12 ਕਰੋੜ ਦਾ ਪੰਡਾਲ! ਬਾਬਾ ਨਾਨਕ ਇਸ ਪੰਡਾਲ ਨੂੰ ਵੇਖ ਕੇ ਕੀ ਆਖੇਗਾ?

ਸਪੋਕਸਮੈਨ ਸਮਾਚਾਰ ਸੇਵਾ

ਵਿਚਾਰ, ਮੇਰੇ ਨਿੱਜੀ ਡਾਇਰੀ ਦੇ ਪੰਨੇ

ਆਖੇਗਾ, ''ਭੱਜੋ ਓਇ ਭੱਜੋ ਏਥੋਂ। ਇਹ ਤਾਂ ਮਲਿਕ ਭਾਗੋ ਦਾ ਭੰਡਾਰਾ ਹੈ। ਚਲੋ ਕਿਸੇ ਲਾਲੋ ਦੀ ਕੁੱਲੀ ਲੱਭ ਕੇ ਬੈਠੀਏ, ਇਥੇ ਤਾਂ ਮੇਰਾ ਸਾਹ ਘੁਟਦਾ ਹੈ।''

Pandal at Sultapur lodhi

ਪਾਕਿਸਤਾਨ ਬਣਨ ਤੋਂ ਪਹਿਲਾਂ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਦੀ ਯਾਤਰਾ ਤੇ ਜਾਣ ਵਾਲੇ ਸਿੱਖ ਜਾਣਦੇ ਹਨ ਕਿ ਉਦੋਂ ਸਥਾਨਕ ਸਿੱਖ ਸੰਗਤ ਕੋਲੋਂ ਨਾਂ ਮੰਗੇ ਜਾਂਦੇ ਸਨ ਕਿ ਕੌਣ ਅਪਣੇ ਕੋਲ, ਕਿੰਨੇ ਯਾਤਰੀਆਂ ਨੂੰ ਘਰ ਵਿਚ ਠਹਿਰਾਣਾ ਚਾਹੇਗਾ। ਬੇਨਤੀਆਂ ਲੈ ਕੇ ਸਿੱਖ ਗੁਰਦਵਾਰੇ ਵਿਚ ਭੱਜੇ ਫਿਰਦੇ ਸਨ ਕਿ ਮੈਨੂੰ ਚਾਰ ਗੁਰਸਿੱਖਾਂ ਦੀ ਸੇਵਾ ਦਾ ਮਾਣ ਬਖ਼ਸ਼ੋ, ਮੈਨੂੰ 10 ਗੁਰਸਿੱਖਾਂ ਨੂੰ ਅਪਣੇ ਘਰ ਠਹਿਰਾਉਣ ਦਾ ਵਡਭਾਗੀ ਬਣਾਉ। ਉਨ੍ਹਾਂ ਦੇ ਠਹਿਰਨ, ਲੰਗਰ ਪਾਣੀ ਤੇ ਗੁਰਦਵਾਰੇ ਆਉਣ ਜਾਣ ਦਾ ਪ੍ਰਬੰਧ ਉਹ ਸਥਾਨਕ ਸਿੱਖ, ਸਹਿਜਧਾਰੀ ਤੇ ਹਿੰਦੂ ਮੁਸਲਿਮ ਰਲ ਕੇ ਕਰਦੇ ਸਨ।

ਅੰਮ੍ਰਿਤਸਰ ਵਿਚ ਮੈਂ 6 ਸਾਲ ਦਾ ਸੀ ਜਦ ਇਕ ਸਿੱਖ ਸਰਦਾਰ ਨੂੰ ਪਤਾ ਲੱਗਾ ਕਿ ਅਸੀਂ ਰੀਫ਼ੀਊਜੀ ਬਣ ਕੇ ਪਾਕਿਸਤਾਨੋਂ ਆਏ ਹਾਂ ਤੇ ਸਾਡੇ ਕੋਲ ਰਾਤ ਕੱਟਣ ਲਈ ਕੋਈ ਥਾਂ ਨਹੀਂ ਤਾਂ ਉਸ ਨੇ ਕਈ ਦਿਨ ਸਾਨੂੰ ਅਪਣੇ ਘਰ ਰਖਿਆ ਤੇ ਪੂਰੀ ਟਹਿਲ-ਸੇਵਾ ਕੀਤੀ। ਇਹ ਸੀ ਸਿੱਖਾਂ ਅੰਦਰ ਭਾਈਚਾਰਾ ਪੈਦਾ ਕਰਨ ਦੀ ਵਧੀਆ ਪ੍ਰਪਾਟੀ। ਪਰ ਸ਼੍ਰੋਮਣੀ ਕਮੇਟੀ ਨੇ ਤਾਂ ਅਪਣੀਆਂ ਗੋਲਕਾਂ ਭਰਨ ਤੇ ਉਸ ਵਿਚਲੇ ਪੈਸੇ ਨੂੰ ਬੇਦਰਦੀ ਨਾਲ ਖ਼ਰਚ ਕਰ ਦੇਣ ਦੀ ਪ੍ਰਪਾਟੀ ਚਾਲੂ ਕਰ ਕੇ, ਗੁਰਸਿੱਖਾਂ ਨੂੰ ਆਪਸੀ ਪਿਆਰ ਵਿਚ ਬੱਝਣ ਦੀ ਪ੍ਰਪਾਟੀ ਹੀ ਬੰਦ ਕਰ ਦਿਤੀ ਹੈ। ਸਿੱਖ ਗੁਰੂ ਨੂੰ ਮੱਥਾ ਟੇਕਦੇ ਹਨ ਤੇ ਗੁਰੂ ਨੂੰ ਮਾਇਆ ਭੇਂਟ ਕਰਦੇ ਹਨ ਤਾਕਿ ਇਹ ਗ਼ਰੀਬ ਦੇ ਮੂੰਹ ਵਿਚ ਚਲੀ ਜਾਏ। ਪਰ ਸ਼੍ਰੋਮਣੀ ਕਮੇਟੀ ਤਾਂ ਇਕ ਕੰਪਨੀ ਦੀ ਤਰ੍ਹਾਂ ਇਸ ਪੈਸੇ ਨੂੰ ਖ਼ਰਚਦੀ ਹੈ ਬਲਕਿ ਲੁਟਾਂਦੀ ਹੈ ਪਰ ਗ਼ਰੀਬ ਕਿਸਾਨਾਂ, ਨੌਜੁਆਨਾਂ, ਬੀਬੀਆਂ, ਨਿਮਾਣਿਆਂ, ਨਿਤਾਣਿਆਂ, ਬੇਘਰਿਆਂ ਲਈ ਇਸ ਕੋਲ ਕੁੱਝ ਵੀ ਨਹੀਂ ਹੁੰਦਾ।

