ਸੜਕਾਂ ਤੇ ਗੁਰੂ ਗ੍ਰੰਥ, ਸੋਨੇ ਦੀਆਂ ਪਾਲਕੀਆਂ ਤੇ ਸਰੋਵਰ ਵਿਚ ਦੀਵੇ! (4)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਇਕ ਤੋਂ ਬਾਅਦ ਦੂਜੀ ਹਿੰਦੂ ਰੀਤ, ਬਾਬੇ ਨਾਨਕ ਦਾ ਜਨਮ-ਪੁਰਬ ਮਨਾਉਣ ਦੇ ਬਹਾਨੇ ਸਿੱਖੀ ਵਿਚ ਘਸੋੜੀ ਜਾ ਰਹੀ ਹੈ!!

Guru Granth Sahib Ji

ਤੁਸੀਂ ਸੁਣਿਆ ਹੀ ਹੋਵੇਗਾ, ਹਿੰਦੁਸਤਾਨ ਨੂੰ ਕਿਸੇ ਸਮੇਂ 'ਸੋਨੇ ਦੀ ਚਿੜੀ' ਕਿਹਾ ਜਾਂਦਾ ਸੀ। ਕੀ ਉਸ ਸਮੇਂ ਹਿੰਦੁਸਤਾਨ ਦੇ ਲੋਕ ਬਹੁਤ ਅਮੀਰ ਸਨ? ਬਿਲਕੁਲ ਨਹੀਂ, ਬਿਲਕੁਲ ਨਹੀਂ। ਅਤਿ ਦੀ ਗ਼ਰੀਬੀ ਦੇ ਬਾਵਜੂਦ ਫਿਰ ਇਸ ਦਾ ਨਾਂ ਸੋਨੇ ਦੀ ਚਿੜੀ ਕਿਉਂ ਪਿਆ? ਆਉ ਸੁਣਾਵਾਂ ਸੱਚੀ ਕਹਾਣੀ। ਹਿੰਦੁਸਤਾਨ ਦੇ ਰਾਜਿਆਂ ਨੇ, ਪੁਜਾਰੀਆਂ ਨਾਲ ਰਲ ਕੇ ਇਕ ਨਵੀਂ ਯੋਜਨਾ ਘੜੀ। ਰਾਜਿਆਂ ਨੇ ਗ਼ਰੀਬਾਂ ਤੋਂ ਲੁੱਟੇ ਮਾਲ ਨੂੰ ਜੌਹਰੀਆਂ ਦੀ ਮਦਦ ਨਾਲ ਸੋਨੇ ਵਿਚ ਤਬਦੀਲ ਕਰ ਲਿਆ। ਵੱਡੇ ਭੰਡਾਰ ਇਕੱਠੇ ਹੋ ਗਏ। ਹੁਣ ਇਨ੍ਹਾ ਸੋਨ-ਭੰਡਾਰਾਂ ਦੀ ਸੁਰੱਖਿਆ ਦਾ ਪ੍ਰਸ਼ਨ ਉਠ ਖੜਾ ਹੋਇਆ।

ਬ੍ਰਾਹਮਣ ਨੇ ਪੇਸ਼ਕਸ਼ ਕੀਤੀ ਕਿ ਕਿਸੇ ਦੇਵਤੇ ਦੇ ਨਾਂ 'ਤੇ ਵੱਡਾ ਮੰਦਰ ਬਣਾ ਦਿਤਾ ਜਾਏ ਜਿਸ ਦੇ ਆਸ ਪਾਸ ਸਰੋਵਰ ਹੋਵੇ ਤੇ ਮੰਦਰ ਵਿਚ ਤਹਿਖ਼ਾਨੇ ਹੋਣ। ਰਾਜਾ ਅਪਣਾ ਸਾਰਾ ਸੋਨਾ, ਹੀਰੇ ਮੋਤੀ, ਉਸ ਮੰਦਰ ਵਿਚ ਰੱਖ ਕੇ ਐਲਾਨ ਕਰ ਦੇਵੇ ਕਿ ਇਹ ਸਾਰੀ ਦੌਲਤ ਦੇਵਤੇ ਦੀ ਹੈ ਤੇ ਕਿਸੇ ਨੂੰ ਵੀ ਇਸ ਵਲ ਅੱਖ ਚੁਕ ਕੇ ਨਹੀਂ ਵੇਖਣਾ ਚਾਹੀਦਾ ਨਹੀਂ ਤਾਂ ਉਸ ਦਾ ਸਰਵਨਾਸ਼ ਹੋ ਜਾਏਗਾ। ਇਹ ਤਜਰਬਾ ਕਾਮਯਾਬ ਰਿਹਾ ਤੇ ਚੋਰ ਡਾਕੂ ਵੀ ਡਰਦੇ ਮਾਰੇ ਮੰਦਰ ਵਿਚ ਪਈ ਦੌਲਤ ਵਲ ਨਜ਼ਰ ਪੁਟ ਕੇ ਨਾ ਵੇਖਦੇ। ਰਾਜਾ, ਜਦੋਂ ਜੋ ਚਾਹੁੰਦਾ, ਕੱਢ ਲੈਂਦਾ। ਬ੍ਰਾਹਮਣ ਪੁਜਾਰੀ ਤਾਂ ਉਸ ਦੇ ਸੇਵਕ ਸਨ।

