‘ਸਤਿਕਾਰ’ ਦਾ ਸਨਾਤਨੀ ਢੰਗ ਸਿੱਖੀ ਦਾ ਵਿਕਾਸ ਯਕੀਨੀ ਨਹੀਂ ਬਣਾ ਸਕਦਾ... (2)

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਪੱਕੇ ਸਬੂਤ ਮਿਲਦੇ ਹਨ ਕਿ ਬਾਬੇ ਨਾਨਕ ਦੀ ‘ਬਾਣੀ’ ਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਭਾਸ਼ਾ ਵਿਚ ਤੇ ਕਿਸੇ ਵੀ ਰੂਪ ਵਿਚ ਵੱਧ ਲੋਕਾਂ ਤਕ ਪਹੁੰਚਾਉਣ ਨੂੰ ਹੀ ਅਸਲ ਸਤਿਕਾਰ ਮੰਨਦੇ ਸਨ 

Gurbani

ਬ੍ਰਾਹਮਣੀ ਸਨਾਤਨੀ ਢੰਗ ਹੁੰਦਾ ਕੀ ਹੈ? ਆਰੀਆ ਜਾਤੀ ਨੇ ਜਦ ਹਿੰਦੁਸਤਾਨ ਵਿਚ ਦਾਖ਼ਲ ਹੋ ਕੇ ਇਸ ਦੇ ਮੂਲ-ਵਾਸੀਆਂ ਨੂੰ ਹਰਾ ਦਿਤਾ ਤਾਂ ਆਰੀਆ ਨਸਲ ਦੇ ਬਹੁਤ ਸਿਆਣੇ ਜਾਂ ਪੜ੍ਹੇ ਲਿਖੇ ਵਰਗ ਨੇ ਇਥੋਂ ਦੇ ਲੋਕਾਂ ਨੂੰ ਹਮੇਸ਼ਾ ਲਈ ਅਪਣੇ ਵੱਸ ਵਿਚ ਕਰੀ ਰੱਖਣ ਲਈ ਕੁੱਝ ਘਾੜਤਾਂ ਘੜੀਆਂ ਜਿਨ੍ਹਾਂ ਵਿਚੋਂ ਵਰਣ-ਵਿਵਸਥਾ ਜਾਂ ਜਾਤੀ-ਪ੍ਰਥਾ ਇਕ ਸੀ। ਬਾਹਰੋਂ ਆਏ ਆਰੀਆ ਲੋਕਾਂ ਦੇ ਸੱਭ ਤੋਂ ਸਿਆਣੇ ਵਰਗ ਨੇ ਪਹਿਲਾਂ ਗ੍ਰੰਥ ਰਚੇ ਤੇ ਫਿਰ ਚਾਰ ਵਰਣਾਂ ਵਿਚ ਲੋਕਾਂ ਨੂੰ ਵੰਡ ਕੇ ਹੁਕਮ ਕੀਤਾ ਕਿ ‘‘ਬ੍ਰਾਹਮਣ ਦਾ ਸਤਿਕਾਰ ਕਰਿਆ ਕਰੋ ਕਿਉਂਕਿ ਪ੍ਰਮਾਤਮਾ ਨੇ ਬ੍ਰਾਹਮਣ ਨੂੰ ਅਪਣੇ ਮੱਥੇ ਦੇ ਮਾਸ ਨਾਲ ਬਣਾਇਆ ਹੈ ਜਦਕਿ ਬਾਕੀ ਵਰਣਾਂ (ਖਤਰੀ, ਵੈਸ਼, ਸ਼ੂਦਰ) ਨੂੰ ਸ੍ਰੀਰ ਦੇ ਹੇਠਲੇ ਹਿੱਸਿਆਂ ਦੇ ਮਾਸ ਨਾਲ ਬਣਾਇਆ ਹੈ। ਬ੍ਰਾਹਮਣ ਨੂੰ ਹੀ ਜਗਤ ਦਾ ਗੁਰੂ ਬਣਾਇਆ ਗਿਆ ਹੈ ਤੇ ਬਾਕੀ ਤਿੰਨੇ ਵਰਣਾਂ (ਖਤਰੀ, ਵੈਸ਼ ਤੇ ਸ਼ੂਦਰਾਂ) ਲਈ ਉਨ੍ਹਾਂ ਦੇ ਕਹਿਣ ਅਨੁਸਾਰ ਕੰਮ ਕਰਨਾ, ਰੱਬੀ ਹੁਕਮ ਹੈ। 

