਵੀਂ ਲਿਪੀ ਨਹੀਂ ਸੀ ਬਣਾਈ ਸਗੋਂ ਸਦੀਆਂ ਤੋਂ ਚਲੀ ਆ ਰਹੀ ਪੰਜਾਬੀ ਦੀ ਅਸਲ ਲਿਪੀ ਨੂੰ ਪੂੰਝ ਧੋ ਕੇ, ਅਸਲ ਰੂਪ ਵਿਚ ਲਿਆਂਦਾ ਜੋ ਆਮ ਲੋਕਾਂ ਨੂੰ ਸਮਝਣ ਵਿਚ ਕੋਈ ਮੁਸ਼ਕਲ ਨਾ ਆਈ।

ਬਾਣੀ ਦਾ ਪਾਠ ਘਰ ਘਰ ਵਿਚ ਹੋਣ ਲੱਗ ਪਿਆ ਕਿਉਂਕਿ ਇਸ ਦੀ, ਇਸ ਦੇ ਅਸਲ ਰੂਪ ਵਿਚ, ਲੋਕਾਂ ਨੂੰ ਝੱਟ ਸਮਝ ਆ ਗਈ। ਪੰਜਾਬ ਵਿਚ ਮੁਸਲਮਾਨ ਤੇ ਹਿੰਦੂ ਸੱਭ ਬਾਣੀ ਦਾ ਪਾਠ ਕਰਨ ਲੱਗ ਪਏ। ਜੇ ਨਵੀਂ ਲਿਪੀ ਘੜੀ ਹੁੰਦੀ (ਜਿਵੇਂ ਬ੍ਰਾਹਮਣਾਂ ਨੇ ਸੰਸਕ੍ਰਿਤ ਘੜੀ ਸੀ) ਤਾਂ ਬਾਣੀ ਇਕਦੰਮ ਘਰ ਘਰ ਵਿਚ ਨਾ ਪੜ੍ਹੀ ਜਾਣ ਲਗਦੀ ਜਿਵੇਂ ਸੰਸਕ੍ਰਿਤ ਅੱਜ ਤਕ ਲੋਕ-ਭਾਸ਼ਾ ਨਹੀਂ ਬਣ ਸਕੀ। ਪਰ ਬ੍ਰਾਹਮਣਾਂ ਨੇ ਇਹੀ ਕਿਹਾ ਕਿ ਬਾਬੇ ਨਾਨਕ ਨੇ ਸੰਸਕ੍ਰਿਤ ਵਿਚ ਨਾ ਲਿਖ ਕੇ, ਪ੍ਰਮਾਤਮਾ ਦਾ ਸਤਿਕਾਰ ਕਾਇਮ ਨਹੀਂ ਰਖਿਆ ਕਿਉਂਕਿ ਸਦੀਆਂ ਤੋਂ ਇਹੀ ਪ੍ਰੰਪਰਾ ਚਲੀ ਆ ਰਹੀ ਸੀ ਕਿ ਧਾਰਮਕ ਗ੍ਰੰਥ ਕੇਵਲ ਸੰਸਕ੍ਰਿਤ ਵਿਚ ਹੀ ਲਿਖੇ ਜਾਣੇ ਚਾਹੀਦੇ ਹਨ ਤੇ ਇਸ ਤਰ੍ਹਾਂ ਹੀ ਪ੍ਰਮਾਤਮਾ ਦਾ ਸਤਿਕਾਰ ਕਾਇਮ ਰਹਿੰਦਾ ਹੈ।