ਹੌਲੀ ਹੌਲੀ ਹਰ ਰਾਜੇ ਨੇ ਅਪਣੀ ਦੌਲਤ ਨੂੰ ਸੁਰੱਖਿਅਤ ਰੱਖਣ ਦਾ ਇਹ ਢੰਗ ਅਪਨਾ ਲਿਆ। ਹਿੰਦੁਸਤਾਨ ਦੇ ਕੋਨੇ ਕੋਨੇ ਵਿਚ ਵੱਡੇ ਮੰਦਰ ਉਸਰ ਗਏ ਜੋ ਸੋਨੇ, ਚਾਂਦੀ ਤੇ ਹੀਰੇ ਮੋਤੀਆਂ ਦੇ ਤਹਿਖ਼ਾਨੇ ਹੀ ਸਨ ਤੇ ਅੱਜ ਵੀ ਹਨ। ਵਿਦੇਸ਼ੀ ਲੁਟੇਰਿਆਂ ਨੇ ਸੂਹ ਲਾ ਲਈ ਕਿ ਇਕ ਇਕ ਮੰਦਰ ਵਿਚ ਅਰਬਾਂ ਦਾ ਸੋਨਾ ਪਿਆ ਹੈ। ਇਹ ਗੱਲ ਉਨ੍ਹਾਂ ਲਈ ਅਸਲੋਂ ਨਵੀਂ ਸੀ। ਉਨ੍ਹਾਂ ਨੇ ਮੰਦਰਾਂ ਤੇ ਹਮਲੇ ਕਰ ਕੇ ਤਸਦੀਕ ਵੀ ਕਰ ਲਈ ਤੇ ਕਹਿਣ ਲੱਗ ਪਏ ਕਿ 'ਹਿੰਦੁਸਤਾਨ ਤਾਂ ਸੋਨੇ ਦੀ ਚਿੜੀ ਹੈ' ਜਦਕਿ ਰਾਜਿਆਂ ਦੇ ਇਨ੍ਹਾਂ ਮੰਦਰ ਰੂਪੀ ਭੰਡਾਰਾਂ ਤੋਂ ਬਾਹਰ ਤਾਂ ਗ਼ਰੀਬੀ ਹੀ ਗ਼ਰੀਬੀ ਸੀ।

ਪੱਕਾ ਮਕਾਨ ਤਾਂ ਕਿਸੇ ਕੋਲ ਵੀ ਨਹੀਂ ਸੀ ਹੁੰਦਾ, 100-150 ਸਾਲ ਪਹਿਲਾਂ ਤਕ ਵੀ ਨਹੀਂ ਸੀ ਹੁੰਦਾ! ਰਾਜਿਆਂ, ਵਜ਼ੀਰਾਂ ਰਾਜ ਦੇ ਅਹਿਲਕਾਰਾਂ ਤੇ ਰਾਜੇ ਨਾਲ ਉਠਣ ਬੈਠਣ ਵਾਲੇ ਜੌਹਰੀਆਂ ਤੇ ਜਗੀਰਦਾਰਾਂ ਆਦਿ ਦੇ ਮਕਾਨ ਹੀ ਪੱਕੇ ਹੁੰਦੇ ਸਨ, ਬਾਕੀ ਕਿਸੇ ਕੋਲ ਪੱਕਾ ਮਕਾਨ ਨਹੀਂ ਸੀ ਹੁੰਦਾ। ਸੱਭ ਝੌਂਪੜੀਆਂ ਵਿਚ ਹੀ ਰਹਿੰਦੇ ਸਨ। ਮੁਗ਼ਲ ਰਾਜ ਦੌਰਾਨ ਸ਼ਹਿਰੀ ਇਲਾਕਿਆਂ ਵਿਚ ਹਾਲਤ ਕੁੱਝ ਬਦਲੀ। ਸੋਨੇ ਦੇ ਏਨੇ ਵੱਡੇ ਭੰਡਾਰਾਂ (ਮੰਦਰਾਂ) ਦੇ ਪੁਜਾਰੀਆਂ ਨੇ ਗ਼ਰੀਬ ਲੋਕਾਂ ਨੂੰ ਪ੍ਰੇਰਿਆ ਕਿ ਉਹ ਵੀ ਦੇਵਤੇ ਨੂੰ ਖ਼ੁਸ਼ ਕਰਨ ਲਈ ਇਥੇ ਸੋਨਾ ਚਾਂਦੀ ਚੜ੍ਹਾਇਆ ਕਰਨ