ਪਹਿਲੀ ਵਾਰ ਇਸ ਹੁਕਮ ਨੂੰ ਕਬੀਰ ਨੇ ਪੋਲੀ ਜਹੀ ਚੁਨੌਤੀ ਦਿਤੀ ਤੇ ਆਖਿਆ, ‘‘ਬਾਮਣ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀਂ।’’ ਬਾਬੇ ਨਾਨਕ ਨੇ ਇਸ ਤੋਂ ਅੱਗੇ ਵੱਧ ਕੇ ਕਿਹਾ ਕਿ ਸਾਰੇ ਜਗਤ ਦਾ ਇਕੋ ਇਕ ਗੁਰੂ ਅਕਾਲ ਪੁਰਖ ਹੈ ਤੇ ਜੰਮਣ ਮਰਨ ਵਾਲਾ ਵਿਅਕਤੀ ‘ਗੁਰੂ’ ਨਹੀਂ ਹੋ ਸਕਦਾ। ਖ਼ੈਰ, ਪਹਿਲਾ ਹੁਕਮ ਮਨਵਾ ਕੇ, ਦੂਜਾ ਹੁਕਮ ਦਿਤਾ ਗਿਆ ਕਿ ‘‘ਬ੍ਰਾਹਮਣ ਦੇ ਲਿਖੇ ਗ੍ਰੰਥਾਂ ਜਾਂ ਉਨ੍ਹਾਂ ਗ੍ਰੰਥਾਂ ਜਿਨ੍ਹਾਂ ਵਿਚ ਬ੍ਰਾਹਮਣ ਦਾ ਗੁਣਗਾਣ ਕੀਤਾ ਹੋਵੇ, ਉਨ੍ਹਾਂ ਨੂੰ ਪਵਿੱਤਰ ਮੰਨ ਕੇ, ਉਨ੍ਹਾਂ ਦਾ ਸਤਿਕਾਰ ਇਸ ਤਰ੍ਹਾਂ ਕਰੋ ਕਿ ਮੱਥੇ ਟੇਕੋ, ਵਧੀਆ ਵਸਤਰਾਂ ਵਿਚ ਲਪੇਟ ਕੇ ਰੱਖੋ, ਮਾਇਆ ਚੜ੍ਹਾਉ ਤੇ ਉਨ੍ਹਾਂ ਵਿਚ ਲਿਖੇ ਉਤੇ ਕੋਈ ਕਿੰਤੂ ਪ੍ਰੰਤੂ ਨਾ ਕਰੋ। ਚੜ੍ਹਾਏ ਗਏ ਪੈਸਿਆਂ ਉਤੇ ਕੇਵਲ ਬ੍ਰਾਹਮਣ ਪੁਜਾਰੀ ਦਾ ਹੱਕ ਹੋਵੇਗਾ, ਹੋਰ ਕਿਸੇ ਦਾ ਨਹੀਂ।’’ ਲੋਕਾਂ ਨੇ ਇਹ ਹੁਕਮ ਵੀ ਮੰਨ ਲਿਆ।