ਹੁਣ ਵੇਖ ਲਉ 12 ਕਰੋੜ ਦਾ ਠੇਕਾ ਦੇ ਕੇ ਸੁਲਤਾਨਪੁਰ ਲੋਧੀ ਵਿਚ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ। ਕਿਉਂ? ਕੀ ਸੰਗਤ ਲਈ? ਨਹੀਂ, ਦਿੱਲੀ ਤੋਂ ਆ ਰਹੇ ਵੱਡੇ ਹਾਕਮਾਂ ਨੂੰ ਖ਼ੁਸ਼ ਕਰਨ ਲਈ ਤੇ ਅਪਣੀ ਪਾਰਟੀ ਦੇ ਲੀਡਰਾਂ ਦੀ ਟੌਹਰ ਬਣਾਉਣ ਲਈ। ਫਿਰ ਗੁਰਦਵਾਰੇ ਕਿਉਂ ਉਸਾਰਦੇ ਹੋ? ਸੰਗਤ ਨੂੰ ਤਾਂ ਗੁਰਦਵਾਰੇ ਅੰਦਰ ਜਾਂ ਬਾਹਰ ਸਾਧਾਰਣ ਟੈਂਟਾਂ ਹੇਠ (ਦੋ ਚਾਰ ਲੱਖ ਦਾ ਖ਼ਰਚਾ ਕਰ ਕੇ) ਬਿਠਾਇਆ ਜਾਂਦਾ ਹੈ। ਇਹ 12 ਕਰੋੜ ਦਾ ਖ਼ਰਚਾ ਤਾਂ ਕੇਵਲ ਹਾਕਮਾਂ ਨੂੰ ਖ਼ੁਸ਼ ਕਰਨ ਲਈ ਹੀ ਕੀਤਾ ਜਾ ਰਿਹਾ ਹੈ। ਫਿਰ ਇਹਨੂੰ ਨਾਨਕ ਸ਼ਤਾਬਦੀ ਕਹਿ ਕੇ ਨਾਨਕ ਨੂੰ ਨਰਾਜ਼ ਕਿਉਂ ਕਰਦੇ ਹੋ? ਸਿੱਧਾ ਕਹਿ ਦਿਉ, ਹਾਕਮਾਂ ਲਈ ਬਾਬੇ ਨਾਨਕ ਦੇ ਜਨਮ ਪੁਰਬ ਤੇ ਆਉਣ ਲਈ ਧਨਵਾਦੀ ਤੇ ਸਵਾਗਤੀ ਪੰਡਾਲ ਹੈ ਇਹ!!