ਕਿਉਂਕਿ ਇਨ੍ਹਾਂ ਚੀਜ਼ਾਂ ਨਾਲ ਦੇਵਤਾ ਪ੍ਰਸੰਨ ਹੁੰਦਾ ਹੈ ਤੇ ਪਤਾ ਨਹੀਂ ਕਦੋਂ ਖ਼ੁਸ਼ ਹੋ ਕੇ ਗ਼ਰੀਬ ਨੂੰ ਵੀ ਧਨਵਾਨ ਬਣਾ ਦੇਵੇ। ਸੋ ਰਾਜੇ ਦੇ ਭੰਡਾਰਾਂ ਵਿਚ ਵੀ ਦਿਨ -ਬ-ਦਿਨ ਆਪੇ ਵਾਧਾ ਹੁੰਦਾ ਰਹਿੰਦਾ ਸੀ। ਕੋਈ ਬੀਬੀ ਕੰਨਾਂ ਦੇ ਕਾਂਟੇ ਚੜ੍ਹਾ ਜਾਂਦੀ ਤੇ ਕੋਈ ਮਰਦ ਹੱਥ ਦੀ ਅੰਗੂਠੀ। ਰਾਜੇ ਦੀ ਇਸ ਖ਼ੁਸ਼ੀ ਵਿਚੋਂ ਹੀ ਸੋਨੇ ਦੀਆਂ ਪਾਲਕੀਆਂ ਚਲੀਆਂ, ਚਾਂਦੀ ਤੇ ਚੰਦਨ ਦੇ ਚੌਰ ਚੱਲੇ, ਰੱਥ ਚੱਲੇ ਤੇ ਰੱਥ ਯਾਤਰਾਵਾਂ, ਆਤਿਸ਼ਬਾਜ਼ੀਆਂ ਚਲੀਆਂ ਤੇ ਉਥੋਂ ਹੀ ਮੰਦਰਾਂ ਦੇ ਸਰੋਵਰਾਂ ਵਿਚ ਦੀਵੇ ਜਗਾ ਕੇ ਗ਼ਰੀਬ ਨੂੰ ਭਰਮਾਉਣ ਤੇ 'ਹੋਰ ਦਾਨ' ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ। ਬਾਬੇ ਨਾਨਕ ਨੇ ਇਸ ਸੱਭ ਕੁੱਝ ਨੂੰ ਰੱਦ ਕਰ ਦਿਤਾ। ਜ਼ਬਾਨੀ ਕਲਾਮੀ ਨਹੀਂ, ਬਾਣੀ ਰਾਹੀਂ। ਫਿਰ ਇਹ ਬ੍ਰਾਹਮਣੀ ਰੀਤਾਂ ਬਾਬੇ ਨਾਨਕ ਦਾ ਨਾਂ ਲੈ ਕੇ ਸਿੱਖੀ ਵਿਚ ਕਿਉਂ ਘਸੋੜੀਆਂ ਜਾ ਰਹੀਆਂ ਹਨ ਤੇ ਕੀ ਹੈ ਇਨ੍ਹਾਂ ਦਾ ਸੱਚ? ਮੰਗਲਵਾਰ ਦੇ ਪਰਚੇ ਵਿਚ ਗੱਲ ਕਰਾਂਗੇ। (ਚਲਦਾ)

ਜੋਗਿੰਦਰ ਸਿੰਘ