ਫਿਰ ਹੁਕਮ ਹੋਇਆ ਕਿ ਬ੍ਰਾਹਮਣਾਂ ਵਲੋਂ ਲੋਕ-ਭਾਸ਼ਾਵਾਂ ਨੂੰ ਤਿਆਗ ਕੇ ਇਕ ਨਵੀਂ ਸੰਸਕ੍ਰਿਤ ਭਾਸ਼ਾ ਜੋ ਘੜੀ ਗਈ ਹੈ, ਕੇਵਲ ਉਸੇ ਨੂੰ ਪਵਿੱਤਰ ਭਾਸ਼ਾ ਮੰਨਿਆ ਜਾਏ ਤੇ ਧਾਰਮਕ ਸਾਹਿਤ ਕੇਵਲ ਸੰਸਕ੍ਰਿਤ ਵਿਚ ਹੀ ਲਿਖਿਆ ਪੜਿ੍ਹਆ ਜਾਏ। ਭਗਤੀ-ਲਹਿਰ ਵਾਲਿਆਂ ਵਲੋਂ ਹੀ ਪਹਿਲੀ ਵਾਰ ਇਸ ਹੁਕਮ ਦੀ ਅਵਗਿਆ ਸ਼ੁਰੂ ਹੋਈ ਨਹੀਂ ਤਾਂ ਆਮ ਲੋਕਾਂ ਨੇ ਇਹ ਹੁਕਮ ਵੀ ਮੰਨ ਲਿਆ।

ਇਨ੍ਹਾਂ ਹੁਕਮਾਂ ਨੂੰ ਸਾਰੇ ਭਾਰਤ ਵਿਚ ਅੱਜ ਵੀ ਵੱਡੀ ਪੱਧਰ ’ਤੇ ਮੰਨਿਆ ਜਾ ਰਿਹਾ ਹੈ ਤੇ ਮੈਂ ਨਹੀਂ ਕਹਿੰਦਾ ਕਿ ਜਿਹੜੇ ਇਸ ਹੁਕਮ ਨੂੰ ਮੰਨਦੇ  ਹਨ, ਉਹ ਕੋਈ ਗ਼ਲਤੀ ਕਰਦੇ ਹਨ। ਹਰ ਇਕ ਦੀ ਅਪਣੀ ਮਰਜ਼ੀ ਹੈ ਕਿ ਉਹ ਕੀ ਮੰਨੇ ਤੇ ਕੀ ਨਾ ਮੰਨੇ। ਸਾਨੂੰ ਜਾਂ ਕਿਸੇ ਨੂੰ ਵੀ, ਕਿਸੇ ਦੂਜੇ ਦੀ ਆਸਥਾ ਉਤੇ ਕਿੰਤੂ ਪ੍ਰੰਤੂ ਕਰਨ ਦਾ ਹੱਕ ਹੀ ਕੋਈ ਨਹੀਂ। ਪਰ ਬਾਬੇ ਨਾਨਕ ਨੇ ਕਿਉਂਕਿ ਪੁਰਾਤਨਤਾ ਨੂੰ ਪੂਰੀ ਤਰ੍ਹਾਂ ਬਦਲ ਕੇ ਮਨੁੱਖੀ ਬਰਾਬਰੀ ਦੀ ਉਹ ਨੀਂਹ ਰੱਖੀ ਜਿਸ ਵਿਚ ਧਰਮ, ਭਾਸ਼ਾ, ਜਾਤ ਆਦਿ ਦੀ ਬਿਨਾਅ ’ਤੇ ਕੋਈ ਮਨੁੱਖ ਛੋਟਾ ਵੱਡਾ ਮੰਨਿਆ ਹੀ ਨਹੀਂ ਜਾ ਸਕਦਾ, ਇਸ ਲਈ ਮੇਰਾ ਇਤਰਾਜ਼ ਕੇਵਲ ਬਾਬੇ ਨਾਨਕ ਨੂੰ ਅਪਣਾ ਬਾਨੀ ਮੰਨਣ ਵਾਲਿਆਂ ਪ੍ਰਤੀ ਹੈ ਕਿ ਉਹ ਕਿਉਂ ਸਨਾਤਨੀ ਤਰਜ਼ ਦਾ ‘ਸਤਿਕਾਰ’ ਬਾਬੇ ਨਾਨਕ ਦੇ ਵਿਹੜੇ ਵਿਚ ਸਜਾ ਰਹੇ ਹਨ?