ਯਾਤਰੀਆਂ ਦੇ ਰਹਿਣ ਲਈ ਟੈਂਟ ਨਗਰੀ ਵਸਾਈ ਜਾ ਰਹੀ ਹੈ। ਕੀ ਯਾਤਰੀ, ਗੁਰਸਿੱਖਾਂ (ਸ਼ਰਧਾਲੂ ਹਿੰਦੂ, ਮੁਸਲਿਮ ਵੀਰਾਂ ਸਮੇਤ) ਦੇ ਘਰਾਂ ਵਿਚ ਰਹਿਣਾ ਪਸੰਦ ਕਰਨਗੇ ਜਾਂ ਇਨ੍ਹਾਂ ਟੈਂਟਾਂ ਵਿਚ? ਜੇ 10, 20 ਜਾਂ 50 ਟੈਂਟਾਂ ਦੀ ਨਗਰੀ ਦਾ ਪ੍ਰਬੰਧ ਕਰਨਾ ਹੋਵੇ, ਫਿਰ ਤਾਂ ਚਲ ਜਾਂਦਾ ਹੈ ਪਰ ਜੇ ਲੱਖ ਯਾਤਰੀਆਂ ਲਈ ਇਹ ਆਰਜ਼ੀ ਪ੍ਰਬੰਧ ਕੀਤਾ ਜਾਏ ਤਾਂ ਤਕਲੀਫ਼ ਜ਼ਿਆਦਾ ਹੁੰਦੀ ਹੈ ਤੇ ਸੁੱਖ ਘੱਟ ਮਿਲਦਾ ਹੈ। ਫਿਰ ਯਾਤਰੀਆਂ ਨੂੰ ਸਥਾਨਕ ਸੰਗਤਾਂ ਦੇ ਘਰਾਂ ਵਿਚ ਠਹਿਰਾਉਣ ਦਾ ਅਜ਼ਮਾਇਆ ਹੋਇਆ ਗੁਰਸਿੱਖਾਂ ਵਾਲਾ ਢੰਗ ਹੁਣ ਕਿਉਂ ਨਹੀਂ ਵਰਤੋਂ ਵਿਚ ਲਿਆਇਆ ਜਾ ਸਕਦਾ? ਸ਼੍ਰੋਮਣੀ ਕਮੇਟੀ ਦੇ ਅਰਬਾਂਪਤੀ ਸਿਆਸੀ ਮਾਲਕਾਂ ਦੇ ਕਰੋੜਪਤੀ ਵਪਾਰੀ ਮਿੱਤਰਾਂ ਨੂੰ ਵੱਡੇ ਠੇਕੇ ਦੇ ਕੇ ਹੀ ਤਾਂ ਹੋਰ ਅਮੀਰ ਬਣਾਇਆ ਜਾ ਸਕਦਾ ਹੈ। 

12 ਕਰੋੜ ਕੀ, ਦੋ ਚਾਰ ਕਰੋੜ ਨਾਲ ਹੀ ਇਕ ਵਿਸ਼ਾਲ ਨਵਾਂ ਗੁਰਦਵਾਰਾ ਤੇ ਪੰਡਾਲ ਜਿੱਡਾ ਹਾਲ ਬਣਾਇਆ ਜਾ ਸਕਦੈ। ਪਰ ਸੰਗਤ ਦਾ ਮਾਲ ਹੈ। ਕਿਉਂ ਨਾ ਦੋਸਤਾਂ ਨੂੰ ਲੁਟਾਇਆ ਜਾਏ? ਬਾਬਾ ਨਾਨਕ ਇਸ ਪੰਡਾਲ ਨੂੰ ਵੇਖ ਕੇ ਕੀ ਆਖੇਗਾ? ਆਖੇਗਾ, ''ਭੱਜੋ ਓਇ ਭੱਜੋ ਏਥੋਂ। ਇਹ ਤਾਂ ਮਲਿਕ ਭਾਗੋ ਦਾ ਭੰਡਾਰਾ ਹੈ, ਚਲੋ ਕਿਸੇ ਲਾਲੋ ਦੀ ਕੁੱਲੀ ਲੱਭ ਕੇ ਬੈਠੀਏ, ਇਥੇ ਤਾਂ ਮੇਰਾ ਸਾਹ ਘੁਟਦਾ ਹੈ।'' ਮੈਨੂੰ ਬੜੀ ਸ਼ਾਂਤੀ ਮਿਲੇਗੀ ਜੇ ਮਤਾ ਪਕਾ ਕੇ, ਕੋਈ ਵੀ ਬਾਬੇ ਨਾਨਕ ਦਾ ਸਿੱਖ, ਇਸ 12-ਕਰੋੜੀ ਪੰਡਾਲ ਵਿਚ ਨਾ ਜਾਏ। ਘਰ ਬੈਠ ਕੇ ਪਾਠ ਕਰੇ ਜਾਂ ਕਿਸੇ ਛੋਟੇ ਗੁਰਦਵਾਰੇ ਵਿਚ ਮੱਥਾ ਟੇਕ ਆਵੇ ਜਿਥੇ ਹਾਕਮ ਕਦੇ ਨਹੀਂ ਜਾਣਗੇ। ਮੈਨੂੰ ਵੀ 'ਪੰਡਾਲ' ਵਿਚ 'ਸੁਸ਼ੋਭਿਤ ਹੋਣ' ਦਾ ਸੱਦਾ ਮਿਲਿਆ ਹੈ (ਜਦੋਂ ਮੋਦੀ ਜੀ ਪਧਾਰਨਗੇ) ਪਰ ਮੈਂ ਤਾਂ ਬਿਲਕੁਲ ਨਹੀਂ ਜਾਵਾਂਗਾ, ਘਰ ਹੀ ਬਾਬੇ ਨਾਨਕ ਕੋਲ ਬੈਠਾਂਗਾ। (ਚਲਦਾ)

ਜੋਗਿੰਦਰ ਸਿੰਘ