ਮੈਂ ਲੰਡਨ (ਇੰਗਲੈਂਡ) ਤੇ ਐਲ.ਏ. (ਅਮਰੀਕਾ) ਵਿਚ ਹਵਾਈ ਅੱਡਿਆਂ ਤੇ ਨੌਜੁਆਨ ਮੁੰਡਿਆਂ ਕੁੜੀਆਂ ਨੂੰ ਬਾਈਬਲ ਹੱਥਾਂ ਵਿਚ ਲਹਿਰਾ ਲਹਿਰਾ ਕੇ, ਲੋਕਾਂ ਨੂੰ ਸਸਤੀ ਕਾਪੀ ਲੈ ਲੈਣ ਲਈ ਪ੍ਰੇਰਦਿਆਂ ਵੇਖਿਆ। ਇਹੋ ਜਹੀਆਂ ਖ਼ਬਰਾਂ ਮੈਂ ਅਖ਼ਬਾਰ ਵਿਚ ਤਹਿਰਾਨ (ਈਰਾਨ) ਵਿਚ ‘ਕੁਰਾਨ’ ਦੀਆਂ ਕਾਪੀਆਂ ਸੜਕਾਂ ਉਤੇ ਵੇਚੀਆਂ ਜਾਣ ਬਾਰੇ ਵੀ ਪੜਿ੍ਹਆ। ਮੇਰੇ ਵਾਸਤੇ ਨਵੀਂ ਗੱਲ ਸੀ। ਮੈਂ ਪੁਛਿਆ, ਪਵਿੱਤਰ ਗ੍ਰੰਥਾਂ ਦਾ ਇਸ ਤਰ੍ਹਾਂ ਅਨਾਦਰ ਨਹੀਂ ਹੁੰਦਾ? ਮੈਨੂੰ ਜਵਾਬ ਮਿਲਿਆ ਕਿ ਪਵਿੱਤਰ ਗ੍ਰੰਥਾਂ ਦਾ ਸੱਭ ਤੋਂ ਵਧੀਆ ਸਤਿਕਾਰ ਇਹੀ ਹੈ ਕਿ ਇਨ੍ਹਾਂ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਇਆ ਜਾਏ।

ਇਹੀ ਤਾਂ ਸਿੰਧੀ ਵੀਰ ਕਰਦੇ ਹਨ। ਸੱਚ ਪੁੱਛੋ ਤਾਂ ਅੱਜ ਦੇ ਕੱਟੜਤਾ ਮਾਰੇ ਸਿੱਖ ਨਾ ਤਾਂ ਬਾਬੇ ਨਾਨਕ ਤੋਂ ਕੁੱਝ ਸਿਖਦੇ ਹਨ, ਨਾ ਦੁਨੀਆਂ ਤੋਂ। ਉਹ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਤੋਂ ਉਠਾ ਦੇਂਦੇ ਹਨ ਕਿਉਂਕਿ ਜਥੇਦਾਰ ਨੇ ਕਛਹਿਰੇ ਉਪਰ ਪਜਾਮਾ ਪਾਇਆ ਹੋਇਆ ਸੀ ਤੇ ਉਨ੍ਹਾਂ ਦੀ ਮਰਿਆਦਾ ਕਹਿੰਦੀ ਹੈ ਕਿ ਇਹ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਨਹੀਂ, ਸਤਿਕਾਰ ਤਾਂ ਹੀ ਹੁੰਦਾ ਹੈ ਜੇ ਕੇਵਲ ਕਛਹਿਰਾ ਪਾ ਕੇ ਤਾਬਿਆ ਬੈਠਿਆ ਜਾਵੇ। ਅਸਲ ਵਿਚ ਇਹ ਬ੍ਰਾਹਮਣੀ ਮਰਿਆਦਾ ਹੈ ਜਿਸ ਨੂੰ ਬਾਬੇ ਨਾਨਕ ਨੇ ਹੀ ਰੱਦ ਕਰ ਦਿਤਾ ਸੀ। ਅਗਲੇ ਹਫ਼ਤੇ ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਾਂਗੇ। ਮਕਸਦ ਇਹੀ ਦਸਣਾ ਹੈ ਕਿ ‘ਸਤਿਕਾਰ’ ਪ੍ਰਗਟ ਕਰਨ ਦਾ ਇਕ ਤਰੀਕਾ ਹੀ ਅੰਤਮ ਨਹੀਂ ਮੰਨ ਲਿਆ ਜਾਣਾ ਚਾਹੀਦਾ ਤੇ ਧੱਕੇ ਨਾਲ ਅਪਣੀ ਮਰਿਆਦਾ ਨਹੀਂ ਥੋਪੀ ਜਾਣੀ ਚਾਹੀਦੀ। ਕੀ ਸਾਰੇ ਗੁਰਦਵਾਰਿਆਂ ਵਿਚ ਇਕ ਮਰਿਆਦਾ ਲਾਗੂ ਹੈ? 
(ਚਲਦਾ)