ਬਾਬੇ ਨਾਨਕ ਦਾ ਗਿਆਨ ਪ੍ਰਤੀ ‘ਸਤਿਕਾਰ’ ਤਾਂ ਈਸਾਈਆਂ ਵਾਲਾ ਹੀ ਸੀ ਕਿ ਗਿਆਨ ਨੂੰ ਵੱਧ ਤੋਂ ਵੱਧ ਲੋਕਾਂ ਤਕ, ਉਨ੍ਹਾਂ ਦੀ ਭਾਸ਼ਾ (ਲੋਕਾਂ ਦੀ ਭਾਸ਼ਾ) ਵਿਚ ਭੇਜੋ ਤਾਕਿ ਗਿਆਨ ਵੱਧ ਤੋਂ ਵੱਧ ਫੈਲੇ। ਇਹੀ ਇਸ ਦਾ ਇਕੋ ਇਕ ਤੇ ਅਸਲੀ ਸਤਿਕਾਰ ਹੋਵੇਗਾ। ਇਸੇ ਲਈ ਬਾਬੇ ਨਾਨਕ ਨੇ ਪੰਜਾਬ ਦੀ ਲੋਕ-ਭਾਸ਼ਾ ਵਿਚ ਲਿਖ ਕੇ ਇਸ ਦੀ ਕੁਦਰਤੀ ਲਿਪੀ ਵਿਚ ਇਸ ਨੂੰ ਲੋਕਾਂ ਤਕ ਪਹੁੰਚਾਉਣ ਦਾ ਫ਼ੈਸਲਾ ਕੀਤਾ। ਉਸ ਵੇਲੇ ਛਾਪੇ ਦੀਆਂ ਮਸ਼ੀਨਾਂ ਨਹੀਂ ਸਨ ਹੁੰਦੀਆਂ, ਫ਼ੋਟੋਸਟੇਟ ਮਸ਼ੀਨਾਂ ਵੀ ਨਹੀਂ ਸਨ ਹੁੰਦੀਆਂ ਤੇ ਹੋਰ ਆਧੁਨਿਕ ਸਹੂਲਤਾਂ ਵੀ ਨਹੀਂ ਸਨ ਹੁੰਦੀਆਂ।

ਸੋ ਤਿੰਨ ਚਾਰ ਕਾਤਬ (ਜਿਨ੍ਹਾਂ ਦੇ ਨਾਂ ਪੁਰਾਣੇ ਖਰੜਿਆਂ ਵਿਚ ਲਿਖੇ ਮਿਲਦੇ ਹਨ), ਲਗਾਤਾਰ ਬਾਬੇ ਨਾਨਕ ਨੂੰ ਉਤਰੀ ਧੁਰ ਕੀ ਬਾਣੀ ਦੇ ਪਤਰੇ ਲਿਖਵਾ ਕੇ ਲੋਕਾਂ ਤਕ ਪਤਰਿਆਂ ਦੇ ਰੂਪ ’ਚ ਪਹੁੰਚਾਉਂਦੇ ਰਹਿੰਦੇ ਸਨ ਤੇ ਅੱਗੇ ਹੋਰ ਉਤਾਰੇ ਕਰਵਾ ਕੇ ਵੰਡਣ ਦੀ ਪ੍ਰੇਰਨਾ ਦੇਂਦੇ ਰਹਿੰਦੇ ਸਨ। ਵਿਦੇਸ਼ੀ ਹਮਲਿਆਂ ਕਾਰਨ ਵਪਾਰੀਆਂ ਨੇ ਪੰਜਾਬੀ ਦੀ ਕੁਦਰਤੀ ਲਿਪੀ ਦਾ ਮੁਹਾਂਦਰਾ ਵਹੀਆਂ ਵਿਚ ਬਦਲ ਦਿਤਾ ਸੀ (ਤਾਕਿ ਹਮਲਾਵਰਾਂ ਨੂੰ ਉਨ੍ਹਾਂ ਕੋਲ ਪਏ ਮਾਲ ਮੱਤੇ ਬਾਰੇ ਕੁੱਝ ਪਤਾ ਨਾ ਲੱਗੇ) ਪਰ ਆਮ ਲੋਕਾਂ ਨੂੰ ਸਦੀਆਂ ਪੁਰਾਣੀ ਇਹ ਲਿਪੀ ਅਜੇ ਵੀ ਆਉਂਦੀ ਸੀ, ਇਸ ਲਈ ਬਾਬੇ ਨਾਨਕ ਦੀ ਬਾਣੀ ਘਰ ਘਰ ਉਚਾਰੀ ਤੇ ਗਾਈ ਜਾਣ ਲੱਗ ਪਈ। ਪਤਰੇ ਵੰਡਣ ਵੇਲੇ ਕੋਈ ਅਜਿਹੀ ਹਦਾਇਤ ਨਹੀਂ ਦਿਤੀ ਜਾਂਦੀ ਸੀ ਕਿ ਬਾਣੀ ਦੇ ਪਤਰਿਆਂ ਨੂੰ ਸਤਿਕਾਰ ਨਾਲ ਰਖਿਆ ਜਾਏ ਜਾਂ...। ਬਸ ਇਹੀ ਸਤਿਕਾਰ ਮੰਨਿਆ ਜਾਂਦਾ ਸੀ ਕਿ ਬਾਣੀ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਈ ਜਾਏ।

ਬ੍ਰਾਹਮਣ ਦੀ ਗੱਲ ਵਖਰੀ ਸੀ। ਉਹ ਚਾਹੁੰਦਾ ਸੀ ਕਿ ਬ੍ਰਾਹਮਣੀ ਗਿਆਨ ਕੇਵਲ ਬ੍ਰਾਹਮਣਾਂ ਕੋਲ ਰਹੇ ਤੇ ਉਸ ਭਾਸ਼ਾ ਵਿਚ ਰਹੇ ਜੋ ਆਮ ਆਦਮੀ ਨਹੀਂ ਸਮਝ ਸਕਦਾ। ਇਹ ਉਨ੍ਹਾਂ ਦੀ ਸੋਚ ਸੀ ਕਿ ‘ਬ੍ਰਾਹਮਣੀ ਗਿਆਨ’ ਆਮ ਲੋਕਾਂ ਤੋਂ ਦੂਰ ਰੱਖ ਕੇ ਹੀ ਸੰਭਾਲਿਆ ਜਾ ਸਕਦਾ ਹੈ। ਦੂਜਿਆਂ ਦੇ ਵਿਚਾਰ ਉਨ੍ਹਾਂ ਨੂੰ ਮੁਬਾਰਕ (ਸਾਨੂੰ ਇਤਰਾਜ਼ ਕਰਨ ਦਾ ਕੋਈ ਹੱਕ ਨਹੀਂ) ਪਰ ਜਿਨ੍ਹਾਂ ਨੇ ਬਾਬੇ ਨਾਨਕ ਨੂੰ ਅਪਣਾ ਬਾਨੀ ਮੰਨ ਲਿਆ ਹੈ, ਉਨ੍ਹਾਂ ਨੂੰ ਮੇਰੀ ਬੇਨਤੀ ਹੈ ਕਿ ‘ਸਤਿਕਾਰ’ ਦਾ ਬਾਬੇ ਨਾਨਕ ਵਾਲਾ ਢੰਗ ਅਪਣਾਉ ਅਥਵਾ ਹਰ ਉਹ ਤਰੀਕਾ ਅਪਣਾਉ ਜਿਸ ਨਾਲ ‘ਬਾਣੀ’ ਦੁਨੀਆਂ ਦੇ ਹਰ ਮਨੁੱਖ ਤਕ ਪਹੁੰਚ ਸਕੇ।

ਇਕ ਲੱਖ ਲੋਕਾਂ ਤਕ ਪੁੱਜੇਗੀ ਤਾਂ 1000 ਬੰਦੇ ਹੀ ਇਸ ਦਾ ਅਸਰ ਕਬੂਲਣਗੇ। ਬਾਕੀ ਲੋਕ ਬੀਤੇ ਨਾਲ ਬੱਝੀ ਪੀਡੀ ਗੰਢ ਨੂੰ ਛੇਤੀ ਛੇਤੀ ਤੋੜਨਾ ਬਹੁਤ ਔਖਾ ਸਮਝਣਗੇ। ਪਰ ਇਕ ਲੱਖ ਨਵੇਂ ਲੋਕਾਂ ਤਕ ਪਹੁੰਚਣ ਲਈ ਸਨਾਤਨੀ ਢੰਗ ਸਾਡੇ ਕੰਮ ਨਹੀਂ ਆਏਗਾ, ਨਾਨਕੀ ਢੰਗ ਹੀ ਕੰਮ ਆਵੇਗਾ। ਮੈਂ ਹੁਣੇ ਹੁਣੇ ਕਿਤੇ ਪੜਿ੍ਹਆ ਹੈ ਕਿ ਸਾਡੀ ‘ਸਤਿਕਾਰ ਸਭਾ’ ਨੇ ਸਿੰਧੀ ਸਿੱਖਾਂ ਦੇ ਮਾਮਲੇ ਵਿਚ ਇਹ ਵੀ ਵੇਖਿਆ ਸੀ ਕਿ ਇਕ ਸਿੰਧਣ ਬੀਬੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਜਾਦੂ ਟੂਣੇ ਕਰ ਰਹੇ ਸੀ।

ਮੈਂ ਦਰਜਨਾਂ ਗੁਰਦਵਾਰਿਆਂ ਦੇ ਗ੍ਰੰਥੀਆਂ ਬਾਰੇ ਜਾਣਦਾ ਹਾਂ, ਉਹ ਪੇੜੇ ਮਣਸ ਕੇ ਜਾਨਵਰਾਂ ਨੂੰ ਖਾਣ ਲਈ ਦੇਂਦੇ ਹਨ ਤੇ ਪੈਸੇ ਲੈਂਦੇ ਹਨ। ਟੋਕਣ ’ਤੇ ਕਹਿੰਦੇ ਹਨ ਕਿ ਇਨ੍ਹਾਂ ਲੋਕਾਂ ਨੂੰ ਬਾਬਿਆਂ ਕੋਲ ਜਾਣੋਂ ਰੋਕਣ ਲਈ ਇਹ ਕੀਤਾ ਹੈ। ਧਰਮ ਦੇ ਨਾਂ ’ਤੇ ਕੀਤੀ ਹਰ ਗ਼ਲਤ ਗੱਲ ਨੂੰ ਬੰਦ ਕਰਨ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣੇ ਚਾਹੀਦੇ ਹਨ ਪਰ ਗੁਰੂ ਗ੍ਰੰਥ ਸਾਹਿਬ ਨੂੰ ਚੁਕ ਲੈਣਾ ਤਾਂ ਉਨ੍ਹਾਂ ਲੋਕਾਂ ਨੂੰ ਪੱਕੇ ਤੌਰ ’ਤੇ ਦੂਜੇ ਪਾਸੇ ਧਕੇਲ ਦੇਣਾ ਹੁੰਦਾ ਹੈ। ਅਪਣਾ ਘਰ ਤਾਂ ਵੇਖੋ, ਹਜ਼ੂਰ ਸਾਹਿਬ ਨੂੰ ਛੱਡੋ, ਅੰਮ੍ਰਿਤਸਰ ਇਲਾਕੇ ਵਿਚ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ‘ਬਚਿੱਤਰ ਨਾਟਕ’ ਦਾ ਪ੍ਰਕਾਸ਼ ਨਹੀਂ ਕੀਤਾ ਜਾ ਰਿਹਾ? ਉਥੋਂ ਤਾਂ ਗੁਰੂ ਗ੍ਰੰਥ ਸਾਹਿਬ ਚੁਕ ਕੇ ਵਿਖਾਉ। ਜਾਂ ਕੀ ਸਾਡਾ ਰੋਹਬ ਸਿਰਫ਼ ਕਮਜ਼ੋਰਾਂ ਤੇ ਨਿਤਾਣਿਆਂ ਦਾ ਅਪਮਾਨ ਕਰਨ ਦੇ ਕੰਮ ਹੀ ਆ ਸਕਦਾ ਹੈ?